Share on Facebook

Main News Page

ਸਿੱਖੀ ਦੇ ਸਭ ਤੋਂ ਵੱਡੇ ਦੋ ਦੁਸ਼ਮਣ - ਡੇਰਾਵਾਦ ਅਤੇ ਤਖ਼ਤਾਂ ਦੇ ਜਥੇਦਾਰ: ਭਾਈ ਰਜਿੰਦਰ ਸਿੰਘ ਖ਼ਾਲਸਾ

* ਸੰਗਤਾਂ ਨੇ ਦੋਵੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਅਖੌਤੀ ਜਥੇਦਾਰਾਂ ਵਲੋਂ ਆਪਹੁਦਰੇ ਢੰਗ ਨਾਲ ਜਾਰੀ ਕੀਤੇ ਗਏ ਹੁਕਨਾਮੇ ਰੱਦ ਕੀਤੇ

ਬਠਿੰਡਾ, 6 ਜਨਵਰੀ (ਕਿਰਪਾਲ ਸਿੰਘ): ਪਹਿਲਾਂ ਸਿੱਖੀ ’ਤੇ ਬਾਹਰੋਂ ਹਮਲੇ ਹੁੰਦੇ ਸਨ ਪਰ ਹੁਣ ਅੰਦਰੋਂ ਹੋ ਰਹੇ ਹਨ ਤੇ ਇਹ ਹਮਲੇ ਬਾਹਰਲੇ ਹਮਲਿਆਂ ਨਾਲੋਂ ਵੀ ਜਿਆਦਾ ਘਾਤਕ ਸਿੱਧ ਹੋਣਗੇ ਜੇ ਅਸੀਂ ਇਨ੍ਹਾਂ ਦਾ ਸਮੇਂ ਸਿਰ ਵਿਰੋਧ ਨਾ ਕੀਤਾ। ਇਹ ਸ਼ਬਦ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਅਤੇ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਦੇ ਕੋ-ਕਨਵੀਨਰ ਭਾਈ ਰਜਿੰਦਰ ਸਿੰਘ ਖ਼ਾਲਸਾ ਨੇ ਅੱਜ ਕਾਨ੍ਹਪੁਰ ਵਿਖੇ ਕਹੇ।

ਉਨ੍ਹਾਂ ਕਿਹਾ ਇਸ ਸਮੇਂ ਸਿੱਖੀ ਦੇ ਸਭ ਤੋਂ ਵੱਡੇ ਦੋ ਦੁਸ਼ਮਣ - ਡੇਰਾਵਾਦ ਅਤੇ ਤਖ਼ਤਾਂ ਦੇ ਜਥੇਦਾਰ ਜਿਨ੍ਹਾਂ ਰਾਹੀ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਅਤੇ ਵਿਦਵਾਨਾ ਦੀ ਜਬਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈ ਇੰਦਰਜੀਤ ਸਿੰਘ ਕਾਨ੍ਹਪੁਰ ਪਾਸੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਬੀਤੇ ਦਿਨ ਕਾਨ੍ਹਪੁਰ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ, ਮਾਤਾ ਸਾਹਿਬ ਕੌਰ, ਲਾਲ ਬੰਗਲਾ ਵਿਖੇ ਗੁਰੂ ਨਾਨਕ ਦੀ ਦਸਵੀਂ ਜੋਤਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਜਿਸ ਵਿੱਚ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਕ੍ਰਾਂਤੀਕਾਰੀ ਉਪਦੇਸ਼ ਦਿੱਤੇ ਉਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ’ਤੇ ਜਾਤ ਦੇ ਅਧਾਰ ’ਤੇ ਪਾਈਆਂ ਵੰਡੀਆਂ, ਤੀਰਥਾਂ ’ਦੇ ਇਸ਼ਨਾਨ ਤੇ ਯਾਤਰਾ ਕਰਕੇ ਪਾਪ ਕੱਟਣ ਅਤੇ ਪੁਜਾਰੀਆਂ ਤੇ ਵਿਹਲੜਾਂ ਦੀ ਫੌਜ ਭੇਖਧਾਰੀ ਅਖੌਤੀ ਸੰਤਾਂ ਦਾ ਭਾਰੀ ਵਿਰੋਧ ਕਰਨਾ ਸ਼ਾਮਲ ਸਨ। ਪੂਜਾ ਦਾ ਧਾਨ ਖਾਣ ਵਾਲੇ ਉਚ ਜਾਤੀਏ ਬ੍ਰਹਮਣਾਂ ਸਬੰਧੀ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:

ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ, ਸਚੁ ਪਾਈਐ ॥2॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 472)

ਖਾਸ ਕਿਸਮ ਦਾ ਲਿਬਾਸ ਪਹਿਨ ਕੇ ਸੰਤ ਅਖਵਾਉਣ ਵਾਲਿਆਂ ਲਈ ਠੱਗ ਸ਼ਬਦ ਦੀ ਵਰਤੋਂ ਕਰਦੇ ਹੋਏ ਕਬੀਰ ਸਾਹਿਬ ਜੀ ਦਾ ਸ਼ਬਦ ਹੈ:

ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨ੍ਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥’ (ਆਸਾ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ- ਪੰਨਾ 476)

ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਭੁੱਲ ਗਏ ਹਾਂ ਤੇ ਇਹੋ ਕਾਰਣ ਹੈ ਕਿ ਗੁਰੂ ਨਾਨਕ ਦੀ ਸਿੱਖੀ ’ਤੇ ਬ੍ਰਹਮਣਵਾਦੀ ਪੁਜਾਰੀਆਂ ਦੇ ਰੂਪ ਵਿੱਚ ਤਖ਼ਤਾਂ ਦੇ ਜਥੇਦਾਰ ਅਤੇ ਠੱਗਾਂ ਦੇ ਰੂਪ ਵਿੱਚ ਸਿੱਖ ਸੰਤ ਮੁੜ ਤੋਂ ਸਵਾਰ ਹੋ ਗਏ ਹਨ। ਇਨ੍ਹਾਂ ਦੋਵਾਂ ਦਾ ਗੱਠਜੋੜ ਸਿਆਸਤਦਾਨਾਂ ਨਾਲ ਮਿਲ ਕੇ ਉਨ੍ਹਾਂ ਵਿਦਵਾਨਾਂ ਅਤੇ ਪ੍ਰਚਾਰਕਾਂ ਦੀ ਜਬਾਨ ਬੰਦ ਕਰਵਾਉਣ ’ਤੇ ਤੁਲਿਆ ਹੋਇਆ ਹੈ। ਇਨ੍ਹਾਂ ਨੇ ਪਹਿਲਾਂ ਗੁਰਬਾਣੀ ਅਧਾਰਤ ਪੁਸਤਕਾਂ ਲਿਖਣ ਵਾਲੇ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕਿਆ, ਫਿਰ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਤੇ ਹੁਣ ਸੱਚ ਦੇ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਦੀ ਜਬਾਨ ਬੰਦ ਕਰਵਾਉਣ ’ਤੇ ਤੁਲੇ ਹੋਏ ਹਨ। ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਜਬਾਨ ਬੰਦ ਕਰਵਾਉਣ ਦੀ ਭਾਵਨਾ ਪਿੱਛੇ ਮੁੱਖ ਕਾਰਣ ਇਹ ਹੈ ਕਿ ਇਹ ਵਿਦਵਾਨ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਬਿਆਨ ਕਰਕੇ ਸੰਗਤਾਂ ਨੂੰ ਬਚਿੱਤਰ ਨਾਟਕ ਨਾਮੀ ਪੁਸਤਕ, ਜਿਸ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੱਸ ਕੇ ‘ਸ਼੍ਰੀ ਗੁਰੂ ਦਸਮ ਗ੍ਰੰਥ’ ਦੇ ਨਾਮ ਨਾਲ ਪ੍ਰਚਾਰਿਆ ਜਾ ਰਿਹਾ ਹੈ, ਦੀ ਅਸਲੀਅਤ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਦੀ ਬਾਣੀ ਕੇਵਲ ਨਾਨਕ ਛਾਪ ਹੇਠ ਦਰਜ ਹੈ ਤੇ ਹੋਰ ਕਿਸੇ ਵੀ ਗੁਰੂ ਸਾਹਿਬ ਦਾ ਨਾਮ ਦਰਜ ਨਹੀਂ, ਕੇਵਲ ਮਹਲਾ 1, 2, 3, 4, 5 ਅਤੇ 9 ਲਿਖੇ ਹਨ। ਇਸ ਦਾ ਭਾਵ ਹੈ ਕਿ ਸਾਰੇ ਗੁਰੂ ਇੱਕ ਹੀ ਜੋਤ ਸਨ।

