Share on Facebook

Main News Page

ਦਸਮ ਗ੍ਰੰਥੀਆਂ ਦੀ ਸਾਜ਼ਿਸ਼ ਦਾ ਨਵਾਂ ਨਿਸ਼ਾਨਾ "ਸਰਬਜੀਤ ਸਿੰਘ ਧੂੰਦਾ"

* ਪ੍ਰੋ. ਧੂੰਦਾ ਅਤੇ ਸੁਚੇਤ ਪੰਥ ਦੋਹਾਂ ਲਈ ਦ੍ਰਿੜਤਾ ਅਤੇ ਗੰਭੀਰਤਾ ਨਾਲ ਫੈਸਲੇ ਲੈਣ ਦਾ ਵੇਲਾ

ਸਿੱਖ ਕੌਮ ਵਿਚ ‘ਤਖਤਾਂ’ ਦੇ ਨਾਮ ਤੇ ਪੈਦਾ ਹੋਈ ਸ਼ਰਧਾ ਦਾ ਫਾਇਦਾ ਉੱਠਾ ਕੇ ਜਥੇਦਾਰਾਂ ਦੇ ਰੂਪ ਵਿਚ ਬੈਠਾਈ ‘ਪੁਜਾਰੀ ਜਮਾਤ’ ਨਿੱਤ ਪੰਥ ਵਿਰੋਧੀ ਕੰਮਾਂ ਦੇ ਬਾਣਨੂੰ ਬਣਦੀ ਰਹਿੰਦੀ ਹੈ। ਇਨ੍ਹਾਂ ਪੁਜਾਰੀਆਂ ਦਾ ਇਕ ਮੁੱਖ ਕੰਮ ਸੁਚੇਤ ਹੋ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਭਾਵਸ਼ਾਲੀ ਪਰਚਾਰਕਾਂ ਵਿਰੁਧ ‘ਅਕਾਲ ਤਖਤ’ ਦੇ ਨਾਂ ਤੇ ‘ਕੂੜ ਨਾਮੇ’ ਜਾਰੀ ਕਰਨਾ ਹੈ। ਮੌਜੂਦਾ ਦੌਰ ਵਿਚ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਤੋਂ ਬਾਅਦ ਹੁਣ ਸਰਬਜੀਤ ਸਿੰਘ ਜੀ ਧੁੂੰਦਾ ਖਿਲਾਫ ਇਹ ‘ਵਕਤ ਵਿਹਾ ਚੁੱਕਾ ਹਥਿਆਰ’ ਵਰਤਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਕਦਮ ਵਜੋਂ ਕੁਝ ਦਸਮ ਗ੍ਰੰਥੀ ਕੂੜ ਦੇ ਹਿਮਾਇਤੀਆਂ ਵਲੋਂ ਕੀਤੀ ਗਈ ਸ਼ਿਕਾਇਤ ਦਾ ਬਹਾਨਾ ਬਣਾਕੇ ਪੁਜਾਰੀਆਂ ਨੇ ਪ੍ਰੋ. ਧੂੰਦਾ ਦੇ ਪ੍ਰਚਾਰ ਕਰਨ ਤੇ ਪਾਬੰਦੀ ਦਾ ‘ਫੋਕਾ ਫਤਵਾ’ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਅਪਣੀ ਕਚਿਹਰੀ ਵਿਚ ਸਪਸ਼ਟੀਕਰਨ ਦੇਣ ਲਈ ਸੱਦਿਆ ਹੈ।

ਪੁਜਾਰੀਵਾਦੀ ਧਿਰ (ਮੌਜੂਦਾ ਜਥੇਦਾਰੀ ਸਿਸਟਮ)

