Share on Facebook

Main News Page

ਪ੍ਰੋਫੇਸਰ ਧੂੰਦਾ ਦੇ ਖਿਲਾਫ ਜਾਰੀ "ਕੂੜਨਾਮਾਂ", "ਪੁਜਾਰੀਵਾਦ" ਦੇ ਤਾਬੂਤ ਦੀ ਆਖਰੀ ਕਿੱਲ ਸਾਬਿਤ ਹੋਵੇਗਾ

ਸਿੱਖੀ ਉਤੇ ਕਾਬਿਜ "ਕੇਸਾਧਾਰੀ ਬ੍ਰਾਹਮਣਾਂ" ਨੇ ਬੇਸ਼ਰਮੀ ਅਤੇ ਬੁਰਛਾਗਰਦੀ ਦੀ ਇਕ ਹੋਰ ਹੱਦ ਪਾਰ ਕਰਦਿਆਂ, ਪੰਥ ਦੇ ਨਿਡਰ ਅਤੇ ਮਹਾਨ ਪ੍ਰਚਾਰਕ ਸਰਬਜੀਤ ਸਿੰਘ ਜੀ ਧੂੰਦਾ ਦੇ ਖਿਲਾਫ ਇਕ ਕੂੜ ਸੰਦੇਸ਼ ਜਾਰੀ ਕਰਕੇ ਪੂਰੇ ਸਿੱਖ ਪੰਥ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।

ਬ੍ਰਾਹਮਣਵਾਦੀ ਤਾਕਤਾਂ ਦੇ ਹੱਥ ਖੇਡ ਰਿਹਾ ਅਕਾਲ ਤੱਖਤ ਦਾ ਇਹ ਬੁਰਛਾਗਰਦ, ਜੋ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਕੌਮ ਦੇ ਮਹਾਨ ਪ੍ਰਚਾਰਕ ਨੂੰ ਵੀ ਇੱਸੇ ਤਰ੍ਹਾਂ ਛੇਕ ਚੁਕਾ ਹੈ। ਕੀ ਇਹ ਹਰ ਸਿੱਖ ਦੀ ਜੁਬਾਨ ਨੂੰ ਬੰਦ ਕਰ ਦੇਣ ਦੀ ਸਾਜਿਸ਼ ਨਹੀਂ? ਖਾਲਸਾ ਜੀ ! ਇਸ ਪਿਛੇ ਇਕ ਗੁਰਬਚਨ ਸਿੰਘ ਦੀ ਕੋਈ ਔਕਾਤ ਨਹੀਂ ਕਿ ਇਹ ਕੰਮ ਇਹ ਇਕੱਲਾ ਹੀ ਕਰ ਰਿਹਾ ਹੋਵੇ। ਇਸ ਬੁਰਛਾਗਰਦ ਦੇ ਪਿੱਛੇ ਸਿੱਖ ਕੌਮ ਨੂੰ ਕਮਜੋਰ ਕਰਨ ਦੀ ਕੋਈ ਡੂਗ੍ਹੀ ਸਾਜਿਸ਼ ਕੰਮ ਕਰ ਰਹੀ ਹੈ। ਇਹ ਪੁਜਾਰੀ ਤੇ ਇਕ ਮੋਹਰਾ ਹੈ, ਇਸ ਦਾ 'ਮਾਸਟਰ ਮਾਈਂਡ" ਤੇ ਕੋਈ ਹੋਰ ਹੀ ਜਾਪਦਾ ਹੈ।

