Share on Facebook

Main News Page

ਅੰਤ੍ਰਰਾਸ਼ਟਰੀ ਪੱਧਰ ’ਤੇ ਹੋ ਰਹੀ ਲਾਈਵ ਟਾਕ ਸ਼ੋ ਦੌਰਾਨ ਮੱਕੜ ਵਲੋਂ ਬੋਲੀ ਗਈ ਭੱਦੀ ਤੇ ਗੈਰ ਜਿੰਮੇਵਾਰਾਨਾ ਸ਼ਬਦਾਵਲੀ ਨੇ ਕੀਤਾ ਉਸ ਦੇ ਅੰਦਰ ਦੀ ਸਥਿਤੀ ਦਾ ਪ੍ਰਗਟਾਵਾ

* ਸਿੱਖੀ ਇਸ ਕਾਰਣ ਸੰਕਟ ਵਿੱਚ ਫਸੀ ਹੋਈ ਹੈ ਕਿਉਂਕਿ ਅਕਾਲ ਤਖ਼ਤ ਇੱਕ ਸਿਆਸੀ ਤਾਕਤ ਅਧੀਨ ਹੋ ਗਿਆ ਹੈ: ਡਾ: ਢਿੱਲੋਂ
* ਸਿਆਸੀ ਸ਼ੋਸ਼ਣ ਕਰਣ ਵਾਲੇ ਮਨੁਖਾਂ ਦੀ ਖਾਹਸ ਹੁੰਦੀ ਹੈ ਕਿ ਲੋਕ ਧਰਮ ਦੇ ਗੁਲਾਮ ਬਣੇ ਰਹਿਣ ਤੇ ਧਰਮ ਦੇ ਨਾਂ ’ਤੇ ਉਹ ਉਸ ਅਧੀਨ ਰਹਿਣਾ ਪ੍ਰਵਾਨ ਕਰ ਲੈਣ
* ਪ੍ਰੋ: ਦਰਸ਼ਨ ਸਿੰਘ ਅਤੇ ਪ੍ਰੋ: ਧੂੰਦਾ ਗੁਰੂ ਦੀ ਅਸਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਜਿਹੜਾ ਕਿ ਸਾਧ-ਸਿਆਸੀ ਗਠਜੋੜ ਨੂੰ ਨਹੀ ਭਾਉਂਦਾ ਇਸੇ ਲਈ ਉਨ੍ਹਾਂ ਨੂੰ ਛੇਕਿਆ ਗਿਆ ਹੈ
* ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਤੇ ਇਹ ਜਥੇਦਾਰ ਜਿਹੜੇ ਖ਼ੁਦ ਕਿਸੇ ਬੰਦੇ ਦੇ ਅਧੀਨ ਹਨ, ਉਨ੍ਹਾਂ ਦਾ ਹੁਕਮ ਪੰਥ ਲਈ ਮੰਨਣਾ ਕੋਈ ਜਰੂਰੀ ਨਹੀਂ: ਗੁਰਤੇਜ ਸਿੰਘ
* ਪਿਹੋਵੇ ਵਾਲੇ ਨੇ ਲਿਫਾਫਾ ਮੱਕੜ ਦੀ ਜੇਬ ਵਿੱਚ ਪਾ ਦਿੱਤਾ ਇਸ ਲਈ ਉਸ ਵਿਰੁੱਧ ਕਾਰਵਾਈ ਨਹੀ ਕੀਤੀ ਗਈ: ਸਰਬਜੀਤ ਸਿੰਘ ਸੈਕਰਾਮੈਂਟੋ
* ਇੱਧਰ ਆਉਣ ’ਤੇ ਮੱਕੜ ਨੂੰ ਵੀ ਉਸੇ ਤਰ੍ਹਾਂ ਧੂਇਆ ਜਾਣਾ ਚਾਹੀਦਾ ਹੈ ਜਿਵੇਂ ਇਹ ਗੁਰਮਤਿ ਦੇ ਪ੍ਰਚਾਰਕ ਪ੍ਰੋ: ਧੂੰਦਾ ਨੂੰ ਧੂਣ ਲਈ ਕਹਿ ਰਹੇ ਹਨ: ਦਲਜੀਤ ਸਿੰਘ ਇੰਡੀਆਨਾ
* ਜਥੇਦਾਰ ਜੀ ਖੁਦ ਮੰਨਦੇ ਹਨ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦਸਮ ਗਰੰਥ ਦੇ ਪਾਠ ਕੀਤੇ ਹਨ ਜਿਸ ਵਿੱਚ ਤ੍ਰਿਅ ਚਰਿਤ੍ਰ ਵੀ ਸ਼ਾਮਲ ਹੈ ਤਾਂ ਪ੍ਰੋ: ਧੂੰਦਾ ਦੇ ਕਥਨ ਦੀ ਤਾਂ ਉਸ ਨੇ ਆਪੇ ਹੀ ਪ੍ਰੋੜਤਾ ਕਰ ਦਿਤੀ ਹੈ, ਕਿਉਂਕਿ ਉਨ੍ਹਾਂ ਚਰਿਤ੍ਰਾਂ ਵਿੱਚ ਜੋ ਕੁਝ ਲਿਖਿਆ ਹੈ ਉਹ ਮੁਜਰੇ ਨਾਲੋਂ ਘੱਟ ਨਹੀਂ ਹਨ: ਪਾਲ ਸਿੰਘ ਗਰੇਵਾਲ
* ਕਨੇਡਾ ਦੀਆਂ ਸੰਗਤਾਂ ਵਾਂਗ ਹੀ ਜਾਗਰੂਕ ਹੋਣ ਤੋਂ ਬਿਨਾਂ, ਹੋਰ ਕੋਈ ਚਾਰਾ ਨਹੀਂ ਹੈ: ਕਿਰਪਾਲ ਸਿੰਘ

