Share on Facebook

Main News Page

ਸਿੱਖੀ-ਸਿਦਕੋਂ ਬੌਨੇ ਸੇਵਾਦਾਰਾਂ ਵਲੋਂ ਸਿੱਖਾਂ ਨੂੰ ਹੀ ਸਿੱਖ ਪੰਥ ਵਿਚੋਂ ਛੇਕਣ ਦਾ ਪਿਆ ਪੁੱਠਾ ਜਿਹਾ ਰਿਵਾਜ: ਗੁਰਮਤਿ ਸੰਚਾਰ ਸਭਾ ਜਰਮਨੀ

* ਸਿਆਸੀ ਬੰਦਿਆਂ ਦੀਆਂ ਕਠਪੁਤਲੀਆਂ ਵਲੋਂ ਇਸ ਨਾਮਵਰ ਗੁਰਮਤਿ ਪ੍ਰਚਾਰਕ ਨੂੰ ਖੁੱਡੇ ਲੌਣ ਲਈ ਅਕਾਲ ਤਖ਼ਤ ਸਹਿਬ ਦੇ ਸਕਤਰੇਤ ਵਿਖੇ ਤਲਬ ਕੀਤੇ ਜਾਣਾ ਸਰਾਸਰ ਗ਼ੈਰਵਾਜਿਬ ਅਤੇ ਗੁਰਦੁਆਰਾ ਐਕਟ ਅਨੁਸਾਰ ਗ਼ੈਰਕਾਨੂਨੀ ਹੈ
* ਜਿਹੜੇ ਸਾਡੇ ਭਾਈ ਗ੍ਰੰਥੀ-ਸੇਵਾਦਾਰਾਂ ਜਾਂ ਹੋਰ ਆਹੁਦੇਦਾਰਾਂ ਦੇ ਨਾਮ ਨਾਲ ਸਿੰਘ ਸਾਹਿਬ ਵਰਤਦੇ ਹਨ ਉਹ ਸਿੱਖੀ ਦੇ ਮੁੰਢਲੇ ਅਸੂਲ ਦੀ ਉਲੰਘਣਾ ਕਰ ਰਹੇ ਹਨ
* ਕਾਅਬੇ ਵਿਚ ਵਰਤਦੇ ਕੁਫਰ ਨੂੰ ਮਿਟੌਣ ਲਈ ਗੁਰੂ ਨਾਨਕ ਨੂੰ ਜਾਣਾ ਪਿਆ ਸੀ, ਪਰ ਅਮ੍ਰਿਤਸਰੋਂ ਪੁਜਾਰੀਆਂ ਰਾਹੀਂ ਵਾਪਰ ਰਹੇ ਕੁਫਰ ਨੂੰ ਮਿਟੌਣ ਲਈ ਗੁਰੂ ਕਾ ਖ਼ਾਲਸਾ ਆਪਣੀ ਗੁਰੂ ਬਖਸ਼ੀ ਰਹਿਬਰੀ ਦੀ ਪਛਾਣ ਕਰਕੇ ਕਦੋਂ ਜਾਗੇਗਾ