ਅਕਾਲ ਤਖਤ ਤੇ ਕਾਬਿਜ ਇਸ ਦਸਮ ਗ੍ਰੰਥੀਏ ਨੂੰ, ਪੰਥ ਦਰਦੀ ਸਿੱਖ ਅਤੇ ਕੌਮ ਨੂੰ ਸੱਚ ਦੀ ਗਲ ਸੁਨਾਉਣ ਵਾਲੇ ਪ੍ਰਚਾਰਕ, ਪੰਥ ਦੋਖੀ ਦਿਸਦੇ ਹਨ, ਲੇਕਿਨ ਕੌਮ ਨੂੰ ਬ੍ਰਾਹਮਣ ਵਾਦੀਆਂ ਦੇ ਹੱਥ ਗਿਰਵੀ ਰਖ ਦੇਣ ਵਾਲਾ ਪੰਥ ਦਾ ਗੱਦਾਰ, "ਕੌਮ ਦਾ ਫਖਰ" ਜਾਪਦਾ ਹੈ। ਪਟਨੇ ਦਾ ਚਰਿਤ੍ਰਹੀਨ ਪੁਜਾਰੀ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2016 ਵਿੱਚ ਦੋਬਾਰਾ ਜਨਮ ਲੈਣ ਦੀ ਭਵਿਖਵਾਣੀ ਕਰਕੇ, ਸਿੱਖ ਸਿਧਾਂਤ ਦਾ ਘਾਣ ਕਰ ਰਿਹਾ ਹੈ, ਉਸ ਦੇ ਪੰਥ ਵਿਰੋਧੀ ਬਿਆਨ ਇਸ ਪੁਜਾਰੀ ਨੂੰ ਸੁਣਾਈ ਕਿਉ ਨਹੀਂ ਦੇ ਰਹੇ? ਕੀ ਪ੍ਰੋਫੇਸਰ ਧੂੰਦਾ ਦੇ ਖਿਲਾਫ ਜੇ ਕੋਈ ਕਾਰਵਾਈ ਹੁੰਦੀ ਹੈ, ਤੇ ਕੀ ਇਹ ਚਰਿਤ੍ਰਹੀਣ ਪੁਜਾਰੀ ਵੀ ਉਸ ਕੂੜਨਾਮੇ ਤੇ ਦਸਤਖਤ ਕਰੇਗਾ, ਜੋ ਆਪ ਤਨਖਾਹ ਯੋਗ ਹੈ, ਉਸ ਨੂੰ ਪੰਥਕ ਫੈਸਲੇ ਕਰਨ ਦਾ ਕੀ ਹੱਕ ਹੈ ? ਕੀ ਇਹ ਹੀ ਹੈ ਸਿੱਖੀ ਸਿਧਾਂਤ?

ਜੇ ਪ੍ਰੋਫੇਸਰ ਧੂੰਦਾ ਨੂੰ ਇਸ ਪੁਜਾਰੀ ਨੇ ਪੰਥ ਤੋਂ ਛੇਕ ਦਿੱਤਾ (ਜਿਸ ਦੀ ਬਹੁਤ ਜਿਆਦਾ ਉੱਮੀਦ ਨਜਰ ਆ ਰਹੀ ਹੈ) ਤੇ ਪੰਥ ਉਤੇ ਕਾਬਿਜ ਪੁਜਾਰੀਵਾਦ ਦੇ ਤਾਬੂਤ ਉਤੇ ਇਹ ਅਖੀਰਲੀ ਕਿੱਲ ਸਾਬਿਤ ਹੋਵੇਗੀ। ਪੰਥ ਦਰਦੀਆਂ ਅਤੇ ਜਾਗਰੂਕ ਸਿੱਖ ਧਿਰਾਂ ਦੀ ਸਹਨ ਸ਼ਕਤੀ ਹੁਣ ਜਵਾਬ ਦੇ ਚੁਕੀ ਹੈ। ਧਾਰਮਿਕ ਅਦਾਰਿਆ ਉਤੇ ਕਾਬਿਜ ਇਨਾਂ ਕੇਸਾਧਾਰੀ ਬ੍ਰਾਹਮਣਾਂ ਦੀਆਂ, ਇਨਾਂ ਪੰਥ ਵਿਰੋਧੀ ਕਾਰਵਾਈਆਂ ਨੂੰ ਪੰਥ ਹੋਰ ਬਰਦਾਸ਼ਤ ਕਰਨ ਦੀ ਹਾਲਤ ਵਿੱਚ ਹੁਣ ਉੱਕਾ ਹੀ ਨਹੀਂ ਹੈ। "ਧਰਮ ਮਾਫੀਆ" ਭਾਵੇ ਕਿਨਾਂ ਵੀ ਤਾਕਤਵਰ ਕਿਉ ਨਾਂ ਹੋਵੇ, ਪੰਥ ਇਨਾਂ ਦੇ ਕੂੜਨਾਮਿਆਂ ਅਤੇ ਗੂੰਡਾਗਰਦੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਕੌਮ ਉਤੇ ਕਾਬਿਜ ਇਨਾਂ ਨਰੈਣੂਆਂ ਨੂੰ ਹੁਣ ਨੱਥ ਪਾਣ ਦਾ ਵਕਤ ਆ ਚੁਕਾ ਹੈ।

