Share on Facebook

Main News Page

ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਰਿਆਦਾ ਠੀਕ ਕਰਨ ਦੀ ਲੋੜ!: ਸਿੱਖ ਗਾਰਡੀਅਨ

ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਤੇ ਹਰ ਸਿੱਖ ਇਸਦੇ ਦਰਸ਼ਨ-ਇਸ਼ਨਾਨ ਦੀ ਅਰਦਾਸ ਰੋਜ਼ਾਨਾ ਨਿੱਤਨੇਮ ਤੋਂ ਬਾਅਦ ਕਰਦਾ ਹੈ। ਇਸ ਲਈ ਇਹ ਅਸਥਾਨ ਸ਼ੁਰੂ ਤੋਂ ਹੀ ਸਮੇਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਵਿਚ ਰੜਕਦਾ ਵੀ ਰਿਹਾ ਹੈ। ਹੁਣ ਤਕ ਤਿੰਨ ਵੱਡੇ ਫੌਜੀ ਹਮਲੇ (1757, 1762 ਤੇ 1984) ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹੋ ਚੁੱਕੇ ਹਨ, ਜਦਕਿ ਕਈ ਹੋਰ ਛੋਟੇ ਹਮਲੇ ਵੀ ਹੁੰਦੇ ਰਹੇ ਹਨ। ਇਸ ਤੋਂ ਇਲਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਰਿਆਦਾ ਵੀ ਲਗਾਤਾਰ ਸਰਕਾਰਾਂ ਦੇ ਨਿਸ਼ਾਨੇ ਤੇ ਰਹੀ ਹੈ ਤੇ ਉਹ ਇਸਨੂੰ ਪੰਥ ਨਾਲੋਂ ਤੋੜਨ ਵਿਚ ਲਗਾਤਾਰ ਸਾਜ਼ਿਸ਼ਾਂ ਰਚਦੇ ਰਹੇ ਹਨ!

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉਦਾਸੀਆਂ ਨੇ ਇਸਦੀ ਮਰਿਆਦਾ ਵਿਚ ਵੱਡੀ ਪੱਧਰ ਤੇ ਬ੍ਰਾਹਮਣਵਾਦੀ ਅੰਸ਼ ਸ਼ਾਮਲ ਕਰ ਦਿਤੇ ਸਨ, ਜੋ ਸਮੇਂ ਦੇ ਨਾਲ ਵਧਦੇ ਹੀ ਤੁਰੇ ਗਏ। ਸਿੰਘ ਸਭਾ ਲਹਿਰ ਮੌਕੇ ਦਰਬਾਰ ਸਾਹਿਬ ਦੀ ਮਰਿਆਦਾ ਕੁਝ ਠੀਕ ਕਰ ਦਿਤੀ ਗਈ ਪਰ ਅੰਗਰੇਜ਼ੀ ਦਬਾਅ ਹੇਠ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਰਾ ਤੇ ‘ਬੋਲੇ ਸੋ ਨਿਹਾਲ’ ਵਾਲਾ ਜੈਕਾਰਾ ਗਜਾਉਣ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਨਾ ਹੋ ਸਕਿਆ (ਜੋ ਹੁਣ ਵੀ ਉਸੇ ਤਰ੍ਹਾਂ ਹੀ ਹੈ) ਕਿਉਂਕਿ ਇਨ੍ਹਾਂ ਵਿਚੋਂ ਸਿੱਖਾਂ ਦੀ ਰਾਜਸੀ ਚੜ੍ਹਦੀ ਕਲਾ ਦੇ ਦਰਸ਼ਨ ਹੁੰਦੇ ਹਨ!

