Share on Facebook

Main News Page

ਅੱਜ ਦਾ ਸਿੱਖ ਇੱਕ ਜਾਗਰੂਕ ਸਿੱਖ ਬਣ ਚੁੱਕਾ ਹੈ, ਉਹ ਚੰਗੇ ਮਾੜੇ ਦੀ ਖ਼ੁਦ ਪਰਖ਼ ਕਰ ਸਕਦਾ ਹੈ

ਸਤਿਕਾਰ ਯੋਗ ਮੁਖ ਸੇਵਾਦਾਰ
ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ

ਅਸੀਂ (ਨਾਚੀਜ਼, ਗੁਰੂ ਦੇ ਕੂਕਰ) ਸਮੂਹ ਮੈਬਰਾਂਨ ‘‘ਅਖੌਤੀ ਸੰਤਾਂ ਦੇ ਕੌਤਕ’’(ਜਿਸ ਪਰਿਵਾਰ ਦੀ ਗਿਣਤੀ ੪੦,੦੦੦ ਤੋਂ ਉੱਪਰ ਹੈ, ਅਤੇ ਸਾਰੇ ਹੀ ਵੀਰ ਭੈਣ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਸਰਬ ਪਰਵਾਨਿਤ ਰਹਿਤ ਮਰਿਆਦਾ ਉੱਤੇ ਪਹਿਰਾ ਦੇ ਰਹੇ ਹਾਂ, ਅਤੇ ਵਿਗਿਆਨ ਦੇ ਆਧੁਨਿਕ ਮਾਧਿਅਮ ਇੰਟਰਨੈੱਟ ਰਾਹੀ ਅਤੇ ਜ਼ਮੀਨੀ ਪੱਧਰ ਤੇ ਹੋਰਾਂ ਨੂੰ ਵੀ ਇਸ ਰਹਿਤ ਮਰਿਆਦਾ ਅਧੀਨ ਲਿਆਉਣ ਲਈ ਪ੍ਰੇਰਦੇ ਰਹਿੰਦੇ ਹਾਂ।) ਆਪ ਜੀ ਦੇ ਕੀਮਤੀ ਸਮੇਂ ਵਿਚੋਂ ਥੋੜਾ ਸਮਾਂ ਲੈ ਕੇ ਆਪ ਜੀ ਦਾ ਧਿਆਨ ਮੋਜੂਦਾ ਸਮੇਂ ਪੈਦਾ ਹੋਏ ਇਕ ਨਵੇ ਪੰਥਕ ਮਸਲੇ ਤੇ ਦਿਵਾਉਣਾ ਚਾਹੁੰਦੇ ਹਾਂ ਜੀ।

ਅਸੀਂ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਹਮੇਸ਼ਾ ਹੀ ਇਹ ਉਡੀਕਦੇ ਰਹਿੰਦੇ ਹਾਂ ਕਿ ਕੋਈ ਸਾਡੇ ਗੁਰੂਆਂ ਦੀ ਧਰਤੀ ਪੰਜਾਬ ਅਤੇ ਸਿਖਾਂ ਦੇ ਮੱਕੇ ਕਹੇ ਜਾਣ ਵਾਲੇ ਸਾਡੇ ਸੱਭ ਤੋ ਪਿਆਰੇ ਅਤੇ ਸਤਿਕਾਰੇ ਜਾਂਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਮਤਿ ਦਾ ਸੁਨੇਹਾ ਲੈ ਕੇ ਆਵੇ। ਸਾਡੇ ਕੋਲ ਵਿਦੇਸ਼ਾਂ ਵਿਚ ਜੋ ਵੀ ਪ੍ਰਚਾਰਕ ਮਾਨਵਤਾ ਦੇ ਗੁਰੂ ਸਾਹਿਬਾਨਾ, ਸਹੀਦਾਂ, ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਲੜ ਲਾਉਣ ਆਉਦਾ ਹੈ ਅਸੀਂ ਉਸ ਨੂੰ ਤਹਿ ਦਿਲੋਂ ਜੀ ਆਇਆ ਕਹਿੰਦੇ ਹਾਂ। ਅਜਿਹੇ ਹੀ ਪ੍ਰਚਾਰਕਾਂ ਵਿਚੋਂ ਭਾਈ ਸਰਬਜੀਤ ਸਿੰਘ ਜੀ ਧੂੰਦਾ (ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ) ਤੋਂ ਹਨ ਜੋ ਕੀ ਸਮੇਂ ਸਮੇਂ ਤੇ ਸੰਗਤਾਂ ਨੂੰ ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਦੇ ਰਹਿੰਦੇ ਹਨ। ਦੇਸ਼ਾਂ ਵਿਦੇਸ਼ਾਂ ਵਿਚ ਇਨ੍ਹਾਂ ਦੀ ਕਥਾ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵੀਰ ਦੇ ਪਰਚਾਰ ਸਦਕਾ ਹੀ ਸਾਡੇ ਵਿਚੋਂ ਕਈ ਵੀਰ ਪਤਿਤਪੁਣਾ, ਨਸ਼ਾ ਆਦਿ ਵਰਗੀਆਂ ਬੁਰਾਈਆਂ ਤਿਆਗ ਕੇ ਸਿਖੀ ਦੀ ਮੁਖ ਧਾਰਾ ’ਚ ਵਾਪਸ ਮੁੜੇ ਹਨ।