ਬਠਿੰਡਾ, 9 ਜਨਵਰੀ (ਕਿਰਪਾਲ ਸਿੰਘ): ਗੁਰਮਤਿ ਸੰਚਾਰ ਸਭਾ ਜਰਮਨੀ ਵਲੋਂ ਈਮੇਲ ਰਾਹੀਂ ਭੇਜੇ ਗਏ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਿੱਖਾਂ ਦੇ ਤਖ਼ਤਾਂ ਉੱਪਰ ਸਿਅਸੀ ਲੋਕਾਂ ਵਲੋਂ ਬਿਠਾਏ ਹੋਏ ਸਿੱਖੀ-ਸਿਦਕੋਂ ਬੌਨੇ ਸੇਵਾਦਾਰਾਂ ਵਲੋਂ ਸਿੱਖਾਂ ਨੂੰ ਹੀ ਸਿੱਖ ਪੰਥ ਵਿਚੋਂ ਛੇਕਣ ਦਾ ਪੁੱਠਾ ਜਿਹਾ ਰਿਵਾਜ ਪਾ ਲਿਆ ਗਿਆ ਹੈ ਜੋ ਕਿ ਪੰਥਕ ਪਿਰਤ ਨਹੀਂ ਹੈ। ਉਨ੍ਹਾਂ ਕਿਹਾ ਇਸ ਕੁ-ਪੰਥਕ ਪਿਰਤ ਦਾ ਹਾਲ ਹੀ ਵਿਚ ਹੋਇਆ ਸ਼ਿਕਾਰ ਹੈ ਪ੍ਰੋ: ਸਰਬਜੀਤ ਸਿੰਘ ਧੁੰਦਾ, ਜੋ ਕਿ ਗੁਰਮਤਿ ਦੀ ਵਿਆਖਿਆ ਗੁਰਮਤਿ ਨਜ਼ਰੀਏ ਤੋਂ ਅਤੇ ਮੌਜੂਦਾ ਪ੍ਰੀਪੇਖ ਵਿਚ ਕਰਨ ਲਈ ਮੋਹਰਲੀ ਕਤਾਰ ਦਾ ਇੱਕ ਸੁਲਝਿਆ ਹੋਇਆ ਪ੍ਰਚਾਰਕ ਹੈ। ਇਸ ਵਾਸਤੇ ਸਿਅਸੀ ਬੰਦਿਆਂ ਦੀਆਂ ਕਠਪੁਤਲੀਆਂ ਵਲੋਂ ਇਸ ਨਾਮਵਰ ਗੁਰਮਤਿ ਪ੍ਰਚਾਰਕ ਨੂੰ ਖੁੱਡੇ ਲੌਣ ਲਈ ਅਕਾਲ ਤਖ਼ਤ ਸਹਿਬ ਦੇ ਸਕਤਰੇਤ ਵਿਖੇ ਤਲਬ ਕੀਤਾ ਗਿਆ ਹੈ ਜੋ ਕਿ ਸਰਾਸਰ ਗ਼ੈਰਵਾਜਿਬ ਅਤੇ ਗੁਰਦੁਆਰਾ ਐਕਟ ਅਨੁਸਾਰ ਗ਼ੈਰਕਾਨੂਨੀ ਹੈ। ਅਸੀਂ ਇਸ ਤਲਬੀ ਦੀ ਸਖ਼ਤ ਲਫਜ਼ਾਂ ਵਿਚ ਨਿੰਦਿਆ ਔਰ ਨਿਖੇਧੀ ਕਰਦੇ ਹਾਂ।

ਅਸੀਂ ਪ੍ਰੋ: ਧੁੰਦਾ ਜੀ ਨੂੰ ਭੀ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਐਕਟ 1925 ਅਨੁਸਾਰ ਤਾਂ ਅਖੌਤੀ ਜਥੇਦਾਰ ਦਾ ਕੋਈ ਰੁਤਬਾ ਹੀ ਨਹੀਂ ਹੈ, ਇਸ ਤਰਾਂ ਕਿਸੇ ਵਿਅਕਤੀ ਨੂੰ ਤਲਬ ਕਰਨ ਦੇ ਹੱਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਥੇ ਹੀ ਬਸ ਨਹੀਂ ਇਹ ਆਪੂ ਬਣੇ ਜਥੇਦਾਰ ਤਾਂ ਉੱਪਰਲੇ ਕਾਨੂੰਨ ਦੀ ਧਾਰਾ 134(ਗ) ਮੁਤਾਬਿਕ ਆਪਣੇ ਫਰਜ਼ਾਂ ਦੀ ਕੁਤਾਹੀ ਕਰਨ ਦੇ ਗੁਨਹਗ਼ਾਰ ਹੋਣ ਕਰਕੇ ਖ਼ੁਦ ਸਜ਼ਾ ਦੇ ਹੱਕਦਾਰ ਹਨ। ਇਸ ਲਈ ਕਿਉਂ ਨਾ ਤੁਸੀਂ ਤਲਬ ਕਰਨ ਵਾਲਿਆਂ ਉੱਪਰ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਕੋਲ ਇਹਨਾਂ ਖਰੂਦੀਆਂ ਵਿਰੁਧ ਕਾਨੂੰਨੀ ਕਾਰਵਾਈ ਕਰੋ, ਤਾਂ ਕਿ ਅੱਗੋਂ ਲਈ ਇਹ ਕਿਸੇ ਗੁਰਮਤਿ ਪ੍ਰਚਾਰਕ ਨੂੰ ਤਲਬ ਕਰਨ ਦੀ ਭੁਲ ਹੀ ਨਾਂਹ ਕਰਨ।

