Share on Facebook

Main News Page

ਬੀ ਸੀ 'ਚ ਦੀਵਾਨਾਂ ਦੀ ਸਮਾਪਤੀ ਉਪਰੰਤ ਪ੍ਰੋ. ਧੂੰਦਾ, ਸਿੰਘ ਸਾਹਿਬਾਨ ਨੂੰ ਸਪੱਸ਼ਟੀਕਰਨ ਦੇਣਗੇ: ਸ. ਗਿਆਨ ਸਿੰਘ

ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਸਰਲਤਾ ਨਾਲ ਗੁਰਬਾਣੀ ਕਥਾ ਕਰਕੇ ਆਮ ਸਿੱਖਾਂ ਦੇ ਮਨ ਅੰਦਰ ਤੱਕ ਗੁਰਬਾਣੀ ਦਾ ਉਪਦੇਸ਼ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਪ੍ਰਚਾਰਕ ਪ੍ਰੋ ਸਰਬਜੀਤ ਸਿੰਘ ਧੂੰਦਾ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਬੋਲਣ ਨਾ ਦੇਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਦ ਨਾਕਾਮ ਹੋ ਗਈਆਂ ਤਾਂ ਵਾਇਆ ਅਕਾਲ ਤਖਤ ਉਨ੍ਹਾਂ ਦੇ ਪ੍ਰਚਾਰ ਦੇ ਵਿਰੋਧੀ ਲੋਕਾਂ ਨੇ ਉਨ੍ਹਾਂ ਦੇ ਬੋਲਣ 'ਤੇ ਪਾਬੰਦੀ ਲਗਵਾ ਦਿੱਤੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਇੱਕ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦੱਸਿਆ ਕਿ ਸਿੱਖ ਪ੍ਰਚਾਰਕ ਪ੍ਰੋ ਸਰਬਜੀਤ ਸਿੰਘ ਧੂੰਦਾ, ਜਿਨ੍ਹਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਕੀਰਤਨ ਪ੍ਰਤੀ ਮਾੜੀ ਸ਼ਬਦਾਵਾਲੀ ਵਰਤ ਕੇ ਸੰਗਤਾਂ ਦੇ ਹਿਰਦਿਆ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ, ਬਾਰੇ ਕੈਨੇਡਾ ਦੀਆ ਸੰਗਤਾਂ ਵਲੋਂ ਵੱਡੀ ਪੱਧਰ 'ਤੇ ਸ਼ਿਕਾਇਤਾਂ ਸਮੇਤ ਉਨ੍ਹਾਂ ਵਲੋਂ ਵਰਤੀ ਭਾਸ਼ਾ ਦੀਆ ਸੀਡੀਜ਼ ਪਹੁੰਚੀਆਂ ਹਨ, ਜਿਹਨਾਂ ਨੂੰ ਵੇਖਣ ਉਪਰੰਤ ਪੰਜ ਸਿੰਘ ਸਾਹਿਬਾਨ ਨੇ ਦੀਰਘ ਵਿਚਾਰ ਕਰਨ ਉਪਰੰਤ ਫੈਸਲਾ ਲੈਂਦਿਆਂ ਇਸ ਪ੍ਰਚਾਰਕ ਵਲੋਂ ਕੀਤੀ ਗਈ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ, ਅਤੇ ਸੰਗਤਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਜਿੰਨੀ ਦੇਰ ਪ੍ਰੋ ਸਰਬਜੀਤ ਸਿੰਘ ਧੂੰਦਾ ਅਕਾਲ ਤਖਤ 'ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਨਹੀ ਦਿੰਦੇ, ਉਨਾ ਚਿਰ ਤੱਕ ਸੰਗਤਾਂ ਇਸ ''ਅਖੌਤੀ ਪ੍ਰਚਾਰਕ'' ਨੂੰ ਮੂੰਹ ਨਾ ਲਾਉਣ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਵੀ ਸਹਿਯੋਗ ਦੇਣ। ਉਨ੍ਹਾਂ ਤਾੜਨਾ ਕੀਤੀ ਕਿ ਪ੍ਰਚਾਰਕ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਣਕਾਰੀ ਪੂਰੀ ਤਰਾਂ ਇਕੱਠੀ ਕਰ ਲਿਆ ਕਰਨ। ਆਪਹੁਦਰੀ ਕਾਰਵਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।

ਜਿਉਂ ਹੀ ਇਹ ਆਦੇਸ਼ ਮੀਡੀਆ ਰਾਹੀਂ ਕੈਨੇਡਾ ਦੇ ਸਿੱਖਾਂ ਤੱਕ ਪੁੱਜਾ ਤਾਂ ਸਭ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸੌਦਾ ਸਾਧ ਮਸਲੇ ਸਮੇਤ ਸਿੱਖਾਂ ਦੇ ਹੋਰ ਦਰਜਨਾਂ ਅਤਿ ਜ਼ਰੂਰੀ ਮਸਲਿਆਂ 'ਤੇ ਚੁੱਪ ਧਾਰੀ ਬੈਠੇ ਜਥੇਦਾਰਾਂ ਵਲੋਂ ਇਸ ਮਸਲੇ ਪ੍ਰਤੀ ਦਿਖਾਈ ਗਈ ਕਾਹਲੀ ਨੇ ਸੰਗਤ ਨੂੰ ਹੈਰਾਨ ਦੇ ਨਾਲ-ਨਾਲ ਪ੍ਰੇਸ਼ਾਨ ਵੀ ਕੀਤਾ ਪਰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਬੇਹੱਦ ਸਤਿਕਾਰ ਕਰਦੇ ਹਨ. ਪਰ ਪ੍ਰੋ. ਧੂੰਦਾ ਵਲੋਂ ਉਲੀਕੇ ਪ੍ਰੋਗਰਾਮ ਮਿੱਥੇ ਪ੍ਰੋਗਰਾਮ ਅਨੁਸਾਰ ਨਿਰਵਿਘਨ ਚੱਲਣਗੇ ਅਤੇ ਪ੍ਰੋਗਰਾਮਾਂ ਦੀ ਸਮਾਪਤੀ ਉਪਰੰਤ ਪ੍ਰੋ. ਧੂੰਦਾ ਆਪਣਾ ਪੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਜ਼ਰੂਰ ਦੱਸਣਗੇ।

ਗੌਰਤਲਬ ਹੈ ਕਿ ਪ੍ਰੋ. ਧੂੰਦਾ ਦੀ ਇਸ ਟਿੱਪਣੀ ਨੂੰ ਘੱਟੋ-ਘੱਟ 6 ਮਹੀਨੇ ਪੁਰਾਣੀ ਦੱਸਿਆ ਜਾ ਰਿਹਾ ਹੈ, ਪਰ ਇਸ 'ਤੇ ਕਾਰਵਾਈ ਉਦੋਂ ਕੀਤੀ ਜਾ ਰਹੀ ਹੈ ਜਦ ਉਹ ਭਾਰਤ ਸਮੇਤ ਹੋਰ ਕਈ ਮੁਲਕਾਂ 'ਚ ਲਗਾਤਾਰ ਕਥਾ ਦਾ ਪ੍ਰਵਾਹ ਚਲਾਉਂਦਿਆਂ ਕੈਨੇਡਾ ਪਹੁੰਚੇ ਹਨ। ਹਾਲੇ ਇਹ ਵੀ ਪਤਾ ਕਰਨਾ ਬਾਕੀ ਹੈ ਕਿ ਸ਼ਿਕਾਇਤ ਨਾਲ ਪਹੁੰਚਾਈ ਗਈ ਸੀ ਡੀ ਸਹੀ ਹੈ ਜਾਂ ਸ਼ਰਾਰਤ ਕਰਕੇ ਉਸ ਵਿੱਚ ਤੋੜ-ਮਰੋੜ ਕੀਤੀ ਗਈ ਹੈ। ਕੈਨੇਡਾ ਵਿੱਚ ਵੀ ਉਹ ਟਰਾਂਟੋ ਇਲਾਕੇ 'ਚ ਸੱਤ ਦਿਨ ਕਥਾ ਕਰਕੇ ਬੀ ਸੀ ਪਹੁੰਚੇ ਹਨ, ਜਿਥੇ ਉਹ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੇ ਐਬਟਸਫੋਰਡ ਦੇ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਵਿਖੇ ਰੋਜ਼ਾਨਾ ਕਥਾ ਕਰ ਰਹੇ ਹਨ। ਪ੍ਰੋ. ਧੂੰਦਾ ਦਾ ਪ੍ਰਚਾਰ ਸਾਧਵਾਦ, ਪਾਖੰਡਵਾਦ, ਡੇਰਾਵਾਦ ਵਿਰੋਧੀ ਹੁੰਦਾ ਹੈ, ਇਹੀ ਕਾਰਨ ਹੈ ਕਿ ਡੇਰਾਵਾਦੀਆਂ ਵਲੋਂ ਪ੍ਰੋ. ਧੂੰਦਾ ਦਾ ਕਰੇੜਾ ਕੱਸਣ ਲਈ ਵੱਡੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਿੱਖ ਜਗਰੂਕ ਹੋ ਕੇ ਸਾਧਾਂ, ਪਾਖੰਡੀਆਂ ਅਤੇ ਡੇਰੇਦਾਰਾਂ ਦਾ ਤੋਰੀ-ਫੁਲਕਾ ਬੰਦ ਨਾ ਕਰ ਦੇਣ।

ਇੱਥੇ ਦੱਸਣਯੋਗ ਹੈ, ਕਿ ਪ੍ਰੋ. ਧੂੰਦਾ ਦੀ ਕੈਨੇਡਾ ਆਮਦ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ, ਕਿਉਂਕਿ ਪ੍ਰੋ. ਧੂੰਦਾ ਵਲੋਂ ਪ੍ਰਚਾਰੇ ਜਾ ਰਹੇ ਸੱਚ ਨਾਲ ਉਨ੍ਹਾਂ ਲੋਕਾਂ ਦੇ ਚਿਹਰੇ ਨੰਗੇ ਹੋ ਰਹੇ ਸਨ, ਜੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਰੱਖਣ ਲਈ ਬ੍ਰਾਹਮਣਵਾਦੀਆਂ ਦੀ ਤਰਾਂ ਕਹਾਣੀਆਂ ਘੜ ਕੇ ਸੁਣਾ ਰਹੇ ਸਨ ਅਤੇ ਸਿੱਖਾਂ 'ਚ ਇਹ ਡਰ-ਵਹਿਮ ਪੈਦਾ ਕਰ ਰਹੇ ਸਨ ਕਿ ਗੁਰਬਾਣੀ ਪੜ੍ਹਨਾ ਹਰੇਕ ਸਿੱਖ ਦੇ ਵੱਸ ਦੀ ਗੱਲ ਨਹੀਂ, ਇਹ ਹਰੇਕ ਦੀ ਸਮਝ 'ਚ ਨਹੀਂ ਆ ਸਕਦੀ। ਇਸ ਤੋਂ ਇਲਾਵਾ ਅਜਿਹੇ ਲੋਕਾਂ ਵਲੋਂ ਫੈਲਾਈਆਂ ਮਨਮਤਾਂ, ਜੋ ਸਿੱਖਾਂ ਨੂੰ ਸਿੱਖੀ ਤੋਂ ਦੂਰ ਅਤੇ ਬ੍ਰਾਹਮਣਵਾਦ ਦੇ ਨੇੜੇ ਕਰ ਹੀਆਂ ਸਨ, ਬਾਰੇ ਪ੍ਰੋ. ਧੂੰਦਾ ਵਰਗੇ ਪ੍ਰਚਾਰਕ ਸਿੱਖਾਂ ਨੂੰ ਸੁਚੇਤ ਕਰਕੇ ਗੁਰਬਾਣੀ ਨਾਲ ਜੋੜ ਰਹੇ ਹਨ। ਪਰ ਆਰ ਐਸ਼ ਐਸ਼ ਦੇ ਢਹੇ ਚੜ੍ਹ ਕੇ ਸਿੱਖਾਂ ਨੂੰ ਕਰਮਕਾਂਡਾਂ ਨਾਲ ਜੋੜ ਰਹੀਆਂ ਸਿੱਖਾਂ ਦੀਆਂ ਸਿਰਮੌਰ ਅਖਵਾਉਂਦੀਆਂ ਕੁਝ ਜਥੇਬੰਦੀਆਂ ਨੂੰ ਇਹ ਚੁੱਭ ਰਿਹਾ ਸੀ। ਪ੍ਰੋ. ਧੂੰਦਾ ਦੀ ਆਮਦ ਤੋਂ ਪਹਿਲਾਂ ਦਸਮੇਸ਼ ਦਰਬਾਰ ਦੇ ਪ੍ਰਬੰਧਕਾਂ 'ਤੇ ਪੂਰਾ ਦਬਾਅ ਬਣਾਇਆ ਗਿਆ ਕਿ ਉਹ ਪ੍ਰੋ. ਧੂੰਦਾ ਨੂੰ ਕਥਾ ਨਾ ਕਰਨ ਦੇਣ। ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਹੋਈ ਮੀਟਿੰਗ 'ਚ ਪਹਿਲਾਂ ਗਾਲ੍ਹ ਕੱਢ ਕੇ ਅਤੇ ਫਿਰ ਕਿਰਪਾਨ ਕੱਢ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਪ੍ਰਬੰਧਕ ਆਪਣੇ ਫੈਸਲੇ ਤੋਂ ਨਾ ਬਦਲੇ। ਪ੍ਰਬੰਧਕਾਂ ਨੂੰ ਦਬਾਉਣ ਵਿੱਚ ਨਾਕਾਮ ਰਹਿਣ 'ਤੇ ਸਰੀ ਵਿੱਚ ਪ੍ਰੋ. ਧੂੰਦਾ ਬਾਰੇ ਗਲਤ ਚਿੱਠੀਆਂ ਵੰਡੀਆਂ ਗਈਆਂ ਪਰ ਫਿਰ ਵੀ ਜਦ ਸੰਗਤ ਦਾ ਝੁਕਾਅ ਪ੍ਰੋ. ਧੂੰਦਾ ਦੇ ਪ੍ਰਚਾਰ ਵੱਲ ਵਧਦਾ ਈ ਗਿਆ ਤਾਂ ਵਾਇਆ ਅਕਾਲ ਤਖਤ ਉਨ੍ਹਾਂ ਦੇ ਬੋਲਣ 'ਤੇ ਪਾਬੰਦੀ ਲਗਵਾਈ ਜਾ ਰਹੀ ਹੈ।

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਸ਼ ਗਿਆਨ ਸਿੰਘ ਹੋਰਾਂ ਇਸ ਮਸਲੇ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਸੀਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਦਾ ਸਤਿਕਾਰ ਕੀਤਾ ਹੈ ਪਰ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸਮੁੱਚੇ ਸੇਵਾਦਾਰਾਂ ਦਾ ਫੈਸਲਾ ਹੈ ਕਿ ਉਲੀਕੇ ਗਏ ਪ੍ਰੋਗਰਾਮ ਮੁਤਾਬਿਕ ਹੀ ਪ੍ਰੋ ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਲੱਗਣਗੇ। ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਕੈਨੇਡਾ ਦੌਰੇ ਦੀ ਸਮਾਪਤੀ ਉਪਰੰਤ ਪ੍ਰੋ. ਧੂੰਦਾ ਸਿੰਘ ਸਾਹਿਬਾਨ ਨੂੰ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ ਪ੍ਰਤੀ ਸਪੱਸ਼ਟੀਕਰਨ ਦੇਣ। ਸ਼ ਗਿਆਨ ਸਿੰਘ ਹੋਰਾਂ ਕਿਹਾ ਕਿ ਜੇਕਰ ਪ੍ਰੋ. ਧੂੰਦਾ ਦੇ ਦੀਵਾਨ ਲਗਾਉਣ ਕਾਰਨ ਉਨ੍ਹਾਂ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ੀ ਹੁੰਦੀ ਹੈ ਤਾਂ ਉਹ ਇੱਕ ਨਿਮਾਣੇ ਸਿੱਖ ਵਜੋਂ ਹਰ ਹਾਲ ਅਕਾਲ ਤਖਤ 'ਤੇ ਪੇਸ਼ ਹੋਣਗੇ। ਇਸੇ ਤਰ੍ਹਾਂ ਐਬਟਸਫੋਰਡ ਦੀ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਵੀ ਪ੍ਰੋ. ਧੂੰਦਾ ਦੇ ਦੀਵਾਨ ਨਿਰਵਿਘਨ ਚਲਾਉਣ ਦਾ ਫੈਸਲਾ ਕੀਤਾ ਹੈ।

