Share on Facebook

Main News Page

ਪ੍ਰੋ.ਸਰਬਜੀਤ ਸਿੰਘ ਧੂੰਦਾ ਖਿਲਾਫ਼ ਤਖਤਾਂ ਦੇ ਜੱਥੇਦਾਰਾਂ ਵੱਲੋਂ ਜਾਰੀ ਕੀਤਾ ਫ਼ਤਵਾ ਬਣਿਆ ਗਲੇ ਦੀ ਹੱਡੀ

* ਇਕ ਘੰਟੇ ਦੀ ਵੀਡੀਓ ’ਚੋਂ ਕੱਟ-ਵੱਢ ਕਰਕੇ ਮਹਿਜ਼ 20 ਕੁ ਸਕਿੰਟਾਂ ਦੀ ਵੀਡੀਓ ਦੇਖ ਕੇ ਤਲਬ ਕਰਨ ਦਾ ਸੁਣਾਇਆ ਫੁਰਮਾਣ!!

ਕੋਟਕਪੂਰਾ, 9 ਜਨਵਰੀ (ਗੁਰਿੰਦਰ ਸਿੰਘ) :- ਨੌਜਵਾਨ ਮਿਸ਼ਨਰੀ ਪ੍ਰਚਾਰਕ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਪ੍ਰਚਾਰ ’ਤੇ ਪਾਬੰਦੀ ਲਾਉਣ ਤੇ ਉਨਾਂ ਨੂੰ ਤਲਬ ਕਰਨ ਦਾ ਤਖ਼ਤਾਂ ਦੇ ਜੱਥੇਦਾਰਾਂ ਦਾ ਫਤਵਾ ਖੁਦ ਉਨਾਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਭਾਵੇਂ ਗਿਆਨੀ ਗੁਰਬਚਨ ਸਿੰਘ ਵੱਲੋਂ ‘‘ਪ੍ਰੋ.ਧੂੰਦਾ ਨੂੰ ਤਲਬ ਨਹੀਂ ਕੀਤਾ ਗਿਆ, ਸਿਰਫ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ’’ ਬਾਰੇ ਪ੍ਰੈਸ-ਬਿਆਨ ਵੀ ਜਾਰੀ ਕੀਤਾ ਗਿਆ ਪਰ ਦੇਸ਼-ਵਿਦੇਸ਼ ਦੀ ਜਾਗਰੂਕ ਸੰਗਤ ਦੇ ਮਨਾਂ ’ਚ ਤਖਤਾਂ ਦੇ ਜੱਥੇਦਾਰਾਂ ਪ੍ਰਤੀ ਬਹੁਤ ਗੁੱਸਾ ਤੇ ਰੋਹ ਹੈ। ਕਿਸੇ ਪੰਥ ਦਰਦੀ ਵੱਲੋਂ ਯੂ-ਟਿਊਬ ’ਤੇ ਪਾਈ ਗੁਰਦਵਾਰਾ ਗੋਬਿੰਦਗੜ ਕਬੂਲ ਨਗਰ, ਸ਼ਾਹਦਰਾ ਦਿੱਲੀ ਵਿਖੇ 30 ਜੁਲਾਈ 2011 ਨੂੰ ਪ੍ਰੋ. ਧੂੰਦਾ ਵੱਲੋਂ ਕੀਤੀ ਕਥਾ ਦੀ ਵੀਡੀਓ ਨੇ ਸਾਰਾ ਕੁਝ ਸਪਸ਼ਟ ਕਰ ਦਿੱਤਾ। ਕਿਉਂਕਿ ਲਗਭਗ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਦੀ ਇਸ ਵੀਡੀਓ ’ਚ ਪ੍ਰੋ.ਧੂੰਦਾ ਸਿੱਖ ਕੌਮ ਉੱਪਰ ਹੋ ਰਹੇ ਮਾਰੂ ਹਮਲਿਆਂ ਸਬੰਧੀ ਵਿਸਥਾਰ ਸਹਿਤ ਜ਼ਿਕਰ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਜੇਕਰ ਅੱਜ ਮੱਸਾ ਰੰਗੜ ਸਿੱਖ ਕੌਮ ਨੂੰ ਪੁੱਛੇ ਕਿ ਮੇਰਾ ਸਿਰ ਤੁਸੀਂ ਦਰਬਾਰ ਸਾਹਿਬ ’ਚ ਸ਼ਰਾਬ ਪੀਣ ਜਾਂ ਮੁਜਰਾ ਕਰਾਉਣ ਦੇ ਦੋਸ਼ ਹੇਠ ਕਲਮ ਕੀਤਾ ਪਰ ਅੱਜ ਤੁਹਾਡੇ ਪ੍ਰਚਾਰਕ ਉਸੇ ਦਰਬਾਰ ਸਾਹਿਬ ’ਚ ਅਜਿਹੀਆਂ ਰਚਨਾਵਾਂ ਪੜ ਰਹੇ ਨੇ, ਜੋ ਵੇਸਵਾਵਾਂ ਦੇ ਮੁਜ਼ਰੇ ਨੂੰ ਵੀ ਮਾਤ ਪਾ ਜਾਂਦੀਆਂ ਨੇ।

