Share on Facebook

Main News Page

ਬੇਨਤੀ

ਸਲੋਕੁ ਮ: ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (ਪੰਨਾ 473)

ਅਰਥ:- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) ।

“ਸਿੱਖੀ ਦੇ ਦਰਸ਼ਨ ਦੇ ਪ੍ਰਚਾਰ ਅਤੇ ਦਰਪੇਸ਼ ਕੌਮੀ ਮਸਲਿਆਂ ਬਾਰੇ ਦਰਦ ਰਖਣ ਵਾਲੇ ਪ੍ਰਚਾਰਕਾਂ/ਵਿਦਵਾਨਾਂ/ਮਿਸ਼ਨਰੀ ਸੰਸਥਾਵਾਂ ਦਾ ਕੰਮ ਅਤੇ ਜਿੰਮੇਵਾਰੀ ਮਹੱਤਵਪੁਰਨ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿਰਮੌਰ ਸੰਸਥਾਵਾਂ ਪ੍ਰਚਾਰ ਖੇਤਰ ਵਿਚ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਪਿੱਛੜੀਆਂ ਹੋਈਆਂ ਹਨ, ਐਸੀ ਸੂਰਤ ਵਿਚ ਮਿਸ਼ਨਰੀ ਸੰਸਥਾਵਾਂ ਅਤੇ ਬਾਕੀ ਪ੍ਰਚਾਰ ਧਿਰਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ।

ਮਨਮਤਿ ਦੇ ਵਿਚ ਲਿੱਪਤ ਮਾਨਸਿਕਤਾ ਅਤੇ ਕਾਰਜਸ਼ੈਲੀ ਦਾ ਜਵਾਬ ਲੱਭਣ ਦੀ ਲੋੜ ਹੈ, ਜਿਸ ਦੀ ਸੰਭਾਵਨਾ ਮਿਸ਼ਨਰੀ ਸੰਸਥਾਨਾਂ ਅਤੇ ਹੋਰ ਗੁਰਮਤਿ ਪ੍ਰਚਾਰਕ ਧਿਰਾਂ ਵਿਚ ਨਜ਼ਰ ਆਉਂਦੀ ਹੈ। ਕੌਮੀ ਪ੍ਰਚਾਰ ਕੇਂਦਰਾਂ ਤੇ ਬੈਠੀ ਅਵੇਸਲੀ ਮਾਨਸਿਕਤਾ ਦੇ ਮੁਕਾਬਲ ਮਿਸ਼ਨਰੀ ਸੰਸਥਾਵਾਂ ਨੇ ਕੁਝ ਦਹਾਕੇ ਪਹਿਲਾਂ ਤੋਂ ਆਸ ਦਿਆਂ ਕਿਰਨਾਂ ਨੂੰ ਜਗਾਈ ਰੱਖਿਆ ਹੈ। ਪਰ ਹੁਣ ਹਾਲਾਤ ਬਦਲਣ ਕਾਰਨ ਕੁਝ ਨੱਕਾਰਾਤਮਕ ਸਿੱਟੇ ਨਿਕਲ ਰਹੇ ਹਨ। ਜਿੱਥੇ ਇਕ ਪਾਸੇ ਸਿਰਮੌਰ ਧਿਰ ਗੁਰਮਤਿ ਸੋਚ ਅਤੇ ਕਦਮਾਂ ਨਾਲੋਂ ਦੁਰ ਖੜੇ ਹਨ, ਉੱਥੇ ਹੀ ਜਾਗਰੂਕ ਅਖਵਾਉਂਦਿਆਂ ਕੁੱਝ ਧਿਰਾਂ ਦੀ ਅਪਣੀ ਸੋਚ/ਕਾਰਜਸ਼ੈਲੀ ਵੀ ਗੁਰਮਤਿ ਲਹਿਰ ਨੂੰ ਨੁਕਸਾਨ ਪਹੁੰਚਾੳਣ ਲਗ ਪਈ ਹੈ। ਇਹ ਅਣਸੁਖਾਵੀਂ ਸੋਚ/ ਕਾਰਜਸ਼ੈਲੀ ਇਸ ਪ੍ਰਕਾਰ ਹੈ:-

  1. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਤੇ ਕਿੰਤੂ!

