* ਨਹੀਂ ਦੱਸ
ਸਕਦੇ ‘ਤਲਬ ਕਰਨ’ ਅਤੇ ‘ਸਪਸ਼ਟੀਕਰਣ ਮੰਗਣ’ ਵਿੱਚ ਫਰਕ
ਬਠਿੰਡਾ,
10 ਜਨਵਰੀ (ਕਿਰਪਾਲ ਸਿੰਘ): ਸ਼ੇਰੇ ਪੰਜਾਬ ਰੇਡੀਓ ਕਨੇਡਾ ’ਤੇ ਪ੍ਰੋ: ਧੂੰਦਾ ਸਬੰਧੀ ਹੋਈ ਲਾਈਵ
ਟਾਕ ਸ਼ੋਅ ਦਾ ਹਵਾਲਾ ਦੇ ਕੇ ਪ੍ਰਧਾਨ ਮੱਕੜ ਨਾਲ ਸੰਪਰਕ ਕਰ ਕੇ ਪੁੱਛਿਆ ਗਿਆ ਕਿ ਤੁਸੀਂ ਉਥੇ ਮੰਨ
ਰਹੇ ਸੀ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਤਲਬ ਨਹੀਂ ਕੀਤਾ ਗਿਆ, ਬਲਕਿ ਸਪਸ਼ਟੀਕਰਣ ਮੰਗਿਆ
ਗਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਵੀ ਇਸੇ ਤਰ੍ਹਾਂ ਦਾ ਬਿਆਨ ਦੇ ਚੁੱਕੇ ਹਨ। ਤੁਸੀਂ ਤਲਬ ਕਰਨ ਅਤੇ
ਸਪਸ਼ਟੀਕਰਣ ਮੰਗਣ ਵਿੱਚ ਕੀ ਅੰਤਰ ਸਮਝਦੇ ਹੋ? ਮੱਕੜ ਸਾਹਿਬ ਨੇ ਕਿਹਾ ਕਿ ਸਪਸ਼ਟੀਕਰਣ ਤਾਂ ਕੋਈ
ਕਿਸੇ ਥਾਂ ਤੋੋਂ ਵੀ ਟੈਲੀਫ਼ੋਨ ਜਾਂ ਇੰਟਰਨੈੱਟ ਰਾਹੀਂ ਦੇ ਸਕਦਾ ਹੈ ਪਰ ਜਿਸ ਨੂੰ ਤਲਬ ਕੀਤਾ ਗਿਆ
ਹੋਵੇ ਉਸ ਨੂੰ ਅਕਾਲ ਤਖ਼ਤ ’ਤੇ ਆ ਕੇ ਹੀ ਸਪਸ਼ਟੀਕਰਣ ਦੇਣਾ ਪਏਗਾ।
ਜਦ ਉਨ੍ਹਾਂ ਨੂੰ ਇਹ ਚੇਤਾ ਕਰਵਾਇਆ ਗਿਆ ਕਿ ਸ਼ੇਰ-ਏ-ਪੰਜਾਬ ਰੇਡੀਓ ਕਨੇਡਾ
ਤੋਂ ਇਕ ਕਾਲਰ ਵਲੋਂ ਦਿੱਤੇ ਗਏ ਇਸ ਸੁਝਾਉ ਨੂੰ ਤਾਂ ਤੁਸੀਂ ਇਹ ਕਹਿ ਕੇ ਨਕਾਰ ਚੁੱਕੇ ਹੋ ਕਿ ਉਸ
ਨੂੰ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਅੱਗੇ ਹੀ ਪੇਸ਼ ਹੋਣਾ ਪਵੇਗਾ। ਗਿਆਨੀ ਗੁਰਬਚਨ ਸਿੰਘ ਵੀ
ਇਸ ਸਬੰਧੀ ਬਿਆਨ ਦੇ ਚੁੱਕੇ ਹਨ ਕਿ ਉਸ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਹੀ ਸਾਡੇ ਸਾਹਮਣੇ
ਪੇਸ਼ ਹੋਣਾ ਪਏਗਾ। ਜੇ ਦੋਵਾਂ ਕੇਸਾਂ ਵਿੱਚ ਪੇਸ਼ ਹੋਣਾ ਹੀ ਜਰੂਰੀ ਹੈ; ਦੋਵਾਂ ਕੇਸਾਂ ਵਿੱਚ ਉਸ
