Share on Facebook

Main News Page

ਰਾਜਨੀਤਕ-ਪੁਜਾਰੀ ਗਠਜੋੜ ਨੂੰ ਗੁਰੂ ਸਾਹਿਬ ਨੇ ਦੁਸ਼ਟ ਚੌਕੜੀ ਕਿਹਾ ਹੈ: ਗਿਆਨੀ ਜਾਚਕ

* ਜਿਹੜਾ ਵੀ ਧਾਰਮਕ ਬੰਦਾ ਰਾਜਨੀਤਕਾਂ ਨਾਲ ਗਠਜੋੜ ਬਣਾ ਕੇ ਚਲਦਾ ਹੈ ਬੇਸ਼ੱਕ ਉਹ ਕਿਸੇ ਪੁਰੀ ਦਾ ਸ਼ੰਕਰਾਚਾਰੀਆ ਹੋਵੇ, ਤਖ਼ਤਾਂ ਦੇ ਜਥੇਦਾਰ ਹੋਣ, ਜਾਂ ਕਿਸੇ ਵੱਡੇ ਡੇਰੇ ਦਾ ਡੇਰੇਦਾਰ ਹੋਵੇ ਉਸ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ

ਬਠਿੰਡਾ, 12 ਜਨਵਰੀ (ਕਿਰਪਾਲ ਸਿੰਘ): ਆਦਿ ਕਾਲ ਤੋਂ ਹੀ ਰਾਜਨੀਤਕਾਂ ਅਤੇ ਪੁਜਾਰੀਆਂ ਦਾ ਨਾਪਾਕ ਗਠਜੋੜ ਬਣ ਕੇ, ਇੱਕ ਦੂਸਰੇ ਦੇ ਪੂਰਕ ਬਣ ਕੇ ਚਲਦੇ ਆ ਰਹੇ ਹਨ, ਜਿਹੜਾ ਕਿ ਸਮਾਜ ਲਈ ਘਾਤਕ ਹੋਣ ਕਰਕੇ, ਗੁਰੂ ਸਾਹਿਬ ਨੇ ਇਸ ਗਠਜੋੜ ਨੂੰ ਦੁਸ਼ਟ ਚੌਕੜੀ ਦੱਸ ਕੇ ਭੰਡਿਆ ਹੈ। ਇਹ ਸ਼ਬਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹੈੱਡ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1133 ’ਤੇ ਭੈਰਉ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਦਰਜ ਸ਼ਬਦ: ‘ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥3॥’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਰਾਜੇ ਦੀ ਹਮੇਸ਼ਾਂ ਇੱਛਾ ਹੁੰਦੀ ਹੈ ਕਿ ਸਿਰਫ ਉਸ ਦਾ ਹੀ ਨਾਮ ਹਰ ਥਾਂ ਲਿਆ ਜਾਵੇ, ਤੇ ਉਸ ਦਾ ਹੀ ਹੁਕਮ ਮੰਨਿਆਂ ਜਾਵੇ ਬੇਸ਼ੱਕ ਉਹ ਗੈਰ ਸਿਧਾਂਤਕ ਹੀ ਕਿਉਂ ਨਾ ਹੋਵੇ।