ਸ਼ ਗਿਆਨ ਸਿੰਘ ਹੋਰਾਂ ਕਿਹਾ ਕਿ ਪਹਿਲਾਂ ਹੀ ਸਿੱਖ ਕੌਮ ਬੁਰੀ ਤਰ੍ਹਾਂ ਵੰਡੀ ਪਈ ਹੈ, ਸਿੰਘ ਸਾਹਿਬਾਨ ਨੂੰ ਜਲਦਬਾਜ਼ੀ 'ਚ ਅਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ, ਜੋ ਕੌਮ ਨੂੰ ਹੋਰ ਵੰਡਣ ਦਾ ਕਾਰਨ ਬਣਨ। ਉਨ੍ਹਾਂ ਕਿਹਾ ਕਿ ਪ੍ਰੋ. ਧੂੰਦਾ ਦਾ ਵਿਰੋਧ ਕਰ ਰਹੇ ਲੋਕਾਂ ਦੀ ਗੱਲ ਸੁਣਨ ਲਈ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੌਰਾਨ ਇਨ੍ਹਾਂ ਵਿਰੋਧੀਆਂ 'ਚੋਂ ਇੱਕ ਨੇ ਗੁਰੂਘਰ ਦੇ ਅੰਦਰ ਗਾਲ੍ਹ ਕੱਢੀ ਅਤੇ ਨਾਲ ਹੀ ਇੱਕ ਨੇ ਕਿਰਪਾਨ ਵੀ ਕੱਢੀ। ਅਸੀਂ ਇਹ ਸ਼ਿਕਾਇਤ ਵੀ ਜਥੇਦਾਰ ਸਾਹਿਬਾਨ ਪਾਸ ਭੇਜਾਂਗੇ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਥੇਦਾਰਾਂ ਵਲੋਂ ਜਿਸ ਤਰ੍ਹਾਂ ਬਾਦਲ ਅਤੇ ਆਰ ਐਸ਼ ਐਸ਼ ਦੇ ਦੁਮਛੱਲਿਆਂ ਦੇ ਇਸ਼ਾਰੇ 'ਤੇ ਫੈਸਲੇ ਲਏ ਜਾ ਰਹੇ ਹਨ, ਚਾਹੇ ਉਹ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੋਵੇ ਜਾਂ ਸੌਦਾ ਸਾਧ ਦੀਆਂ ਨਾਮ ਚਰਚਾਵਾਂ ਬੰਦ ਕਰਵਾਉਣ ਦਾ, ਉਸ ਤੋਂ ਪਰਵਾਸੀ ਸਿੱਖ ਪਹਿਲਾਂ ਹੀ ਬਾਗੀ ਹੋ ਚੁੱਕੇ ਹਨ। ਸਿੱਟੇ ਵਜੋਂ ਜਦ ਪਿਛਲੇ ਸਾਲ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਸਰੀ ਪਧਾਰੇ ਸਨ ਤਾਂ ਉਨ੍ਹਾਂ ਨੂੰ ਸਿੱਖਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇੱਥੇ ਈ ਬੱਸ ਨਹੀਂ ਲੰਘੇ ਦਸੰਬਰ 'ਚ ਵੀ ਉਨ੍ਹਾਂ ਕੈਨੇਡਾ ਦੇ ਦੌਰੇ 'ਤੇ ਆਉਣਾ ਸੀ ਪਰ ਸੰਗਤਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਉਨ੍ਹਾਂ ਨੇ ਨਾ ਆਉਣਾ ਹੀ ਬੇਹਤਰ ਸਮਝਿਆ ਸੀ। ਇਸ ਫੈਸਲੇ ਨੇ ਕੈਨੇਡਾ ਹੀ ਨਹੀਂ ਬਲਕਿ ਦੁਨੀਆਂ ਭਰ 'ਚ ਵਸਦੇ ਸਿੱਖਾਂ ਦੇ ਇੱਕ ਹੋਰ ਮਸਲੇ 'ਤੇ ਦੁਫਾੜ ਹੋ ਜਾਣ ਦਾ ਸਬੱਬ ਬਣਾ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top