Share on Facebook

Main News Page

ਜਥੇਦਾਰਾਂ ਦੇ ਊਲ ਜਲੂਲ ਫਤਵਿਆਂ ਦਾ ਜਵਾਬ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਪ੍ਰੋ. ਦਰਸ਼ਨ ਸਿੰਘ ਦੀ ਜ਼ੁਬਾਨੀ ਸੁਣੋ

ਜਿਹੜੇ ਸਿੱਖ, ਸਿੱਖ ਜਥੇਬੰਦੀਆਂ, ਮਿਸ਼ਨਰੀ ਕਾਲੇਜ, ਫੇਸਬੁਕ ਗੁਰਪਸ ਅਖੌਤੀ ਜਥੇਦਾਰਾਂ ਨੂੰ ਬੇਨਤੀਆਂ ਪਏ ਕਰਦੇ ਨੇ, ਪਹਿਲਾਂ ਉਹ ਗਿਆਨੀ ਸੋਹਣ ਸਿੰਘ ਸੀਤਲ ਦੀ "ਵੇਖੀ ਮਾਣੀ ਦੁਨੀਆਂ" ਪੜ੍ਹਨ, ਫਿਰ ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਏ ਗਏ ਦ੍ਰਿੜ ਸਟੈਂਡ ਵੱਲ ਝਾਤ ਮਾਰਨ, ਜਿਨ੍ਹਾਂ ਨੇ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਆਦੇਸ਼ਾਂ, ਕੂੜ੍ਹਨਾਮਿਆਂ ਦੀ ਕੋਈ ਪਰਵਾਹ ਨਹੀਂ ਕੀਤੀ, ਅਤੇ ਅੱਜ ਤੱਕ ਸਿਰ ਉਚਾ ਕਰਕੇ ਸਿੱਖਾਂ 'ਚ ਮਾਣ ਹਾਸਿਲ ਕਰ ਰਹੇ ਨੇ।

ਜੇ ਹਾਲੇ ਵੀ ਕੋਈ ਕਸਰ ਬਾਕੀ ਹੈ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਇਹ ਕਲਿੱਪ ਸੁਣੋ, ਅਤੇ ਫੈਸਲਾ ਕਰੋ, ਕਿ ਇਨ੍ਹਾਂ ਅਖੌਤੀ ਜਥੇਦਾਰਾਂ / ਅਖੌਤੀ ਸਿੰਘ ਸਾਹਿਬਾਨਾਂ ਦੀ ਕੀ ਔਕਾਤ ਹੈ। ਸ਼੍ਰੋਮਣੀ ਕਮੇਟੀ ਦੀ ਹੱਦ ਸਿਰਫ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਸੀਮਿਤ ਹੈ ਅਤੇ ਉਨ੍ਹਾਂ ਵਲੋਂ ਥਾਪੇ ਅਖੌਤੀ ਜਥੇਦਾਰਾਂ ਦੀ ਵੀ ਹੱਦ ਉਥੋਂ ਤੱਕ ਹੀ ਹੈ।