ਧਰਮੀ ਬੰਦੇ ਦਾ ਉਸ ਸਮੇਂ ਫਰਜ ਬਣਦਾ ਹੈ, ਕਿ ਉਹ ਸਹੀ ਸਿਧਾਂਤਕ ਗੱਲ ਕਰਕੇ ਰਾਜੇ ਨੂੰ ਸਮਝਾਏ, ਕਿ ਰਾਜੇ ਦਾ ਧਰਮ ਲੋਕਾਂ ਨੂੰ ਇਨਸਾਫ ਦੇਣਾ ਹੈ, ਨਾ ਕਿ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਸਿਧਾਂਤ ਦੀ ਪਾਲਣਾ ਕਰ ਰਹੇ ਲੋਕਾਂ ਨੂੰ ਦੰਡ ਦੇਣਾ। ਪਰ ਇਹ ਆਦਿ ਕਾਲ ਤੋਂ ਹੀ ਚਲਦਾ ਆ ਰਿਹਾ ਹੈ, ਕਿ ਧਰਮ ਦਾ ਲਿਬਾਸ ਪਾ ਕੇ ਧਾਰਮਕ ਪਦਵੀਆਂ ਤੇ ਬੈਠੇ ਪੁਜਾਰੀ ਰਾਜਿਆਂ ਨਾਲ ਮਿਲ ਕੇ, ਜਿਥੇ ਸਿਧਾਂਤਕ ਲੋਕਾਂ ਨੂੰ ਧਾਰਮਕ ਦੰਡ ਦਿੰਦੇ ਹਨ, ਉਥੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਦੰਡ ਦੇਣ ਲਈ ਰਾਜਿਆਂ ਨੂੰ ਵੀ ਉਕਸਾਉਂਦੇ ਹਨ। ਪ੍ਰਹਲਾਦ ਦਾ ਹਵਾਲਾ ਦਿੰਦੇ ਹੋਏ ਗਿਆਨੀ ਜਗਤਾਰ ਸਿੰਘ ਨੇ ਕਿਹਾ, ਉਸ ਦਾ ਪਿਤਾ ਹਰਨਾਖਸ਼ ਚਾਹੁੰਦਾ ਸੀ, ਕਿ ਲੋਕੀਂ ਉਸ ਨੂੰ ਰੱਬ ਮੰਨ ਲੈਣ ਤੇ ਸਭ ਵਿੱਚ ਰਮੇ ਹੋਏ ਰਾਮ ਦਾ ਨਾਮ ਲੈਣ ਦੀ ਥਾਂ ‘ਜਲੇ ਹਰਨਾਖ਼ਸ਼, ਥਲੇ ਹਰਨਾਖ਼ਸ਼’ ਦਾ ਹੀ ਜਾਪ ਕਰਨ। ਰਾਜੇ ਹਰਨਾਖ਼ਸ਼ ਨੂੰ ਖੁਸ਼ ਕਰਨ ਲਈ ਪਾਂਧੇ ਸੰਡਾ ਤੇ ਮਰਕਾ ਨੇ ਵੀ ਆਪਣੀ ਪਾਠਸ਼ਾਲਾ ਵਿੱਚ ‘ਜਲੇ ਹਰਨਾਖ਼ਸ਼, ਥਲੇ ਹਰਨਾਖ਼ਸ਼’ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪ੍ਰਹਲਾਦ ਦੀ ਉਮਰ ਬੇਸ਼ੱਕ ਛੋਟੀ ਸੀ, ਪਰ ਉਸ ਨੂੰ ਇਹ ਸਮਝ ਆ ਗਈ ਸੀ, ਕਿ ਜਲ, ਥਲ ਭਾਵ ਹਰ ਥਾਂ ਹਰਨਾਖ਼ਸ਼ ਨਹੀਂ ਹੋ ਸਕਦਾ। ਇਹ ਘਟਿ ਘਟਿ ਵਿੱਚ ਸਮੋਇਆ ਰਾਮ ਹੀ ਹੈ, ਜੋ ਸਰਬ ਵਿਆਪਕ ਹੈ। ਇਸ ਲਈ ਉਸ ਨੇ ‘ਜਲੇ ਹਰਨਾਖ਼ਸ਼, ਥਲੇ ਹਰਨਾਖ਼ਸ਼’ ਕਹਿਣ ਤੋਂ ਸਾਫ ਨਾ ਕਹਿ ਦਿੱਤਾ।