ਬਠਿੰਡਾ, 9 ਜਨਵਰੀ (ਕਿਰਪਾਲ ਸਿੰਘ): ਡੇਰਾਵਾਦੀਆਂ ਨੂੰ ਖੁਸ਼ ਕਰਨ ਲਈ, ਗੁਰਮਤਿ ਦੇ ਮਹਾਨ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਪ੍ਰਚਾਰ ’ਤੇ ਅਕਾਲ ਤਖ਼ਤ ਵਲੋਂ ਲਾਈ ਗਈ ਪਬੰਦੀ ਉਪ੍ਰੰਤ ਪੰਥ ’ਚ ਉਪਜੀ ਦੁਬਿਧਾ ਤੇ ਵਿਵਾਦ ਸਬੰਧੀ, ਸ਼ੇਰ-ਏ-ਪੰਜਾਬ ਰੇਡੀਓ ਕਨੇਡਾ ਤੋਂ ਬੀਤੇ ਐਤਵਾਰ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿੱਚ ਲਾਈਵ ਟਾਕ ਸ਼ੋ ਕੀਤੀ ਗਈ। ਇਸ ਟਾਕ ਸ਼ੋ ਵਿਚ ਡਾ: ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸਿੱਖ ਚਿੰਤਕ ਸ: ਗੁਰਤੇਜ ਸਿੰਘ ਸਾਬਕਾ ਆਈਏਐੱਸ ਨੂੰ ਮਹਿਮਾਨ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ। ਟਾਕ ਸ਼ੋ ਸ਼ੁਰੂ ਕਰਦਿਆਂ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਆਦੇਸ਼ ਤਾਂ ਇਹ ਜਾਰੀ ਹੋਇਆ ਸੀ ਕਿ ਅਖੌਤੀ ਪ੍ਰਚਾਰਕ ਪ੍ਰੋ: ਧੂੰਦਾ ਨੂੰ ਸਿੱਖ ਸੰਗਤਾਂ ਮੂੰਹ ਨਾ ਲਾਉਣ ਪਰ ਉਨ੍ਹਾਂ ਵਲੋਂ ਬਹੁਤ ਹੀ ਸਰਲ ਢੰਗ ਨਾਲ ਗੁਰਬਾਣੀ ਦੀ ਕੀਤੀ ਜਾ ਰਹੀ ਵਿਆਖਿਆ ਦਾ ਅਸਰ ਇਹ ਹੋ ਰਿਹਾ ਹੈ ਕਿ ਕਨੇਡਾ ਦੀਆਂ ਸਿੱਖ ਸੰਗਤਾਂ ਉਨ੍ਹਾਂ ਦੇ ਪ੍ਰਚਾਰ ਤੋਂ ਬੇਹੱਦ ਪ੍ਰਭਾਵਤ ਹੁੰਦੀਆਂ ਹੋਈਆਂ ਉਨ੍ਹਾਂ ਨੂੰ ਥਾਂ ਥਾਂ ਗੋਲਡ ਮੈਡਲਾਂ ਰਾਹੀਂ ਸਨਮਾਨਤ ਕਰ ਰਹੀਆਂ ਹਨ। ਕਦੀ ਐਸਾ ਇਸ ਕਾਰਣ ਤਾਂ ਨਹੀਂ ਹੋ ਰਿਹਾ ਕਿ ਅਕਾਲ ਤਖ਼ਤ ਤੋਂ ਹੁਕਮਨਾਮੇ/ਅਦੇਸ਼ ਕਰਦੇ ਸਮੇਂ ਕਿਧਰੇ ਗਲਤੀ ਹੋ ਰਹੀ ਹੈ, ਇਹ ਜਾਨਣ ਲਈ ਹੋਸਟ ਸ: ਕੁਲਦੀਪ ਸਿੰਘ ਨੇ ਤਿੰਨ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਫ਼ੋਨ ਨਾ ਚੁੱਕਿਆ ਤਾਂ ਆਪਣੇ ਇੱਕ ਸਜਿਯੋਗੀ ਤੋਂ ਸ: ਮੱਕੜ ਨੂੰ ਫ਼ੋਨ ਕਰਵਾਇਆ ਤਾਂ ਸ: ਮੱਕੜ ਨੇ ਇਸ ਸ਼ਰਤ ’ਤੇ ਆਪਣੇ ਵੀਚਾਰ ਦੱਸਣਾ ਪ੍ਰਵਾਨ ਕੀਤਾ ਕਿ ਕਿਸੇ ਵਲੋਂ ਕੀਤੇ ਗਏ ਕਿਸੇ ਵੀ ਸਵਾਲ ਦਾ ਉਹ ਜਵਾਬ ਨਹੀਂ ਦੇਣਗੇ।

ਪ੍ਰਧਾਨ ਮੱਕੜ ਨੇ ਆਪਣੇ ਵੀਚਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਉਹ ਵਿਵਾਦਤ ਸੀਡੀ ਸੁਣੀ ਨਹੀਂ ਪਰ ਸਿੰਘ ਸਾਹਿਬਾਨ ਨੇ ਸੁਣੀ ਹੈ ਜਿਨ੍ਹਾਂ ਅਨੁਸਾਰ ਪ੍ਰੋ: ਧੂੰਦੇ ਦਾ ਗੁਨਾਹ ਮੁਆਫ਼ੀਯੋਗ ਨਹੀਂ ਹੈ। ਆਪਣਾ ਨਜ਼ਲਾ ਝਾੜਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਸ ਨੂੰ ਕਥਾ ਕਰਦਿਆਂ ਸੁਣਿਆ ਹੋਵੇਗਾ। ਉਹ ਕਿਸ ਤਰ੍ਹਾਂ ਉਥੇ ਕੂੜ ਪ੍ਰਚਾਰ ਕਰਦਾ ਹੋਇਆ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਅਲੋਚਨਾ ਕਰਦਾ ਰਹਿੰਦਾ ਹੈ। ਸਾਡੇ ਪ੍ਰਚਾਰਕ ਵੀ ਦਰਬਾਰ ਸਾਹਿਬ ਤੋਂ ਐਨਾ ਵਧੀਆ ਲਾਈਵ ਪ੍ਰਚਾਰ ਕਰਦੇ ਹਨ। ਉਥੋਂ ਤੁਸੀਂ ਸੁਣਿਆ ਹੈ ਕਿਸੇ ਦੀ ਨਿੰਦਾ ਕਰਦਿਆਂ ਨੂੰ! ਪਰ ਇਹ ਦੋ ਮਿਸ਼ਨਰੀ ਪ੍ਰਚਾਰਕ ਹਨ, ਜਿਨ੍ਹਾਂ ਨੂੰ ਸਾਡੀ ਨਿੰਦਾ ਅਤੇ ਕੂੜ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਹੈ। ਇਹ ਦਿੱਲੀ ਕਮੇਟੀ ਵਾਲਿਆਂ ਦਾ ਹੀ ਪ੍ਰਚਾਰਕ ਹੈ ਤੇ ਉਨ੍ਹਾਂ ਨੇ ਹੀ ਉਸ ਨੂੰ ਐਧਰ ਭੇਜਿਆ ਹੈ ਜਿਥੇ ਕਿ ਉਹ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਥਾਂ ਕੂੜ ਬੋਲ ਕੇ ਡਾਲਰ ਇਕੱਠੇ ਕਰ ਰਿਹਾ ਹੈ। ਕਾਲਰ ਵਲੋਂ ਇਹ ਕਹੇ ਜਾਣ ’ਤੇ ਕਿ ਜਿਸ ਤਰ੍ਹਾਂ ਪ੍ਰੋ:  ਧੂੰਦਾ ਬਹੁਤ ਹੀ ਸਰਲ ਢੰਗ ਨਾਲ ਨਿਰੋਲ ਗੁਰਬਾਣੀ ਦੀ ਵਿਆਖਿਆ ਕਰ ਰਿਹਾ ਹੈ, ਇਸ ਤੋਂ ਕਨੇਡਾ ਦੀਆਂ ਸਿੱਖ ਸੰਗਤਾਂ ਏਨੀਆਂ ਪ੍ਰਭਾਵਤ ਹੋ ਰਹੀਆਂ ਹਨ ਕਿ ਉਸ ਨੂੰ ਬੇਹੱਦ ਸਤਿਕਾਰ ਮਿਲ ਰਿਹਾ ਹੈ ਤੇ ਥਾਂ ਥਾਂ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।