ਪ੍ਰੋਫੇਸਰ ਸਰਬਜੀਤ ਸਿੰਘ ਜੀ ਧੂੰਦਾ ਦੇ ਪ੍ਰਚਾਰ ਉੱਤੇ, ਉਨਾਂ ਦੀ ਪੇਸ਼ੀ ਤੋਂ ਪਹਿਲਾਂ ਹੀ ਰੋਕ ਲਾ ਦੇਣਾਂ ਅਤੇ ਉਨਾਂ ਨੂੰ "ਅਖੌਤੀ ਪ੍ਰਚਾਰਕ" ਕਹਿਨਾਂ ਅਤੇ ਪੇਸ਼ੀ ਦੀ ਕੋਈ ਤਾਰੀਖ ਨੀਯਤ ਨਾਂ ਕਰਨਾਂ, ਗੁਰਬਚਨ ਸਿੰਘ ਦੀ ਹੋਛੀ ਅਤੇ ਸੜੀ ਗਲੀ ਮਾਨਸਿਕਤਾ ਦਾ ਪ੍ਰਤੀਕ ਹੈ । ਇਹ ਹੀ ਕੰਮ ਇਸਨੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨਾਲ ਵੀ ਕੀਤਾ ਸੀ। ਦੁਨੀਆਂ ਵਿਚ ਕੇੜ੍ਹੀ ਅਦਾਲਤ ਹੈ, ਜਿਸ ਦੇ "ਸੱਮਨ" ਵਿਚ ਹੀ ਸਜਾ ਸੁਣਾਂ ਦਿਤੀ ਜਾਂਦੀ ਹੋਵੇ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸੱਚ ਦੀ ਜੁਬਾਨ ਨੂੰ ਕੱਟ ਦੇਣ ਦੀ ਸਾਜਿਸ਼ ਸਿੱਖਾਂ ਨਾਲ ਰੱਚੀ ਜਾ ਚੁਕੀ ਹੈ।

ਪ੍ਰੋਫੇਸਰ ਸਰਬਜੀਤ ਸਿੰਘ ਜੀ ਧੂੰਦਾ ਨਾਲ ਪੰਥ ਦਾ ਬੱਚਾ ਬੱਚਾ ਖੜਾ ਹੈ। ਹੁਣ ਵਕਤ 5 ਦਸੰਬਰ 2009 ਤੋਂ ਬਹੁਤ ਬਦਲ ਚੁਕਾ ਹੈ। ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ ਇਨਾਂ ਪੁਜਾਰੀਆਂ ਅਗੇ "ਸਕਤਰੇਤ" ਨਾਮ ਦੇ ਛੇਵੇਂ ਤਖਤ ਅਗੇ ਮੱਥਾ ਨਾਂ ਟੇਕ ਕੇ ਕੌਮ ਨੂੰ ਇਹ ਸੰਦੇਸ਼ ਦਿਤਾ ਸੀ, ਕਿ ਹਰ ਸਿੱਖ ਅਕਾਲ ਤਖਤ ਦਾ ਸਤਕਾਰ ਕਰਦਾ ਹੈ, ਨਾਂ ਕੇ ਇਨਾਂ ਦੀ ਬਣਾਈ "ਸਕੱਤਰੇਤ" ਨਾਮ ਦੀ "ਕਾਲ ਕੋਠਰੀ" ਨੂੰ ਕੁਝ ਸਮਝਦਾ ਹੈ। ਪ੍ਰੋਫੇਸਰ ਸਾਹਿਬ ਉਤੇ ਇਹ ਇਲਜਾਮ ਲਗਾਏ ਗਏ ਕੇ ਉਹ ਅਹਿਮ ਦੀ ਭਾਵਨਾਂ ਕਰਕੇ "ਸਕਤਰੇਤ" ਵਿੱਚ ਹਾਜਿਰ ਨਹੀਂ ਹੋਏ। ਲੇਕਿਨ ਉਨ੍ਹਾਂ ਨੇ ਅਪਣੇ ਕੈਰਿਅਰ ਨਾਲੋਂ, ਸਿੱਖੀ ਸਿਧਾਂਤ ਨੂੰ ਜਿਆਦਾ ਕੀਮਤੀ ਸਮਝਿਆ। ਉਨ੍ਹਾਂ ਨੇ 'ਸਕੱਤਰੇਤ' ਵਿੱਚ ਪੇਸ਼ ਨਾਂ ਹੋਕੇ ਕੌਮ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦਿੱਤਾ, ਕਿ ਅਕਾਲ ਤਖੱਤ ਦੀ ਸਰਵ ਉੱਚਤਾ ਦੇ ਬਰਾਬਰ ਦੁਨੀਆਂ ਦਾ ਹੋਰ ਕੋਈ ਐਸਾ ਸਥਾਨ ਨਹੀਂ ਹੈ, ਜਿੱਥੇ ਕਿਸੇ ਸਿੱਖ ਦੇ ਭਵਿੱਖ ਦਾ ਫੈਸਲਾ ਹੋ ਸਕਦਾ ਹੋਵੇ। ਗੁਰੂ ਦੇ ਸਿਰਜੇ ਅਕਾਲ ਤੱਖਤ ਦੀ ਸਰਵ ਉੱਚਤਾ ਦਾ ਸਿਧਾਂਤ ਅੱਜ ਵੀ ਅਟਲ ਹੈ ਅਤੇ ਕਲ ਵੀ ਅਟੱਲ ਰਹੇਗਾ। ਲੋੜ ਹੈ, ਉਸ ਤੇ ਕਾਬਿਜ ਮੀਣਿਆਂ ਨੂੰ ਉਸ ਤੋਂ ਲਾਅ ਕੇ ਬਾਹਰ ਕਰਨ ਦੀ।