ਸਿੰਘ ਸਭਾ ਲਹਿਰ ਮਗਰੋਂ ਮਹੰਤਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮੁੜ ਅਸਥਾਪਨ ਕਰ ਦਿਤੀਆਂ ਸਨ, ਜੋ ਗੁਰਦੁਆਰਾ ਸੁਧਾਰ ਲਹਿਰ ਮੌਕੇ ਮੁੜ ਚੁੱਕੀਆਂ ਗਈਆਂ, ਜਿਨ੍ਹਾਂ ਨੂੰ ਮਗਰੋਂ ਕੁਝ ਫਿਰਕੂ ਹਿੰਦੂਆਂ ਨੇ ‘ਦੁਰਗਿਆਣਾ ਮੰਦਰ’ ਬਣਾਉਣ ਲਈ ਵਰਤ ਲਿਆ! ਉਦਾਸੀ ਮਹੰਤਾਂ ਨੇ ਅਖੌਤੀ ਦੁਖ ਭੰਜਨੀ ਬੇਰੀ ਥੱਲੇ ਨਹਾਉਣ ਨੂੰ ਪੁੰਨ ਕਰਮ ਐਲਾਨਿਆਂ ਹੋਇਆ ਸੀ, ਜੋ ਅਜੇ ਵੀ ਉਸੇ ਰੂਪ ਵਿਚ ਪ੍ਰਚੱਲਤ ਹੈ! ਇਸੇ ਤਰ੍ਹਾਂ ਪਰਿਕਰਮਾ ਵਿਚ ਲੱਗੀਆਂ ਇਕ-ਦੋ ਹੋਰ ਇਤਿਹਾਸਕ ਬੇਰੀਆਂ ਨੂੰ ਮੱਥੇ ਟੇਕਣ ਦਾ ਰਿਵਾਜ਼ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਪੰਥਕ ਮਰਿਆਦਾ ਨਾਲੋਂ ਦਰਬਾਰ ਸਾਹਿਬ ਦੀ ਮਰਿਆਦਾ ਦਾ ਫਰਕ ਇਹ ਹੈ ਕਿ ਇਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਕੀਰਤਨ ਸ਼ੁਰੂ ਹੋ ਜਾਂਦਾ ਹੈ, ਜਦਕਿ ਪੰਥਕ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਫੇਰ ਹੁਕਮਨਾਮਾ ਲੈ ਕੇ ਨਿੱਤਨੇਮ ਤੇ ਕੀਰਤਨ ਕੀਤਾ ਜਾਂਦਾ ਹੈ।

ਫੇਰ ਦਰਬਾਰ ਸਾਹਿਬ ਵਿਚ ਆਸਾ ਦੀ ਵਾਰ ਦੇ ਕੀਰਤਨ ਦੇ ਅੱਧ ਜਿਹੇ ਵਿਚ ਅਕਾਲ ਤਖਤ ਤੋਂ ਪਾਲਕੀ ਲਿਆਉਣ ਦੀ ਮਰਿਆਦਾ ਬਣੀ ਹੋਈ ਹੈ। ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਗਰੋਂ ਆਸਾ ਦੀ ਵਾਰ ਦੇ ਵਿਚਾਲੇ ਜਿਹੇ ਇਕ ‘ਟਹਿਲੂਆਂ ਦੀ ਅਰਦਾਸ’ ਕੀਤੀ ਜਾਂਦੀ ਹੈ, ਜੋ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਵੀ ਹੋ ਸਕਦੀ ਹੈ! ਕੀ ਆਸਾ ਦੀ ਵਾਰ ਨਾਲੋਂ ਟਹਿਲੂ (ਉਥੇ ਟਹਿਲਣ ਵਾਲੇ) ਜ਼ਿਆਦਾ ਜ਼ਰੂਰੀ ਹਨ? ਫੇਰ ਅਰਦਾਸ ਤੋਂ ਪਹਿਲਾਂ ਅਨੰਦ ਸਾਹਿਬ ਨਹੀਂ ਪੜ੍ਹਿਆ ਜਾਂਦਾ, ਜਦਕਿ ਪੰਥਕ ਮਰਿਆਦਾ ਮੁਤਾਬਕ ਅਜਿਹਾ ਹੋਣਾ ਚਾਹੀਦਾ ਹੈ। ਦਰਬਾਰ ਸਾਹਿਬ ਵਿਚ ਤਬਲੇ ਵਾਲਾ ਸਿੰਘ ਮੁੱਖ ਰਾਗੀ ਦੇ ਸੱਜੇ ਪਾਸੇ ਬੈਠਦਾ ਹੈ, ਜਦਕਿ ਬਾਕੀ ਸਾਰੇ ਪੰਥ ਵਿਚ ਖੱਬੇ ਪਾਸੇ ਬੈਠਦਾ ਹੈ! ਫੇਰ ਰੋਜ਼ਾਨਾ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਨੂੰ ਦੁੱਧ ਨਾਲ ਇਸ਼ਨਾਨ ਕਰਵਾਉਣ ਦੀ ਮਰਿਆਦਾ ਵੀ ਹੈ। ਰੋਜ਼ਾਨਾ 40-50 ਕਿੱਲੋ ਦੁੱਧ ‘ਇਸ਼ਨਾਨ ਸੇਵਾ’ ਦੇ ਨਾਂ ਤੇ ਸਰੋਵਰ ਵਿਚ ਡੋਲ੍ਹ ਦਿਤਾ ਜਾਂਦਾ ਹੈ।