ਸ: ਮੱਕੜ ਨੇ ਆਪਣੀ ਅੰਦਰ ਦੀ ਖਿਝ ਪ੍ਰਗਟ ਕਰਦੇ ਹੋਏ ਕਿਹਾ, ਤੁਹਾਨੂੰ ਤਾਂ ਉਸ ਨੂੰ ਫੜ ਕੇ ਧੂਅ ਲੈਣਾ ਚਾਹੀਦਾ ਸੀ ਕਿ ਉਸ ਨੇ ਗੁਰੂ ਗ੍ਰੰਥ ਸਹਿਬ ਸਬੰਧੀ ਇਹ ਸ਼ਬਦਾਵਲੀ ਵਰਤੀ ਹੀ ਕਿਉਂ ਹੈ! ਪਰ ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਤੁਸੀਂ ਉਸ ਨੂੰ ਸਨਮਾਨਤ ਕਰ ਰਹੇ ਹੋ! ਕਾਲਰ ਨੇ ਕਿਹਾ ਕਿ ਜਿਸ ਤਰ੍ਹਾਂ ਸੌਦਾ ਸਾਧ ਦੇ ਡੇਰੇ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਸਮੇਂ ਸੌਦਾ ਸਾਧ ਦੀ ਗੁਰੂ ਨਾਨਕ ਸਾਹਿਬ ਜੀ ਨਾਲ ਤੁਲਨਾ ਕਰਨ ਵਾਲੇ ਇੱਕ ਰਾਗੀ ਨੂੰ ਬਿਨਾਂ ਅਕਾਲ ਤਖ਼ਤ ’ਤੇ ਸੱਦਿਆਂ ਹੀ ਉਸ ਨੂੰ ਕਿਸੇ ਹੋਰ ਵਲੋਂ ਹੀ ਬੇਨਤੀ ਕਰਨ ’ਤੇ ਹੀ ਮੁਆਫ਼ ਕਰ ਦਿੱਤਾ ਗਿਆ ਹੈ, ਕੀ ਉਸੇ ਤਰ੍ਹਾਂ ਪ੍ਰੋ: ਧੂੰਦਾ, ਜਿਸ ਦਾ ਕੋਈ ਕਸੂਰ ਹੀ ਨਹੀਂ ਹੈ ਤੇ ਇੰਨੀਆਂ ਸਿੱਖ ਸੰਗਤਾਂ ਉਸ ਦੇ ਪ੍ਰਚਾਰ ਤੋਂ ਪਬੰਦੀ ਹਟਾਉਣ ਦੀ ਮੰਗ ਕਰ ਰਹੀਆਂ ਹਨ, ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ? ਇਸ ਤੋਂ ਇਨਕਾਰ ਕਰਦਿਆਂ ਸ: ਮੱਕੜ ਨੇ ਕਿਹਾ ਕਿ ਕਿਸੇ ਨੂੰ ਸੰਗਤਾਂ ਦੇ ਦਬਾਅ ਕਾਰਣ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਹ ਪੁੱਛੇ ਜਾਣ ’ਤੇ ਕਿ ਜੇ ਉਹ ਕਨੇਡਾ ਤੋਂ ਲਿਖਤੀ ਸਪਸ਼ਟੀਕਰਣ ਭੇਜ ਦੇਵੇ ਤਾਂ ਕੀ ਉਸ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਸ ਨੂੰ ਤਲਬ ਨਹੀਂ ਕੀਤਾ ਗਿਆ ਕੇਵਲ ਸਪਸ਼ਟੀਕਰਣ ਮੰਗਿਆ ਗਿਆ ਹੈ। ਇਹ ਉਹ ਜਾਣੇ ਕਿ ਉਸ ਨੇ ਸਪਸ਼ਟੀਕਰਣ ਕਿਵੇਂ ਦੇਣਾ ਹੈ ਤੇ ਸਿੰਘ ਸਾਹਿਬ ਜਾਨਣ ਕਿ ਉਨਾਂ ਨੇ ਸਪਸ਼ਟੀ ਕਰਣ ਕਿਵੇਂ ਲੈਣਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧੂੰਦੇ ਦੀ ਔਕਾਤ ਹੀ ਹੈ, ਅਕਾਲ ਤਖ਼ਤ ਸਾਹਮਣੇ ਤਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿਰ ਝੁਕਾਇਆ, ਹੋਰ ਸਿਆਸੀ ਆਗੂ ਵੀ ਸਿਰ ਝੁਕਾ ਹਟੇ ਹਨ। ਪਰ ਧੂੰਦਾ ਤਾਂ ਟੀਵੀ ’ਤੇ ਸਪਸ਼ਟੀਕਰਣ ਦੇ ਰਿਹਾ ਹੈ। ਇਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਨੇ ਵੀ ਕੀਤਾ ਸੀ। ਫਿਰ ਕੀ ਉਹ ਬਚ ਗਿਆ। ਉਸੇ ਤਰ੍ਹਾਂ ਅਕਾਲ ਤਖ਼ਤ ਦੀ ਅਜਮਤ ਨਾਲ ਮੱਥਾ ਲਾ ਕੇ ਇਹ (ਪ੍ਰੋ: ਧੂੰਦਾ) ਵੀ ਨਹੀਂ ਬਚ ਸਕਦਾ। ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣਾ ਹੀ ਪਏਗਾ।

