Share on Facebook

Main News Page

ਕੀ ਤ੍ਰਿਬੇਣੀ ਤੇ ਕੀਤਾ ਪੁੰਨ ਦਾਨ ਗੁਰਬਾਣੀ ਅਨੁਸਾਰ ਹੈ?

ਸਿਰੀ ਗੁਰੂ ਸਿੰਘ ਸਭਾ ਮਸਕਟ, ਓਮਾਨ 6-1 2012 ਦਿਨ ਸ਼ੁੱਕਰਵਾਰ

ਗੁੜਿਆ ਹੋਇਆ ਨੀਤੀਵਾਨ ਜਦੋਂ ਕਦੇ ਵੀ ਕਿਸੇ ਨਾਲ ਸਮਝਾਉਤਾ ਕਰਦਾ ਹੈ ਤਾਂ ਉਦ੍ਹਾ ਪਹਿਲਾਂ ਏਹੀ ਖ਼ਿਆਲ ਹੁੰਦਾ ਹੈ ਕਿ ਇਸ ਦੇ ਪਿੜ ਪੱਲੇ ਘੱਟ ਤੋਂ ਘੱਟ ਪਏ। ਉਹ ਸਮਝਾਉਤੇ ਇਸ ਤਰ੍ਹਾਂ ਦੇ ਕਰਦਾ ਹੈ ਕਿ ਅਗਲਿਆਂ ਨੂੰ ਚਵਾਨੀ ਦੇ ਕੇ ਅਠਿਆਨੀ ਖੋਹੀ ਜਾਏ। ਏਸੇ ਲਈ ਲੰਬਾ ਸਮਾਂ ਰਾਜਨੀਤਿਕ ਸਮਝੌਤੇ ਫਾਈਲਾਂ ਵਿੱਚ ਦਬੇ ਰਹਿ ਜਾਂਦੇ ਹਨ। ਹੋਣਾ ਤਾਂ ਉਹ ਹੀ ਹੁੰਦਾ ਹੈ ਜੋ ਨੇਤਾ ਜਨ ਚਾਹੁੰਦਾ ਹੈ। ਕੇਂਦਰੀ ਸਰਕਾਰ ਦੇ ਸਿੱਖਾਂ ਨਾਲ ਸਮਝਾਉਤੇ ਏਸੇ ਤਰ੍ਹਾਂ ਦੇ ਹੀ ਹੋਏ ਹਨ। ਸਿੱਖ ਕੌਮ ਨੇ ਹਰ ਮੋਰਚੇ ਵਿੱਚ ਵੱਧ ਤੋਂ ਵੱਧ ਗਵਾਇਆ ਹੀ ਹੈ ਪਰ ਪ੍ਰਾਪਤੀ ਬਹੁਤ ਘੱਟ ਹੋਈ ਹੈ।

ਸਿੱਖ ਕੌਮ ਹਰ ਗੁਰਪੁਰਬ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਂਦੀ ਹੈ। ਪਰ ਹਰ ਗੁਰਪੁਰਬ `ਤੇ ਇਤਿਹਾਸ ਨੂੰ ਪੁੱਠਾ ਗੇੜਾ ਹੀ ਦਿੱਤਾ ਜਾਂਦਾ ਹੈ। ਉਂਜ ਗੁਰਪੁਰਬ ਮਨਾਉਣ ਪਿੱਛੇ ਕੋਈ ਗੁਰਬਾਣੀ ਪਰਚਾਰ ਜਾਂ ਸਿੱਖ ਸਿਧਾਂਤ ਦੀ ਵਿਆਖਿਆ ਨਹੀਂ ਹੁੰਦੀ। ਸਿਰਫ ਗੁਰਦੁਆਰੇ ਦੀ ਗੋਲਕ ਹੀ ਭਰੀ ਹੋਈ ਹੋਣੀ ਚਾਹੀਦੀ ਹੈ, ਬਾਕੀ ਜਿਦ੍ਹੇ ਜੋ ਮੂੰਹ ਆਉਂਦਾ ਹੈ ਬੋਲੀ ਚਲਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਹੀ ਲੈ ਲਓ। ਇਸ ਪੁਰਬ `ਤੇ ਲੱਖਾਂ ਰੁਪਇਆ ਰਾਗੀਆਂ, ਢਾਡੀਆਂ ਤੇ ਪਰਚਾਰਕਾਂ ਨੂੰ ਭੇਟ ਦਿੱਤਾ ਗਿਆ ਹੈ ਪਰ ਸਿੱਖ ਕੌਮ ਦੇ ਪੱਲੇ ਪਿਆ ਹੈ ਗੁਰੂ ਤੇਗ ਬਹਾਦਰ ਜੀ ਦਾ ਬ੍ਰਹਾਮਣੀ ਲਾਣੇ ਨੂੰ ਤ੍ਰਿਬੇਣੀ ਨਦੀ ਤੇ ਕੀਤਾ ਹੋਇਆ ਦਾਨ ਪੁੰਨ। ਕੀ ਵਾਕਿਆ ਹੀ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੇ ਸੰਗਤ ਵਲੋਂ ਭੇਟਾ ਕੀਤੀ ਹੋਈ ਰਕਮ ਬ੍ਰਾਹਮਣਾਂ ਨੂੰ ਦਾਨ ਪੁੰਨ ਦੇ ਰੂਪ ਵਿੱਚ ਵੰਡ ਦਿੱਤੀ ਸੀ? ਕੀ ਅਜੇਹੇ ਦਾਨ ਪੁੰਨ ਦੀ ਗੁਰਬਾਣੀ ਆਗਿਆ ਦੇਂਦੀ ਹੈ? ਇਹ ਸ਼ਬਦ ਸਿੱਖ ਕੌਮ ਦੇ ਮਹਾਨ ਪ੍ਰਚਾਰਕ, ਲੇਖਕ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਸਿਰੀ ਗੁਰੂ ਸਿੰਘ ਸਭਾ ਮਸਕਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਣ ਆਈਆਂ ਦੂਰ ਦਰਾਡ ਤੋਂ ਸੰਗਤਾਂ ਦੇ ਇੱਕ ਭਰਵੇਂ ਇਕੱਠ ਵਿੱਚ ਕਹੇ।