ਇਹ ਤਾਂ ਬਿਲਕੁਲ ਸਪਸ਼ਟ ਗੱਲ ਹੈ ਕਿ ਇਸ ਪੁਜਾਰੀਵਾਦੀ ਸਿਸਟਮ ਨੂੰ ਗੁਰਮਤਿ ਬਿਲਕੁਲ ਮਾਨਤਾ ਨਹੀਂ ਦਿੰਦੀ, ਬਲਕਿ ਇਸ ਦਾ ਭਰਪੂਰ ਖੰਡਨ ਕਰਦੀ ਹੈ। ਕੋਈ ਸੁਚੇਤ ਸਿੱਖ ਇਸ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦਾ। ਗੁਰਮਤਿ ਉਪਰੰਤ ਪੰਥ ਵਿਚ ਦੂਜੀ ਚੀਜ਼ ਜਿਹੜੀ ਪ੍ਰਵਾਨਿਤ ਪ੍ਰਚਾਰੀ ਜਾਂਦੀ ਹੈ, ਉਹ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੀ ਗਈ ‘ਸਿੱਖ ਰਹਿਤ ਮਰਿਯਾਦਾ’ ਹੈ। ਇਸ ਮਰਿਯਾਦਾ ਵਿਚ ਵੀ ਪੰਜ ‘ਜਥੇਦਾਰਾਂ’ ਦੀ ਕਚਿਹਰੀ ਦੇ ਮੌਜੂਦਾ ਅਕਾਲ ਤਖਤੀ (ਪੁਜਾਰੀਵਾਦੀ) ਸਿਸਟਮ ਨੂੰ ਕੋਈ ਮਾਨਤਾ ਨਹੀਂ ਦਿਤੀ ਗਈ। ਗੁਰਦੁਆਰਾ ਐਕਟ ਵਿਚ ਵੀ ਐਸੀ ਕੋਈ ਮਾਨਤਾ ਨਹੀਂ ਹੈ। ਸੋ ਸਪਸ਼ਟ ਹੈ ਕਿ ਮੌਜੂਦਾ ਸਮੇਂ ਵਿਚ ਪੁਜਾਰੀਆਂ ਦਾ ਕਚਿਹਰੀਨੂਮਾ ਅਕਾਲ ਤਖਤੀ ਸਿਸਟਮ ਗੁਰਮਤਿ ਵਿਰੋਧੀ ਅਤੇ ਗੈਰ-ਪ੍ਰਮਾਨਿਕ ਹੈ। ਸੋ ਕੋਈ ਵੀ ‘ਸੱਚਾ ਸਿੱਖ’ ਇਸ ਸਿਸਟਮ ਨੂੰ ਮਾਨਤਾ ਨਹੀਂ ਦੇ ਸਕਦਾ। ਸੁਚੇਤ ਪੰਥ ਜਦੋਂ ਤੱਕ ਇਸ ਸੱਚਾਈ ਨੂੰ ਦ੍ਰਿੜਤਾ ਨਾਲ ਅਮਲੀ ਰੂਪ ਵਿਚ ਅਪਣਾ ਨਹੀਂ ਲੈਂਦਾ, ਉਦੋਂ ਤੱਕ ਕਿਸੇ ਠੋਸ ਪ੍ਰਾਪਤੀ ਦੀ ਆਸ ਨਹੀਂ ਕੀਤੀ ਜਾ ਸਕਦੀ।

ਪ੍ਰੋ. ਸਰਬਜੀਤ ਸਿੰਘ ਧੂੰਦਾ

ਪ੍ਰੋ. ਧੂੰਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨਾਲ ਜੁੜੇ ਗੁਰਮਤਿ ਦੀ ਸੋਝੀ ਰੱਖਣ ਵਾਲੇ, ਇਕ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਕੁਝ ਸਮੇਂ ਤੱਕ ਉਹ ਜਾਗਰੂਕ ਪੰਥ ਵਿਚ ਇਕ ਮਸ਼ਹੂਰ ਪ੍ਰਚਾਰਕ ਵਜੋਂ ਆਪਣੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਹਨ। ਪਿੱਛਲੇ ਸਮੇਂ ਵਿਚ ਉਹਨਾਂ ਨੇ ਦੇਸ਼-ਵਿਦੇਸ਼ਾਂ ਵਿਚ ਪ੍ਰਚਾਰ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ ਹੈ। ਉਹਨਾਂ ਦਾ ਪ੍ਰਚਾਰ ਦਸਮ ਗ੍ਰੰਥੀ ਕੂੜ ਦੀ ਹਿਮਾੲਤੀ ਪੁਜਾਰਵਾਦੀ ਧਿਰਾਂ ਨੂੰ ਖਤਰਾ ਜਾਪ ਰਿਹਾ ਸੀ। ਸੋ ਉਹਨਾਂ ਨੇ ਅਕਾਲ ਤਖਤ ਦੇ ਨਾਂ ਤੇ ਪ੍ਰਚਲਿਤ ਪੁਜਾਰੀਵਾਦੀ ਸਿਸਟਮ ਦੀ ਵਰਤੋਂ ਕਰਕੇ ਇਸ ਪ੍ਰਚਾਰ ਨੂੰ ਰੋਕਨ ਲਈ ਇਹ ਕੋਸ਼ਿਸ਼ ਕੀਤੀ ਹੈ।

ਇਸ ਤੋਂ ਪਹਿਲਾਂ ਇਨ੍ਹਾਂ ਤਾਕਤਾਂ ਵਲੋਂ ਧੂੰਦਾ ਜੀ ਦੀ ਆਵਾਜ਼ ਵਿਚ ਇਕ ਨਕਲੀ ਆਡਿਉ ਇੰਟਰਨੈਟ ਤੇ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਵਾਲ ਬਹੁਤ ਅਹਿਮ ਹੈ ਕਿ ਪ੍ਰੋ. ਧੂੰਦਾ ਪੁਜਾਰੀਆਂ ਦੇ ਇਸ ਹਮਲੇ ਦਾ ਸਾਹਮਣਾ ਕਿੰਝ ਕਰਦੇ ਹਨ? ਸਾਰੀਆਂ ਸੁਚੇਤ ਧਿਰਾਂ ਵਲੋਂ ਉਨ੍ਹਾਂ ਨੂੰ ਪੁਜਾਰੀਆਂ ਦੇ ਇਸ ਕੂੜ-ਨਾਮੇ ਖਿਲਾਫ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਪਰ ਅਹਿਮ ਗੱਲ ਇਹ ਹੈ ਕਿ ਉਹਨਾਂ ਦਾ ਅਪਣਾ ਸਟੈਂਡ ਇਸ ਵਿਸ਼ੇ ਤੇ ਕੀ ਹੋਵੇਗਾ?