ਇਸ ਤੋਂ ਉਪ੍ਰੰਤ ਡਾ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਸ ਸਮੇਂ ਸਿੱਖੀ ਇਸ ਕਾਰਣ ਸੰਕਟ ਵਿੱਚ ਫਸੀ ਹੋਈ ਹੈ ਕਿਉਂਕਿ ਅਕਾਲ ਤਖ਼ਤ ਇੱਕ ਸਿਆਸੀ ਤਾਕਤ ਅਧੀਨ ਹੋ ਗਿਆ ਹੈ ਤੇ ਸਿਆਸੀ ਤਾਕਤ ਇੱਕ ਹੀ ਬੰਦੇ ਦੇ ਪ੍ਰਵਾਰ ਦੀ ਮੁੱਠੀ ਵਿੱਚ ਆਉਣ ਕਰਕੇ ਉਹ ਅਕਾਲ ਤਖ਼ਤ ਤੋਂ ਇਹੋ ਜਿਹੇ ਫੈਸਲੇ ਕਰਵਾਉਂਦਾ ਹੈ ਜੋ ਉਸ ਨੂੰ ਸਿਆਸੀ ਤੌਰ ’ਤੇ ਫਿੱਟ ਬੈਠਦੇ ਹਨ। ਉਨ੍ਹਾਂ ਕਿਹਾ ਅੰਗਰੇਜਾਂ ਸਮੇਂ ਵੀ ਅਕਾਲ ਤਖ਼ਤ ਅੰਗਰੇਜਾਂ ਦੇ ਅਧੀਨ ਸੀ ਤੇ ਉਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਨੂੰ ਸਿੱਖੀ ਵਿੱਚੋਂ ਛੇਕ ਦਿੱਤਾ ਸੀ ਅਤੇ ਵੱਡੇ ਪੱਧਰ ’ਤੇ ਸਿੱਖ ਵਿਰੋਧੀ ਕਾਰਵਾਈਆਂ ਦਰਬਾਰ ਸਾਹਿਬ ਤੇ ਹੋਰ ਗੁਰੁਦਆਰਿਆਂ ਵਿੱਚ ਹੋ ਰਹੀਆਂ ਸਨ। ਡਾ: ਢਿੱਲੋਂ ਨੇ ਕਿਹਾ ਬਿਲਕੁਲ ਉਹੋ ਜਿਹੀਆਂ ਕਾਰਵਾਈਆਂ ਹੁਣ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸ: ਮੱਕੜ ਨੂੰ ਵੀ ਸਵਾਲ ਕੀਤਾ ਕਿ ਜੇ ਉਸ ਦੇ ਦਾਅਵੇ ਅਨੁਸਾਰ ਦਰਬਾਰ ਸਾਹਿਬ ਤੋਂ ਬਹੁਤ ਵਧੀਆ ਪ੍ਰਚਾਰ ਹੋ ਰਿਹਾ ਹੈ ਤਾਂ ਪੰਜਾਬ ਵਿੱਚ ਸਿੱਖੀ ਦਾ ਐਨਾ ਨਿਘਾਰ ਕਿਉਂ ਆਇਆ ਹੈ? 90% ਸਿੱਖ ਨੌਜਵਾਨ ਸਿੱਖੀ ਤੋਂ ਮੁਨਕਰ ਹੋ ਗਏ ਹਨ। ਡਾ: ਢਿੱਲੋਂ ਨੇ ਕਿਹਾ ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੋ ਧਾਂਦਲੀਆਂ ਹੋਈਆਂ ਉਸ ਤਰ੍ਹਾਂ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਗੈਰ ਸਿੱਖਾਂ ਅਤੇ ਪਤਿਤ ਸਿੱਖ ਵੋਟਾਂ ਵੱਡੇ ਪੱਧਰ ਤੇ ਪਾਈਆਂ ਗਈਆਂ ਜਿਸ ਨੂੰ ਮੀਡੀਏ ਨੇ ਫੋਟੋ ਅਤੇ ਵੀਡੀਓ ਦੇ ਸਬੂਤਾਂ ਸਹਿਤ ਵਿਖਾਇਆ। ਉਸ ਚੋਣ ਦਾ ਹੀ ਨਤੀਜਾ ਹੈ ਕਿ ਮੱਕੜ ਸਾਹਿਬ ਪ੍ਰਧਾਨ ਬਣ ਕੇ ਆਏ। ਤਾਂ ਇਨ੍ਹਾਂ ਤੋਂ ਸੁਧਾਰ ਦੀ ਕੀ ਆਸ ਰੱਖੀ ਜਾ ਸਕਦੀ ਹੈ। ਉਨ੍ਹਾਂ ਪ੍ਰੋ: ਦਰਸ਼ਨ ਸਿੰਘ ਦੇ ਪ੍ਰਚਾਰ ਅਤੇ ਸ: ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਦਿਆਂ ਕਿਹਾ ਕਿ ਆਰਐੱਸਐੱਸ ਨਹੀਂ ਚਾਹੁੰਦੀ ਕਿ ਸਿੱਖਾਂ ਦਾ ਆਪਣਾ ਆਜ਼ਾਦਾਨਾ ਕੈਲੰਡਰ ਹੋਵੇ। ਉਹ ਇਹ ਵੀ ਚਾਹੁੰਦੀ ਹੈ ਕਿ ਦਸਮ ਗ੍ਰੰਥ ਨੂੰ ਸਿੱਖ, ਗੁਰੂ ਗ੍ਰੰਥ ਸਾਹਿਬ ਵਾਂਗ ਮਾਣਤਾ ਦੇਣ। ਇਸ ਲਈ ਆਰਐੱਸਐੱਸ ਨੂੰ ਖੁਸ਼ ਕਰਨ ਲਈ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਤੇ ਨਾਨਕਸ਼ਾਹੀ ਕੈਲੰਡਰ ਖਤਮ ਕੀਤਾ ਗਿਆ। ਇਹੋ ਕੁਝ ਪ੍ਰੋ: ਧੂੰਦੇ ਨਾਲ ਵਾਪਰ ਰਿਹਾ ਹੈ।

ਹੋਸਟ ਵਲੋਂ ਇਹ ਪੁੱਛੇ ਜਾਣ ’ਤੇ ਕਿ ਜੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਇਸ ਤਰ੍ਹਾਂ ਬਗਾਵਤ ਹੋਣ ਲੱਗ ਪਈ ਤਾਂ ਕੱਲ੍ਹ ਨੂੰ ਲੋੜ ਪੈਣ ’ਤੇ ਸਿੱਖ ਸੇਧ ਕਿਥੋਂ ਲੈਣਗੇ? ਜਵਾਬ ਵਿੱਚ ਡਾ: ਢਿੱਲੋਂ ਨੇ ਕਿਹਾ ਕਿ ਅਕਾਲ ਤਖ਼ਤ ਦਾ ਜਥੇਦਾਰ ਅਤੇ ਅਕਾਲ ਤਖ਼ਤ ਦੀ ਸੰਸਥਾ ਦੋ ਵਖਰੀਆਂ ਚੀਜਾਂ ਹਨ। ਜੇ ਸਮੁਚੇ ਪੰਥ ਦੀ ਭਾਵਨਾਂ ਅਤੇ ਗੁਰਮਤਿ ਵਿਧੀ ਅਨੁਸਾਰ ਇੱਥੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੈ ਤਾਂ ਉਹ ਜਰੂਰ ਮੰਨਣਾ ਚਾਹੀਦਾ ਹੈ ਪਰ ਹੁਣ ਤਾਂ ਇੱਕ ਸਿਆਸੀ ਬੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦਾ ਹੈ ਤੇ ਉਹ ਪ੍ਰਧਾਨ ਨਿਯੁਕਤ ਕਰਦਾ ਹੈ ਅਕਾਲ ਤਖ਼ਤ ਦੇ ਜਥੇਦਾਰ ਨੂੰ। ਸਿਆਸੀ ਬੰਦੇ ਵਲੋਂ ਨਿਯੁਕਤ ਕੀਤਾ ਗਿਆ ਜਥੇਦਾਰ ਤਾਂ ਉਸ ਬੰਦੇ ਦੇ ਸਿਆਸੀ ਮਨੋਰਥ ਨੂੰ ਵੇਖ ਕੇ ਹੀ ਹੁਕਮਨਾਮੇ ਜਾਰੀ ਕਰੇਗਾ, ਤਾਂ ਉਸ ਵਿੱਚ ਪੰਥਕ ਭਾਵਨਾ ਤੇ ਗੁਰਮਤਿ ਨਾਮ ਦੀ ਕੋਈ ਚੀਜ ਕਿਵੇਂ ਰਹਿ ਸਕਦੀ ਹੈ? ਇਸ ਤਰ੍ਹਾਂ ਦੇ ਹੁਕਮਨਾਮੇ ਕੌਣ ਮੰਨੇਗਾ?