ਸੰਗਤਾਂ ਦੇ ਇਸ ਵਿਸ਼ਾਲ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਪ੍ਰਿੰਸੀਪਲ ਜੀ ਨੇ ਭਗਤ ਨਾਮਦੇਵ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਗੁਰਮਤ ਦੇ ਬਹੁਤ ਹੀ ਬਰੀਕ ਨੁਕਤਿਆਂ ਨੂੰ ਨਵੇਕਲੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ।

ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ ਅਗਨਿ ਦਹੈ, ਕਾਇਆ ਕਲਪੁ ਕੀਜੈ॥ ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ॥1॥
ਛੋਡਿ ਛੋਡਿ, ਰੇ ਪਾਖੰਡੀ ਮਨ, ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥1॥
ਰਹਾਉ॥ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ 973

ਵਿਸਥਾਰ ਵਿੱਚ ਜਾਂਦਿਆ ਉਹਨਾਂ ਨੇ ਕਿਹਾ ਕਿ ਤੀਰਥਾਂ ਤੇ ਜਾ ਕੇ ਜਾਂ ਬ੍ਰਹਾਮਣਾਂ ਨੂੰ ਦਾਨ ਪੁੰਨ ਕਰਨਾ ਸਿੱਖ ਨੂੰ ਗੁਰਬਾਣੀ ਸਿਧਾਂਤ ਆਗਿਆ ਨਹੀਂ ਦੇਂਦਾ ਪਰ ਬਚਿੱਤਰ ਨਾਟਕ ਦੇ ਲਿਖਾਰੀ ਦੀ ਬੇਈਮਾਨੀ ਦੇਖੋ ਉਸ ਨੇ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਤੋਂ ਦਾਨ ਪੁੰਨ ਤੇ ਤ੍ਰਿਬੇਣੀ `ਤੇ ਇਸ਼ਨਾਨ ਕਰਾ ਦਿੱਤਾ ਹੈ। ਕੌਮ ਦੇ ਬਹੁਤੇ ਰਾਗੀਆਂ, ਢਾਡੀਆਂ ਤੇ ਪਰਚਾਰਕਾਂ ਨੇ ਦੁਸ਼ਟ ਦਮਨ ਵੀ ਕਿਹਾ ਤੇ ਏਸੇ ਬੇਫ਼ਜੂਲ ਰਚਨਾ ਦਾ ਹੀ ਕੀਰਤਨ ਤੇ ਪਰਚਾਰ ਵੀ ਕੀਤਾ ਗਿਆ ਹੈ।