ਉਨ੍ਹਾਂ ਨੂੰ ਇਸ ਮੀਡੀਆ ਰਾਹੀਂ ਅਨੇਕਾਂ ਸਲਾਹਾਂ ਦਿਤੀਆਂ ਜਾ ਰਹੀਆਂ ਹਨ। ਪਰ ਉਹਨਾਂ ਦਾ ਇਸ ਕੂੜ-ਨਾਮੇ ਬਾਰੇ ਆਪ ਕੋਈ ਬਿਆਨ ਨਹੀਂ ਆਇਆ, ਕਿ ਉਹ ਕੀ ਸਟੈਂਡ ਲੈਣਗੇ। ਉਹਨਾਂ ਦਾ ਇਸ ਸਟੈਂਡ ‘ਪੁਨਰਜਾਗਰਨ ਲਹਿਰ’ ਲਈ ਬਹੁਤ ਮਾਇਨੇ ਰੱਖਦਾ ਹੈ। ਇਸ ਵਿਸ਼ੇ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਬਿਆਨ ਵੀ ਮੌਜੂਦਾ ਪੁਜਾਰੀਵਾਦੀ ਅਕਾਲ ਤਖਤੀ ਸਿਸਟਮ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਵਲੋਂ ਪੁਜਾਰੀਆਂ ਨੂੰ ‘ਮੁੱਖ ਸੇਵਾਦਾਰ’ ਮੰਨ ਕੇ ਬੇਨਤੀਆਂ ਕਰਨ ਦੀ ਪਹੁੰਚ, ਇਹ ਦਰਸਾਉਂਦੀ ਹੈ ਕਿ ਮਿਸ਼ਨਰੀ ਕਾਲਜ ਆਪਣਾ ਗੁਰਮਤਿ ਵਿਰੋਧੀ ਸਟੈਂਡ ਹੁਣ ਵੀ ਬਦਲਣ ਦੇ ਮੂਡ ਵਿਚ ਨਹੀਂ ਹਨ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਕੁ ਹਫਤੇ ਪਹਿਲਾਂ ਪ੍ਰੋ. ਧੁੰਦਾ ਦੀ ਅਵਾਜ਼ ਦੀ ਨਕਲ ਕਰਕੇ ਦਸਮ ਗ੍ਰੰਥੀ ਰਚਨਾ ‘ਜਾਪ’ ਦਾ ਖੰਡਨ ਕਰਦੀ ਇਕ ਆਡਿਉ ਚਰਚਾ ਵਿਚ ਸੀ। ਇਸ ਆਡਿਉ ਨੂੰ ਆਧਾਰ ਬਣਾ ਕੇ ਦਸਮ ਗ੍ਰੰਥੀ ਧਿਰਾਂ ਨੇ ਉਹਨਾਂ ਖਿਲਾਫ ਪ੍ਰਚਾਰ ਸ਼ੁਰੂ ਕਰ ਦਿਤਾ, ਕਿ ਧੁੰਦਾ ਤਾਂ ਸਿੱਖ ਰਹਿਤ ਮਰਿਯਾਦਾ ਨੂੰ ਵੀ ਨਹੀਂ ਮੰਨਦਾ ਅਤੇ ‘ਜਾਪ ਸਾਹਿਬ’ ਦੀ ਖਿਲਾਫਤ ਕਰਦਾ ਹੈ। ਇਸ ਪ੍ਰਚਾਰ ਦੇ ਅਸਰ ਹੇਠ ਪ੍ਰੋ. ਧੁੰਦਾ ਵਲੋਂ ਇਕ ਸਪਸ਼ਟੀਕਰਨ ਦਿਤਾ ਗਿਆ ਸੀ ਜੋ ਗੁਰਮਤਿ ਦੇ ਉਲਟ ਅਤੇ ਆਪਾ ਵਿਰੋਧ ਦਾ ਨਮੂਨਾ ਸੀ। ਇਸ ਸੱਚਾਈ ਤੋਂ ਹਰ ਇਮਾਨਦਾਰ ਸੁਚੇਤ ਸਿੱਖ ਵਾਕਿਫ ਹੈ ਕਿ ‘ਪੰਥ ਪ੍ਰਵਾਨਿਕਤਾ’ ਮਿਸ਼ਨਰੀ ਕਾਲਜਾਂ ਅਤੇ ਕਈਂ ਹੋਰ ਸੁਚੇਤ ਪ੍ਰਚਾਰਕਾਂ ਦੀ ਇਕ ‘ਵੱਡੀ ਕਮਜ਼ੋਰੀ’ ਬਣ ਚੁੱਕੀ ਹੈ। ਦਸਮ ਗ੍ਰੰਥੀ ਉਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ, ਉਹਨਾਂ ਨੂੰ ਗੁਰਮਤਿ ਵਿਰੋਧੀ ਸਟੈਂਡ ਲੈਂਦੇ ਬਿਆਨ ਦੇਣ ਲਈ ਜਾਲ ਵਿਚ ਅਕਸਰ ਫਸਾ ਲੈਂਦੇ ਹਨ। ‘ਨਕਲੀ ਆਡਿਉ’ ਦੇ ਅਸਰ ਹੇਠ ਪ੍ਰੋ. ਧੂੰਦਾ ਵਲੋਂ ਦਿਤਾ ਸਵੈ ਵਿਰੋਧੀ ਅਤੇ ਗੁਰਮਤਿ ਉਲਟ ਸਪਸ਼ਟੀਕਰਨ ਇਸੇ ਜਾਲ ਵਿਚ ਫਸ ਜਾਣ ਦੀ ਇਕ ਤਾਜ਼ਾ ਮਿਸਾਲ ਸੀ। ਆਉ ਇਸ ਬਾਰੇ ਥੋੜੀ ਪੜਚੋਲ ਕਰਦੇ ਹਾਂ ਤਾਂ ਕਿ ਗੱਲ ਵਧੇਰੇ ਸਪਸ਼ਟ ਹੋ ਸਕੇ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕਿਸੇ ਦੀ ਵੀ ਨਕਲੀ ਆਡਿਉ ਬਣਾ ਕੇ ਉਸ ਬਾਰੇ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼, ਇਕ ਕੁ-ਕਰਮ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਹਰ ਸੁਚੇਤ ਸਿੱਖ ਇਸ ਸੱਚਾਈ ਤੋਂ ਵਾਕਿਫ ਹੈ, ਕਿ ਪੰਥ ਪ੍ਰਵਾਨਿਤ ਕਹੀ ਜਾਂਦੀ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚ ਅਨੇਕਾਂ ਗੱਲਾਂ ਗੁਰਮਤਿ ਤੋਂ ਉਲਟ ਹਨ। ਲਗਭਗ ਸਾਰੇ ਸੁਚੇਤ ਪ੍ਰਚਾਰਕ ਅੰਦਰਖਾਤੇ ਇਹ ਸੱਚਾਈ ਮੰਨਦੇ ਵੀ ਹਨ। ਪਰ ਇਹਨਾਂ ਵਿਚੋਂ ਕਈ ਸੁਚੇਤ ਪ੍ਰਚਾਰਕ ਅਤੇ ਧਿਰਾਂ ਜਨਤਕ ਤੌਰ ਤੇ ਇਸ ਮਰਿਯਾਦਾ ਦੇ ਸੁਧਾਰ ਦੀ ਗੱਲ ਕਰਨ ਦੀ ਥਾਂ, ਇਸ ਨੂੰ ਸਮਰਪਿਤ ਹੋਣ ਦਾ ਸਟੈਂਡ ਲੈਣ ਦੀ ਹਿਮਾਇਤ ਕਰਦੇ ਹਨ। ਅੰਦਰਖਾਤੇ ਕਮੀਆਂ ਨੂੰ ਮੰਨਣਾ ਅਤੇ ਜਨਤਕ ਤੌਰ ਤੇ ਉਹਨਾਂ ਕਮੀਆਂ ਨੂੰ ਮਾਨਤਾ ਦੇਣ ਦੀ ਇਹ ਪਹੁੰਚ ‘ਮਨ ਹੋਰ ਮੁੱਖ ਹੋਰ’ ਦੀ ਪਹੁੰਚ ਹੈ, ਕੋਈ ‘ਚੰਗੀ ਨੀਤੀ’ ਨਹੀਂ।

