Share on Facebook

Main News Page

ਗੁਰਬਾਣੀ ਵਿੱਚ ਮਨ ਨੂੰ ਹੀ ਮੱਕਾ, ਮੰਦਰ ਅਤੇ ਦੇਹੁਰਾ ਕਿਹਾ ਗਿਆ ਹੈ: ਪ੍ਰਭਦੀਪ ਸਿੰਘ

* ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਸਮੇ ਦੂਸਰੇ ਧਰਮਾਂ ਦੇ ਬੁਲਾਏ ਗਏ ਰਾਜਨੀਤਕ ਮਹਿਮਾਨ ਸਾਡੇ ਇਤਿਹਾਸ ਅਤੇ ਸਿਧਾਂਤ ਨੂੰ ਗਲਤ ਦੱਸ ਗਏ, ਪਰ ਸਾਡੇ ਨੇਤਾ ਰਾਜਨੀਤਕ ਕਾਰਣਾਂ ਕਰਕੇ ਉਸ ਦਾ ਕੋਈ ਜਵਾਬ ਨਾ ਦੇ ਸਕੇ
* ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਆਂ ਦਾ ਕਿਰਦਾਰ ਵੀ ਉਨ੍ਹਾਂ ਪੁਜਾਰੀਆਂ ਤੇ ਕਾਜ਼ੀਆਂ ਵਾਲਾ ਹੀ ਹੋਇਆ ਪਿਆ ਹੈ, ਤੇ ਉਹ ਵੀ ਆਪਣੀਆਂ ਪਦਵੀਆਂ ਕਾਇਮ ਰੱਖਣ ਲਈ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇ ਅਵਾਰਡ ਦੇ ਰਹੇ ਹਨ

ਬਠਿੰਡਾ, 11 ਜਨਵਰੀ (ਕਿਰਪਾਲ ਸਿੰਘ): ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਸਮੇਂ ਦੂਸਰੇ ਧਰਮਾਂ ਦੇ ਬੁਲਏ ਗਏ ਰਾਜਨੀਤਕ ਮਹਿਮਾਨ ਸਾਡੇ ਇਤਿਹਾਸ ਨੂੰ ਗਲਤ ਦੱਸ ਗਏ, ਪਰ ਸਾਡੇ ਨੇਤਾ ਰਾਜਨੀਤਕ ਕਾਰਣਾਂ ਕਰਕੇ ਉਸ ਦਾ ਕੋਈ ਜਵਾਬ ਨਾ ਦੇ ਸਕੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਟਾਈਗਰ ਜਥਾ ਯੂਕੇ ਦੇ ਸ: ਪ੍ਰਭਦੀਪ ਸਿੰਘ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

 

ਉਨ੍ਹਾਂ ਕਿਹਾ ਪਾਕਸਤਾਨ ਤੋਂ ਆਏ ਸਾਬਕਾ ਸਿਖਿਆ ਮੰਤਰੀ ਇਮਰਾਨ ਮਸੂਦ ਨੇ ਕਿਹਾ ‘ਮੈਨੂੰ ਪਤਾ ਹੈ ਕਿ ਲੋਕ ਕਹਿੰਦੇ ਹਨ ਕਿ ਬਾਬਾ ਨਾਨਕ ਹੱਜ ਕਰਨ ਮੱਕੇ ਗਏ ਸਨ, ਪਰ ਇਹ ਕੋਰਾ ਝੂਠ ਹੈ, ਕਿਉਂ ਕਿ ਮੱਕੇ ਹੱਜ ਕਰਨ ਤਾਂ ਕੋਈ ਗੈਰ ਮੁਸਲਮਾਨ ਜਾ ਹੀ ਨਹੀਂ ਸਕਦਾ ਹੈ’। ਪ੍ਰਭਦੀਪ ਸਿੰਘ ਨੇ ਕਿਹਾ ਕਿ ਰਾਜਨੀਤਕ ਆਗੂ ਨੇ ਇਹ ਸ਼ਬਦ ਪਹਿਲੀ ਵਾਰ ਨਹੀਂ ਕਹੇ, ਸਗੋਂ ਜੋ ਸਾਡੇ ਧਿਆਨ ਵਿੱਚ ਆਇਆ ਹੈ ਉਸ ਅਨੁਸਾਰ ਅੱਜ ਤੋਂ ਡੇੜ ਦੋ ਸਾਲ ਪਹਿਲਾਂ ਇੱਕ ਮੁਸਲਮਾਨ ਪ੍ਰਚਾਰਕ ਬਰੱਦਰ ਇਮਰਾਨ ਨੇ ਵੀ ਆਪਣੀ ਧਾਰਮਕ ਮਜਲਿਸ ਵਿੱਚ ਕਹੇ ਸਨ। ਸ: ਪ੍ਰਭਦੀਪ ਸਿੰਘ ਨੇ ਕਿਹਾ ਜੇ ਮੁਸਲਮਾਨ ਭਰਾਵਾਂ ਦੀ ਗੱਲ ਮੰਨ ਲਈ ਜਾਵੇ ਤਾਂ ਸਾਡਾ ਇਤਿਹਾਸ ਅਤੇ ਭਾਈ ਗੁਰਦਾਸ ਜੀ ਵੀ ਗਲਤ ਸਾਬਤ ਹੁੰਦੇ ਹਨ ਕਿਉਂਕਿ ਉਨ੍ਹਾਂ ਲਿਖਿਆ ਹੈ:

ਬਾਬਾ ਫਿਰਿ ਮਕੇ ਗਇਆ, ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ, ਜਿਥੈ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ, ਵਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ। ਲਤਾ ਵਲਿ ਖੁਦਾਇਦੇ, ਕਿਉ ਕਰਿ ਪਇਆ ਹੋਇ ਬਜਿਗਾਰੀ। ਟੰਗੋਂ ਪਕੜਿ ਘਸੀਟਿਆ, ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ ॥32॥ (ਭਾਈ ਗੁਰਦਾਸ ਜੀ, ਵਾਰ 1 ਪਉੜੀ 32) ਜਿਸ ਦਾ ਸਾਨੂੰ ਪਤਾ ਲੱਗਣ ’ਤੇ ਅਸੀਂ ਤੁਰੰਤ ਉਸ ਦਾ ਜਵਾਬ ਦਿੱਤਾ, ਜਿਹੜਾ ਕਿ 4 ਭਾਗਾਂ ਵਿੱਚ ਯੂਟਿਊਬ ਦੇ ਲਿੰਕ http://www.youtube.com/watch?v=jCHO5rZMeqg&feature=related  ’ਤੇ ਵੇਖਿਆ ਜਾ ਸਕਦਾ ਹੈ।

ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਰਾਜਨੀਤਕ ਆਗੂ ਸਾਡੇ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਸਮਾਰੋਹ ਵਿੱਚ ਹੀ ਸਾਡੇ ਇਤਿਹਾਸ ਨੂੰ ਗਲਤ ਦੱਸ ਗਿਆ ਪਰ ਉਥੇ ਬੈਠੇ ਧਾਰਮਿਕ ਤੇ ਰਾਜਨੀਤਕ ਸਾਡੇ ਆਗੂ ਚੁੱਪ ਰਹੇ ਤੇ ਅੱਜ ਤੱਕ ਉਸ ਦਾ ਕੋਈ ਸਪਸ਼ਟੀਕਰਣ ਨਹੀਂ ਦਿੱਤਾ।

