Share on Facebook

Main News Page

ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਵਿੱਚ ਦੋ ਜਥੇਦਾਰ ਹੱਥੋਪਾਈ, ਖੂਨ ਖਰਾਬਾ ਹੋਣੋ ਮੁਸ਼ਕਲ ਨਾਲ ਟੱਲਿਆ

ਅੰਮ੍ਰਿਤਸਰ 3 ਜਨਵਰੀ (ਜਸਬੀਰ ਸਿੰਘ ਪੱਟੀ): ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਇਟਲੀ ਦੇ ਸਿੱਖ ਹਰਵੰਤ ਸਿੰਘ ਦਾਦੂਵਾਲ ਵਿਚਕਾਰ ਹੋਏ ਝਗੜੇ ਦਾ ਨਿਪਟਾਰਾ ਕਰਨ ਲਈ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਉਸ ਵੇਲੇ ਜ਼ੋਰਦਾਰ ਹੰਗਾਮਾ ਹੋ ਗਿਆ, ਜਦੋਂ ਇਟਲੀ ਦੇ ਸਿੱਖ ਹਰਵੰਤ ਸਿੰਘ ਦਾਦੂਵਾਲ ਦੇ ਮਾਮਲੇ ਤੇ ਹੋਈ ਵਾਰਤਾਲਾਪ ਸਮੇਂ ਦੋ ਤਖਤਾਂ ਦੇ ਜਥੇਦਾਰ ਆਪਸ ਵਿੱਚ ਉਲਝ ਗਏ ਅਤੇ ਦੋਹਾਂ ਨੇ ਇੱਕ ਦੂਜੇ ਪ੍ਰਤੀ ਭੱਦੀ ਸ਼ਬਦਾਵਲੀ ਹੀ ਨਹੀਂ, ਵਰਤੀ ਸਗੋਂ ਇੱਕ ਦੂਜੇ ਦੇ ਹੱਥੋਪਾਈ ਵੀ ਹੋ ਗਏ, ਅਤੇ ਬਾਕੀ ਜਥੇਦਾਰਾਂ ਨੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਸ਼ਾਤ ਕੀਤਾ ਪਰ ਤਲਖੀ ਦੋਹਾਂ ਵਿਚਕਾਰ ਸਾਰੀ ਮੀਟਿੰਗ ਦੌਰਾਨ ਬਣੀ ਰਹੀ।

ਕੁਝ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਹਰਵੰਤ ਸਿੰਘ ਦਾਦੂਵਾਲ ਦੇ ਮਾਮਲੇ ਵਿੱਚ ਵਿਦੇਸ਼ੀ ਸਿੱਖਾਂ ਨਾਲ ਸਦਭਾਵਨਾ ਨਾਲ ਪੇਸ਼ ਆਉਣ ਲਈ ਇੱਕ ਪੰਜਾਬੋਂ ਬਾਹਰਲੇ ਜਥੇਦਾਰ ਨੇ ਸੁਝਾ ਦਿੱਤਾ ਜੋ ਇੱਕ ਹੋਰ ਜਥੇਦਾਰ ਨੂੰ ਗਵਾਰਾ ਨਾ ਲੱਗਾ ਤੇ ਉਸ ਨੇ ਉਸ ਦੇ ਸੁਝਾ ਨੂੰ ਕੱਟਦਿਆਂ ਇਥੋਂ ਤੱਕ ਕਿਹਾ ਕਿ ਵਿਦੇਸ਼ੀ ਜਿਹੜੀਆਂ ਕਰਤੂਤਾਂ ਘੋਲਦੇ ਹਨ, ਉਹਨਾਂ ਬਾਰੇ ਉਹ ਭਲੀਭਾਂਤ ਜਾਣਦੇ ਹਨ। ਇਸ ਗੱਲ ਨੂੰ ਲੈ ਕੇ ਦੋਹਾਂ ਵਿੱਚ ਤਲਖੀ ਕਲਾਮੀ ਹੋ ਗਈ, ਤੇ ਦੋਹਾਂ ਧਿਰਾਂ ਵਿਚਕਾਰ ਗੱਲ ਤੂੰ ਤੂੰ ਤੋਂ ਲੈ ਕੇ ਹੱਥੋਪਾਈ ਤੱਕ ਪਹੁੰਚ ਗਈ, ਦੋਹਾਂ ਦੇ ਕਿਰਪਾਨਾਂ ਦੇ ਮੁਠਿਆ ਤੱਕ ਵੀ ਹੱਥ ਪਹੁੰਚ ਗਏ ਪਰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਹੋਰ ਜਥੇਦਾਰਾਂ ਨੇ ਬੜੀ ਹੀ ਮੁਸ਼ਕਲ ਨਾਲ ਦੋਹਾਂ ਨੂੰ ਸ਼ਾਂਤ ਕੀਤਾ। ਹਰਵੰਤ ਸਿੰਘ ਦਾਦੂਵਾਲ ਜਥੇਦਾਰਾਂ ਦੀ ਆਪਸੀ ਸੁਪਰੇਮੇਸੀ ਦਾ ਸ਼ਿਕਾਰ ਹੋ ਗਿਆ ਤੇ ਉਸ ਨੂੰ ਸਜਾ ਦਾ ਭਾਗੀਦਾਰ ਬਣਨਾ ਪਿਆ।

ਪੰਜਾਬੋਂ ਬਾਹਰਲੇ ਜਥੇਦਾਰ ਚਾਹੁੰਦੇ ਸਨ, ਕਿ ਦੋਹਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਜਾਵੇ, ਪਰ ਪੰਜਾਬ ਵਾਲੇ ਤੇ ਸ੍ਰੋਮਣੀ ਕਮੇਟੀ ਤੋਂ ਸੇਵਾ ਫਲ ਲੈਣ ਵਾਲੇ ਜਥੇਦਾਰਾਂ ਨੂੰ ਇਹ ਗਵਾਰਾ ਨਹੀਂ ਲੱਗ ਰਿਹਾ ਸੀ, ਕਿਉਕਿ ਸ੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਉਹਨਾਂ ਨੂੰ ਸਖਤ ਐਕਸ਼ਨ ਲੈਣ ਦਾ ਆਦੇਸ਼ ਦਿੱਤਾ ਗਿਆ ਸੀ। ਅਖੀਰ ਪੰਜਾਬ ਵਾਲੇ ਤਖਤ ਦੇ ਜਥੇਦਾਰ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਉਪਰੰਤ ਮੀਟਿੰਗ ਦੀ ਅੱਗੇ ਕਾਰਵਾਈ ਹੋ ਸਕੀ। ਦੂਸਰਿਆਂ ਦੇ ਝਗੜਿਆਂ ਦੇ ਨਿਪਟਾਰੇ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਦੇ ਆਪਸ ਵਿੱਚ ਉਲਝ ਜਾਣ ਨਾਲ ਸੰਗਤਾਂ ਤੇ ਗਲਤ ਪ੍ਰਭਾਵ ਹੀ ਨਹੀਂ ਪਵੇਗਾ ਸਗੋਂ ਤਖਤਾਂ ਦੇ ਜਥੇਦਾਰਾਂ ਦੀ ਕਾਰਗੁਜਾਰੀ ਤੋਂ ਵਿਸ਼ਵਾਸ਼ ਵੀ ਉ¤ਠ ਜਾਵੇਗਾ ਜਦ ਕਿ ਵਿਦੇਸ਼ੀ ਸਿੱਖਾਂ ਵਿੱਚ ਤਾਂ ਪਹਿਲਾਂ ਹੀ ਜਥੇਦਾਰਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top