ਸ: ਗੁਰਤੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋ: ਧੂੰਦਾ ਦਾ ਪ੍ਰਚਾਰ ਕਈ ਵਾਰ ਸੁਣਿਆ ਹੈ ਉਹ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਅਨੁਸਾਰ ਬਹੁਤ ਹੀ ਵਧੀਆ ਪਰਚਾਰ ਉਸੇ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਦਾ ਪ੍ਰੋ: ਦਰਸਨ ਸਿੰਘ ਕਰ ਰਿਹਾ ਹੈ। ਉਨ੍ਹਾਂ ਦਾ ਸਤਿਕਾਰ ਇਸੇ ਤਰ੍ਹਾਂ ਕਰਨਾ ਬਣਦਾ ਹੈ ਜਿਸ ਤਰ੍ਹਾਂ ਕਨੇਡਾ ਦੀਆਂ ਸੰਗਤਾਂ ਕਰ ਰਹੀਆਂ ਹਨ। ਸ: ਗੁਰਤੇਜ ਸਿੰਘ ਨੇ ਕਿਹਾ ਕਿ ਜਿਸ ਸਮੇਂ ਦਾ ਸੰਸਾਰ ਬਣਿਆ ਹੈ ਹਮੇਸ਼ਾਂ ਇੱਕ ਮਨੁੱਖ ਦੂਸਰੇ ਮਨੁਖ ਦਾ ਆਰਥਕ, ਤੇ ਸਿਆਸੀ ਸ਼ੋਸਣ ਕਰਦਾ ਆਇਆ ਹੈ। ਸਿਆਸੀ ਸ਼ੋਸ਼ਣ ਕਰਣ ਵਾਲੇ ਮਨੁਖਾਂ ਦੀ ਖਾਹਸ ਹੁੰਦੀ ਹੈ ਕਿ ਲੋਕ ਧਰਮ ਦੇ ਗੁਲਾਮ ਬਣੇ ਰਹਿਣ ਤੇ ਧਰਮ ਦੇ ਨਾਂ ਤੇ ਉਹ ਉਸ ਨਾਲ ਜੁੜੇ ਰਹਿਣ। ਉਨ੍ਹਾਂ ਯੋਰਪ ਦੀ ਉਦਾਹਰਣ ਦਿੰਦਿਆ ਕਿਹਾ ਕਿ ਇੱਕ ਬੰਦਾ ਰਾਜਾ ਬਣ ਜਾਂਦਾ ਸੀ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਧਾਰਮਕ ਪਦਵੀਆਂ ’ਤੇ ਨਿਯੁਕਤ ਕਰ ਦਿੰਦਾ ਸੀ ਤੇ ਉਨ੍ਹਾਂ ਰਾਹੀਂ ਉਹ ਬਾਕੀ ਜੰਤਾ ਨੂੰ ਆਪਣੇ ਅਧੀਨ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਸੀ। ਇਸੇ ਤਰਾਂ ਸਾਰੇ ਸੰਸਾਰ ਦੇ ਬਾਕੀ ਰਾਜੇ ਧਰਮ ਨੂੰ ਆਪਣੇ ਲਈ ਵਰਤਦੇ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਪਹਿਲੇ ਗੁਰੂ ਹੋਏ ਹਨ ਜਿਨ੍ਹਾਂ ਨੇ ਇਸ ਸਿਸਟਮ ਦਾ ਵਿਰੋਧ ਕੀਤਾ ਤੇ ਮਨੁਖ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਿਆ। ਗੁਰੂ ਨਾਨਕ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਕੋਈ ਬੰਦਾ ਦੂਜੇ ਮਨੁਖ ਦੇ ਅਧੀਨ ਨਹੀ ਹੋਣਾ ਚਾਹੀਦਾ ਅਤੇ ਇਸ ਤਰ੍ਹਾਂ ਉਨ੍ਹਾਂ ਅਸਲੀ ਲੋਕ ਤੰਤਰ ਨੂੰ ਲਾਗੂ ਕੀਤਾ। ਪਰ ਇਹ ਸਿਸਟਮ ਸਿਆਸੀ ਲੋਕਾਂ ਨੂੰ ਫਿੱਟ ਨਹੀਂ ਬੈਠਦਾ। ਉਹ ਨਹੀਂ ਚਾਹੁੰਦੇ ਕਿ ਕੋਈ ਮਨੁਖ ਉਨ੍ਹਾਂ ਨੂੰ ਇਹ ਪੁੱਛੇ ਕਿ ਤੂੰ ਇੰਨੇ ਪੈਸੇ ਕਿਉਂ ਖਾਧੇ? ਦਲਜੀਤ ਸਿੰਘ ਨੂੰ ਜੇਲ੍ਹ ਵਿੱਚ ਬੰਦ ਕਿਉਂ ਕੀਤਾ ਹੈ? ਸੰਤ ਜਰਨੈਲ ਸਿੰਘ ਨੂੰ ਕਿਉਂ ਮਾਰਿਆ ਹੈ?

ਸ: ਗੁਰਤੇਜ ਸਿੰਘ ਨੇ ਕਿਹਾ ਕਿ ਖਾਸ ਕਰਕੇ 1947 ਤੋਂ ਬਾਅਦ ਸਿਆਸੀ ਲੋਕ ਇਹ ਸੋਚਣ ਲੱਗ ਪਏ ਹਨ ਕਿ ਸਿੱਖਾਂ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ ਇਸ ਲਈ ਇਨ੍ਹਾਂ ਨੂੰ ਸਿਧਾਂਤਕ ਤੌਰ ’ਤੇ ਕਮਜੋਰ ਕਰਨ ਲਈ ਗੁਰੂ ਨਾਨਕ ਵਲੋਂ ਬਖ਼ਸ਼ੇ ਸ਼ਬਦ ਗੁਰੂ ਦੇ ਸਿਧਾਂਤ ਨਾਲੋਂ ਤੋੜ ਕੇ ਬੰਦਿਆਂ ਨਾਲ ਜੋੜਿਆ ਜਾਵੇ। ਸਿੱਖਾਂ ਵਿੱਚ ਇਕ ਸਾਧ ਮੱਤ ਵੀ ਚੱਲ ਰਿਹਾ ਹੈ ਜੋ ਸਿੱਖ ਧਰਮ ਦੇ ਅਸਲੀ ਸਿਧਾਂਤ ਨੂੰ ਪ੍ਰਚਾਰਣਾਂ ਨਹੀਂ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਵਿਹਲੜਾਂ ਦਾ ਧਰਮ ’ਤੇ ਗਲਬਾ ਨਹੀਂ ਰਹਿ ਸਕਦਾ। ਹੁਣ ਦੁਖਾਂਤ ਇਹ ਹੈ ਕਿ ਇਹ ਸਾਧਮੱਤ ਵਾਲਿਆਂ ਦਾ ਸਿਆਸੀ ਬੰਦਿਆਂ ਨਾਲ ਗਠਜੋੜ ਹੋ ਗਿਆ ਹੈ, ਜਿਹੜਾ ਕਿ ਮਨੁਖਤਾ ਲਈ ਬਹੁਤ ਖਤਰਨਾਕ ਹੈ। ਪ੍ਰੋ: ਦਰਸ਼ਨ ਸਿੰਘ ਅਤੇ ਪ੍ਰੋ: ਧੂੰਦਾ ਗੁਰੂ ਦੀ ਅਸਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਜਿਹੜਾ ਕਿ ਸਾਧ-ਸਿਆਸੀ ਗਠਜੋੜ ਨੂੰ ਨਹੀ ਭਾਉਂਦਾ, ਇਸੇ ਲਈ ਉਨ੍ਹਾਂ ਨੂੰ ਛੇਕਿਆ ਗਿਆ ਹੈ।

ਸ: ਗੁਰਤੇਜ ਸਿੰਘ ਨੇ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਤੋਂ ਬਗੈਰ ਕਿਸੇ ਮਨੁਖ ਦਾ ਹੁਕਮ ਨਹੀਂ ਮੰਨਣਾ ਚਾਹੀਦਾ। ਸਿੱਖ ਲਈ ਗੁਰੂ ਦੇ ਚਾਰ ਸਰੂਪ ਹਨ- ਪਹਿਲਾ ਅਕਾਲ ਪੁਰਖ਼, ਦੂਸਰਾ ਗੁਰੂ ਨਾਨਕ, ਤੀਸਰਾ ਗੁਰਬਾਣੀ ਅਤੇ ਚੌਥਾ ਗੁਰੂ ਪੰਥ। ਅਕਾਲ ਤਖ਼ਤ ਹੋਰ ਕੋਈ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦਾ ਹੀ ਦੂਸਰਾ ਰੂਪ ਹੈ। ਇਸ ਲਈ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਤੇ ਇਹ ਜਥੇਦਾਰ ਜਿਹੜੇ ਖ਼ੁਦ ਕਿਸੇ ਬੰਦੇ ਦੇ ਅਧੀਨ ਹਨ ਉਨ੍ਹਾਂ ਦਾ ਹੁਕਮ ਪੰਥ ਲਈ ਮੰਨਣਾ ਕੋਈ ਜਰੂਰੀ ਨਹੀਂ। ਸਿਰਫ ਉਹ ਹੁਕਮ ਹੀ ਮੰਨੇ ਜਾਣ ਜਿਹੜੇ ਗੁਰਬਾਣੀ ਅਤੇ ਗੁਰੂ ਪੰਥ ਦੀ ਭਾਵਨਾ ਅਨੁਸਾਰ ਹੋਣ।