ਜੇਕਰ ਦਰਬਾਰ ਸਾਹਿਬ ਦੀ ਇਸ ਮਰਿਆਦਾ ਨੂੰ ਠੀਕ ਕਰਨ ਲਈ ਕਹੇ, ਤਾਂ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਰੈਡੀਮੇਡ ਜੁਆਬ ਹੁੰਦਾ ਹੈ ਕਿ “ਇਹ ਦਰਬਾਰ ਸਾਹਿਬ ਹੈ, ਇਸਦੀ ਮਰਿਆਦਾ ਵੱਖਰੀ ਹੈ”! ਕੀ ਦਰਬਾਰ ਸਾਹਿਬ ਸਿੱਖਾਂ ਦੇ ਅਧੀਨ ਨਹੀਂ ਹੈ, ਫੇਰ ਮਰਿਆਦਾ ਵੱਖਰੀ ਕਿਸ ਤਰ੍ਹਾਂ ਹੋ ਗਈ? ਸਗੋਂ ਦਰਬਾਰ ਸਾਹਿਬ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਹੈ; ਇਸ ਲਈ ਇਥੋਂ ਦੀ ਮਰਿਆਦਾ ਤਾਂ ਸਮੁੱਚੇ ਪੰਥ ਲਈ ਇਕ ਚਾਨਣਮੁਨਾਰਾ ਹੋਣੀ ਚਾਹੀਦੀ ਹੈ! ਜੇਕਰ ਅਕਾਲ ਤਖਤ ਤੋਂ ਪ੍ਰਵਾਨਤ ਪੰਥਕ ਮਰਿਆਦਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਹੀ ਲਾਗੂ ਨਹੀਂ ਹੈ, ਤਾਂ ਬਾਕੀ ਪੰਥ ਕਿਥੋਂ ਕੀ ਸੇਧ ਲਵੇਗਾ? ਸਿੱਖਾਂ ਨੂੰ ਥੋੜ੍ਹਾ ਅੱਖਾਂ ਤੋਂ ਸ਼ਰਧਾ ਦੀ ਪੱਟੀ ਲਾਹਕੇ ਇਸ ਸਾਜ਼ਿਸ਼ ਨੂੰ ਸਮਝਣਾ ਚਾਹੀਦਾ ਹੈ ਤੇ ਦਰਬਾਰ ਸਾਹਿਬ ਵਿਚ ਪੰਥਕ ਮਰਿਆਦਾ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਉਪਰ ਲੋੜੀਂਦਾ ਦਬਾਅ ਪਾਉਣਾ ਚਾਹੀਦਾ ਹੈ!

Sikh Guardian


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top