ਸਰਬਜੀਤ ਸਿੰਘ ਜੀ ਧੂੰਦਾ ਪੰਥ ਦੀ ਨਵੀਂ ਪੀੜ੍ਹੀ ਦੇ ਇਕ ਨਿਡਰ ਪ੍ਰਚਾਰਕ ਹਨ। ਪੰਥ ਉਨ੍ਹਾਂ ਨਾਲ ਇਕ ਜੁੱਟ ਹੋਕੇ ਖੜਾ ਹੋਵੇਗਾ। ਇਸ ਵੇਲੇ ਲੋੜ ਹੈ ਪੰਥ ਨੂੰ ਇਕ ਜੁਟ ਹੋਕੇ ਅਕਾਲ ਤਖਤ ਤੇ ਕਾਬਿਜ ਇਸ ਬੁਰਛਾਗਰਦ ਦੇ ਕੂੜਨਾਮਿਆਂ ਦਾ ਵਿਰੋਧ ਕਰਨ ਦੀ। ਅਕਾਲ ਤੱਖਤ ਦੇ ਪਵਿਤੱਰ ਸਿਧਾਂਤ ਨੂੰ ਇਕ ਮਖੌਲ ਬਣਾਂ ਕੇ ਇਨਾਂ ਪੁਜਾਰੀਆਂ ਨੇ ਰੱਖ ਦਿੱਤਾ ਹੈ। ਇਹ ਅਕਾਲ ਤਖਤ ਦੇ ਗ੍ਰੰਥੀ ਆਪ ਹੀ ਅਕਾਲ ਤਖਤ ਬਣ ਕੇ ਪੰਥ ਦੀ ਹਿੱਕ ਤੇ ਸਵਾਰ ਹੋ ਗਏ ਨੇ। ਜੇ ਹੁਣ ਵੀ ਇਕ ਜੁੱਟ ਹੋਕੇ ਇਨ੍ਹਾਂ ਦਾ ਵਿਰੋਧ ਨਾਂ ਕੀਤਾ ਗਇਆ, ਤੇ ਅਕਾਲ ਤਖਤ ਦੀ ਸਰਵ ਉੱਚਤਾ ਛੇਤੀ ਹੀ ਇਕ ਮਜਾਕ ਬਣਕੇ ਰਹਿ ਜਾਵੇਗੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top