ਦੂਸਰੀ ਗੱਲ ਹੈ ਕਿ ਗੁਰੂ ਸਾਹਿਬਾਨ ਨੂੰ ਅਸੀਂ ਸਤਿਕਾਰ ਨਾਲ ‘ਪਾਤਸ਼ਾਹ’ ਕਹਿੰਦੇ ਹਾਂ, ਪਰ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਲਿਖਿਆ। ਪਰ ਅਖੌਤੀ ਦਸਮ ਗ੍ਰੰਥ ਵਿੱਚ ਕਿਧਰੇ ਵੀ ਮਹਲਾ 10 ਨਹੀਂ ਲਿਖਿਆ ਬਲਕਿ ਪਾਤਸਾਹੀ 10 ਲਿਖਿਆ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇਹ ਰਚਨਾ ਕਿਸੇ ਕਵੀ ਦੀ ਹੈ, ਜਿਸ ਨੇ ਸਿੱਖਾਂ ਨੂੰ ਗੁਰੂ ਨੂੰ ਪਾਤਸਾਹ ਕਹਿੰਦੇ ਸੁਣਿਆ ਸੀ ਤੇ ਇਹ ਸੁਣ ਕੇ ਗੁਰੂ ਕ੍ਰਿਤ ਦਾ ਭੁਲੇਖਾ ਪਾਉਣ ਲਈ ਉਸ ਨੇ ਪਤਾਤਸਾਹੀ 10 ਲਿਖ ਦਿੱਤਾ। ਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਹੁੰਦੀ ਤਾਂ ਕਦੀ ਵੀ ਆਪਣੇ ਆਪ ਨੂੰ ਪਾਤਸ਼ਾਹੀ 10 ਨਾ ਲਿਖਦੇ ਬਲਕਿ ਮਹਲਾ 10 ਹੀ ਲਿਖਦੇ। ਦੂਸਰੀ ਗੱਲ ਹੈ ਕਿ ਜੇ ਕਿਸੇ ਮਾੜੇ ਆਚਰਣ ਵਾਲੇ ਦਾ ਕਿਰਦਾਰ ਦੱਸ ਕੇ ਸਿੱਖਾਂ ਨੂੰ ਕੋਈ ਨਸੀਹਤ ਦੇਣੀ ਦੀ ਲੋੜ ਪਵੇ ਤਾਂ ਉਸ ਲਈ ਇਨ੍ਹਾਂ ਲਿਖੇ ਜਾਣਾ ਹੀ ਕਾਫੀ ਹੁੰਦਾ ਕਿ ਉਸ ਨੂੰ ਇਤਰਾਜੋਗ ਹਾਲਤ ਵਿੱਚ ਵੇਖਿਆ ਗਿਆ, ਪਰ ਜਿਸ ਤਰ੍ਹਾਂ ਇਸ ਅਖੌਤੀ ਗ੍ਰੰਥ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਸ ਨੂੰ ਗੁਰੂ ਸਾਹਿਬ ਤਾਂ ਕੀ, ਕੋਈ ਸੱਭਿਅਕ ਮਨੁੱਖ ਵੀ ਨਹੀਂ ਵਰਤ ਸਕਦਾ। ਇਸ ਤੋਂ ਪਤਾ ਲਗਦਾ ਹੈ ਕਿ ਇਹ ਕਿਸੇ ਸਭਿਅਕ ਮਨੁੱਖ ਦੀ ਨਹੀ ਬਲਕਿ ਕਿਸੇ ਲਫੰਗੇ ਮਨੁੱਖ ਵਲੋਂ ਚੁਸਕੀਆਂ ਲੈ ਲੈ ਕੇ ਲਿਖੀ ਗਈ ਹੈ। ਤੀਜੀ ਗੱਲ ਹੈ ਕਿ ਜਿਸ ਹਿੱਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਆਤਮ ਕਥਾ ਦੱਸਿਆ ਜਾ ਰਿਹਾ ਹੈ, ਉਸ ਵਿਚ ਲਿਖਿਆ ਹੈ:-