ਗੁਰਮਤਿ ਸੰਚਾਰ ਸਭਾ ਜਰਮਨੀ ਵਾਲਿਆਂ ਨੇ ਬਿਲਕੁਲ ਸਹੀ ਲਿਖਿਆ ਹੈ ਕਿ "ਗੁਰਦੁਆਰਾ ਐਕਟ 1925 ਅਨੁਸਾਰ ਤਾਂ ਅਖੌਤੀ ਜਥੇਦਾਰ ਦਾ ਕੋਈ ਰੁਤਬਾ ਹੀ ਨਹੀਂ ਹੈ, ਇਸ ਤਰਾਂ ਕਿਸੇ ਵਿਅਕਤੀ ਨੂੰ ਤਲਬ ਕਰਨ ਦੇ ਹੱਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਥੇ ਹੀ ਬਸ ਨਹੀਂ ਇਹ ਆਪੂੰ ਬਣੇ ਜਥੇਦਾਰ ਤਾਂ ਉੱਪਰਲੇ ਕਾਨੂੰਨ ਦੀ ਧਾਰਾ 134 (ਗ) ਮੁਤਾਬਿਕ ਆਪਣੇ ਫਰਜ਼ਾਂ ਦੀ ਕੁਤਾਹੀ ਕਰਨ ਦੇ ਗੁਨਹਗ਼ਾਰ ਹੋਣ ਕਰਕੇ ਖ਼ੁਦ ਸਜ਼ਾ ਦੇ ਹੱਕਦਾਰ ਹਨ। ਇਸ ਲਈ ਕਿਉਂ ਨਾ ਤੁਸੀਂ ਤਲਬ ਕਰਨ ਵਾਲਿਆਂ ਉੱਪਰ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਕੋਲ ਇਹਨਾਂ ਖਰੂਦੀਆਂ ਵਿਰੁਧ ਕਾਨੂੰਨੀ ਕਾਰਵਾਈ ਕਰੋ, ਤਾਂ ਕਿ ਅੱਗੋਂ ਲਈ ਇਹ ਕਿਸੇ ਗੁਰਮਤਿ ਪ੍ਰਚਾਰਕ ਨੂੰ ਤਲਬ ਕਰਨ ਦੀ ਭੁਲ ਹੀ ਨਾਂਹ ਕਰਨ।"

ਮੱਕੜ ਵਲੋਂ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਚਾਲ ਹੈ, ਜਿਸਨੂੰ ਸਮਝਣਾ ਜ਼ਰੂਰੀ ਹੈ। ਕਿਉਂਕਿ ਜਿਸ ਤਰ੍ਹਾਂ ਮੱਕੜ ਨੇ ਕਾਨਪੁਰ ਵਿਖੇ ਇਹ ਬਿਆਨ ਦਿੱਤਾ ਕਿ "ਪ੍ਰੋ. ਦਰਸ਼ਨ ਸਿੰਘ ਦੀ ਸ਼ਖ਼ਸ਼ੀਅਤ ਹੀ ਏਡੀ ਵੱਡੀ ਹੈ, ਕਿ ਜੇ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਜਾਂਦੇ ਤਾਂ ਉਨ੍ਹਾਂ ਉਸ ਨੂੰ ਉਂਝ ਹੀ ਮੁਆਫ਼ ਕਰ ਦੇਣਾ ਸੀ" ਇਸ ਵਿੱਚ ਰਾਜ਼ ਹੈ। ਜੇ ਪ੍ਰੋ. ਸਰਬਜੀਤ ਸਿੰਘ ਧੂੰਦਾ, ਸੱਕਤਰੇਤ ਵਿੱਚ ਸਪਸ਼ਟੀਕਰਨ ਦੇਣ ਜਾਂਦੇ ਹਨ, ਤਾਂ ਇਨ੍ਹਾਂ ਨੇ ਪ੍ਰੋ. ਧੂੰਦਾ ਨੂੰ ਇਸ ਕੇਸ 'ਚੋਂ ਬਰੀ ਕਰ ਦੇਣਾ ਹੈ, ਅਤੇ ਬਾਅਦ ਵਿੱਚ ਬਿਆਨ ਦੇ ਦੇਣਾ ਹੈ ਕਿ ਅਕਾਲ ਤਖਤ 'ਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੁੰਦੀ, ਜੇ ਇਸੇ ਤਰ੍ਹਾਂ ਕਿਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਵੀ ਕਮਰੇ 'ਚ ਸਪਸ਼ਟੀਕਰਨ ਦੇ ਜਾਂਦੇ ਤਾਂ, ਉਨ੍ਹਾਂ ਨੂੰ ਮੁਆਫ ਕਰ ਦੇਣਾ ਸੀ। ਇਸ ਨਾਲ ਪੰਥ ਦੇ ਦੋ ਮਹਾਨ ਜਾਗਰੂਕ ਸਤਕਾਰਿਤ ਪ੍ਰਚਾਰਕਾਂ 'ਚ ਆਪਸੀ ਵਖਰੇਵਾਂ ਵੀ ਪਾ ਦਿੱਤਾ ਜਾਵੇਗਾ, ਜਿਸ ਨਾਲ ਜਾਗਰੂਕਤਾ ਲਹਿਰ ਨੂੰ ਵੱਡਾ ਧੱਕਾ ਲਗੇਗਾ। ਹੁਣ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਸੋਚਣਾ ਪਵੇਗਾ ਕਿ, ਸਿਰ ਉੱਚਾ ਕਰਕੇ ਪ੍ਰਚਾਰ ਕਰਨਾ ਹੈ ਜਾਂ ...

