ਲੁਧਿਆਣਾ
5 ਜਨਵਰੀ (ਦਲਜੀਤ ਸਿੰਘ ਨਿਓਡਾ) ਜਾਗਰੂਕ ਤੇ ਨੌਜੁਆਨ ਸਿੱਖ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ
ਧੂੰਦਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੁੰਦੇ ਕੀਰਤਨ ਪ੍ਰਤੀ ਅਜਿਹਾ ਕੁਝ ਵੀ ਗ਼ਲਤ ਨਹੀਂ
ਕਿਹਾ, ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਉਸ ਨੂੰ ਗੁਰਮਤ ਪ੍ਰਚਾਰ ਕਰਨ ਤੋਂ ਰੋਕਿਆ ਜਾ
ਸਕੇ। ਮੈਂ ਇਸ ਮਸਲੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਗੁਰਬਚਨ ਸਿੰਘ
ਜੀ ਨਾਲ ਕਿਸੇ ਵੀ ਟੀ.ਵੀ. ਚੈਨਲ ’ਤੇ ਅਦਬ ਸਹਿਤ ਵਿਚਾਰ ਕਰਨ ਲਈ ਤਿਆਰ ਹਾਂ। ਇਹ ਲਫ਼ਜ਼ ਗਿਆਨੀ
ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਤੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕੀ ਡੇਰੇਦਾਰ ਗਰੁਪ ਵੱਲੋਂ ਪ੍ਰੋ: ਧੂੰਦਾ
ਬਾਰੇ ਓਹੀ ਕੁਟਿਲ ਚਾਲ ਚੱਲੀ ਗਈ ਹੈ, ਜਿਸ ਰਾਹੀਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਜੀ ਦੀ ਅਵਾਜ਼ ਨੂੰ
ਦਬਾਉਣ ਦਾ ਯਤਨ ਕੀਤਾ ਗਿਆ ਸੀ। ਕਿਉਂਕਿ, ਬਿਪਰਵਾਦੀ ਸ਼ਕਤੀਆਂ ਦੀਆਂ ਸਾਜਸ਼ਾਂ ਦਾ ਸ਼ਿਕਾਰ ਹੋ ਚੁੱਕੇ
ਅਜਿਹੇ ਲੋਕ ਨਹੀਂ ਚਾਹੁੰਦੇ ਕਿ ਕੋਈ ਜਾਗਰੂਕ ਪ੍ਰਚਾਰਕ ਜਾਂ ਲੇਖਕ ਸਿੱਖ ਜਗਤ ਨੂੰ ਬਚਿਤਰ ਨਾਟਕ
(ਕਥਿਤ ਦਸਮ ਗ੍ਰੰਥ) ਵਿੱਚਲੀ ਬਿਪਰਵਾਦੀ ਤੇ ਅਸ਼ਲੀਲ ਵਿਚਾਰਧਾਰਾ ਅਤੇ ਉਨ੍ਹਾਂ ਦੇ ਕਰਮਕਾਂਡੀ
ਭਰਮਜਾਲ ਬਾਰੇ ਜਾਣੂ ਕਰਾਏ। ਖੁਸ਼ੀ ਦੀ ਗੱਲ ਹੈ ਕਿ ਕਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ
ਤਖ਼ਤ ਸਾਹਿਬ ਦੀ ਮੋਹਰ ਹੇਠ ਜਾਰੀ ਕੀਤੇ ਅਨਿਆਈ ਆਦੇਸ਼ ਨੂੰ ਰੱਦ ਕਰਦਿਆਂ ਪ੍ਰੋ: ਧੂੰਦੇ ਦੇ
ਪ੍ਰੋਗਰਾਮ ਚਾਲੂ ਰੱਖਣ ਦਾ ਸੂਝ ਭਰਿਆ ਫੈਸਲਾ ਲੈਣ ਦੀ ਦਲੇਰੀ ਵਖਾਈ ਹੈ। ਕਿਉਂਕਿ, ਤਖ਼ਤਾਂ ਦੇ
ਮੁਖ ਸੇਵਾਦਾਰਾਂ ਨੇ ਪ੍ਰੋ: ਧੂੰਦੇ ਦਾ ਪੱਖ ਸੁਣੇ ਬਗੈਰ ਸਿੱਧੀ ਸਜ਼ਾ ਸੁਣਾ ਦਿੱਤੀ ਹੈ। ਸ੍ਰੀ
ਅਕਾਲ ਤਖ਼ਤ ਸਾਹਿਬ ਦਾ ਪੱਖ ਇੱਕ ਪਾਸੇ; ਇਹ ਤਰੀਕਾ ਤਾਂ ਦੁਨਿਆਵੀ ਅਦਾਲਤਾਂ ਮੁਤਾਬਿਕ ਵੀ ਧੱਕਾ
ਹੈ।
ਜਾਚਕ ਜੀ ਨੇ ਆਸ ਪ੍ਰਗਟ ਕੀਤੀ ਹੈ ਕਿ ਕਨੇਡਾ ਤੇ ਦੇਸ਼ ਵਿਦੇਸ਼ ਦੀਆਂ ਹੋਰ
ਸਿੱਖ ਸੰਸਥਾਵਾਂ ਇਲਾਕਾਈ ਇਕੱਠ ਕਰਕੇ ਛੇਤੀ ਹੀ ਇੱਕ ਅਜਿਹਾ ਸਾਂਝਾ ਫੈਸਲਾ ਜਰੂਰ ਲੈਣਗੀਆਂ; ਜਿਸ
ਦੀ ਬਦੌਲਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਬੰਦਕ ਸਿਰਦਾਰੀ ਵਾਲੀ ਸ਼ਾਨ ਵੀ ਕਾਇਮ ਰਹੇ ਅਤੇ ਇਸ
ਰੂਹਾਨੀ ਅਦਾਲਤ ਦੀ ਦੁਰਵਰਤੋਂ ਵੀ ਰੁਕ ਸਕੇ। ਅਜਿਹਾ ਅਵਸਰ ਉਦੋਂ ਹੀ ਬਣ ਸਕਦਾ ਹੈ, ਜੇਕਰ ਪਹਿਲਾਂ
ਤਖ਼ਤਾਂ ਦੇ ਪੰਜੇ ਸੇਵਦਾਰ ਇਕੱਠੇ ਹੋ ਕੇ ਪ੍ਰੋ: ਧੂੰਦੇ ਦੇ ਪ੍ਰਚਾਰ ’ਤੇ ਲਾਈ ਪਾਬੰਦੀ ਵਾਪਸ ਲੈਣ
ਅਤੇ ਫਿਰ ਧੂੰਦਾ ਅਦਬ ਸਹਿਤ ਆਪਣਾ ਸਪਸ਼ਟੀਕਰਣ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਵੇ।