Share on Facebook

Main News Page

ਡਾ. ਮਨਮੋਹਨ ਸਿੰਘ ਨੂੰ ਚਿਤਾਵਨੀ ਦੇਣ ਵਾਲੇ ਜਥੇਦਾਰ, ਇਹੀ ਚਿਤਾਵਨੀ ‘ਪੰਥ ਰਤਨ ਫ਼ਖ਼ਰ-ਏ-ਕੌਮ’ ਨੂੰ ਇਹ ਚਿਤਾਵਨੀ ਕਿਉਂ ਨਹੀਂ ਦਿੰਦੇ?: ਗਿਆਨੀ ਅਲਵਰ

ਬਠਿੰਡਾ, 7 ਜਨਵਰੀ (ਕਿਰਪਾਲ ਸਿੰਘ): ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਚਿਤਾਵਨੀ ਦੇਣ ਵਾਲੇ ਜਥੇਦਾਰ ਇਹੀ ਚਿਤਾਵਨੀ ‘ਪੰਥ ਰਤਨ ਫ਼ਖ਼ਰ-ਏ-ਕੌਮ’ ਨੂੰ ਕਿਉਂ ਨਹੀਂ ਦਿੰਦੇ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਇਹ ਦੱਸਣਯੋਗ ਹੈ ਕਿ ਜਿਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੀਕ੍ਰਿਆ ਚੱਲ ਰਹੀ ਸੀ ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਜੇ ਦਸੰਬਰ ਮਹੀਨੇ ਤੱਕ ਅਨੰਦ ਮੈਰਿਜ ਐਕਟ ਪਾਸ ਨਾ ਕੀਤਾ ਤਾਂ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਜਾ ਸਕਦਾ ਹੈ। ਗਿਆਨੀ ਅਲਵਰ ਨੇ ਕਿਹਾ ਵੈਸੇ ਤਾਂ ਦਸੰਬਰ ਦਾ ਮਹੀਨਾ ਲੰਘ ਚੁੱਕਾ ਹੈ, ਇਸ ਲਈ ਵੇਖਣਾ ਹੈ ਕਿ ਜਥੇਦਾਰ ਜੀ ਕੀ ਕਾਰਵਾਈ ਕਰਦੇ ਹਨ? ਪਰ ਪੰਥ ਦੀ ਸਿਰਮੌਰ ਹਸਤੀ ਹੋਣ ਦੇ ਨਾਤੇ ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਸ ਨੂੰ ਉਸ ਨੇ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇ ਵੱਡੇ ਵੱਡੇ ਅਵਾਰਡ ਦਿੱਤੇ ਹਨ, ਕਦੀ ਉਨ੍ਹਾਂ ਨੂੰ ਇਹ ਬੇਨਤੀ ਵੀ ਕਰਨ ਦੀ ਉਹ ਹਿੰਮਤ ਰੱਖਦੇ ਹਨ?

ਉਨ੍ਹਾਂ ਕਿਹਾ ਕਿ ਪੰਥ ਰਤਨ ਜੀ, ਜਿਸ ’ਤੇ ਸਾਰੀ ਕੌਮ ਫ਼ਖ਼ਰ ਕਰਦੀ ਹੈ, ਕੀ ਉਨ੍ਹਾਂ ਦਾ ਕੋਈ ਫਰਜ ਨਹੀਂ ਬਣਦਾ ਕਿ ਉਹ ਵੀ ਕਦੀ ਆਪਣੀ ਕੌਮ ਦਾ ਫ਼ਿਕਰ ਕਰ ਲਿਆ ਕਰਨ। ਪੰਥ ਰਤਨ ਜੀ ਚੌਥੀ ਵਾਰ ਪੰਜ ਸਾਲ ਰਾਜ ਕਰ ਗਏ ਹਨ ਕੀ ਉਨ੍ਹਾਂ ਦਾ ਫਰਜ ਨਹੀਂ ਸੀ ਬਣਦਾ ਕਿ ਉਹ ਇਸ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਦਾ ਕਿ ਸਿੱਖਾਂ ਲਈ ਵੱਖਰਾ ਅਨੰਦ ਮੈਰਿਜ ਐਕਟ ਪਾਸ ਕੀਤਾ ਜਾਵੇ। ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਜੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਅਕਾਲ ਤਖ਼ਤ ’ਤੇ ਬਿਰਾਜਮਾਨ ਹੋਏ ਜਥੇਦਾਰ ਖ਼ੁਦ ਇਨਸਾਫ਼ ਕਰਨਗੇ ਤਾਂ ਹੀ ਉਹ ਸੱਚਾ ਇੰਨਸਾਫ਼ ਕਰਨ ਵਾਲੇ ਅਕਾਲ ਪੁਰਖ਼ ਨਾਲ ਜੁੜ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top