ਉਸ ਦੇ ਉਸਤਾਦ ਸੰਡਾ ਤੇ ਮਰਕਾ ਨੇ ਹਰਨਾਖ਼ਸ਼ ਕੋਲ ਜਾ ਕੇ ਸ਼ਿਕਾਇਤ ਕੀਤੀ, ਕਿ ਤੁਹਾਡਾ ਪੁੱਤਰ ਆਪ ਵਿਗੜ ਗਿਆ ਹੈ ਤੇ ਉਸ ਨੇ ਸਾਰੇ ਚੇਲੇ ਚਾਟੜੇ ਵੀ ਵਿਗਾੜ ਦਿੱਤੇ ਹਨ। ਜੇ ਤੁਹਾਡਾ ਪੁੱਤਰ ਹੀ ਤੁਹਾਡਾ ਹੁਕਮ ਨਹੀਂ ਮੰਨੇਗਾ ਤਾਂ ਹੋਰ ਕੌਣ ਮੰਨੇਗਾ? ਪਾਂਧਿਆਂ ਤੇ ਰਾਜੇ ਦੀ ਇਸ ਮਜਲਿਸ, ਜਿਸ ਵਿੱਚ ਪ੍ਰਹਲਾਦ ਨੂੰ ਮੌਤ ਦੀ ਸਜਾ ਦੇਣ ਦਾ ਮਤਾ ਪਕਾਇਆ ਗਿਆ, ਨੂੰ ਬਾਣੀ ਵਿੱਚ ਦੁਸ਼ਟ ਚੌਂਕੜੀ ਕਿਹਾ ਗਿਆ ਹੈ। ਮੌਤ ਦੀ ਸਜਾ ਸੁਣ ਕੇ ਮਾਤਾ ਨੇ ਵੀ ਆਪਣੇ ਪਿਆਰੇ ਪੁੱਤਰ ਪ੍ਰਹਲਾਦ ਨੂੰ ਸਮਝਾਇਆ ਕਿ ਤੂੰ ਰਾਮ ਦੇ ਨਾਮ ਨੂੰ ਛੱਡ ਕੇ ਆਪਣੀ ਜਾਨ ਬਚਾ ਲੈ। ਪਰ ਪ੍ਰਹਲਾਦ ਨੇ ਸਾਫ ਨਾਂਹ ਕਰ ਦਿੱਤੀ ਕਿ ਗੁਰੂ ਨੇ ਉਸ ਨੂੰ ਇਹ ਸੋਝੀ ਬਖ਼ਸ਼ ਦਿੱਤੀ ਹੈ ਇਸ ਲਈ ਉਹ ਰਾਮ ਦਾ ਨਾਮ ਨਹੀਂ ਛੱਡ ਸਕਦਾ: ‘ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥2॥

ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਧਰਮੀ ਬੰਦੇ ਅਤੇ ਰਾਜਨੀਤਕ ਬੰਦੇ ਵਿੱਚ ਇਹੀ ਫਰਕ ਹੁੰਦਾ ਹੈ, ਕਿ ਰਾਜਨੀਤਕ ਬੰਦੇ ਨੇ ਉਹ ਫੈਸਲੇ ਲੈਣੇ ਹੁੰਦੇ ਹਨ, ਜਿਸ ਨਾਲ ਉਸ ਦੇ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੋਵੇ, ਜਾਂ ਉਸ ਨੂੰ ਜਾਤੀ ਤੌਰ ’ਤੇ ਕੁਝ ਫਾਇਦਾ ਹੁੰਦਾ ਹੋਵੇ। ਪਰ ਧਰਮੀ ਬੰਦਾ ਉਹ ਫੈਸਲੇ ਲੈਂਦਾ ਹੈ, ਜੋ ਉਸ ਦੀ ਗੁਰੂ ਦੀ ਸਿਖਿਆ ਦੇ ਅਨੁਕੂਲ ਹੋਣ। ਜੇ ਪ੍ਰਹਲਾਦ ਪਾਂਧੇ ਜਾਂ ਆਪਣੀ ਮਾਤਾ ਦੀ ਸਲਾਹ ਮੰਨ ਕੇ ‘ਜਲੇ ਹਰਨਾਖ਼ਸ਼ ਥਲੇ ਹਰਨਾਖ਼ਸ਼’ ਕਹਿਣ ਲੱਗ ਪੈਂਦਾ, ਤਾਂ ਉਸ ਨੂੰ ਆਪਣੇ ਪਿਤਾ ਦੇ ਦਰਬਾਰ ਵਿੱਚ ਮਾਨ ਸਨਮਾਨ ਮਿਲਣਾ ਸੀ, ਤੇ ਉਸ ਤੋਂ ਬਾਅਦ ਰਾਜ ਵੀ ਮਿਲਣਾ ਸੀ। ਪਰ ਉਸ ਦੀ ਜ਼ਮੀਰ ਗਲਤ ਗੱਲ ਮੰਨਣ ਲਈ ਤਿਆਰ ਨਾ ਹੋਈ ਤੇ ਮੌਤ ਦੇ ਡਰ ਅੱਗੇ ਵੀ ਨਾ ਝੁਕਿਆ। ਉਨ੍ਹਾਂ ਕਿਹਾ ਜੇ ਪ੍ਰਹਲਾਦ ਵੀ ਸਮਝੌਤਾ ਕਰ ਲੈਂਦਾ, ਕਿ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ, ਉਹ ਹੁਣ ਪਿਤਾ ਦੀ ਗੱਲ ਮੰਨ ਲਵੇ ਤੇ ਉਸ ਤੋਂ ਬਾਅਦ ਰਾਜ ਉਸ ਨੂੰ ਹੀ ਮਿਲੇਗਾ, ਤਾਂ ਉਹ ਰਾਮ ਦਾ ਨਾਮ ਜਪ ਲਵੇਗਾ ਤਾਂ ਕਿਸੇ ਨੇ ਉਸ ਨੂੰ ਭਗਤ ਨਹੀਂ ਸੀ ਮੰਨਣਾ ਤੇ ਨਾ ਹੀ ਉਸ ਦਾ ਜ਼ਿਕਰ ਗੁਰਬਾਣੀ ਵਿੱਚ ਹੀ ਆਉਣਾ ਸੀ।

ਉਨ੍ਹਾਂ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਵੀ ਜੇ ਸਮਾਂ ਵੀਚਾਰਨ ਦੀ ਗੱਲ ਕਰਕੇ, ਕਾਨ੍ਹੇ ਪਿਲੂ ਆਦਿ ਭਗਤਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਮੰਨ ਜਾਂਦੇ ਤਾ ਸ਼ਾਇਦ ਉਨ੍ਹਾਂ ਦੀ ਸ਼ਹੀਦੀ ਨਾ ਹੁੰਦੀ। ਪਰ ਇਸ ਨਾਲ ਉਹ ਉਚ ਪਾਏ ਦੇ ਸਿੱਖ ਸਿਧਾਂਤ ਸਥਾਪਤ ਨਹੀਂ ਹੋਣੇ ਸਨ, ਜਿਨ੍ਹਾਂ ’ਤੇ ਅੱਜ ਸਾਨੂੰ ਮਾਨ ਹੈ। ਅਤੇ ਨਾ ਹੀ ਸਿੱਖ ਲਹਿਰ ਉਸ ਬੁਲੰਦੀ ਤੱਕ ਪਹੁੰਚਦੀ, ਜਿਸ ਬੁਲੰਦੀ ਤੱਕ ਸ਼ਹੀਦੀ ਤੋਂ ਬਾਅਦ ਪਹੁੰਚੀ। ਉਨ੍ਹਾਂ ਕਿਹਾ ਜਿਸ ਜਿਸ ਮਹਾਂਪੁਰਖ ਨੇ ਰਾਜਿਆਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਅਤਿਆਚਾਰ ਦੇ ਵਿਰੁੱਧ ਜੰਤਾ ਨੂੰ ਲਾਮਬੰਦ ਕੀਤਾ ਉਸ ਨੂੰ ਹੀ ਮਹਾਨ ਕੁਰਬਾਨੀਆਂ ਤੇ ਇੱਥੋਂ ਤੱਕ ਕਿ ਸ਼ਹੀਦੀਆਂ ਵੀ ਦੇਣੀਆਂ ਪਈਆਂ। ਪਰ ਜਿਹੜਾ ਜੰਤਾ ਨੂੰ ਜਾਗਰੂਕ ਕਰਨ ਦੀ ਥਾਂ ਰਾਜਨੀਤਕਾਂ ਦੇ ਹੱਥ ਮਜਬੂਤ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਚੱਲੇ ਉਸ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਗਿਆਨੀ ਜਾਚਕ ਜੀ ਨੇ ਕਿਹਾ ਕਿ ਸਾਨੂੰ ਗੁਰਬਾਣੀ ਅਤੇ ਗੁਰੂਆਂ ਦੇ ਜੀਵਨ ਤੋਂ ਸੇਦ ਲੈ ਕੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ।

