Share on Facebook

Main News Page

ਅਕਾਲ ਤਖਤ ਅੱਗੇ ਸਾਡਾ ਸਿਰ ਝੁਕਦਾ ਹੈ, ਪਰ ਕੂੜ ਅੱਗੇ ਨਹੀਂ: ਦਲ ਖਾਲਸਾ

ਫਿਲਾਡੈਲਫੀਆ (ਜਸਵਿੰਦਰ ਸਿੰਘ ਭੁੱਲਰ): ਦਲ ਖਾਲਸਾ ਦੇ ਆਗੂਆਂ ਭਾਈ ਧਰਮ ਸਿੰਘ, ਭਾਈ ਕਸ਼ਮੀਰ ਸਿੰਘ ਅਤੇ ਭਾਈ ਕਾਰਜ਼ ਸਿੰਘ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਹਰ ਹਾਲਤ ਕਾਇਮ ਰੱਖਿਆ ਜਾਣਾ ਚਾਹੀਦਾ ਹੈ।

ਭਾਈ ਧਰਮ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ, ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਰਪੱਖ ਹੋ ਕੇ ਵਿਚਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਚਿਰ ਪਹਿਲਾਂ ਅਕਾਲ ਤਖਤ ਸਾਹਿਬ ਦੇ ਲੈਟਰਪੈਡ 'ਤੇ ਮਹਾਰਾਸ਼ਟਰ ਪੁਲੀਸ ਮੁਖੀ ਨੂੰ ਪ੍ਰੋ. ਦਰਸ਼ਨ ਸਿੰਘ ਦਾ ਦੀਵਾਨ ਰੋਕਣ ਲਈ ਚਿੱਠੀ ਲਿਖਣਾ ਬੜਾ ਮੰਦਭਾਗਾ ਸੀ।

ਭਾਈ ਧਰਮ ਸਿੰਘ ਜੀ ਨੇ ਅੱਗੇ ਕਿਹਾ ਹੈ, ਕਿ ਜਿਸ ਦਿਨ ਸ਼੍ਰੋਮਣੀ ਕਮੇਟੀ ਚੋਣਾਂ ਦਾ ਨਤੀਜ਼ਾ ਆਇਆ ਸੀ, ਉਸ ਦਿਨ ਅਕਾਲ ਤਖਤ ਦੇ ਜਥੇਦਾਰ ਨੇ ਚੋਣ ਨਤੀਜਿਆਂ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਸੀ, ਕਿ ਅੱਜ ਪੰਥ ਜਿੱਤਿਆ ਹੈ ਅਤੇ ਪੰਥ ਵਿਰੋਧੀਆਂ ਦੀ ਹਾਰ ਹੋਈ ਹੈ, ਕੀ ਜਥੇਦਾਰ ਅਕਾਲ ਤਖਤ ਨੂੰ ਬਾਦਲ ਹੀ ਪੰਥ ਦਿੱਸਦਾ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਦੇਸ਼ ਵਿਦੇਸ਼ ‘ਚ ਵੱਸਦੇ ਸਭ ਖਾਲਸਾ ਪੰਥ ਦੀ ਅਗਵਾਈ ਕਰਨ ਵਾਲਾ ਹੋਣਾ ਚਾਹੀਦਾ ਹੈ, ਪਰ ਜਥੇਦਾਰ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਪੰਥ ਸਮਝੀ ਬੈਠਾ ਹੈ। ਭਾਈ ਧਰਮ ਸਿੰਘ ਨੇ ਜਥੇਦਾਰ ਅਕਾਲ ਤਖਤ ਦੇ ਬਿਆਨ ਦਾ ਵੀ ਗੰਭੀਰ ਨੋਟਿਸ ਲਿਆ ਜਿਸ ਵਿੱਚ ਜਥੇਦਾਰ ਅਕਾਲ ਤਖਤ ਨੇ ਕਿਹਾ ਸੀ, ਕਿ ਵਿਦੇਸ਼ੀ ਸਿੱਖ ਬਾਹਰੋਂ ਮਾਇਆ ਭੇਜ ਕੇ ਪੰਜਾਬ ‘ਚ ਅੱਤਵਾਦ ਫੈਲਾ ਰਹੇ ਹਨ, ਕੀ ਜਥੇਦਾਰ ਇਹ ਸਾਬਤ ਕਰ ਸਕਦੇ ਹਨ, ਕਿ ਕਿਸ ਨੇ ਬਾਹਰੋਂ ਮਾਇਆ ਭੇਜ ਕੇ ਅੱਤਵਾਦ ਫੈਲਾਇਆ ਹੈ, ਅਤੇ ਕਿਸ ਨੂੰ ਪੈਸੇ ਭੇਜੇ ਗਏ ਸਨ?

ਭਾਈ ਧਰਮ ਸਿੰਘ ਨੇ ਕਿਹਾ ਕਿ ਕਿ ਜਥੇਦਾਰ ਨੇ ਕਦੇ ਆਪਣੇ ਮਾਇਆ ਵਾਲੇ ਲਿਫਾਫਿਆਂ ਦੀ ਗੱਲ ਕਦੇ ਨਹੀਂ ਕੀਤੀ, ਜਿਹੜੇ ਉਨ੍ਹਾਂ ਨੂੰ ਵਿਦੇਸ਼ਾਂ ਦੀਆਂ ਸੰਗਤਾਂ ਤੋਂ ਮਿਲਦੇ ਹਨ। ਕੀ ਜਥੇਦਾਰ ਨੇ ਉਸ ਮਾਇਆ ਵਿੱਚੋਂ ਕਿਸੇ ਲੋੜਵੰਦ ਸਿੱਖ ਦੀ ਮਦਦ ਕੀਤੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top