ਭਾਈ ਪ੍ਰਭਦੀਪ ਸਿੰਘ ਨੇ ਕਿਹਾ ਮੁਸਲਮਾਨ ਵੀਰਾਂ ਦੇ ਇਸ ਪ੍ਰਚਾਰ ਦਾ ਅਸਲ ਕਾਰਣ ਇਹ ਹੈ ਕਿ ਸਾਡੇ ਪ੍ਰਚਾਰਕ ਹੀ ਭਾਈ ਗੁਰਦਾਸ ਜੀ ਦੀ ਇਸ ਪਾਉੜੀ ਦੇ ਸਹੀ ਅਰਥ ਨਹੀਂ ਕਰ ਸਕੇ ਤੇ ਝੂਠ ਦੇ ਅਧਾਰ ’ਤੇ ਅਜਿਹੀਆਂ ਸਾਖੀਆਂ ਸੁਣਾ ਕੇ ਜੈਕਾਰੇ ਛੱਡੇ ਜਾ ਰਹੇ ਹਨ ਜਿਹੜੇ ਕਿ ਕਾਦਰ ਦੇ ਨਿਯਮਾਂ ’ਤੇ ਪੂਰੀਆਂ ਨਾ ਉਤਰਣ ਕਾਰਣ ਗਲਤ ਸਾਬਤ ਹੋ ਜਾਂਦੀਆਂ ਹਨ ਤੇ ਸਾਨੂੰ ਨਮੋਸ਼ੀ ਝਲਣੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਜਗਤ ਦੀ ਬੋਲੀ ਵਿੱਚ ਵਰਤੇ ਗਏ ਸ਼ਬਦਾਂ ਦੇ ਅਰਥ ਹੋਰ ਹਨ ਤੇ ਗੁਰਬਾਣੀ ਵਿੱਚ ਵਰਤੇ ਗਏ ਉਨ੍ਹਾਂ ਹੀ ਸ਼ਬਦਾਂ ਦੇ ਅਰਥ ਹੋਰ ਹਨ। ਗੁਰਬਾਣੀ ਵਿੱਚ ਮੱਕਾ, ਮਸੀਤ ਮੰਦਰ, ਹਰਿਮੰਦਰ, ਦੇਹੁਰਾ, ‘ਮਨ’ ‘ਮਨੁਖਾ ਦੇਹੀ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ ਨਾ ਕਿ ਇਸ ਸੰਸਾਰ ਵਿੱਚ ਧਾਰਮਕ ਲੋਕਾਂ ਵੱਲੋਂ ਇੱਟਾਂ ਪੱਥਰਾਂ ਦੇ ਬਣਾਏ ਗਈਆਂ ਇਮਾਰਤਾਂ ਦੇ ਅਰਥਾਂ ਵਿੱਚ। ਜਿਵੇਂ ਕਿ:

ਮਨੁ ਕਰਿ ਮਕਾ, ਕਿਬਲਾ ਕਰਿ ਦੇਹੀ ॥ ਬੋਲਨਹਾਰੁ ਪਰਮ ਗੁਰੁ ਏਹੀ ॥1॥ ਕਹੁ ਰੇ ਮੁਲਾਂ, ਬਾਂਗ ਨਿਵਾਜ ॥ ਏਕ ਮਸੀਤਿ, ਦਸੈ ਦਰਵਾਜ ॥1॥ ਰਹਾਉ॥’ (ਭੈਰਉ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1158) ਮੁਸਲਮਾਨਾਂ ਨਾਲ ਗੱਲ ਕਰਦਿਆਂ ਇਸ ਸ਼ਬਦ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਇਸ ਸਰੀਰ ਨੂੰ ਹੀ ਕਾਬੇ ਦੀ ਚਾਰ ਦੀਵਾਰੀ (ਕਿਬਲਾ) ਬਣਾ ਤੇ ਮਨ ਨੂੰ ਮੱਕਾ ਸਮਝ। ਇਸ ਆਪਣੇ ਮਨ ਵਿੱਚ ਹੀ ਬਾਂਗ ਦੇਹ ਅਤੇ ਨਿਵਾਜ ਪੜ੍ਹ।

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥1॥’ (ਬਿਲਾਵਲੁ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 795) ਹਿੰਦੂ ਪਜਾਰੀਆਂ ਨਾਲ ਗੱਲ ਕਰਦਿਆਂ ਇਸ ਸ਼ਬਦ ਵਿੱਚ ਉਪਦੇਸ਼ ਦਿੰਦੇ ਹਨ ਹੈ ਕਿ ਇਹ ਮਨ ਹੀ ਮੇਰਾ ਮੰਦਰ ਹੈ ਤੇ ਸਰੀਰ ਫਕੀਰਾਂ ਵਾਲਾ ਕਲੰਦਰੀ ਵੇਸ ਹੈ, ਮੈਂ ਤਾਂ ਅਕਾਲ ਪੁਰਖ਼ ਜਿਹੜਾ ਮੇਰੇ ਅਮਦਰ ਹੀ ਵਸਦਾ ਹੈ, ਦੇ ਸ਼ਬਦ ਦਾ ਧਿਆਨ ਧਰਦਾ ਹੋਇਆ ਆਪਣੇ ਹਿਰਦੇ ਵਿੱਚ ਹੀ ਤੀਰਥ ਇਸ਼ਨਾਨ ਕਰਦਾ ਹਾਂ।