  2. ਗੁਰੂ ਸਾਹਿਬਾਨ ਦੇ ਸਤਿਕਾਰ ਤੇ ਕਿੰਤੂ!

  3. ਗੁਰੂਆਂ ਦੇ ਉਸਾਰੇ ਸੰਸਥਾਨਾਂ ਦੀ ਹੋਂਦ ਬਾਰੇ ਆਪੱਤੀਜਨਕ ਟਿੱਪਣਿਆਂ !

  4. ਬਾ-ਰੂਹੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਗੁਰਦੁਆਰਿਆਂ ਵਿਚ ਪੜੀ ਜਾਂਦੀ ਅਰਦਾਸ ਦੇ ਹਿੱਸਿਆਂ ਅਤੇ ਨਿਤਨੇਮ ਵਿਚਲਿਆਂ ਕੁੱਝ ਰਚਨਾਵਾਂ ਬਾਰੇ ਵੀ “ਕੁੜ ਕਬਾੜ, ਗੰਦ, ਕੰਜਰ ਕਵਿਤਾਵਾਂ” ਵਰਗੀ ਭੱਦੀ ਸ਼ਬਦਾਵਲੀ ਦਾ ਪ੍ਰਭਾਵ ਵਰਤਨਾ!

  5. ਅਸਹਿਮਤੀ ਦਾ ਪ੍ਰਗਟਾਵਾ ਕਰਨ ਵੇਲੇ ਘੱਟਿਆ, ਅਸ਼ੋਬਨੀਯ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ !

ਇਨਾਂ ਵਿਦਵਾਨਾਂ ਦੀ ਘਟਿਆ, ਅਸ਼ੋਬਨੀਯ ਅਤੇ ਭੱਦੀ ਸ਼ਬਦਾਵਲੀ ਪੜ/ਸੁਣ ਕੇ ਸੰਸਾਰਕ ਭਾਈਚਾਰੇ ਦੇ ਲੋਕ ਸੋਚਦੇ ਹੋਣਗੇ ਕਿ ਜਿਸ ਕੌਮ ਦੇ ਵਿਦਵਾਨ ਇਹੇ ਜਿਹੇ ਹਨ ਉਹ ਕੌਮ ਕਿਹੋ ਜਿਹੀ ਹੋਵੇਗੀ?

ਐਸੇ ਸੱਜਣਾਂ ਨੂੰ ਉਨ੍ਹਾਂ ਪ੍ਰਚਾਰਕਾਂ ਅਤੇ ਮਿਸ਼ਨਰੀ ਸੰਸਥਾਵਾਂ ਬਾਰੇ ਸੋਚਣਾ ਚਾਹੀਦਾ ਹੈ, ਜੋ ਕਿ ਕਮਰਿਆਂ ਵਿਚ ਬੈਠ ਕੇ ਟਿੱਪਣਿਆਂ ਨਹੀਂ ਕਰਦੇ ਬਲਕਿ ਸੰਗਤ ਅਤੇ ਫ਼ੀਲਡ ਦੇ ਵਿਚ ਜਾ ਕੇ ਗੁਰਮਤਿ ਦੀ ਗਲ ਕਰਦੇ ਹਨ। ਨਿਤਨੇਮ ਅਤੇ ਅਰਦਾਸ ਬਾਰੇ ਕਮਰਾਬੰਦ ਪ੍ਰਚਾਰਕ ਜ਼ਰਾ ਸੰਗਤ ਵਿਚਕਾਰ ਜਾ ਕੇ ਐਸੀ ਸ਼ਬਦਾਵਲੀ ਵਰਤਣ, ਤਾਂ ਉਸਦਾ ਦਾ ਫ਼ੈਸਲਾ ਅਕਾਲ ਤਖ਼ਤ ਦੇ ਬਜਾਏ ਉੱਥੇ ਹੀ ਹੋ ਜਾਏ।