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥ ਹਮਕੁੰਟ ਪਰਬਤ ਹੈ ਜਹਾਂ॥ ਸਪਤ ਸਿ੍ਰੰਗ ਸੋਭਤਿ ਹੈ ਤਹਾਂ॥1॥ ਸਪਤ ਸ੍ਰੀਂਗ ਤਿਹ ਨਾਮੁ ਕਹਾਵਾ॥ ਪੰਡੁ ਰਾਜ ਜਹ ਜੋਗ ਕਮਾਵਾ॥ ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿਕਾ ਅਰਾਧੀ॥2॥ ਇਹ ਬਿਧਿ ਕਰਤ ਤਪੱਸਿਆ ਭਯੋ॥ ਦਵੈ ਤੇ ਏਕ ਰੂਪ ਹਵੈ ਗਯੋ॥ ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥3॥’ ਕੀ ਪਹਾੜਾਂ ਵਿੱਚ ਜਾ ਕੇ ਤਪੱਸਿਆ ਕਰਨੀ, ਜੋਗ ਸਾਧਨਾ ਕਰਨੀ ਗੁਰਮਤਿ ਦਾ ਸਿਧਾਂਤ ਹੈ? ਕੀ ਗੁਰੂ ਸਾਹਿਬ ਜੀ ਵਲੋਂ ਮਹਾਕਾਲ ਕਾਲਕਾ ਨੂੰ ਆਰਧਨਾ ਗੁਰਮਤਿ ਦਾ ਸਿਧਾਂਤ ਹੈ?

ਇਸ ਤੋਂ ਅੱਗੇ ਅਕਾਲਪੁਰਖ਼ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕਰਦਿਆਂ ਇਹ ਕਹਿੰਦਿਆਂ ਵਿਖਾਇਆ ਗਿਆ ਹੈ:-

ਜੋ ਪ੍ਰਭੁ ਪਰਮ ਪੁਰਖ ਉਪਜਾਏ॥ ਤਿਨ ਤਿਨ ਅਪਨੇ ਰਾਹ ਚਲਾਏ॥ ਮਹਾ ਦੀਨ ਤਬ ਪ੍ਰਭ ਉਪਰਾਜਾ॥ ਅਰਬ ਦਸ ਕੋ ਕੀਨੋ ਰਾਜਾ॥26॥ ਤਿਨ ਭੀ ਏਕ ਪੰਥ ਉਪਰਾਜਾ॥ ਲਿੰਗ ਬਿਨਾ ਕੀਨੇ ਸਭ ਰਾਜਾ॥ ਸਭ ਤੇ ਅਪਨਾ ਨਾਮ ਜਪਾਯੋ॥ ਸਤਿਨਾਮੁ ਕਾਹੂ ਨ ਦਿਰੜਾਯੋ॥27॥ ਸਭ ਅਪਨੀ ਅਪਨੀ ਉਰਝਾਨਾ॥ ਪਾਰਬ੍ਰਹਮ ਕਾਹੂੰ ਨ ਪਛਾਨਾ॥ ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥28॥