ਗਿਆਨੀ ਜਾਚਕ ਜੀ ਨੇ ਕਿਹਾ ਕਿ ਬਿਲਕੁਲ ਉਸੇ ਤਰ੍ਹਾਂ ਅੱਜ ਵੀ ਰਾਜਨੀਤਕਾਂ ਦੀ ਹਊਮੈ ਨੂੰ ਪੱਠੇ ਪਾੳਣ ਲਈ ਉਨ੍ਹਾਂ ਨੂੰ ਫ਼ਖ਼ਰ-ਏ-ਕੌਮ ਦੇ ਅਵਾਰਡ ਦਿੱਤੇ ਜਾ ਰਹੇ ਹਨ, ਤੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪੰਥ ’ਚੋਂ ਛੇਕਣ ਦੇ ਡਰਾਵੇ ਦਿਤੇ ਜਾ ਰਹੇ ਹਨ। ਉਨ੍ਹਾਂ ਕਿਹਾ ਆਪਣੇ ਹਿਤਾਂ ਦੀ ਪੂਰਤੀ ਲਈ ਬੰਦਿਆਂ ਦੇ ਹੁਕਮ ਨੂੰ ਤਾਂ ਰੱਬੀ ਹੁਕਮ ਦੱਸਿਆ ਜਾ ਰਿਹਾ ਹੈ, ਪਰ ਗੁਰਬਾਣੀ ਜਿਹੜੀ ਕਿ ਜਿਹੜੀ ਕਿ ਰੱਬੀ ਹੁਕਮ ਹੈ ਉਸ ਨੂੰ ਹਮੇਸ਼ਾਂ ਹੀ ਨਜ਼ਰ ਅਮਦਾਜ਼ ਕੀਤਾ ਜਾ ਰਿਹਾ ਹੈ। ਗਿਆਨੀ ਜਾਚਕ ਨੇ ਕਿਹਾ ਜਿਹਵਾਂ ਵੀ ਧਾਰਮਕ ਬੰਦਾ ਰਾਜਨੀਤਕਾਂ ਨਾਲ ਗਠਜੋੜ ਬਣਾ ਕੇ ਚਲਦਾ ਹੈ ਬੇਸ਼ੱਕ ਉਹ ਕਿਸੇ ਪੁਰੀ ਦਾ ਸ਼ੰਕਰਾਚਾਰੀਆ ਹੋਵੇ, ਤਖ਼ਤਾਂ ਦੇ ਜਥੇਦਾਰ ਹੋਣ, ਜਾਂ ਕਿਸੇ ਵੱਡੇ ਡੇਰੇ ਦਾ ਡੇਰੇਦਾਰ ਹੋਵੇ ਉਸ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top