ਸ: ਸਰਬਜੀਤ ਸਿੰਘ ਸੈਕਰਾਮੈਂਟੋ ਨੇ ਰੇਡੀਓ ਹੋਸਟ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੱਕੜ ਵਲੋਂ, ਇੱਕ ਬਹੁਤ ਹੀ ਵਧੀਆ ਪ੍ਰਚਾਰਕ ਪ੍ਰੋ: ਧੂੰਦਾ ਸਬੰਧੀ ਬੋਲੀ ਜਾ ਰਹੀ ਭੱਦੀ ਸ਼ਬਦਵਾਲੀ ਸੰਗਤਾਂ ਦੇ ਸਾਹਮਣੇ ਰੱਖ ਕੇ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਮੱਕੜ ਹੁਣੇ ਹੀ ਕਹਿ ਕੇ ਗਿਆ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਧੂੰਦਾ ਬਹੁਤ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਿਹਾ ਹੈ। ਸਰਬਜੀਤ ਸਿੰਘ ਨੇ ਪੁੱਛਿਆ ਕਿ ਜੇ ਇਹ ਸੱਚ ਹੈ ਤਾਂ ਇਹ ਇੰਨਾ ਚਿਰ ਇਹ ਸੁਤੇ ਕਿਉਂ ਪਏ ਰਹੇ? ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ? ਜਿਸ ਦੀ ਸਟੇਜ ’ਤੇ ਕੂੜ ਪ੍ਰਚਾਰ ਹੋ ਰਿਹਾ ਹੈ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ? ਇਹ 6 ਮਹੀਨੇ ਕਿਉਂ ਉਡੀਕਦੇ ਰਹੇ ਕਿ ਵੈਨਕੂਵਰ ਤੋਂ ਸ਼ਿਕਾਇਤ ਆਵੇਗੀ ਤਾਂ ਕਾਰਵਾਈ ਕਰਾਂਗੇ। ਪਿਹੋਵੇ ਵਾਲੇ ਸਾਧ, ਜਿਸ ਨੇ ਇੱਕ ਡਾਕਟਰ ਨੂੰ ਤੇਜਾਬ ਸੁੱਟ ਕੇ ਅੰਨ੍ਹਾਂ ਕਰ ਦਿੱਤਾ, ਉਸ ਵਿਰੁੱਧ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਿਉਂ ਨਹੀ ਕੀਤੀ? ਕੀ ਇਸੇ ਕਰਕੇ ਕਿ ਪਿਹੋਵੇ ਵਾਲੇ ਨੇ ਲਿਫਾਫਾ ਮੱਕੜ ਦੀ ਜੇਬ ਵਿੱਚ ਪਾ ਦਿੱਤਾ, ਜਿਸ ਦੀ ਵੀਡੀਓ ਅੱਜ ਵੀ ਇੰਟਰਨੈੱਟ ’ਤੇ ਪਈ ਹੈ।

ਦਲਜੀਤ ਸਿੰਘ ਇੰਡੀਆਨਾ ਨੇ ਪ੍ਰਧਾਨ ਮੱਕੜ ਦੀ ਭੱਦੀ ਸ਼ਬਦਾਵਲੀ ’ਤੇ ਸਖ਼ਤ ਇਤਰਾਜ ਕਰਦਿਆਂ ਕਿਹਾ ਕਿ ਕੀ ਜਦੋਂ ਇਹ ਇੱਧਰ ਆਉਣ ਤਾਂ ਇਨ੍ਹਾਂ ਨੂੰ ਵੀ ਉਸੇ ਤਰ੍ਹਾਂ ਧੂਇਆ ਜਾਣਾ ਚਾਹੀਦਾ ਹੈ ਜਿਵੇਂ ਇਹ ਗੁਰਮਤਿ ਦੇ ਪ੍ਰਚਾਰਕ ਪ੍ਰੋ: ਧੂੰਦਾ ਨੂੰ ਧੂਣ ਲਈ ਕਹਿ ਰਹੇ ਹਨ? ਪ੍ਰੋ: ਧੂੰਦਾ ਗੁਰਮਤਿ ਦਾ ਸਹੀ ਪ੍ਰਚਾਰ ਕਰ ਰਹੇ ਹਨ ਉਸ ’ਤੇ ਇਹ ਝੂਠਾ ਦੋਸ਼ ਲਾ ਰਹੇ ਹਨ ਕਿ ਡਾਲਰ ਇਕੱਠੇ ਕਰ ਰਿਹਾ ਹੈ, ਪਰ ਜਿਹੜਾ ਗਿਆਨੀ ਗੁਰਬਚਨ ਸਿੰਘ ਇਧਰ ਮੌਂਟਲ ਵਾਲੇ ਬਦਨਾਮ ਡੇਰੇਦਾਰ ਕੋਲ ਠਹਿਰਦਾ ਹੈ ਤੇ ਉਸ ਤੋਂ ਲਫਾਫੇ ਲੈ ਕੇ ਤੁਰ ਜਾਂਦਾ ਹੈ ਉਹ ਮੱਕੜ ਨੂੰ ਕਿਉਂ ਨਹੀ ਦਿਸਦੇ।