ਉਨਾਂ ਕਿਹਾ ਕਿ ਅੱਜ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਨੂੰ ਤਾਂ ਪੰਥ ’ਚੋਂ ਛੇਕਣ ਦਾ ਫੁਰਮਾਣ ਜਾਰੀ ਕੀਤਾ ਜਾ ਰਿਹਾ ਹੈ ਤੇ ਸਾਡੇ ਕੌਮੀ ਘਰ ’ਤੇ ਜਿਹੜੇ ਹਮਲੇ ਹੋ ਰਹੇ ਨੇ, ਉਂਗਲਾਂ ’ਤੇ ਗਿਣੇ ਜਾਣ ਵਾਲੇ ਪ੍ਰਚਾਰਕ ਜਦੋਂ ਅਜਿਹੇ ਹਮਲਿਆਂ ਦਾ ਜ਼ਿਕਰ ਕਰਦੇ ਹਨ ਤਾਂ ਉਨਾਂ ਦੇ ਗਲ ’ਤੇ ਅੰਗੂਠਾ ਦੇ ਦਿੱਤਾ ਜਾਂਦਾ ਹੈ। ਕਿਸੇ ਸਿੱਖ ਵਿਰੋਧੀ ਤਾਕਤ ਵੱਲੋਂ ਇਸ ਵੀਡੀਓ ਦਾ ਅਗਲਾ ਤੇ ਪਿਛਲਾ ਸਾਰਾ ਹਿੱਸਾ ਕੱਟ ਕੇ ਮਹਿਜ਼ 20 ਕੁ ਸਕਿੰਟ ਦੀ ਪ੍ਰੋ.ਧੂੰਦਾ ਦੀ ਅਵਾਜ਼ ਦਿਖਾ ਕੇ ਉਸਨੂੰ ਪੰਥ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੇਕਰ ਉਕਤ ਸਾਰੀ ਵੀਡੀਓ ਦੇਖੀ ਤੇ ਸੁਣੀ ਜਾਵੇ ਤਾਂ ਪ੍ਰੋ.ਧੂੰਦਾ ਬੜੇ ਇਨਕਲਾਬੀ ਵਿਚਾਰਾਂ ਤੋਂ ਜਾਣੂ ਕਰਵਾ ਰਹੇ ਹਨ।

Panthic.org ਵਲੋਂ ਪਾਈ ਗਈ ਅਧੂਰੀ ਵੀਡੀਓ
http://www.panthic.org/articles/5402

ਅਸਲ ਵੀਡੀਓ: ਭਾਈ ਸਰਬਜੀਤ ਸਿੰਘ 'ਧੂੰਦਾ' ਦੁਆਰਾ 30 ਜੁਲਾਈ 2011 ਨੂੰ ਗੁਰਦੁਆਰਾ ਗੋਬਿੰਦਗੜ੍ਹ ਕਬੂਲ ਨਗਰ, ਸਾਹਦਰਾ, ਦਿੱਲੀ ਵਿਖੇ ਕੀਤੀ ਗਈ ਸ਼ਬਦ ਵੀਚਾਰ
Listen carefully between 10 - 20 mnts in the video

 

 

ਆਪਣੇ ਸੰਬੋਧਨ ਦੌਰਾਨ ਪ੍ਰੋ.ਸਰਬਜੀਤ ਸਿੰਘ ਧੂੰਦਾ ਉਕਤ ਚਰਚਿਤ ਵੀਡੀਓ ’ਚ ਦੱਸਦੇ ਹਨ ਕਿ ਸਾਡੀ ਸ਼੍ਰੋਮਣੀ ਸੰਸਥਾ ਨੇ ਜਿਹੜੀ ਸਿੱਖ ਇਤਿਹਾਸ ਨਾਂਅ ਦੀ ਕਿਤਾਬ ਛਾਪੀ ਉਹ ਨਾਗਪੁਰ ਦੇ ਸਕੂਲਾਂ ’ਚ ਵੱਡੀ ਗਿਣਤੀ ’ਚ ਮੁਫ਼ਤ ਵੰਡੀ ਗਈ। ਉਸ ਕਿਤਾਬ ’ਚ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਪਰ ਕਿਸੇ ’ਤੇ ਕੋਈ ਐਕਸ਼ਨ ਨਾ ਲਿਆ ਗਿਆ। ਉਨਾਂ ਕਿਹਾ ਕਿ ਸਹੀ ਤੇ ਸੱਚਾ ਡਾਕਟਰ ਉਹ ਹੈ, ਜਿਹੜਾ ਤੁਹਾਡੇ ਸਰੀਰ ਦੀਆਂ ਅੰਦਰਲੀਆਂ ਬਿਮਾਰੀਆਂ ਤੋਂ ਤੁਹਾਨੂੰ ਜਾਣੂ ਕਰਾਉਂਦਾ ਹੈ ਪਰ ਕੌਮ ’ਤੇ ਹੋ ਰਹੇ ਮਾਰੂ ਹਮਲਿਆਂ ਬਾਰੇ ਸੰਗਤ ਨੂੰ ਸੁਚੇਤ ਕਰਨ ਵਾਲੇ ਪ੍ਰਚਾਰਕ ਨੂੰ ਵਾਦ-ਵਿਵਾਦ ਵਾਲਾ ਪ੍ਰਚਾਰਕ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਧੀਆਂ ਨੂੰ ਅਸੀਂ ਕੁਖਾਂ ’ਚ ਮਾਰ ਰਹੇ ਹਾਂ, ਜਦੋਂਕਿ ਸਾਡੇ ਪੁੱਤਰ ਨਸ਼ਿਆਂ ਕਰਕੇ ਆਪੇ ਹੀ ਮਰ ਰਹੇ ਨੇ ਪਰ ਕਿਸੇ ਵੀ ਪੰਥ ਦੇ ਠੇਕੇਦਾਰ ਨੂੰ ਇਸ ਦਾ ਫਿਕਰ ਨਹੀਂ।