‘ਨਕਲੀ ਆਡਿਉ’ ਬਾਰੇ ਪ੍ਰੋ. ਧੂੰਦਾ ਦਾ ਸਪਸ਼ਟੀਕਰਨ ਵੀ ਇਸੇ ਪਹੁੰਚ ਦਾ ਨਤੀਜਾ ਹੈ। ਉਹਨਾਂ ਨੇ ਦਸਮ ਗ੍ਰੰਥੀ ਧਿਰਾਂ ਦੇ ਵਿਛਾਏ ਜਾਲ ਵਿਚ ਫਸਦੇ ਹੋਏ ਇਸ ਸਪਸ਼ਟੀਕਰਨ ਰਾਹੀਂ ਇਕ ਵਾਰ ਫੇਰ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਪ੍ਰੋੜਤਾ ਕਰਦੇ ਹੋਏ ‘ਪੰਥ ਪ੍ਰਵਾਨਿਤ’ ਦਸਮ ਗ੍ਰੰਥੀ ਕੱਚੀਆਂ ਰਚਨਾਵਾਂ ਨੂੰ ‘ਦਸ਼ਮੇਸ਼ ਪਾਤਸ਼ਾਹ’ ਜੀ ਦੇ ਨਾਮ ਨਾਲ ਜੋੜਣ ਦੇ ਕੁ-ਕਰਮ ਦੀ ਹਿਮਾਇਤ ਕਰ ਦਿਤੀ ਹੈ। ਉਹਨਾਂ ਨੇ ਆਪਣੇ ਇਸ ਸਪਸ਼ਟੀਕਰਨ ਰਾਹੀਂ ਜਿਥੇ ਇਕ ਪਾਸੇ ਮੌਜੂਦਾ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣ ਦੀ ਗੱਲ ਕੀਤੀ ਹੈ, ਉਥੇ ਦੂਜੇ ਪਾਸੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ‘ਨਿਰੋਲ ਗੁਰਮਤਿ’ ਅਨੁਸਾਰ ਪ੍ਰਚਾਰ ਕਰਨ ਦਾ ਜਤਨ ਕਰਦੇ ਹਨ। ਇਹ ‘ਆਪਾ-ਵਿਰੋਧ’ (ਦੁਬਿਧਾ) ਤੋਂ ਵੱਧ ਕੁਝ ਨਹੀਂ, ਕਿਉਂਕਿ ਉਹਨਾਂ ਸਮੇਤ ਹਰ ਸੁਚੇਤ ਸਿੱਖ ਇਹ ਮੰਨਦਾ ਹੈ ਕਿ ਮੌਜੂਦਾ ਰਹਿਤ ਮਰਿਯਾਦਾ ਨਿਰੋਲ ਗੁਰਮਤਿ ਅਨੁਸਾਰੀ ਨਹੀਂ, ਬਲਕਿ ਕਈਂ ਥਾਂ ਗੁਰਮਤਿ ਤੋਂ ਉਲਟ ਹੈ। ਇਕ ਮਿਸਾਲ ਵਜੋਂ ਇਹ ਮਰਿਯਾਦਾ ‘ਰਾਗਮਾਲਾ’ ਅਤੇ ‘ਚੰਡੀ ਪੂਜਾ’ ਦੀ ਹਿਮਾਇਤ ਕਰਦੀ ਹੈ।