ਭਾਵ ਜਿਸ ਜਿਸ ਮਹਾਂਪੁਰਖ ਨੂੰ ਵੀ ਅਕਾਲਪੁਰਖ਼ ਨੇ ਆਪਣਾ ਨਾਮ ਜਪਾਉਣ ਲਈ ਭੇਜਿਆ ਉਨ੍ਹਾਂ ਸਾਰਿਆਂ ਨੇ ਹੀ ਆਪਣੇ ਆਪਣੇ ਮੱਤ ਚਲਾ ਲਏ ਤੇ ਕਿਸੇ ਨੇ ਵੀ ‘ਸਤਿਨਾਮ’ ਨਹੀਂ ਜਪਾਇਆ। ਇਸ ਕਰਕੇ ਅਕਾਲ ਪੁਰਖ਼ ਨੇ ਮੈਨੂੰ ਤਪ ਸਾਧ ਰਹੇ ਨੂੰ ਬੁਲਾਇਆ ਤੇ ਇਸ ਲੋਕ ਵਿੱਚ ਭੇਜਿਆ। ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਜੇ ਇਹ ਸੱਚ ਹੈ ਤਾਂ ਕੀ ਪਹਿਲੇ ਨੌ ਗੁਰੂ ਸਾਹਿਬਾਨ ਨੇ ਸਤਿਨਾਮ ਦ੍ਰਿੜ ਨਹੀਂ ਕਰਵਾਇਆ ਸੀ? ਕੀ ਇਹ ਗੁਰੂ ਉਪਮਾ ਹੈ ਜਾਂ ਬੇਅਦਬੀ ਹੈ? ਦੂਸਰੀ ਗੱਲ ਹੈ ਕਿ ਇਸ ਲੋਕ ਵਿੱਚ ਭੇਜਣ ਦੀ ਗੱਲ ਤਾਂ ਹੀ ਕਹੀ ਜਾ ਸਕਦੀ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਹੋਰ ਲੋਕ ਵਿੱਚ ਤਪ ਸਾਧ ਰਹੇ ਹੁੰਦੇ। ਪਰ ਬਚਿੱਤਰ ਨਾਟਕ ਦੇ ਅਧਾਰ ’ਤੇ ਜਿਹੜਾ ਹੇਮ ਕੁੰਟ ਲਭਿਆ ਹੈ ਉਹ ਤਾਂ ਇਸੇ ਧਰਤੀ ’ਤੇ ਇੱਥੋਂ 250-300 ਕਿਲੋਮੀਟਰ ਦੂਰੀ ’ਤੇ ਹੈ।

ਤੀਸਰੀ ਗੱਲ ਹੈ ਕਿ ਜੇ ਇਸ ਕਥਾ ਨੂੰ ਗੁਰੂ ਸਾਹਿਬ ਜੀ ਦੇ ਪਿਛਲੇ ਜਨਮ ਦੀ ਕਹਿ ਕੇ ਮੰਨ ਵੀ ਲਿਆ ਜਾਵੇ ਤਾਂ ਵੀ ਗੁਰੂ ਨਾਲ ਸਿੱਖ ਦਾ ਸਬੰਧ ਉਸ ਸਮੇਂ ਤੋਂ ਹੈ, ਜਦੋਂ ਉੁਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਨਾ ਕਿ ਪਹਿਲੇ ਜਨਮ ਨਾਲ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਦੇਵੀ ਪੂਜਕ ਸਨ, ਇਸੇ ਤਰਾਂ ਗੁਰੂ ਅਮਰ ਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ ਪਰ ਸਿੱਖਾਂ ਦਾ ਉਨ੍ਹਾਂ ਦੀ ਪਹਿਲੀ ਜਿੰਦਗੀ ਜਾਂ ਕਰਮਾਂ ਨਾਲ ਕੋਈ ਸਬੰਧ ਨਹੀਂ ਹੈ, ਉਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਵੀ ਸਿੱਖ ਦਾ ਕੋਈ ਸਬੰਧ ਨਹੀਂ ਹੈ।

ਬਚਿੱਤਰ ਨਾਟਕ ਦੀ ਇਸ ਬਚਿੱਤਰ ਕਥਾ ਵਿੱਚ ਅੱਗੇ ਜਾ ਕੇ ਪੁੱਤਰ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮਤਿ ਵਿਰੋਧੀ ਕਰਮ ਅਥਵਾ ਤੀਰਥ ਇਸ਼ਨਾਨ, ਪੁੰਨ ਦਾਨ ਕਰਦੇ ਵਿਖਾ ਦਿੱਤਾ ਹੈ:

ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਦ ਤੀਰਥ ਨਾਨਾ॥ ਜਬ ਹੀ ਜਾਤ ਤਿਰਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥1॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥...2॥

ਭਾਈ ਰਜਿੰਦਰ ਸਿੰਘ ਜੀ ਆਪਣੇ ਹਰ ਸਵਾਲ ਦੇ ਨਾਲ ਹੀ ਸੰਗਤ ਤੋਂ ਪੁੱਛਦੇ ਰਹੇ, ਕੀ ਇਹ ਗੁਰਮਤਿ ਹੈ? ਕੀ ਇਹ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਕਿਹਾ ਜਾ ਸਕਦੀ ਹੈ। ਜਵਾਬ ਵਿੱਚ ਸਮੁੱਚੀ ਸੰਗਤ ਅਤੇ ਪ੍ਰਬੰਧਕ ਦੋਵੇਂ ਹੱਥ ਖੜ੍ਹੇ ਕਰਕੇ ਨਾਂਹ ਵਿੱਚ ਜਵਾਬ ਦਿੰਦੇ ਰਹੇ। ਉਨ੍ਹਾਂ ਅਖੀਰ ’ਤੇ ਕਿਹਾ ਜੇ ਤੁਸੀਂ ਵੀ ਮੰਨਦੇ ਹੋ ਕਿ ਬਚਿੱਤਰ ਨਾਟਕ ਗੁਰੂ ਕ੍ਰਿਤ ਨਹੀਂ ਹੈ ਤਾਂ ਜੇ ਇਸੀ ਅਸਲੀਅਤ ਤੋਂ ਕੋਈ ਵਿਦਵਾਨ ਜਾਣੂ ਕਰਵਾ ਰਿਹਾ ਹੈ ਤਾਂ ਕੀ ਉਸ ਨੂੰ ਪੰਥ ਦੋਖੀ ਕਹਿ ਕੇ ਪੰਥ ਵਿੱਚੋਂ ਛੇਕੇ ਜਾਣ ਜਾਇਜ ਹੈ?

ਇਸ ਦਾ ਜਵਾਬ ਵੀ ਨਾਂਹ ਵਿੱਚ ਆਉਣ ’ਤੇ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਆਪਣੇ ਦੋਵੇਂ ਹੱਥ ਖੜ੍ਹੇ ਕਰ ਕੇ ਪ੍ਰਣ ਕਰੋ ਕਿ ਉਹ ਪ੍ਰੋ: ਦਰਸ਼ਨ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ ਅਤੇ ਕਾਲਾ ਅਫ਼ਗਾਨਾ ਜੀ ਵਿਰੁਧ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਮੁੱਢੋਂ ਰੱਦ ਕਰਦੇ ਹਨ।

ਸਮੁੱਚੀ ਸੰਗਤ ਅਤੇ ਪ੍ਰਬੰਧਕਾਂ ਨੇ ਦੋਵੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ’ਚ: ‘ਇਹ ਗਲਤ ਹੁਕਮਨਾਮੇ ਰੱਦ ਕਰਦੇ ਹਾਂ, ਰੱਦ ਕਰਦੇ ਹਾਂ’ ਦਾ ਜਵਾਬ ਦਿੱਤਾ। ਭਾਈ ਰਜਿੰਦਰ ਸਿੰਘ ਨੇ ਗੁਰੂ ਗ੍ਰੰਥ ਸਹਿਬ ਜੀ, ਪ੍ਰਬੰਧਕਾਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਕਾਨ੍ਹਪੁਰ ਦੀਆਂ ਸੰਗਤਾਂ ਵਾਂਗ ਬਾਕੀ ਦੇ ਸਾਰੇ ਸਿੱਖ ਵੀ ਜਾਗ ਪੈਣ ਤਾਂ ਅਕਾਲ ਤਖ਼ਤ ਦੇ ਨਾਮ ’ਤੇ ਕੀਤਾ ਜਾ ਅਨਰਥ ਹੋਣੋ ਬਚਾਇਆ ਜਾ ਸਕਦਾ ਹੈ ਤੇ ਸਿੱਖੀ ਦੀ ਚੜ੍ਹਦੀ ਕਲਾ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top