ਭਾਈ ਪ੍ਰਭਦੀਪ ਸਿੰਘ ਨੇ ਕਿਹਾ ਕਿ ਮੱਕੇ ਦੇ ਸਹੀ ਅਰਥ ਨਾ ਸਮਝਣ ਕਰਕੇ ਸਾਡੇ ਸਾਖੀਕਾਰਾਂ ਨੇ ਮੱਕੇ ਦਾ ਘੁੰਮ ਜਾਣ ਹੀ ਪ੍ਰਸਿੱਧ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੱਕਾ ਇੱਕ ਸ਼ਹਿਰ ਹੈ, ਉਸ ਮੱਕੇ ਵਿੱਚ ਮੁਸਲਮਾਨਾਂ ਦਾ ਧਰਮ ਮੰਦਰ ਕਾਬਾ ਹੈ, ਅਤੇ ਉਸ ਕਾਬੇ ਵਿੱਚ ਮਹਿਰਾਬ ਹੈ, ਜਿਸ ਵੱਲ ਗੁਰੂ ਨਾਨਕ ਜੀ ਪੈਰ ਕਰਕੇ ਸੁੱਤੇ ਸਨ ਅਤੇ ਜਿੱਥੇ ਮੁਸਲਮਾਨਾਂ ਦੇ ਮੱਤ ਅਨੁਸਾਰ ਖ਼ੁਦਾ ਦਾ ਘਰ ਹੈ। ਇਸ ਲਈ ਜੇ ਘੁੰਮਣਾ ਸੀ, ਤਾਂ ਉਸ ਮਹਿਰਾਬ ਨੇ ਘੁੰਮਣਾ ਸੀ, ਨਾ ਕਿ ਮੱਕੇ ਸ਼ਹਿਰ ਨੇ। ਭਾਈ ਗੁਰਦਾਸ ਜੀ ਦੀ ਪਉੜੀ ਦੀ ਵਿਆਖਿਆ ਕਰਦਿਆਂ ਭਾਈ ਪ੍ਰਭਦੀਪ ਸਿੰਘ ਨੇ ਕਿਹਾ ਇਹ ਬਿਲਕੁਲ ਠੀਕ ਹੈ, ਕਿ ਕਾਬੇ ਵਿੱਚ ਕੋਈ ਵੀ ਗੈਰ ਮੁਸਲਮਾਨ ਨਹੀਂ ਜਾ ਸਕਦਾ, ਪਰ ਬਾਬੇ ਨਾਨਕ ਲਈ ਉਥੇ ਜਾਣਾ ਇਸ ਲਈ ਜਰੂਰੀ ਸੀ, ਕਿਉਂਕਿ ਉਥੋਂ ਧਾੜਵੀ ਰਾਜੇ ਭਾਰਤ ’ਤੇ ਹਮਲਾਵਰ ਬਣ ਕੇ ਆਉਂਦੇ ਸਨ ਤੇ ਨਿਹੱਥੇ ਲੋਕਾਂ ’ਤੇ ਜੁਲਮ ਕਰਦੇ ਤੇ ਇੱਥੋਂ ਲੁੱਟ ਮਾਰ ਕਰਕੇ ਵਾਪਸ ਚਲੇ ਜਾਂਦੇ। ਉਸ ਲੁੱਟ ਮਾਰ ’ਚੋਂ ਕੁਝ ਹਿੱਸਾ ਇੱਥੋਂ ਦੇ ਪੁਜਾਰੀਆਂ ਨੂੰ ਭੇਟਾ ਦੇ ਰੂਪ ਵਿੱਚ ਦੇ ਦਿੰਦੇ ਸਨ ਤੇ ਉਹ ਉਨ੍ਹਾਂ ਨੂੰ ਵੱਡੇ ਧਰਮੀ ਹੋਣ ਦਾ ਅਸ਼ੀਰਵਾਦ ਦਿੰਦੇ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਵਾਰ 1 ਪਉੜੀ 30 ਵਿੱਚ ਕਰਦੇ ਹਨ:

ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ, ਨਚਨਿ ਗੁਰੂ ਬਹੁਤੁ ਬਿਧਿ ਭਾਈ। ਸੇਵਕ ਬੈਠਨਿ ਘਰਾ ਵਿਚਿ, ਗੁਰ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ, ਵਢੀ ਲੈ ਕੈ ਹਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤੁ, ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਸ: ਪ੍ਰਭਦੀਪ ਸਿੰਘ ਨੇ ਕਿਹਾ ਕਿ ਹਾਲ ਅੱਜ ਇੱਥੇ ਵੀ ਘੱਟ ਨਹੀਂ ਜੇ ਰਾਜਨੀਤਕ ਭ੍ਰਿਸ਼ਟਾਚਾਰ ਕਰ ਰਹੇ ਹਨ ਤਾਂ ਇਥੇ ਵੀ ਧਾਰਮਕ ਪਦਵੀਆਂ ਤੇ ਬੈਠੇ ਬੇਸ਼ੱਕ ਉਹ ਸਾਡੇ ਤਖ਼ਤਾਂ ਦੇ ਜਥੇਦਾਰ ਹੋਣ ਜਾਂ ਪੁਰੀਆਂ ਦੇ ਪੁਜਾਰੀ ਜਾਂ ਕਿਸੇ ਵੱਡੇ ਡੇਰਿਆਂ ਦੇ ਡੇਰੇਦਾਰ; ਉਹ ਉਨ੍ਹਾਂ ਰਾਜਨੀਤਕਾਂ ਨੂੰ ਅਸ਼ੀਰਵਾਦ ਦਿੰਦੇ ਹਨ ਤੇ ਉਨ੍ਹਾਂ ਦੀ ਈਨ ਨਾ ਮੰਨਣ ਵਾਲਿਆਂ ਨੂੰ ਅਧਰਮੀ ਐਲਾਣਦੇ ਹਨ। ਉਨ੍ਹਾਂ ਕਿਹਾ ਧਰਮ ਦੇ ਨਾ ’ਤੇ ਅਧਰਮ ਕਰ ਰਹੇ ਇਨ੍ਹਾਂ ਪੁਜਾਰੀ ਮੁੱਲਾਂ ਮੌਲਵੀਆਂ ਨੂੰ ਸਮਝਾਉਣ ਲਈ ਬਾਬਾ ਗੁਰੂ ਨਾਨਕ ਜੀ ਹਾਜੀਆਂ ਦਾ ਭੇਸ ਧਾਰਨ ਕਰਕੇ ਗਏ। ਕਿਉਂਕਿ ਉਹ ਕਿਸੇ ਭੇਖ ਨਾਲ ਨਹੀਂ ਬਲਕਿ ਆਪਣੇ ਮਕਸਦ ਨਾਲ ਜੁੜੇ ਸਨ। ਇਸ ਦਾ ਜ਼ਿਕਰ ਹੀ ਇਸ 32ਵੀਂ ਪਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ:

ਬਾਬਾ ਫਿਰਿ ਮਕੇ ਗਇਆ, ਨੀਲ ਬਸਤ੍ਰ ਧਾਰੇ ਬਨਵਾਰੀ।’ ਨੀਲੇ ਕਪੜੇ ਪਹਿਨਕੇ (ਮਾਨੋ) ‘ਬਨਵਾਰੀ’ ਰੂਪ ਧਾਰਕੇ ਬਾਬਾ ਫੇਰ ਮੱਕੇ ਨੂੰ ਗਿਆ।

ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸਲਾ ਧਾਰੀ।’ ਆਸਾ (ਮੋਟਾ ਸੋਟਾ ਜਿਹੜਾ ਕਿ ਬਾਅਦ ਵਿੱਚ ਕ੍ਰਿਪਾਨ ਬਣਿਆ।) ਹੱਥ ਵਿੱਚ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ (ਦੇਣ ਵਾਲਾ ਮੁਸੱਲਾ=) ਆਸਾਣ ਵੀ ਹੈ ਸੀ।

ਬੈਠਾ ਜਾਇ ਮਸੀਤ ਵਿਚਿ, ਜਿਥੈ ਹਾਜੀ ਹਜਿ ਗੁਜਾਰੀ।’ ਜਿੱਥੇ ਹਾਜੀਆਂ (=ਮੱਕੇ ਦੇ ਜਾਤ੍ਰੀਆਂ) ਨੇ ਹੱਜ ਕੀਤਾ ਉਥੇ ਬਾਬਾ ਨਾਨਕ ਮਸੀਤ ਵਿਚ ਜਾਕੇ ਬੈਠ ਗਿਆ।

ਜਾ ਬਾਬਾ ਸੁਤਾ ਰਾਤਿ ਨੋ, ਵਲਿ ਮਹਰਾਬੇ ਪਾਇ ਪਸਾਰੀ।’ ਜਦ ਰਾਤ ਪਈ ਤਾਂ ਬਾਬਾ ਮਹਰਾਬ ਵਲ ਲੱਤਾਂ ਪਸਾਰਕੇ ਸੌਂ ਗਿਆ।

ਜੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ।’ ਇਥੇ ਸਾਖੀਕਾਰਾਂ ਨੇ ਗਲਤ ਅਰਥ ਕਰ ਦਿੱਤੇ ਕਿ ਜੀਵਣ ਨਾਮ ਦੇ ਮੁੱਲਾਂ ਨੇ ਵੱਟਕੇ ਲੱਤ ਮਾਰੀ। ਸ: ਪ੍ਰਭਦੀਪ ਸਿੰਘ ਨੇ ਕਿਹਾ ਅਸਲ ਵਿੱਚ ਇਹ ਵੇਖ ਕੇ ਕਾਜੀ ਮੁੱਲਾਂ ਇਕੱਠੇ ਹੋਏ ਤੇ ਕਹਿਣ ਲਗੇ ਧਾਰਮਕ ਜੀਵਣ ਵਲੋਂ ਮਰਿਆ ਇਹ ਕਿਹੜਾ ਨਾਸ਼ੁਕਰਾ ਕਾਫਰ ਇਥੇ ਸੁੱਤਾ ਹੈ?

ਲਤਾ ਵਲਿ ਖੁਦਾਇਦੇ, ਕਿਉ ਕਰਿ ਪਇਆ ਹੋਇ ਬਜਿਗਾਰੀ।’ ਲਤਾਂ ਖ਼ੁਦਾਂ ਦੀ ਵੱਲ ਕੀਤੀਆਂ ਹਨ, ਕਿਉਂ ਪਾਪੀ ਹੋਕੇ ਲੰਮਾ ਪੈ ਰਿਹਾ ਹੈ।’

ਟੰਗੋਂ ਪਕੜਿ ਘਸੀਟਿਆ, ’ (ਇਹ ਸ਼ਬਦ ਮੁਹਵਰੇ ਦੇ ਤੌਰ ’ਤੇ ਵਰਤੇ ਗਏ ਹਨ ਜਿਵੇਂ ਕਿਸੇ ਦਾ ਵਿਰੋਧ ਕਰਨ ’ਤੇ ਕਿਹਾ ਜਾਂਦਾ ਹੈ ਕਿ ਉਹ ਉਸ ਦੀਆਂ ਲੱਤਾਂ ਖਿੱਚ ਰਿਹਾ ਹੈ ਉਸੇ ਤਰ੍ਹਾਂ ਉਨ੍ਹਾਂ ਸਾਰਿਆਂ ਨੇ ਗੁਰੂ ਨਾਨਕ ਜੀ ਦਾ ਵਿਰੋਧ ਕੀਤਾ) ਪਰ ਜਦੋਂ ਗੁਰੂ ਜੀ ਨੇ ਉਨ੍ਹਾਂ ਨੂੰ ਅਕੱਟ ਦਲੀਲਾਂ ਨਾਲ ਸਮਝਾਇਆ ਕਿ ਖ਼ੁਦਾ ਤਾਂ ਹਰ ਜ਼ਰੇ ਜ਼ਰੇ ਵਿੱਚ ਹੈ, ਹਰ ਦਿਸ਼ਾ ਵਿੱਚ ਹੈ; ਤੁਸੀਂ ਮੈਨੂੰ ਉਹ ਥਾਂ ਦੱਸੋ ਜਿਸ ਪਾਸੇ ਖ਼ੁਦਾ ਨਹੀਂ ਹੈ। ਗੁਰੂ ਜੀ ਦੀਆਂ ਇਹ ਦਲੀਲਾਂ ਸੁਣ ਕੇ ਉਨ੍ਹਾਂ ਕਾਜੀਆਂ ਦਾ (ਮਨ) ਮੱਕਾ ਫਿਰ ਗਿਆ ਤੇ ਇਹ ਹੀ ਜ਼ਾਹਰਾ ਤੌਰ ’ਤੇ ਸ਼ਕਤੀ ਵਿਖਾ ਦਿੱਤੀ: ‘ਫਿਰਿਆ ਮਕਾ ਕਲਾ ਦਿਖਾਰੀ।’ (ਜਿਸ ਤਰ੍ਹਾਂ ਕੋਈ ਗਲਤ ਹਰਕਤਾਂ ਕਰੇ ਤਾਂ ਆਪਾਂ ਕਹਿ ਦਿੰਦੇ ਹਨ ਕਿ ਇਸ ਦਾ ਸਿਰ ਫਿਰਿਆ ਹੈ। ਇਸ ਦਾ ਕਦਾਚਿਤ ਭਾਵ ਨਹੀਂ ਕਿ ਉਸ ਦਾ ਸਿਰ ਘੰਮ ਕੇ ਦੂਸਰੇ ਪਾਸੇ ਹੋ ਗਿਆ) ਇਸੇ ਤਰ੍ਹਾਂ ਮੁੱਲਾਂ ਕਾਜ਼ੀਆਂ ਤੇ ਉਥੇ ਇਕੱਤਰ ਹੋਏ ਲੋਕਾਂ ਨੂੰ ਜਦ ਸਮਝ ਆ ਗਈ ਕਿ ਖ਼ੁਦਾ ਦਾ ਘਰ ਤਾ ਹਰ ਪਾਸੇ ਅਤੇ ਹਰ ਥਾਂ ਹੈ ਤਾਂ ਮਾਨੋ ਉਨ੍ਹਾਂ ਦਾ (ਮਨ) ਮੱਕਾ ਫਿਰ ਗਿਆ।