ਇਸ ਨਕਲੀ ਆਡਿਉ ਦੇ ਵਿਰੋਧ ਵਿਚ ਜੇ ਪ੍ਰੋ. ਧੂੰਦਾ ਸਿਰਫ ਇਤਨਾ ਸਪਸ਼ਟੀਕਰਨ ਦੇ ਦੇਂਦੇ ਕਿ “ਇਹ ਆਡਿਉ ਨਕਲੀ ਹੈ ਅਤੇ ਇਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ” ਤਾਂ ਇਹ ਬਹੁਤ ਸਟੀਕ ਅਤੇ ਸੱਚ ਹੋਣਾ ਸੀ। ਪਰ ਮੌਜੂਦਾ ਰਹਿਤ ਮਰਿਯਾਦਾ ਪ੍ਰਤੀ ਬੇਲੋੜਾ ਗੁਰਮਤਿ ਵਿਰੋਧੀ ਪਿਆਰ, ਐਸੇ ਪ੍ਰਚਾਰਕਾਂ ਨੂੰ ‘ਗੁਰਮਤਿ ਅਤੇ ਆਪਾ ਵਿਰੋਧੀ’ ਸਟੈਂਡ ਲੈਣ ਲਈ ਵਾਰ ਵਾਰ ਮਜਬੂਰ ਕਰ ਰਿਹਾ ਹੈ। ਪਤਾ ਨਹੀਂ ਐਸੇ ਸੁਚੇਤ ਪ੍ਰਚਾਰਕਾਂ ਦਾ ਇਹ ਆਪਾ ਵਿਰੋਧ ਅਤੇ ਦੁਬਿਧਾ ਕਦੋਂ ਖਤਮ ਹੋਵੇਗੀ? ਖਤਮ ਹੋਵੇਗੀ ਵੀ ਜਾਂ ਨਹੀਂ?