ਇਹ ਸਹੀ ਹੈ ਕਿ ਅਪਵਾਦ ਛੱਡ ਕੇ ਸਾਰੀਆਂ ਧਿਰਾਂ ਐਸਾ ਨਹੀਂ ਕਰ ਰਹਿਆਂ, ਪਰ ਇਹ ਇਕ ਤ੍ਰਾਸਦੀ ਹੀ ਬਣਦੀ ਜਾ ਰਹੀ ਹੈ, ਕਿ ਉੱਪਰ ਦਿੱਤੇ ਪੰਜ ਨੁੱਕਤੇ ਸਾਰੀ ਗੁਰਮਤਿ ਪ੍ਰਚਾਰ ਲਹਿਰ ਦੇ ਕਿਰਦਾਰ ਨੂੰ ਹਲਕਾ ਕਰਦੇ ਬਦਨਾਮੀ ਦੇ ਕਟਘਰੇ ਵਿਚ ਖੜਾ ਕਰਨ ਵਿਚ ਸਹਾਈ ਹੋ ਰਹੇ ਹਨ। ਕੁੱਝ ਥਾਂ ਗ਼ੈਰਜਿੰਮੇਦਾਰਾਨਾਂ ਵਿਵਹਾਰ ਮਨਮਤੀ ਸੋਚ ਨੂੰ ਤਾਕਤ ਪਰਧਾਨ ਕਰ ਰਿਹਾ ਹੈ, ਅਤੇ ਗੁਰਮਤਿ ਲਹਿਰ ਨੂੰ ਬਦਨਾਮੀ! ੳਪਰੋਕਤ ਕਾਰਜਸ਼ੈਲੀ ਅਤੇ ਉਪਰਾਲੇ ਘਾਤਕ ਸਾਬਤ ਹੋ ਰਹੇ ਹਨ। ਹੋਰਨਾਂ ਤੋਂ ਗਿਲਾ ਅਤੇ ਆਪ ਗੁਰਮਤਿ ਸਿਧਾਤਾਂ ਦੇ ਝੰਡਾ ਬਰਦਾਰ ਹੋਣ ਦਾ ਦਾਵਾ ਕਰਨ ਵਾਲੇ ਸੱਜਣਾਂ ਨੂੰ ਵੀ ਤਾਂ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ। ਕੀ ਉਹ ਮਨਮਤ ਦਾ ਵਿਰੋਧ ਕਰਨ ਕਾਰਨ ਆਪ ਹਰ ਜਿੰਮੇਵਾਰੀ ਅਤੇ ਗੁਰਮਤਿ ਅਦਬ ਤੋਂ ਮੁੱਕਤ ਹਨ?

ਉੱਪਰ ਦਰਸਾਏ ਨੁੱਕਤਿਆਂ ਦੇ ਪ੍ਰਾਪੋਗੰਡੇ ਨਾਲ ਕੁੱਝ ਸੱਜਣ ਵਕਤਨ ਤੌਰ ਤੇ ਕੁੱਝ ਜੈਕਾਰੇ ਜਾਂ ਧਿਆਨ ਤਾਂ ਬਟੋਰ ਸਕਦੇ ਹਨ, ਪਰ ਪੰਥਕ ਭਲਾ ਨਹੀਂ ਕਰ ਸਕਦੇ। ਉਹ ਉਸ ਕਾਰਜਸ਼ੈਲੀ ਤੇ ਖੜੇ ਹਨ ਜਿਸ ਅਨੁਸਾਰ ਇਹ ਕਹਿਆ ਜਾਂਦਾ ਹੈ ਕਿ ਸੱਚ ਜਿੰਨੀ ਕੁ ਦੇਰ ਵਿਚ ਅਖਾਂ ਖੋਲਦਾ ਹੈ, ਝੂਠ ਉਂਨੀ ਕੁ ਦੇਰ ਵਿਚ ਪੁਰੀ ਦੁਨਿਆਂ ਦੇ ਦੋ ਚੱਕਰ ਲਗਾ ਆਉਂਦਾ ਹੈ।