ਗੁਰਮਤਿ ਸੰਚਾਰ ਸਭਾ ਜਰਮਨੀ ਨੇ ਆਪਣੇ ਪ੍ਰੈੱਸ ਨੋਟ ਵਿੱਚ ਲਿਖਿਆ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਪੰਥ ਪ੍ਰਸਤਾਂ ਨੂੰ ਖੂੰਜੇ ਲੌਣ ਲਈ ਪਿਛਲੇ ਸਮੇਂ ਵਿਚ ਛੇਕਣ ਵਾਲੇ ਜਿੰਨੇ ਫੈਸਲੇ ਲਏ ਗਏ ਹਨ ਉਹ ਸਾਰੇ ਦੇ ਸਾਰੇ ਉਨ੍ਹਾਂ ਸਿੱਖ ਵਿਰੋਧੀਆਂ ਦੀ ਸ਼ਹਿ ਉੱਪਰ ਲਏ ਗਏ ਹਨ, ਜਿਹਨਾਂ ਦੀ ਪਤਨੀ (ਅ)ਕਾਲੀ ਪਾਰਟੀ ਦਾ ਕਬਜ਼ਾ ਦਰਬਾਰ ਸਹਿਬ ਸਮੂਹ ਅਤੇ ਸ਼੍ਰੋਮਣੀ ਕਮੇਟੀ ਉੱਪਰ ਹੈ। ਸਭਾ ਨੇ ਕਿਹਾ ਸਿੱਖੀ ਨੂੰ ਬ੍ਰਾਹਮਣਵਾਦੀ ਖ਼ਾਰੇ ਸਮੁੰਦਰ ਵਿਚ ਗ਼ਰਕਣੋਂ ਬਚਾਉਣ ਲਈ ਚੋਣਾਂ ਸਿਰ ਉੱਤੇ ਹੋਣ ਕਰਕੇ ਸਾਨੂੰ ਸਭਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪਤਨੀ ਵਾਲਾ ਰੋਲ਼ ਨਿਭਾਉਂਦੀ ਹੋਈ ਉਪਰੋਕਤ ਪਾਰਟੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਉਹਨਾਂ ਤੱਤਾਂ ਨੂੰ ਜੋ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਕੁਹਾੜੀ ਦਾ ਦਸਤਾ ਬਣੇ ਹੋਏ ਹਨ ਨੂੰ ਸਬਕ ਸਿਖੌਣ ਲਈ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ, ਤਾਂ ਕਿ ਇਹ ਸਿੱਖੀ ਦਾ ਹੋਰ ਨੁਕਸਾਨ ਨਾਂਹ ਕਰ ਸਕਣ।

ਅਕਾਲ ਤਖ਼ਤ ਸਹਿਬ ਦੇ ਸੇਵਾਦਾਰ ਵਲੋਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਸਨੂੰ ਇਸਦੀ ਪ੍ਰਵਾਨਗੀ ਸਰਬੱਤ ਖਾਲਸਾ ਤੋਂ ਲੈਣੀ ਚਾਹੀਦੀ ਹੈ, ਇਸ ਤਰਾਂ ਹਰ ਫੈਸਲਾ ਪੰਥ ਦੇ ਹਿਤ ਵਿਚ ਹੀ ਹੋਵੇਗਾ, ਜਿਸਦਾ ਵਿਰੋਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋਏਗਾ। ਇਸ ਤਰਾਂ ਅਕਾਲ ਤਖ਼ਤ ਸਹਿਬ ਦੀ ਮਾਣ ਮਰਿਯਾਦਾ ਭੀ ਕਾਇਮ-ਦਾਇਮ ਰਹੇਗੀ।