ਕੁੱਝ ਸਮਾਂ ਪਹਿਲਾਂ ਅਪਣਾਈ ਪਹੁੰਚ ਨੂੰ ਵੇਖਣ ਤੋਂ ਬਾਅਦ, ਤਾਂ ਇਹ ਆਸ ਨਹੀਂ ਲਗਦੀ ਕਿ ਪ੍ਰੋ. ਧੁੰਦਾ ਪੁਜਾਰੀਆਂ ਵਲੋਂ ਅਪਣੇ ਖਿਲਾਫ ਆਏ ਇਸ ‘ਕੂੜ-ਨਾਮੇ’ ਖਿਲਾਫ ਸਹੀ ਅਤੇ ਦ੍ਰਿੜ ਸਟੈਂਡ ਲੈ ਸਕਣਗੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਉਨ੍ਹਾਂ ਦੇ ਆਸ ਪਾਸ ਵਾਲਿਆਂ ਦੇ ਆ ਰਹੇ ਬਿਆਨ ਵੀ ਇਹੀ ਇਸ਼ਾਰਾ ਕਰ ਰਹੇ ਹਨ। ਪਰ ਜੇ ਉਹ ਐਸਾ ਕਰਨ ਦੀ ਹਿੰਮਤ ਕਰ ਸਕੇ ਤਾਂ ਇਹ ਪੁਨਰਜਾਗਰਨ ਲਹਿਰ ਲਈ ਇਕ ਬਹੁਤ ਸਹੀ ਅਤੇ ਮਜ਼ਬੂਤ ਕਦਮ ਹੋਵੇਗਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੁਜਾਰੀਆਂ ਸਾਹਮਣੇ ਕਿਸੇ ਵੀ ਰੂਪ ਵਿਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮਨ ਬਣਾ ਕੇ ਇਸ ਗੁਰਮਤਿ ਵਿਰੋਧੀ ‘ਪੁਜਾਰੀਵਾਦੀ ਸਿਸਟਮ’ ਨੂੰ ਮਾਨਤਾ ਨਾ ਦੇਣ। ਉਹ ਗੁਰਮਤਿ ਅਤੇ ਸੰਗਤਾਂ ਸਾਹਮਣੇ ਜਵਾਬਦੇਹ ਹਨ, ਅਤੇ ਇਸ ਪ੍ਰਤੀ ਉਹ ਮੀਡੀਆ ਰਾਹੀਂ ਸਪਸ਼ਟੀਕਰਨ ਦੇ ਹੀ ਚੁੱਕੇ ਹਨ। ਸੋ ਪੁਜਾਰੀਆਂ ਦੀ ਕਚਿਹਰੀ ਵਿਚ ਕਿਸੇ ਸਪਸ਼ਟੀਕਰਨ ਦੀ ਗੱਲ ਗੁਰਮਤਿ ਨੂੰ ਬੇਦਾਵਾ ਹੀ ਮੰਨਿਆ ਜਾਵੇਗਾ। ਤੱਤ ਗੁਰਮਤਿ ਪਰਿਵਾਰ ਦੀ ਉਹਨਾਂ ਨੂੰ ਸਲਾਹ ਹੈ ਕਿ ਉਹ ‘ਅਕਾਲ ਤਖਤ’ ਦੇ ਨਾਮ ਤੇ ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਦਾ ਸਟੈਂਡ ਲੈਣ ਦੀ ਥਾਂ, ਇਸ ਪੁਜਾਰੀਵਾਦੀ ਸਿਸਟਮ ਨੂੰ ਮਾਨਤਾ ਨਾਹ ਦੇਣ ਸੰਬੰਧੀ ਸਟੈਂਡ ਲੈ ਕੇ ਸੱਚਾਈ ਅਤੇ ਦ੍ਰਿੜਤਾ ਦਾ ਸਬੂਤ ਦੇਣ। ਉਨ੍ਹਾਂ ਦਾ ਐਸਾ ਕਦਮ ‘ਜਾਗਰੂਕਤਾ ਲਹਿਰ’ ਨੂੰ ਵੱਡਾ ਬਲ ਬਖਸ਼ੇਗਾ।

ਪਾਠਕਾਂ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦਾ ਘਟਨਾਕ੍ਰਮ ਯਾਦ ਹੀ ਹੋਵੇਗਾ। ਜਦੋਂ ਪੁਜਾਰੀਆਂ ਵਲੋਂ ਦਰਸ਼ਨ ਸਿੰਘ ਜੀ ਨੂੰ ਅਪਣੀ ਕਚਿਹਰੀ ਵਿਚ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤਾ ਗਿਆ ਤਾਂ ਸ਼ਾਇਦ ਪਰਿਵਾਰ ਹੀ ਇਕ ਐਸਾ ਮੰਚ ਸੀ ਜਿਸ ਨੇ ਉਹਨਾਂ ਨੂੰ ਸਲਾਹ ਦਿਤੀ ਸੀ ਕਿ ਪੁਜਾਰੀਆਂ ਸਾਹਮਣੇ ਕਿਸੇ ਵੀ ਰੂਪ ਵਿਚ ਪੇਸ਼ ਹੋਣਾ ਉਹਨਾਂ ਦੀ ਹੋਂਦ ਨੂੰ ਮਾਨਤਾ ਦੇਣਾ ਹੈ, ਸੋ ਉਹਨਾਂ ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਇਸ ਸਲਾਹ ਕਾਰਨ ਪ੍ਰੋ. ਜੀ ਦੇ ਕਈਂ ਸਮਰਥਕ ਪਰਿਵਾਰ ਨਾਲ ਨਰਾਜ ਵੀ ਹੋ ਗਏ ਸਨ। ਉਸ ਸਮੇਂ ਪ੍ਰੋ. ਜੀ ਇਹਨਾਂ ਪੁਜਾਰੀਆਂ ਸਾਹਮਣੇ ਪੇਸ਼ ਹੋਣ ਲਈ ਚਲੇ ਗਏ ਸਨ ਇਸ ਸ਼ਰਤ ਨਾਲ ਕਿ ਉਹ ਉਹਨਾਂ ਦੇ ਕਮਰੇ ਵਿਚ ਨਹੀਂ, ਖੁੱਲੀ ਸੰਗਤ ਵਿਚ ਪੇਸ਼ ਹੋਣਗੇ। ਉਸ ਸਮੇਂ ਉਹਨਾਂ ਦੀ ਸੋਚ ਇਹ ਸੀ ਕਿ ਇਹ ਪੰਜੇ ‘ਮੁੱਖ ਸੇਵਾਦਾਰ’ (ਜਾਂ ਜਥੇਦਾਰ) ਹਨ, ਪੁਜਾਰੀ ਨਹੀਂ।