ਪਿਛਲੇ ਦਿਨੀ ਆਪ ਜੀ ਦੇ ਮੁਖੋਂ ਸਾਡੇ ਸਭ ਤੋ ਪਿਆਰੇ ਅਤੇ ਸਤਿਕਾਰੇ ਜਾਂਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਤੋਂ ਇਕ ਸੰਦੇਸ਼ ਸੁਨਣ ਨੂੰ ਮਿਲਿਆ ਜੋ ਕੀ ਸਮੁਚੀ ਕੌਮ ਦੀ ਹੈਰਾਨੀ ਅਤੇ ਪਰੇਸ਼ਾਨੀ ਦਾ ਕਾਰਣ ਬਣਿਆ ਹੋਇਆ ਹੈ। ਇਹ ਸੰਦੇਸ਼ ਵੀਰ ਧੂੰਦਾ ਜੀ ਨਾਲ ਸੰਬੰਧਿਤ ਸੀ। ਜਿਸ ਦੀ ਤੁਹਾਡੇ ਕੋਲ ਇਕ ਵੀਡੀਓ ਕੱਟ ਵੱਢ ਕੇ ਪੇਸ਼ ਕੀਤੀ ਗਈ ਸੀ। ਸਾਨੂੰ ਜਾਪਦਾ ਹੈ ਕੀ ਕੁਝ ਰਾਹੋਂ ਭਟਕੇ ਸਾਡੇ ਵੀਰ ਚੰਗੀ ਜਾ ਮਾੜੀ ਨੀਯਤ ਨਾਲ ਇਸ ਵੀਰ ਦਾ ਰਾਹ ਰੋਕਣਾ ਚਾਹੁੰਦੇ ਹਨ।

ਸਤਿਕਾਰ ਯੋਗ ਮੁਖ ਸੇਵਾਦਾਰ ਜੀ ਆਪ ਜੀ ਤਾਂ ਭਲੀ ਭਾਂਤੀ ਜਾਣੂ ਹੋ, ਕਿ ਅੱਜ ਦਾ ਸਿੱਖ ਇੱਕ ਜਾਗਰੂਕ ਸਿੱਖ ਬਣ ਚੁੱਕਾ ਹੈ ਉਹ ਚੰਗੇ ਮਾੜੇ ਦੀ ਖ਼ੁਦ ਪਰਖ਼ ਕਰ ਸਕਦਾ ਹੈ, ਇਸੇ ਦੀ ਹੀ ਉਦਾਹਰਨ ਇਸ ਆਦੇਸ਼ ਤੋਂ ਬਾਅਦ ਵੀ ਇਸ ਵੀਰ ਨੂੰ ਸੁਨਣ ਵਾਲੇ ਇਕੱਠਾਂ ਵਿਚ ਮੌਜੂਦ ਸੰਗਤ ਤੋਂ ਲਗਾਈ ਜਾ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਜਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਵਾਲੀ ਕੋਈ ਲਹਿਰ ਚਲਦੀ ਹੈ ਤਾਂ ਸਿੱਖੀ ਨੂੰ ਖ਼ਾਰੇ ਸਮੁੰਦਰ ਵਿਚ ਡੋਬ ਦੇਣ ਦੇ ਸੁਪਨੇ ਲੈਣ ਵਾਲਿਆਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਜੋ ਅੱਜ ਵੀ ਆਪ ਜੀ ਦੇ ਸਾਹਮਣੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਲਿਆਂ ਨੂੰ ਸਿੱਧੇ ਜਾ ਅਸਿੱਧੇ ਢੰਗ ਨਾਲ ਹਰ ਹਰਬਾ ਵਰਤ ਕੇ ਰੋਕਿਆ ਜਾ ਰਿਹਾ ਹੈ ਜੋ ਕਿ ਭਵਿੱਖ ਵਿਚ ਸਿੱਖ ਕੌਮ ਲਈ ਚੰਗੇ ਆਸਾਰ ਨਹੀਂ ਲਗਦੇ।