ਸਭਾ ਨੇ ਕਿਹਾ ਅਕਾਲ ਤਖ਼ਤ ਸਹਿਬ ਦਾ ਸੇਵਾਦਾਰ ਸ਼੍ਰੋਮਣੀ ਕਮੇਟੀ ਵਲੋਂ ਨਹੀਂ ਲਗਾਇਆ ਜਾਣਾ ਚਾਹੀਦਾ ਸਗੋਂ ਪੂਰੇ ਪੰਥ ਦੀ ਸਹਿਮਤੀ ਨਾਲ ਕੋਈ ਉੱਚ ਦਰਜ਼ੇ ਦਾ ਪੜ੍ਹਿਆ ਲਿਖਿਆ ਅਤੇ ਸਿੱਖੀ ਬਾਰੇ ਵਿਦਵਾਨ ਪੁਰਸ਼ ਹੀ ਹੋਣਾ ਚਾਹੀਦਾ ਹੈ ਨਾ ਕਿ ਅੱਜ ਦੇ ਦੂਜੀ ਚੌਥੀ ਪੜ੍ਹੇ ਹੋਏ ਗ੍ਰੰਥੀਆਂ ਵਰਗਾ ਜੋ ਚਾਪਲੂਸੀ ਕਰਕੇ ਅਖੌਤੀ ਜਥੇਦਾਰੀ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ। ਸਿੱਖੀ ਵਿਚ ਹਰ ਸਿੰਘ ਬਰਾਬਰ ਹੈ ਇਸ ਲਈ ਕੋਈ ਵੀ ਸਿੰਘ -ਸਿੰਘ ਸਾਹਿਬ- ਨਹੀਂ ਹੋ ਸਕਦਾ, ਜਿਹੜੇ ਸਾਡੇ ਭਾਈ ਗ੍ਰੰਥੀ-ਸੇਵਾਦਾਰਾਂ ਜਾਂ ਹੋਰ ਆਹੁਦੇਦਾਰਾਂ ਦੇ ਨਾਮ ਨਾਲ ਸਿੰਘ ਸਾਹਿਬ ਵਰਤਦੇ ਹਨ ਉਹ ਸਿੱਖੀ ਦੇ ਮੁੱਢਲੇ ਅਸੂਲ ਦੀ ਉਲੰਘਣਾ ਕਰ ਰਹੇ ਹਨ, ਸਾਨੂੰ ਇਸ ਬਾਰੇ ਭੀ ਸੁਚੇਤ ਹੋਣ ਦੀ ਲੋੜ ਹੈ।

ਕਾਅਬੇ ਵਿਚ ਵਰਤਦੇ ਕੁਫਰ ਨੂੰ ਮਿਟੌਣ ਲਈ ਗੁਰੂ ਨਾਨਕ ਨੂੰ ਜਾਣਾ ਪਿਆ ਸੀ, ਪਰ ਅਮ੍ਰਿਤਸਰੋਂ ਪੁਜਾਰੀਆਂ ਰਾਹੀਂ ਵਾਪਰ ਰਹੇ ਕੁਫਰ ਨੂੰ ਮਿਟੌਣ ਲਈ ਗੁਰੂ ਕਾ ਖ਼ਾਲਸਾ ਆਪਣੀ ਗੁਰੂ ਬਖਸ਼ੀ ਰਹਿਬਰੀ ਦੀ ਪਛਾਣ ਕਰਕੇ ਕਦੋਂ ਜਾਗੇਗਾ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top