ਦੇ ਪ੍ਰਚਾਰ ’ਤੇ ਪਬੰਦੀ ਵੀ ਕਾਇਮ ਰਹਿਣੀ ਹੈ, ਤਾਂ ਤਲਬ ਅਤੇ ਸਪਸ਼ਟੀਕਰਣ ਮੰਗਣ ਵਿੱਚ ਅੰਤਰ ਕੀ
ਹੈ? ਇਹ ਅੰਤਰ ਸਮਝਾਉਣ ਦੀ ਥਾਂ ਪ੍ਰਧਾਨ ਮੱਕੜ ਜੀ ਵਾਰ ਵਾਰ ਇਹ ਹੀ ਕਹਿ ਰਹੇ ਸਨ ਕਿ ਉਸ ਨੇ
ਦਰਬਾਰ ਸਾਹਿਬ ਦੀ ਅਜ਼ਮਤ ਨੂੰ ਵੰਗਾਰਿਆ ਹੈ ਉਸ ਦਾ ਗੁਨਾਹ ਬਖ਼ਸ਼ਣਯੋਗ ਨਹੀਂ ਹੈ। ਪ੍ਰਧਾਨ ਜੀ ਨੂੰ
ਇਹ ਦੱਸਣ ਦਾ ਯਤਨ ਕੀਤਾ ਕਿ ਮੈ ਉਨ੍ਹਾਂ ਦੀ ਸਾਰੀ ਸੀਡੀ ਸੁਣੀ ਹੈ ਉਨ੍ਹਾਂ ਕਿਧਰੇ ਵੀ ਸੱਚਖੰਡ
ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦਾ ਨਾਮ ਨਹੀਂ ਲਿਆ, ਬਲਕਿ ‘ਗੁਰੂ ਦਰਬਾਰ’ ਸ਼ਬਦ ਵਰਤਿਆ ਹੈ ਜਿਸ
ਦਾ ਭਾਵ ਹੈ ਕਿ ਜਿਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਉਹ ਗੁਰੂ ਦਰਬਾਰ ਹੀ ਹੈ। ਫਿਰ
ਜਿਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਹਨ ਕੀ ਉਥੇ ਉਹ ਕੁਝ ਨਹੀਂ ਵਾਪਰ ਰਿਹਾ ਜਿਸ ਦਾ
ਧੂੰਦਾ ਜੀ ਨੇ ਜ਼ਿਕਰ ਕੀਤਾ ਹੈ।
ਇਹ ਸੁਣ ਕੇ ਪ੍ਰਧਾਨ ਜੀ ਕਹਿਣ ਲੱਗੇ ਕਿ ਤੁਹਾਡੇ ਵਿਦੇਸ਼ੀ ਸਿੱਖਾਂ ਦੇ ਕੰਨਾਂ
ਵਿੱਚ ਪਤਾ ਨਹੀਂ ਕੀ ਰੂੰ ਭਰੀ ਪਈ ਹੈ ਜਿਸ ਕਾਰਣ ਤੁਹਾਨੂੰ ਸੁਣਾਈ ਹੀ ਨਹੀਂ ਦਿੰਦਾ। ਮੇਰੀ ਗੱਡੀ
ਵਿੱਚ ਉਹ ਸੀਡੀ ਪਈ ਹੈ। ਆਓ ਤੁਹਾਨੂੰ ਉਹ ਸੀਡੀ ਸੁਣਾਈਏ! ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕਿ
ਅਕਾਲ ਤਖ਼ਤ ਨਾਲ ਟੱਕਰ ਲਾਉਣ ਵਾਲੇ ਦਾ ਕੀ ਹਸ਼ਰ ਹੁੰਦਾ ਹੈ! ਉਨ੍ਹਾਂ ਨੂੰ ਦੱਸਿਆ ਗਿਆ ਕਿ ਮੈਂ
ਵਿਦੇਸ਼ੀ ਸਿੱਖ ਨਹੀਂ ਤੁਹਾਡੇ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਹੀ ਰਹਿ ਰਿਹਾ ਹਾਂ। ਤੁਸੀ ਇਹ ਵੀ
ਮੰਨ ਚੁੱਕੇ ਹੋ ਕਿ ਤੁਸੀਂ ਉਹ ਸੀਡੀ ਹਾਲੇ ਤੱਕ ਨਹੀਂ ਸੁਣੀ। ਇਹ ਸੁਣ ਕੇ ਕਹਿਣ ਲੱਗੇ ਅੱਛਾ ਤੂੰ
ਕਿਰਪਾਲ ਸਿੰਘ ਪੱਤਰਕਾਰ ਬੋਲ ਰਿਹਾ ਹੈਂ। ਜੇ ਤੂੰ ਪੱਤਰਕਾਰ ਹੈਂ ਤਾਂ ਸਿਰਫ ਪੱਤਰਕਾਰੀ ਕਰ। ਸਾਨੂੰ
ਹੋਰ ਸਵਾਲ ਨਾ ਪੁੱਛ ਅਤੇ ਨਾ ਹੀ ਮੈਂ ਤੁਹਾਡੇ ਹੋਰ ਕਿਸੇ ਸਵਾਲ ਦਾ ਜਵਾਬ ਦੇਵਾਂਗਾ। ਇਹ ਕਹਿ ਕੇ
ਉਨ੍ਹਾਂ ਫ਼ੋਨ ਬੰਦ ਕਰ ਦਿੱਤਾ।
ਇਹ ਫਰਕ ਸਮਝਣ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ 9 ਅਤੇ
10 ਜਨਵਰੀ ਲਗਾਤਾਰ ਦੋ ਦਿਨ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਦਾ ਫ਼ੋਨ ਜਾਂ ਤਾਂ ਬਿਜੀ
ਆਉਂਦਾ ਰਿਹਾ, ਜਾਂ ਸੁਣਨ ਦੀ ਬਜਾਏ ਕੱਟ ਦਿਤਾ ਜਾਂਦਾ ਤੇ ਉਸ ਪਿੱਛੋਂ ਬੰਦ ਕਰ ਦਿੱਤਾ ਜਾਂਦਾ।
ਅੱਜ ਰਾਤੀ 8.42 ਵਜੇ ਇੱਕ ਹੋਰ ਜਥੇਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੁੱਤਰ ਨੇ
ਦੱਸਿਆ ਕਿ ਸ਼ੂਗਰ ਘਟਣ ਕਾਰਣ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਇਸ ਕਾਰਣ ਉਹ ਗੋਲੀ ਲੈ ਕੇ ਸੌ ਗਏ
ਹਨ। ਜਦੋਂ ਉਠੇ ਉਨ੍ਹਾਂ ਤੱਕ ਸੁਨੇਹਾ ਪਹੁੰਚਾ ਦਿਤਾ ਜਾਵੇਗਾ। ਦੋ ਹੋਰ ਜਥੇਦਾਰਾਂ ਨਾਲ ਸੰਪਰਕ
ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਦਾ ਫ਼ੋਨ ਵੀ ਬੰਦ ਪਾਇਆ ਗਿਆ।
ਪੰਜ ਸਿੰਘ ਸਾਹਿਬਾਨਾਂ ਦੇ ਹੁਕਮ ਨੂੰ ਰੱਬੀ ਹੁਕਮ ਦੱਸਣ ਵਾਲੇ ਕਿਸੇ ਵੀਰ
ਨੂੰ ਇਹ ਫਰਕ ਸਮਝਾ ਕੇ ਸਿਰਫ ਮੇਰੀ ਹੀ ਨਹੀਂ ਬਲਕਿ ਸਮੁਚੇ ਪੰਥ ਦੀ ਇਸ ਦੁਬਿਧਾ ਨੂੰ ਦੂਰ ਕਰਨਾ
ਚਾਹੀਦਾ ਹੈ।