ਸਾਰੇ ਸਿੱਖਾਂ ਨੂੰ ਬੇਨਤੀ ਹੈ, ਕਿ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਪ੍ਰਵਾਹ ਨਾ ਕਰਨ, ਜੱਦ ਤੱਕ ਕਿ ਅਕਾਲ ਤਖਤ ਸਾਹਿਬ ਇਸ ਚੰਡਾਲ ਚੌਕੜੀ ਦੇ ਪਕੜ 'ਚ ਹੈ, ਕਿਸੇ ਜਾਹਗੂਕ ਸਿੱਖ ਨੂੰ ਕੋਈ ਸਪਸ਼ੀਕਰਨ ਦੇਣ ਦੀ ਲੋੜ ਨਹੀਂ, ਕਿਉਂਕਿ ਇਨ੍ਹਾਂ ਦਾ ਅਕਾਲ ਤਖਤ, ਬਾਦਲ ਦੇ ਅਧੀਨ ਹੈ, ਅਤੇ ਜੋ ਬਾਦਲ ਹੈ ਹੁਕਮ ਹੈ, ਇਨ੍ਹਾਂ ਨੇ ਉਹੀਓ ਕਰਨਾ ਹੈ। ਜੇ ਸਪਸ਼ਟੀਕਰਨ ਦੇਣਾ ਹੈ ਤਾਂ, ਅਕਾਲ ਤਖਤ ਸਾਹਿਬ 'ਤੇ ਸੰਗਤਾਂ ਅਤੇ ਮੀਡੀਏ ਦੇ ਸਾਹਮਣੇ ਦਿਤਾ ਜਾਵੇ, ਨਾ ਕਿ ਬੰਦ ਕਮਰੇ ਸਕਤਰੇਤ 'ਚ ਜਿੱਥੇ ਸੌਦੇਬਾਜ਼ੀ ਹੁੰਦੀ ਹੈ।

ਸੰਪਾਦਕ ਖ਼ਾਲਸਾ ਨਿਊਜ਼


ਟਿੱਪਣੀ: ਅਖੌਤੀ ਦਸਮ ਗ੍ਰੰਥ ਨੁੰ ਮੰਨਣ ਵਾਲੇ ਇਹ ਕੁਮੈਂਟ ਜ਼ਰੂਰ ਦੇਣਗੇ, ਕਿ ਜਰਨੈਲ ਸਿੰਘ ਜੀ ਦਸਮ ਗ੍ਰੰਥ ਨੂੰ ਮੰਨਦੇ ਸਨ, ਅਤੇ ਪ੍ਰੋ. ਦਰਸ਼ਨ ਸਿੰਘ ਦਸਮ ਗ੍ਰੰਥ ਵਿਰੋਧੀ। ਇਥੇ ਅਸੀਂ ਸਿਰਫ ਅਖੌਤੀ ਜਥੇਦਾਰਾਂ ਵਲੋਂ ਲਏ ਗਏ ਗਲਤ ਫੈਸਲੇ ਵਿਰੁੱਧ ਦੋਨਾਂ ਸ਼ਖਸੀਅਤਾਂ ਵਲੋਂ ਲਏ ਗਏ ਸਟੈਂਡ ਦੀ ਸਮੀਕਸ਼ਾ ਕੀਤੀ ਹੈ। ਇਨ੍ਹਾਂ ਦੋਨੋਂ ਸ਼ਖਸੀਅਤਾਂ ਦੀ ਸਿੱਖੀ ਨੂੰ ਬਹੁਤ ਵੱਡੀ ਦੇਣ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top