ਆਪ ਜੀ ਨੂੰ ਯਾਦ ਹੀ ਹੋਵੇਗਾ ਜਦੋ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਨਕਲੀ ਨਿਰੰਕਾਰੀਆਂ ਸੰਬੰਧੀ ਆਦੇਸ਼ ਜਾਰੀ ਕੀਤਾ ਸੀ, ਤਾਂ ਕਿਸ ਤਰ੍ਹਾਂ ਪੂਰੀ ਸਿੱਖ ਕੌਮ ਨੇ ਉਸ ਅੱਗੇ ਨਤਮਸਤਿਕ ਹੁੰਦੇ ਹੋਏ ਨਕਲੀ ਨਿਰੰਕਾਰੀਆ ਦਾ ਸਮਾਜਿਕ, ਆਰਥਿਕ ਅਤੇ ਧਾਰਮਿਕ ਬਾਈਕਾਟ ਕੀਤਾ ਸੀ ਪਰ ਪਿਛਲੇ ਸਮੇਂ ਤੋ ਜਲਦਬਾਜ਼ੀ ਵਿਚ ਕੀਤੇ ਆਦੇਸ਼ਾ ’ਤੇ ਨਿਗਾਹ ਮਾਰੋ ਤਾਂ ਇਹ ਲੋਕਾਂ ਉੱਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਮਨਵਾਏ ਜਾਂਦੇ ਪ੍ਰਤੀਤ ਹੁੰਦੇ ਹਨ। ਇਥੋਂ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਵੀ ਸਿੱਖ ਕੌਮ ਵਿਚ ਲਗਾਤਾਰ ਕਿੰਨੀ ਧੁੰਦਲੀ ਬਣਦੀ ਜਾ ਰਹੀ ਹੈ। ਸਾਨੂੰ ਅਜਿਹੇ ਇਕ ਤਰਫ਼ਾ ਆਦੇਸ਼ਾ ਨਾਲ ਬੈਗਾਨਗੀ ਜਿਹੀ ਮਹਿਸੂਸ ਹੋ ਰਹੀ ਹੈ, ਅਤੇ ਇਹ ਬੇਗਾਨਗੀ ਦਾ ਅਹਿਸਾਸ ਸਮੇਂ ਸਮੇਂ ਤੇ ਵਧਦਾ ਹੀ ਜਾ ਰਿਹਾ ਹੈ। ਚਿਰਾਂ ਤੋਂ ਰਹਿਤ ਮਰਯਾਦਾ ਤੇ ਪਹਰਾ ਦੇ ਰਹੇ ਸਾਡੇ ਵਿਚੋਂ ਹੀ ਕੁਝ ਵੀਰ ਬਗ਼ਾਵਤ ਕਰ ਕੇ ਅੱਜ ਰਹਿਤ ਮਰਯਾਦਾ ਨੂੰ ਵੀ ਤਿਲਾਂਜਲੀ ਦੇਣ ਲਈ ਮਜ਼ਬੂਰ ਹੋ ਰਹੇ ਹਨ। ਸਾਨੂੰ ਖਦਸ਼ਾ ਹੈ ਕਿ ਪੰਥ ਪ੍ਰਸਤਾਂ ਤੇ ਲਗਾਤਾਰ ਹੋ ਰਹੇ ਅਜਿਹੇ ਵਾਰ ਕਿਤੇ ਸਿੱਖ ਕੌਮ ਵਿਚ ਵੀ ਸ਼ੀਆ ਅਤੇ ਸੁੰਨੀ ਵਾਂਗੂ ਹਾਲਾਤ ਪੈਦਾ ਨਾ ਕਰ ਦੇਵੇ ।

ਜਲਦੀ ਹੀ ਆਪ ਜੀ ਪੰਥ ਦੇ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਕੀਤੇ ਜਾ ਰਹੇ ਸਿਖੀ ਦੇ ਪਰਚਾਰ ਲਈ ਨਾ ਕੇਵਲ ਉਸ ਨੂੰ ਸ਼ਾਬਾਸ਼ ਦਿਉਗੇ ਸਗੋਂ ਉਸ ਨੂੰ ਦੁਗਣੀ ਤਾਕਤ ਨਾਲ ਵੱਧ ਚੜ੍ਹ ਕੇ ਪਰਚਾਰ ਕਰਨ ਲਈ ਉਤਸ਼ਾਹਿਤ ਵੀ ਕਰੋਗੇ ਅਜਿਹੀ ਸਾਨੂੰ ਉਮੀਦ ਹੀ ਨਹੀਂ ਸਗੋਂ ਆਪ ਜੀ ਵਰਗੇ ਗੁਰਮੁਖਾਂ ਤੋਂ ਯਕੀਨ ਵੀ ਰਖਦੇ ਹਾਂ। ਅਜਿਹਾ ਕਰਕੇ ਤੁਸੀ ਸ਼੍ਰੀ ਅਕਾਲ ਤਖ਼ਤ ਦੀ ਸਿੱਖ ਕੌਮ ਵਿਚ ਹੁੰਦੀ ਜਾ ਰਹੀ ਧੁੰਦਲੀ ਛਵੀ ਨੂੰ ਫਿਰ ਤੋਂ ਦੁਬਾਰਾ ਬਹਾਲ ਕਰਨ ਵਿਚ ਮੋਢੀ ਵਜੋਂ ਜਾਣੇ ਜਾਓਗੇ।

ਪੂਰੀ ਸਿੱਖ ਕੌਮ ਨੂੰ ਸ਼੍ਰੀ ਅਕਾਲ ਤਖ਼ਤ ਜੀ ਦੇ ਛਤਰ ਛਾਇਆ ਹੇਠ ਦੇਖਣ ਦੇ ਚਾਹਵਾਨ
ਪ੍ਰਬੰਧਕ ਕਮੇਟੀ "ਅਖੌਤੀ ਸੰਤਾਂ ਦੇ ਕੌਤਕ"


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top