ਹੋਇ ਹੈਰਾਨੁ ਕਰੇਨਿ ਜੁਹਾਰੀ ॥32॥’ ਜਦ ਉਨ੍ਹਾਂ ਨੂੰ ਸਮਝ ਆ ਗਈ ਤਾਂ ਉਹ ਅਚਰਜ ਹੋ ਕੇ (ਫਿਰ) ਲੱਗੇ ਨਿਮਸਕਾਰਾਂ ਕਰਨ। ਜਦ ਉਨ੍ਹਾਂ ਨੂੰ ਇਹ ਸਮਝ ਆ ਗਈ ਤਾਂ ਫਿਰ ਉਹ ਸਾਰੇ ਗੁਰੂ ਜੀ ਦੁਆਲੇ ਇਕੱਠੇ ਹੋਏ 'ਤੇ ਪੁੱਛਨ ਲੱਗੇ:

ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ। ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ।

ਭਾਈ ਗੁਰਦਾਸ ਜੀ (ਵਾਰ 1 ਪਉੜੀ 33)

ਗੁਰੂ ਜੀ ਨੇ ਉਨ੍ਹਾਂ ਨੂੰ ਧਰਮੀ ਮੁਸਲਮਾਨ ਦੇ ਅਰਥ ਸਮਝਾਉਂਦਿਆਂ ਕਿਹਾ:

ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥13॥

(ਮਾਰੂ ਸੋਲਹੇ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 1084) ਪਰ ਤੁਸੀਂ ਤਾਂ ਉਨ੍ਹਾਂ ਧਾੜਵੀਆਂ ਨੂੰ ਜਿਹੜੇ ਆਪਣੀ ਰਿਆਇਆ ’ਤੇ ਜੁਲਮ ਕਰ ਰਹੇ ਹਨ; ਲੁੱਟ ਮਾਰ ਕਰ ਰਹੇ ਹਨ; ਧਰਮ ਵਿਰੋਧੀ ਕਾਰਵਾਈਆਂ ਕਰ ਰਹੇ ਹਨ; ਉਨ੍ਹਾਂ ਨੂੰ ਧਰਮੀ ਮੁਸਲਮਾਨ ਹੋਣ ਦੇ ਪ੍ਰਮਾਣ ਪੱਤਰ ਵਜੋਂ ਅਸ਼ੀਰਵਾਦ ਦੇ ਰਹੇ ਹੋ ਤਾਂ ਤੁਹਾਨੂੰ ਵੀ ਦਰਗਹ ਵਿੱਚ ਢੋਈ ਨਹੀਂ ਮਿਲਣੀ। ਭਾਈ ਪ੍ਰਭਦੀਪ ਸਿੰਘ ਨੇ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਆਂ ਦਾ ਕਿਰਦਾਰ ਵੀ ਉਨ੍ਹਾਂ ਪੁਜਾਰੀਆਂ ਤੇ ਕਾਜੀਆਂ ਵਾਲਾ ਹੀ ਹੋਇਆ ਪਿਆ ਹੈ ਤੇ ਉਹ ਵੀ ਆਪਣੀਆਂ ਪਦਵੀਆਂ ਕਾਇਮ ਰੱਖਣ ਲਈ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇ ਅਵਾਰਡ ਦੇ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top