ਉਨਾਂ ਦੱਸਿਆ ਕਿ ਵੱਖ-ਵੱਖ ਸਮੇਂ ਹੋਏ ਘੱਲੂਘਾਰਿਆਂ ਦੌਰਾਨ ਸਾਲ 1747, 1762, 1984 ’ਚ ਕੌਮ ’ਤੇ ਤਿੰਨ ਵੱਡੇ ਹਮਲੇ ਹੋਏ, ਜਦੋਂ 20 ਤੋਂ 30 ਹਜ਼ਾਰ ਤੱਕ ਸਿੱਖਾਂ ਦਾ ਕਤਲ ਕੀਤਾ ਗਿਆ ਪਰ ਕੌਮ ਫਿਰ ਵੀ ਉੱਭਰ ਕੇ ਸਾਹਮਣੇ ਆ ਗਈ ਪਰ ਅੱਜ ਜੋ ਚੌਥਾ ਘੱਲੂਘਾਰਾ (ਹਮਲਾ) ਕੌਮ ਨੂੰ ਅੰਦਰੋਂ ਖਤਮ ਕਰਨ ਲਈ ਹੋ ਰਿਹਾ ਹੈ, ਉਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਕਿਉਂਕਿ ਸਿੱਖ ਨੌਜਵਾਨਾਂ ਨੂੰ ਨਸ਼ਿਆਂ ’ਚ ਗੜੁੱਚ ਕਰਨ, ਵਿਭਚਾਰ-ਅਸ਼ਲੀਲਤਾ ਵੱਲ ਤੋਰਨ ਤੇ ਉਨਾਂ ਦੀ ਜ਼ਮੀਰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਸਾਡਾ ਨੌਜਵਾਨ ਉਕਤ ਕੁਟਿਲ ਨੀਤੀਆਂ ਸਮਝਣ ਦੀ ਬਜਾਇ ਗੁੰਮਰਾਹ ਹੋ ਗਿਆ ਹੈ। ਅੱਜ ਦਾ ਸੁੱਖਾ ਸਿੰਘ, ਮਹਿਤਾਬ ਸਿੰਘ ਸਹਿਕ ਰਿਹਾ ਹੈ, ਪਰ ਸਾਡੇ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਕੋਈ ਪ੍ਰਵਾਹ ਨਹੀਂ। ਕਿਉਂਕਿ ਸਿਆਸੀ ਜਾਂ ਧਾਰਮਿਕ ਚੋਣਾਂ ਮੌਕੇ ਵੀ ਸਿਆਸੀ ਆਗੂ ਨਸ਼ੇ ਵੰਡਣ ਤੋਂ ਗੁਰੇਜ਼ ਨਹੀਂ ਕਰਦੇ। ਉਕਤ ਸਾਰੀ ਵੀਡੀਓ ਦੇਖਣ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੰਥ ਵਿਰੋਧੀ ਤਾਕਤਾਂ ਅਜਿਹੀ ਸੱਚੀ ਸ਼ਬਦਾਵਲੀ ਬਰਦਾਸ਼ਤ ਨਾ ਕਰ ਸਕਦੀਆਂ ਹੋਣ ਤੇ ਉਨਾਂ ਪ੍ਰੋ.ਧੂੰਦਾ ਨੂੰ ਉਲਝਾਉਣ ਲਈ ਤਖਤਾਂ ਦੇ ਜੱਥੇਦਾਰਾਂ ਨੂੰ ਵਰਤ ਲਿਆ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top