ਪਰ ਹੁਣ ਚੰਦ ਕੁ ਦਿਨ ਪਹਿਲਾਂ ਇਨ੍ਹਾਂ ਵਲੋਂ ਬਾਦਲ ਨੂੰ ‘ਫਖ਼ਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦੇਣ ਦੇ ਚਾਪਲੂਸੀ ਭਰੇ ਕੁ-ਕਰਮ ਦੇ ਸੰਦਰਭ ਵਿਚ ਪ੍ਰੋ. ਦਰਸ਼ਨ ਸਿੰਘ ਜੀ ਦਾ ਇਕ ਬਿਆਨ ਆਇਆ ਹੈ ਜਿਸ ਵਿਚ ਉਹਨਾਂ ਨੇ ਇਹ ਸੱਚ ਕਬੂਲ ਕੀਤਾ ਹੈ ਕਿ ‘ਇਹ ਜਥੇਦਾਰ ਨਹੀਂ, ਪੁਜਾਰੀ ਹਨ। ਲੋਕਾਂ ਨੂੰ ਇਹਨਾਂ ਨੂੰ ਜਥੇਦਾਰ (ਮੁੱਖ ਸੇਵਾਦਾਰ) ਨਹੀਂ, ਪੁਜਾਰੀ ਸਮਝਣਾ ਚਾਹੀਦਾ ਹੈ’। ਪਰਿਵਾਰ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਸ ਸੱਚ ਨੂੰ ਕਬੂਲਣ ਦੀ ਪਹੁੰਚ ਦਾ ਸਵਾਗਤ ਕਰਦਾ ਹੋਇਆ, ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹ ਸੱਚ ਬਿਆਨਾਂ ਤੋਂ ਅੱਗੇ, ਅਮਲੀ ਤੌਰ ਤੇ ਵੀ ਅਪਣਾ ਲਿਆ ਜਾਵੇ ਤਾਂ ‘ਸੋਨੇ ਤੇ ਸੁਹਾਗੇ’ ਵਾਲੀ ਗੱਲ ਹੋਵੇਗੀ। ਇਹ ‘ਮੁੱਖ ਸੇਵਾਦਾਰ (ਜਥੇਦਾਰ) ਨਹੀਂ, ਪੁਜਾਰੀ ਹਨ ਅਤੇ ਮੌਜੂਦਾ ਅਕਾਲ ਤਖਤੀ ਸਿਸਟਮ ਇਕ ਪੁਜਾਰੀਵਾਦੀ ਸਿਸਟਮ ਹੈ’, ਸਾਰੀਆਂ ਸੁਚੇਤ ਧਿਰਾਂ ਇਸ ਸੱਚਾਈ ਨੂੰ ਜਿਤਨੀ ਜਲਦੀ ਅਮਲੀ ਤੌਰ ਤੇ ਅਪਣਾ ਲੈਣ ਉਤਨਾ ਹੀ ਚੰਗਾ ਹੈ।

ਸੁਚੇਤ ਪੰਥ

ਸੁਚੇਤ ਪੰਥ ਲਈ ਇਹ ਮੌਕਾ ਬਹੁਤ ਅਹਿਮ ਹੈ। ਲੋੜ ਹੈ ਇਸ ਸਮੇਂ ਇਕ ਸਾਂਝੇ ਮੰਚ ਰਾਹੀਂ ਇਸ ਪੁਜਾਰੀਵਾਦੀ ਸਿਸਟਮ ਨੂੰ ਮਾਤ ਦੇਣ ਲਈ ਇਕ ‘ਠੋਸ ਐਕਸ਼ਨ’ ਪਲਾਨ ਤਿਆਰ ਕੀਤਾ ਜਾਵੇ। ਇਸ ਕੰਮ ਦੀ ਸ਼ੁਰੂਆਤ ਲਈ ਕੁਝ ਪੰਥ ਦਰਦੀ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾਈ ਜਾ ਸਕਦੀ ਹੈ।

ਇਹ ਸੱਚਾਈ ਹੁਣ ਅਮਲੀ ਤੌਰ ਤੇ ਅਪਣਾ ਲੈਣੀ ਚਾਹੀਦੀ ਹੈ ਕਿ ‘ਅਕਾਲ ਤਖਤ’ ਦੇ ਨਾਂ ਤੇ ਚਲ ਰਿਹਾ ਮੌਜੂਦਾ ਸਿਸਟਮ ‘ਪੁਜਾਰੀਵਾਦ’ ਹੈ ਅਤੇ ਇਸ ਨੂੰ ਕਿਸੇ ਵੀ ਰੂਪ ਵਿਚ ਮਾਨਤਾ ਨਹੀਂ ਦਿਤੀ ਜਾ ਸਕਦੀ। ਇਹ ਕਮੇਟੀ ‘ਗੁਰਮਤਿ’ ਦੀ ਅਗਵਾਈ ਵਿਚ ਠੋਸ ਐਕਸ਼ਨ ਪਲਾਨ ਤਿਆਰ ਕਰੇ ਅਤੇ ਉਸ ਪਲਾਨ ਨੂੰ ਸੁਚੇਤ ਪੰਥਕ ਧਿਰਾਂ ਦੇ ਨੁਮਾਇੰਦਿਆਂ ਸਾਹਮਣੇ ਰੱਖਿਆ ਜਾਵੇ। ਫੇਰ ਉਸ ਨੂੰ ਅਪਣਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇ।

ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ‘ਕੂੜਨਾਮਾ’ ਜ਼ਾਰੀ ਹੋਣ ਦੇ ਘਟਨਾਕ੍ਰਮ ਵੇਲੇ ਵੀ ਐਸਾ ਠੋਸ ਪਲਾਨ ਅਪਨਾਉਣ ਲਈ ਇਕ ਵਧੀਆ ਮਾਹੌਲ ਤਿਆਰ ਹੋ ਗਿਆ ਸੀ, ਪਰ ਸੁਚੇਤ ਧਿਰਾਂ ਦੇ ਅਵੇਸਲੇਪਨ ਅਤੇ ਕੁਝ ਹੋਰ ਕਾਰਨਾਂ ਕਰਕੇ ਇਸ ਦਾ ਫਾਇਦਾ ਨਹੀਂ ਉਠਾਇਆ ਜਾ ਸਕਿਆ। ਮੌਜੂਦਾ ਅਵਸਰ ਨੂੰ ਕਿਸੇ ਵੀ ਹਾਲਾਤ ਵਿਚ ਗੰਵਾ ਲੈਣਾ ਬਹੁਤ ਨੁਕਸਾਨਦਾਇਕ ਹੋਵੇਗਾ।

ਅੰਤਿਕਾ

ਗੁਰਮਤਿ ਦੀ ਰੋਸ਼ਨੀ ਵਿਚ ‘ਪੁਜਾਰੀਵਾਦ’ ਵਿਰੁਧ ਲਏ ਅਪਣੇ ਸਟੈਂਡ ਅਨੁਸਾਰ, ਪਰਿਵਾਰ ਪੁਜਾਰੀਆਂ ਦੀ ਹਸਤੀ ਅਤੇ ਉਹਨਾਂ ਵਲੋਂ ਪ੍ਰੋ. ਧੂੰਦਾ ਖਿਲਾਫ ਜਾਰੀ ਕੀਤੇ ਆਦੇਸ਼ ਨੂੰ ਟਿੱਚ ਜਾਣਦੇ ਹੋਏ ਇਹ ਐਲਾਨ ਕਰਦਾ ਹੈ, ਕਿ ਅਪਣੇ ਅਗਲੇ ਸਮਾਗਮ ਵਿਚ ਪ੍ਰੋ. ਧੂੰਦਾ ਨੂੰ ਸਟੇਜ ਤੋਂ ਕਥਾ ਕਰਵਾਉਣ ਦਾ ਸੱਦਾ ਭੇਜੇਗਾ। ਨਾਲ ਹੀ ਪਰਿਵਾਰ ਪ੍ਰੋ. ਧੁੰਦਾ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਉਹ ਪੁਜਾਰੀਆਂ ਦੀ ਕਚਿਹਰੀ ਵਿਚ ਕਿਸੇ ਵੀ ਤਰਾਂ ਪੇਸ਼ ਹੋਣ ਦੀ ਥਾਂ, ਇਸ ਪੁਜਾਰੀਵਾਦੀ ਸਿਸਟਮ ਨੂੰ ਰੱਦ ਕਰਨ ਦਾ ਮਜ਼ਬੂਤ ਅਤੇ ਸਹੀ ਸਟੈਂਡ ਲੈਣ। ਸੁਚੇਤ ਧਿਰਾਂ ਨੂੰ ਵੀ ਬੇਨਤੀ ਹੈ ਕਿ ਇਸ ਗੁਰਮਤਿ ਵਿਰੋਧੀ ਸਿਸਟਮ ਖਿਲਾਫ ਇਕ ਮਜ਼ਬੂਤ ਲੜਾਈ ਲੜਣ ਲਈ, ਸਾਂਝੇ ਤੌਰ ਤੇ ਇਕ ਠੋਸ ਐਕਸ਼ਨ ਪਲਾਨ ਤਿਆਰ ਕਰਨ ਦਾ ਜਤਨ ਇਕਮੁੱਠ ਹੋ ਕੇ ਕੀਤਾ ਜਾਵੇ। ਗੱਲ ਸਿਰਫ ਬਿਆਨਾਂ ਤੱਕ ਹੀ ਸੀਮਿਤ ਨਾ ਰਹੇ, ਅਮਲੀ ਤੌਰ ਤੇ ਵੀ ਕੁਝ ਕਰਨ ਦਾ ਹੀਲਾ ਵਸੀਲਾ ਅਰੰਭਿਆ ਜਾਵੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top