ਪੀੜੀ ਦਾ ਜੀਵਨ ਕਾਲ ਛੋਟਾ ਹੁੰਦਾ ਹੈ, ਪਰ ਸਿੱਖੀ ਸਦੀਵੀਂ ਕਾਯਮ ਰਹਿਣ ਲਈ ਹੈ। ਇਸ ਲਈ ਇਸ ਬਾਰੇ ਔਛੇ ਅਤੇ ਨਾਸਮਝੀ ਨਾਲ ਲਬਰੇਜ਼ ਤੋਰ ਤਰੀਕੇ ਦੁਰਅੰਦੇਸ਼ ਨਹੀਂ ਹਨ!

ਸਾਡੇ ਵਿਚਾਰ ਅਨੁਸਾਰ ਪ੍ਰਚਾਰਕ ਧਿਰਾਂ ਨੂੰ ਅਪਣੀ ਇਸ ਕਮੀ ਵੱਲ ਫ਼ੌਰਨ ਧਿਆਨ ਦੇਂਣਾ ਚਾਹੀਦਾ ਹੈ ਤਾਂ ਕਿ ਗੁਰਮਤਿ ਦੇ ਸੰਜੀਦਾ ਪ੍ਰਚਾਰ ਬਾਰੇ ਭ੍ਰਾਤਿਆਂ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਨਹੀਂ ਤਾਂ ਇਸ ਨਾਲ ਮਨਮਤ ਦਾ ਪਲੜਾ ਇਨ੍ਹਾਂ ਭਾਰੀ ਹੋਵੇਗਾ ਕਿ ਉਹ ਸਾਡੇ ਵਿਰਸੇ ਦਿਆਂ ਪ੍ਰਾਪਤੀਆਂ ਨੂੰ ਵੀ ਜੜੋਂ ਪੁੱਟ ਸੁੱਟੇਗੀ। ਆਸ ਹੈ ਕਿ ਸਬੰਧਤ ਧਿਰਾਂ ਇਸ ਬੇਨਤੀ ਨੂੰ ਪਰਵਾਨ ਕਰਨਗੀਆਂ”

ਬੇਨਤੀ ਕਰਤਾ:- ਸ. ਜਗਜੀਤ ਸਿੰਘ, ਜੰਮੂ, ਡਾ.ਰਾਜਿੰਦਰ ਸਿੰਘ (ਪੀ.ਐਚ.ਡੀ), ਡਾ. ਅਰਵਿੰਦਰ ਸਿੰਘ (ਪੀ.ਐਚ.ਡੀ), ਸ. ਕਮਲਦੀਪ ਸਿੰਘ (ਪੀ.ਐਚ.ਡੀ. ਸਕਾਲਰ), ਸ. ਗਰਜੇਂਦਰ ਸਿੰਘ ( ਸਾਇਕਾਲੋਜੀ ਸਕਾਲਰ), ਸ. ਅਮਰਜੀਤ ਸਿੰਘ (ਸਿੱਖਜ਼ਮ ਰਿਸਰਚ ਫ਼ਾਉਂਡੇਸ਼ਨ) ਸ. ਦਵਿੰਦਰ ਸਿੰਘ, ਸ. ਤਰਲੋਕ ਸਿੰਘ ਬਾਜਵਾ, ਸ. ਪਰਮਜੀਤ ਸਿੰਘ ਟਰੋਂਟੋ (ਕਨੈਡਾ), ਸ. ਮੋਹਿੰਦਰ ਸਿੰਘ, ਐਡਵੋਕੇਟ (ਵੈਨਕੂਵਰ), ਸ. ਰਾਜਿੰਦਰ ਸਿੰਘ, ਜੰਮੂ, ਸ. ਹਰਦੇਵ ਸਿੰਘ, ਜੰਮੂ, ਸ. ਸੂਰਿੰਦਰ ਸਿੰਘ, ਜੰਮੂ, ਹਰਮੀਤ ਸਿੰਘ ਖਾਲਸਾ, ਗਵਾਲੀਅਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top