ਪਾਲ ਸਿੰਘ ਗਰੇਵਾਲ Edmonton ਜਿਸ ਨੇ ਪ੍ਰਧਾਨ ਮੱਕੜ ਅਤੇ ਜਥੇਦਾਰ ਅਕਾਲ ਤਖ਼ਤ ਦੇ ਪੀਏ ਨਾਲ ਗੱਲ ਕੀਤੀ ਸੀ, ਉਨ੍ਹਾਂ ਵਲੋਂ ਵਰਤੀ ਗਈ ਸ਼ਬਦਾਵਲੀ ਤੇ ਇਤਰਾਜ ਕੀਤਾ ਕਿ ਇਹ ਕਨੇਡਾ, ਜਰਮਨੀ ਅਮਰੀਕਾ ਦੇ ਸਿੱਖਾਂ ਨੂੰ ਤਾ ਅਗਿਆਨੀ ਤੇ ਲਾਈਲੱਗ ਸਮਝ ਰਹੇ ਹਨ ਪਰ ਉਨ੍ਹਾਂ ਪੰਜਾਂ ਜਥੇਦਾਰਾਂ ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਨਹੀਂ, ਨੂੰ ਰੱਬ ਦਾ ਰੂਪ ਦੱਸ ਕੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਸ: ਗਰੇਵਾਲ ਨੇ ਦੱਸਿਆ ਕਿ ਜਿਸ ਸਮੇਂ ਉਸ ਨੇ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਜਿਹੜਾ ਕਿ ਉਨ੍ਹਾਂ ਦਾ ਪੁੱਤਰ ਵੀ ਹੈ, ਨੂੰ ਪੁੱਛਿਆ ਕਿ ਕਾਹਨਾ ਢੇਸੀਆਂ ਅਤੇ ਇੱਕ ਹੋਰ ਥਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਭੰਗੜੇ ਪਾਏ ਗਏ, ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ਗਈ। ਤਾਂ ਉਹ ਅੰਮ੍ਰਿਤਸਰ ਅਤੇ ਮੁਕਤਸਰ ਤੋਂ ਬਿਨਾਂ ਬਾਕੀ ਕਿਸੇ ਹੋਰ ਗੁਰੂਘਰ ਨੂੰ ਦਰਬਾਰ ਹੀ ਮੰਨਣ ਲਈ ਤਿਆਰ ਨਹੀਂ ਸੀ। ਜਿਸ ਸਮੇਂ ਪੀਏ ਤੋਂ ਇਹ ਪੁੱਛਿਆ ਗਿਆ ਕਿ ਜਥੇਦਾਰ ਜੀ ਖੁਦ ਮੰਨਦੇ ਹਨ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦਸਮ ਗਰੰਥ ਦੇ ਪਾਠ ਕੀਤੇ ਹਨ, ਜਿਸ ਵਿੱਚ ਤ੍ਰਿਅ ਚਰਿਤ੍ਰ ਵੀ ਸ਼ਾਮਲ ਹੈ, ਤਾਂ ਪ੍ਰੋ: ਧੂੰਦਾ ਦੇ ਕਥਨ ਦੀ ਤਾਂ ਉਸ ਨੇ ਆਪੇ ਹੀ ਪ੍ਰੋੜਤਾ ਕਰ ਦਿਤੀ ਹੈ, ਕਿਉਂਕਿ ਉੁਨ੍ਹਾਂ ਚਰਿਤ੍ਰਾਂ ਵਿੱਚ ਜੋ ਕੁਝ ਲਿਖਿਆ ਹੈ, ਉਹ ਮੁਜਰੇ ਨਾਲੋਂ ਘੱਟ ਨਹੀਂ ਹਨ। ਇਹ ਸੁਣ ਕੇ ਪੀਏ ਨੇ ਫ਼ੋਨ ਕੱਟ ਦਿੱਤਾ ਕਿਉਂਕਿ ਉਸ ਕੋਲ ਇਸ ਦਾ ਜਵਾਬ ਕੋਈ ਨਹੀਂ ਸੀ। ਉਨ੍ਹਾਂ ਪੁੱਛਿਆ ਕਿ ਜੇ ਇੰਨ੍ਹਾਂ ਪੰਜ ਸਿੰਘ ਸਾਹਿਬਾਨ ਦੇ ਹੁਕਮ ਰੱਬ ਦਾ ਹੁਕਮ ਹੈ ਤਾਂ ਜਥੇਦਾਰ ਅਰੂੜ ਸਿੰਘ, ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਦਿ ਦੇ ਹੁਕਮਾਂ ਸਬੰਧੀ ਇਨ੍ਹਾਂ ਦਾ ਕੀ ਖ਼ਿਆਲ ਹੈ, ਜਿਨ੍ਹਾਂ ਦੇ ਬਹੁਤ ਸਾਰੇ ਹੁਕਮਨਾਮੇ ਇਨ੍ਹਾਂ ਨੇ ਅੱਜ ਤੱਕ ਨਹੀਂ ਮੰਨੇ।

ਇੱਕ ਕਾਲਰ ਨੇ ਕਿਹਾ ਕਿ ਜਿਸ ਵੀਡੀਓ ਨੂੰ ਇਤਰਾਜਯੋਗ ਦੱਸ ਕੇ ਪ੍ਰੋ: ਧੂੰਦਾ ਵਿਰੁੱਧ ਹੁਣ ਕਾਰਵਾਈ ਕੀਤੀ ਗਈ ਹੈ, ਇਹੀ ਵੀਡੀਓ ਯੂ-ਟਿਊਬ ਤੋਂ ਪਾਉਣ ਪਿੱਛੋਂ ਅਕਤੂਬਰ ਮਹੀਨੇ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਪ੍ਰੋ: ਧੂੰਦਾ ਨਾਲ ਸਟੇਜ ਸਾਂਝੀ ਕੀਤੀ ਸੀ। ਉਸ ਸਮੇਂ ਜਥੇਦਾਰ ਨੂੰ ਕਿਉਂ ਨਾ ਪਤਾ ਲੱਗਾ ਕਿ ਇਹ ਦਰਬਾਰ ਸਾਹਿਬ ਵਿਖੇ ਹੋ ਰਹੇ ਕੀਰਤਨ ਸਬੰਧੀ ਭੱਦੀ ਸ਼ਬਦਾਵਲੀ ਵਰਤਦਾ ਹੈ।

ਕੈਲੀਫ਼ੋਰਨੀਆਂ ਤੋਂ ਇੱਕ ਕਾਲਰ ਨੇ ਪੁੱਛਿਆ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਵੀ ਸੱਚ ਬੋਲਦਾ ਹੈ ਉਨ੍ਹਾਂ ਨੂੰ ਹੀ ਕਿਉਂ ਦਬਾਇਆ ਜਾਂਦਾ ਹੈ? ਹੋਸਟ ਸ: ਕੁਲਦੀਪ ਸਿੰਘ ਨੇ ਕਿਹਾ ਕਿ ਪੁਰਾਤਨ ਇਤਿਹਾਸ ਦੱਸਦਾ ਹੈ ਕਿ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਸੱਚ ਬੋਲਣ ਕਰਕੇ ਹੀ ਚਰਖੜੀਆਂ ’ਤੇ ਚੜ੍ਹੇ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਤਾਰੂ ਸਿੰਘ ਵਲੋਂ ਸ਼ਹੀਦੀਆਂ ਪਾਉਣ ਦਾ ਕਾਰਣ ਵੀ ਉਨ੍ਹਾਂ ਵਲੋਂ ਸੱਚ ਬੋਲਣਾ ਹੀ ਸੀ। ਕਾਸ਼! ਕਿ ਜਿਨ੍ਹਾਂ ਨੂੰ ਗੁਰਬਚਨ ਸਿੰਘ ਦਾ ਪੁਤਰ ਰੱਬ ਦਾ ਰੂਪ ਦੱਸ ਰਿਹਾ ਹੈ ਇਹ ਗੱਲ ਉਨ੍ਹਾਂ ਨੂੰ ਵੀ ਸਮਝ ਆ ਜਾਂਦੀ।

ਭਾਰਤ, ਬਠਿੰਡਾ ਤੋਂ ਕਿਰਪਾਲ ਸਿੰਘ ਨੇ ਕਿਹਾ ਕਿ ਪ੍ਰੋ: ਧੂੰਦਾ ਜੀ ਵਲੋਂ ਦਰਬਾਰ ਸਾਹਿਬ ਤੋਂ ਕੀਰਤਨ ਸਬੰਧੀ ਵਰਤੀ ਗਈ ਭੱਦੀ ਸ਼ਬਦਾਵਲੀ ਤਾਂ ਇਨ੍ਹਾਂ ਨੂੰ ਇੱਕ ਬਹਾਨਾ ਮਿਲਿਆ ਹੈ ਜਿਸ ਨੂੰ ਇਹ ਪਿਛਲੇ ਇੱਕ ਦੋ ਸਾਲਾਂ ਤੋਂ ਲੱਭ ਰਹੇ ਸਨ। ਅਸਲੀ ਕਾਰਣ ਤਾਂ ਇਹੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਿਹਾ ਸੱਚ ਦਾ ਪ੍ਰਚਾਰ ਇਨ੍ਹਾਂ ਨੂੰ ਚੁੱਭਦਾ ਹੈ ਜਿਸ ਨੂੰ ਬੰਦ ਕਰਵਾਉਣ ਲਈ ਹੀ ਇਸ ਸਾਰੀ ਸੀਡੀ ਵਿੱਚੋਂ 2 ਕੁ ਸੈਕੰਡ ਦੀ ਸ਼ਬਦਵਾਲੀ ਦਾ ਬਹਾਨਾ ਲੱਭ ਰਹੇ ਸਨ। ਉਨ੍ਹਾਂ ਕਿਹਾ ਹੁਣ ਤਾਂ ਭਾਈ ਗੁਰਦਾਸ ਜੀ ਦੀ ਇਹ ਪਾਉੜੀ ਇਨ੍ਹਾਂ ਤੇ ਪੂਰੀ ਢੁਕਦੀ ਹੈ:

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ। ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ। ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।’ (ਭਾਈ ਗੁਰਦਾਸ ਜੀ ਵਾਰ 35 ਪਉੜੀ 22) ਭਾਵ ਵਾੜ ਹੀ ਖੇਤ ਨੂੰ ਖਾਣ ਲੱਗੀ ਹੈ, ਮਾਂ ਹੀ ਪੁਤ ਨੂੰ ਵਿਸ ਦੇਣ ਲੱਗੀ ਹੈ, ਜਿਹੜੇ ਜਥੇਦਾਰ ਸਿੱਖੀ ਦੀ ਰਾਖੀ ਲਈ ਰੱਖੀ ਸੀ ਉਹੀ ਘਰ ਭੰਨਣ ਲੱਗ ਪਾਏ ਹਨ। ਹੁਣ ਤਾਂ ਇੱਕੋ ਹੱਲ ਹੈ ਕਿ ਜਿਸ ਤਰ੍ਹਾਂ ਕਨੇਡਾ ਦੀ ਸੰਗਤ ਜਾਗਰੂਕ ਹੋ ਗਈ ਹੈ ਇਸੇ ਤਰ੍ਹਾਂ ਬਾਕੀ ਦੇ ਸਿੱਖ ਵੀ ਜਾਗਰੂਕ ਹੋ ਜਾਣ। ਇਸ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰ ਨਹੀਂ ਆਉਂਦਾ।

ਜਸਵਿੰਦਰ ਸਿੰਘ ਡੁਬਈ ਨੇ ਕਿਹਾ ਕਿ ਇੱਕ ਪਾਸੇ ਤਾਂ ਮੱਕੜ ਕਹਿ ਰਿਹਾ ਹੈ ਕਿ ਉਸ ਨੇ ਉਹ ਸੀਡੀ ਹੁਣ ਤੱਕ ਸੁਣੀ ਹੀ ਨਹੀਂ ਤਾਂ ਉਸ ਨੂੰ ਇਹ ਕਿਵੇਂ ਪਤਾ ਲੱਗਾ ਕਿ ਪ੍ਰੋ: ਧੂੰਦਾ ਉਸ ਵਿੱਚ ਗਲਤ ਬੋਲਿਆ ਹੈ। ਦੂਸਰੀ ਗੱਲ ਹੈ ਕਿ ਜੇ ਅਕਾਲ ਤਖ਼ਤ ਤੇ ਬੈਠੇ ਜਥੇਦਾਰਾਂ ਦਾ ਹੁਕਮ ਹੀ ਰੱਬੀ ਹੁਕਮ ਹੈ ਤਾਂ ਮੱਸਾ ਰੰਘੜ ਵੀ ਉਥੇ ਬੈਠਾ ਹੁਕਮ ਕਰਦਾ ਹੋਵੇਗਾ, ਅੰਗਰੇਜਾਂ ਵੇਲੇ ਮਹੰਤ ਵੀ ਉਥੇ ਬੈਠੇ ਹੁਕਮਨਾਮੇ ਜਾਰੀ ਕਰਦੇ ਸਨ ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ। ਕਾਹਨਾਂ ਢੇਸੀਆਂ ਅਤੇ ਹੋਰ ਗੁਰਮਤ ਵਿਰੋਧੀ ਕਾਰਵਾਈਆਂ ਸਮੇ ਕੀ ਇਹ ਸੁੱਤੇ ਸਨ? ਹੋਸਟ ਕੁਲਦੀਪ ਸਿੰਘ ਨੇ ਕਿਹਾ ਇਹ ਸੁੱਤੇ ਨਹੀਂ ਜਾਗਦੇ ਹੀ ਹਨ, ਇਸੇ ਕਾਰਣ ਤਾਂ ਇਨ੍ਹਾਂ ਵਿਸ਼ੇਸ ਡਿਊਟੀਆਂ ਲਾਈਆਂ ਹਨ ਕਿ ਜੇ ਕੋਈ ਸੱਚ ਬੋਲਦਾ ਹੈ ਤਾਂ ਉਸ ਦਾ ਗਲਾ ਘੁੱਟਣ ਲਈ ਰੀਪੋਰਟ ਕੀਤੀ ਜਾਵੇ।

ਸ਼ਿਕਾਗੋ ਤੋਂ ਇੱਕ ਕਾਲਰ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਕਹਿੰਦੇ ਹਨ ਕਿ ਪ੍ਰੋ: ਧੂੰਦਾ ਨੂੰ ਤਲਬ ਨਹੀਂ ਕੀਤਾ, ਸਿਰਫ ਸਪਸ਼ਟੀਕਰਣ ਹੀ ਮੰਗਿਆ ਗਿਆ ਹੈ। ਪਰ ਦੂਜੇ ਪਾਸੇ ਉਸ ਨੂੰ ਅਖੌਤੀ ਪ੍ਰਚਾਰਕ ਲਿਖ ਰਹੇ ਹਨ। ਉਨ੍ਹਾਂ ਪੁਛਿਆ ਕਿ ਸਪਸ਼ਟੀਕਰਣ ਵਿੱਚ ਇਹੋ ਜਿਹੀ ਸ਼ਬਦਾਵਲੀ ਲਿਖਣ ਦੀ ਕੀ ਲੋੜ ਸੀ? ਹੋਸਟ ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰੋ ਧੂੰਦਾ ਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੂੰ ਗੋਲਡ ਮੈਡਲ ਬਹੁਤ ਮਿਲੇ ਹਨ ਉਨ੍ਹਾਂ ਦੇ ਇੱਕ ਦੋ ਖੰਡੇ ਬਣਾ ਲੈਣ। ਖੰਡਿਆਂ ਦੀ ਕੀਮਤ ਬਹੁਤ ਹੈ ਇਨ੍ਹਾਂ ਖੰਡਿਆਂ ਕਾਰਣ ਤਾਂ ਡਾ: ਖਹਿਰਾ ਨੂੰ ਸਾੜਨ ਵਾਲੇ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਹੋਰ ਕਾਲਰ ਬੀਬੀ ਨੇ ਕਿਹਾ ਵੀਰ ਜੀ ਹੁਣ ਟਾਈਮ ਆ ਗਿਆ ਹੈ ਕਿ ਸਰਬਤ ਖਾਲਸਾ ਸੱਦਕੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸਹੀ ਫੈਸਲੇ ਕਰਕੇ ਇਨ੍ਹਾਂ ਜਥੇਦਾਰਾਂ ਨੂੰ ਨਕਾਰ ਦੇਣਾ ਚਾਹੀਦਾ ਹੈ।

>> ਮੱਕੜ ਦੀ ਮਿੱਠੀ ਬੋਲੀ ਸੁਣਨ ਲਈ ਇੱਥੇ ਕਲਿਕ ਕਰੋ <<


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top