ਭਗਤ ਨਾਮਦੇਵ ਜੀ ਨੇ ਬ੍ਰਹਾਮਣ ਦੀ ਹੁੰਦੀ ਹਰ ਲੁੱਟ ਦਾ ਇਸ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਕੁੰਭ ਦੇ ਮੇਲਿਆਂ ਤੋਂ ਲੈ ਕੇ ਹਰ ਪ੍ਰਕਾਰ ਦੇ ਦਾਨ ਪੁੰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਐ ਧਰਮ ਦੇ ਪੁਜਾਰੀ ਤੂੰ ਕਪਟ ਭਰਿਆ ਪਾਖੰਡ ਛਡ ਤੇ ਰੱਬੀ ਗੁਣਾਂ ਨਾਲ ਸਾਂਝ ਪਾਉਣ ਦਾ ਯਤਨ ਕਰ। ਸਦਕੇ ਜਾਈਐ ਉਸ ਪ੍ਰਬੰਧਕੀ ਢਾਂਚੇ ਦੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੇ ਗੁਰਬਾਣੀ ਕੀਰਤਨ ਕੀ ਹੈ? ਕਚੀ ਰਚਨਾ ਕਿਹੜੀ ਹੈ? ਤ੍ਰਿਬਾਣੀ ਵਾਲੀ ਰਚਨਾ ਗੁਰਬਾਣੀ ਦੀ ਪਰਖ ਦੀ ਕਸਵੱਟੀ `ਤੇ ਬਿਲਕੁਲ ਅਧੂਰੀ ਤੇ ਕੱਚੀ ਹੈ। ਭਗਤ ਨਾਮਦੇਵ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਸਾਡਾ ਮਾਰਗ ਦਰਸ਼ਣ ਹੈ। ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਅਗਮਨ ਪੁਰਬ ਮਨਾ ਰਹੇ ਹਾਂ ਜਾਂ ਪੁੱਤਰਾਂ ਦੀ ਪ੍ਰਾਪਤੀ ਲਈ ਦਾਨ ਪੁੰਨ ਦੇਣ ਸਬੰਧੀ ਸੰਗਤ ਨੂੰ ੳਤਸ਼ਾਹਤ ਕਰ ਰਹੇ ਹਾਂ। ਸਾਡੀਆਂ ਬਚਿੱਤ੍ਰੀ ਕਲਾ ਬਾਜ਼ੀਆਂ ਇਹ ਉਤਸ਼ਾਹ ਵਧਾ ਰਹੀਆਂ ਹਨ ਕਿ ਹਿੰਦੂਆਂ ਦੇ ਧਾਰਮਕ ਅਸਥਾਨਾਂ `ਤੇ ਜਾ ਕੇ ਦਾਨ ਪੁੰਨ ਕੀਤਿਆਂ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਹਿੰਦੂਆਂ ਦੇ ਧਾਰਮਕ ਅਸਥਾਨਾਂ `ਤੇ ਜਾਣ ਦੀ ਵੀ ਲੋੜ ਨਹੀਂ ਰਹੀ ਕਿਉਂ ਕਿ ਪੁੱਤਰਾਂ ਦੀਆਂ ਦਾਤਾਂ ਸਿੱਖੀ ਬਾਣੇ ਵਿੱਚ ਲੁਕੇ ਬ੍ਰਹਾਮਣ ਸਾਧ ਦੇ ਰਹੇ ਹਨ। ਏਸੇ ਲਈ ਡੇਰਿਆਂ ਦੀਆਂ ਰੌਣਕਾਂ ਦਿਨ-ਬਦਿਨ ਵੱਧ ਰਹੀਆਂ ਹਨ। ਸਮੇਂ ਦੀ ਲੋੜ ਹੈ ਕਿ ਪਾਵਨ ਗੁਰਪੁਰਬ ਮਨਾਉਂਦਿਆਂ ਗੁਰਬਾਣੀ ਸਿਧਾਂਤ ਨੂੰ ਮੁੱਖ ਰੱਖਿਆ ਜਾਏ ਤੇ ਗੁਰੂਆਂ ਵਲੋਂ ਕੀਤੇ ਮਹਾਨ ਕਾਰਨਾਮਿਆਂ ਨੂੰ ਉਤਸ਼ਾਹੀ ਢੰਗ ਨਾਲ ਦੱਸਿਆ ਜਾਏ। ਇੰਜ ਲੱਗਦਾ ਹੈ ਕਿ ਗੁਰੂਆਂ ਵਲੋਂ ਮਨੁੱਖਤਾ ਲਈ ਲਿਆਂਦੀ ਮਹਾਨ ਕ੍ਰਾਂਤੀ ਨੂੰ ਬੇ-ਲੋੜੇ ਦਾਨ ਪੁੰਨ ਵਿੱਚ ਦੱਬ ਰੱਖ ਦਿੱਤਾ ਹੈ। ਪ੍ਰਿੰਸੀਪਲ ਥਾਈਲੈਂਡ ਵਾਲਿਆਂ ਵਲੋਂ ਕੀਤੀ ਸ਼ਬਦ ਦੀ ਵਿਚਾਰ ਨੂੰ ਸੰਗਤ ਨੇ ਦੋ ਘੰਟੇ ਲੰਬਾ ਸਮਾਂ ਬਹੁਤ ਹੀ ਧਿਆਨ ਨਾਲ ਸੁਣਿਆਂ।

ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਮਸਕਟ ਵਿੱਚ ਟੈਲੀਫੂਨ ਨੰਬਰ 968 94005424 ਹੈ
ਹਰਵੰਤ ਸਿੰਘ ਵੀਲ੍ਹਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top