Share on Facebook

Main News Page

ਜਥੇਦਾਰ ਗਿਆਰਵਾਂ ਗੁਰੂ ਬਣਨ ਦੀ ਕੋਸ਼ਿਸ਼ ਨਾ ਕਰਨ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਸਿੱਖ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਵਿਰੁੱਧ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਨਾਦਰਸ਼ਾਹੀ ਫੁਰਮਾਣ ਨੇ ਇੱਕ ਵਾਰ ਸਿੱਖ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸਿੱਖ ਨੌਜਵਾਨ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਜਥੇਦਾਰ ਆਪਣੀ ਹੱਦ ਤੋਂ ਬਾਹਰ ਜਾ ਕੇ ਕੌਮ ਪ੍ਰਸਤਾਂ, ਸਿੱਖ ਬੁਧੀਜੀਵੀਆਂ, ਪ੍ਰਚਾਰਕਾਂ ਅਤੇ ਸਿੱਖ ਵਿਦਵਾਨਾਂ ਨੂੰ ਬੇਇੱਜ਼ਤ ਕਰਨ ਲਈ ਆਪਣੇ ਰੁਤਬੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਹਨ, ਜਿਸਦਾ ਖਮਿਆਜ਼ਾ ਸਮੁੱਚੀ ਕੌਮ ਨੂੰ ਭੁਗਤਣਾ ਪੈ ਸਕਦਾ ਹੈ।

ਇਸ ਤੋਂ ਪਹਿਲਾਂ ਵੀ ਕੌਮ ਦੇ ਕੋਹਿਨੂਰ ਹੀਰੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਆਫ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਵਰਗੇ ਮਹਾਨ ਫਿਲਸਾਫਰਾਂ ਅਤੇ ਸਿੱਖ ਚਿੰਤਕਾਂ ਨਾਲ ਅਕਾਲ ਤਖ਼ਤ ਸਾਹਿਬ ਦੇ ਨਾਮ ਤੇ ਨਜਾਇਜ਼ ਤੌਰ ਤੇ ਧੱਕਾ ਕੀਤਾ ਜਾ ਚੁੱਕਾ ਹੈ ਅਤੇ ਮਨਮਰਜ਼ੀਨਾਮੇ (ਹੁਕਮਨਾਮੇ ਨਹੀਂ ਕਿਹਾ ਜਾ ਸਕਦਾ) ਜਾਰੀ ਕਰਕੇ ਪੰਥ ਵਿੱਚ ਵੰਡੀਆਂ ਪਾ ਰਹੇ ਹਨ ਅਤੇ ਬਿਨ੍ਹਾ ਕਿਸੇ ਹੱਕ ਤੋਂ ਸਿੱਖਾਂ ਦਾ ਗਿਆਰਵਾਂ ਗੁਰੂ ਬਣਨ ਦੀ ਬੇਤੁੱਕੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਜ਼ ਆਉਣ।

ਸ. ਪੱਟੀ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਅਜੋਕੇ ਤਨਖਾਹਦਾਰ ਮੁਲਾਜ਼ਮ ਮਨਆਈਆਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਢਾਹ ਲਾ ਰਹੇ ਹਨ, ਜੋ ਸਿੱਖ ਸੰਗਤ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਸਮੂਹ ਜਾਗਰੂਕ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਇਕੱਠੇ ਹੋ ਕੇ ਜਥੇਦਾਰ ਦੇ ਖਿਲਾਫ ਅਮਰੀਕਾ ਦੀਆਂ ਸੰਗਤਾਂ ਵਾਂਗ ਡਟਵਾਂ ਵਿਰੋਧ ਕੀਤਾ ਜਵੇ ਤਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ, ਆਨ ਅਤੇ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top