Share on Facebook

Main News Page

ਦਸਮ ਪਿਤਾ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਹੀ ਮਨਾਇਆ ਜਾਵੇ: ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

* ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵਲੋਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਸੱਦੇ ਦੀ ਹਮਾਇਤ
* ਦੁਨੀਆਂ ਭਰ ਦੇ ਸਿੱਖ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪਰਬ ਅਤੇ ਪੰਥਕ ਦਿਹਾੜੇ ਮਨਾਉਣ

ਲਾਸ ਏਂਜਲਸ/ਅੰਮ੍ਰਿਤਸਰ ਟਾਈਮਜ਼ ਬਿਊਰੋ: ਕੋਲੀਸ਼ਨ ਆਫ਼ ਗੁਰਦੁਆਰਾਜ਼ ਆਫ਼ ਸਦਰਨ ਕੈਲੀਫੋਰਨੀਆਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਦਿੱਤੇ ਸੱਦੇ ਦੀ ਭਰਵੀਂ ਹਮਾਇਤ ਕਰਦਿਆਂ ਪ੍ਰਕਾਸ਼ ਦਿਹਾੜਾ 5 ਜਨਵਰੀ 2012 ਨੂੰ ਮਨਾਉਣ ਦਾ ਸੱਦਾ ਦਿੱਤਾ ਹੈ। ਕੋਲੀਸ਼ਨ ਦੇ ਸਰਗਰਮ ਮੈਂਬਰ ਸ਼ਰਮਿੰਦਰਜੀਤ ਸਿੰਘ ਸੇਖੋਂ ਵਲੋਂ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਥੇਦਾਰ ਨੰਦਗੜ੍ਹ ਨੇ 30 ਦਸੰਬਰ 2011 ਨੂੰ ਨਿਹਾਲ ਸਿੰਘ ਵਾਲਾ ਨੇੜ੍ਹਲੇ ਰੱਤੋ ਪਿੰਡ ਵਿਖੇ ਬੋਲਦਿਆਂ ਸਿੱਖਾਂ ਨੂੰ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮਪੁਰਬ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਵੇ । ਉਨ੍ਹਾਂ ਕਿਹਾ ਸੀ ਕਿ ਸਿੱਖ ਆਜ਼ਾਦ ਧਰਮ ਹੈ ਇਸਦਾ ਅਪਣਾ ਅਸਲੀ ਨਾਨਕਸ਼ਾਹੀ ਕੈਲੰਡਰ ਹੈ। ਇਸ ਲਈ ਸਾਰੇ ਗੁਰਪੁਰਬ ਅਤੇ ਦੂਸਰੇ ਪੰਥਕ ਦਿਹਾੜੇ ਇਸ ਕੈਲੰਡਰ ਅਨੁਸਾਰ ਮਨਾਏ ਜਾਣੇ ਚਾਹੀਦੇ ਹਨ।

ਇਸਦੇ ਨਾਲ ਹੀ ਅਮਰੀਕਾ ਵਿਚਲੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਲਈ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਲੋਂ ਦਿੱਤੇ ਸੱਦੇ ਦੀ ਹਮਾਇਤ ਕਰਦਿਆਂ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਧਾਰਮਿਕ ਦਿਹਾੜੇ ਮਨਾਉਣ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ।

ਜਥੇਦਾਰ ਨੰਦਗੜ੍ਹ ਨੇ ਸਿੱਖਾਂ ਨੂੰ ਦੇਹਧਾਰੀ ਗੁਰੂਆਂ, ਪਾਖੰਡੀ ਸਾਧਾਂ, ਆਪੂੰ ਬਣੇ ਬਾਬਿਆਂ, ਰਾਜਸੀ ਪਾਰਟੀਆਂ ਦੇ ਹੱਥ-ਠੋਕੇ ਸੰਤਾਂ ਅਤੇ ਡੇਰਿਆਂ ਦੀਆਂ ਸਿੱਖ ਵਿਰੋਧੀ ਚਾਲਾਂ ਤੋਂ ਚੌਕਸ ਸਹਿਣ ਦਾ ਸੱਦਾ ਦਿੱਤਾ।
ਵਰਨਣਯੋਗ ਹੈ ਕਿ ਲਗਭਗ ਦੋ ਦਹਾਕਿਆਂ ਦੀ ਕਰੜ੍ਹੀ ਮੇਹਨਤ ਅਤੇ ਭਰਵੀਂ ਖੋਜ ਬਾਅਦ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਜਿਸਨੂੰ ਅਕਾਲ ਤਖਤæ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਕਾਇਦਾ ਪ੍ਰਵਾਨ ਕਰ ਲਏ ਜਾਣ ਬਾਅਦ ਪੂਰੇ ਸਿੱਖ ਪੰਥ ਨੇ ਸੰਨ 2003 ਵਿੱਚ ਇਸ ਉਤੇ ਅਮਲ ਕਰਨਾ ਸ਼ੁਰੂ ਕੀਤਾ । ਭਾਰਤ ਅਤੇ ਪੰਜਾਬ ਸਰਕਾਰਾਂ ਨੇ ਇਸੇ ਕੈਲੰਡਰ ਅਨੁਸਾਰ ਸਰਕਾਰੀ ਛੁੱਟੀਆਂ ਕੀਤੀਆਂ ਹੋਈਆਂ ਹਨ।

ਪਰ ਕੁਝ ਅਖੌਤੀ ਸਾਧਾਂ, ਪਾਖੰਡੀ ਬਾਬਿਆਂ ਅਤੇ ਡੇਰੇਦਾਰਾਂ ਨੇ ਅਪਣੀਆਂ ਗੈਰ ਪੰਥਕ ਸਰਗਰਮੀਆਂ ਨੂੰ ਜਾਰੀ ਰੱਖਣ ਦੀ ਗਰਜ਼ ਨਾਲ ਰਾਜਸੀ ਨੇਤਾਵਾਂ ਨਾਲ ਗਠਜੋੜ ਕਰਕੇ ਅਸਲੀ ਕੈਲੰਡਰ ਵਿਰੁਧ ਸਾਜਿਸ਼ ਰਚੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਉੱਤੇ ਸੱਤਾਧਾਰੀ ਅਕਾਲੀ ਦਲ (ਬਾਦਲ) ਦਾ ਕਬਜ਼ਾ ਹੈ, ਤੋਂ ਸੋਧ ਕਰਵਾ ਲਈ। ਅਕਾਲੀ ਨੇਤਾਵਾਂ ਨੇ ਹਿੰਦੂਤਵੀ ਸ਼ਕਤੀਆਂ ਨੂੰ ਖੁਸ਼ ਕਰਨ ਅਤੇ ਰਾਜਸੀ ਲਾਹਾ ਲੈਣ ਲਈ ਨਾਨਕਸ਼ਾਹੀ ਕੈਲੰਡਰ ਨਾਲ ਖਿਲਵਾੜ ਕੀਤਾ ਜਿਸਦਾ 90% ਤੋਂ ਵੱਧ ਸਿੱਖਾਂ ਨੇ ਵਿਰੋਧ ਕਰਦਿਆਂ ਅਸਲੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ।

ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਅੰਤਮ ਰੂਪ ਦੇਣ, ਇਸ ਉੱਤੇ ਪਹਿਰਾ ਦੇਣ ਅਤੇ ਅਮਲ ਕਰਨ ਲਈ ਸਿੱਖ ਭਾਈਚਾਰੇ ਨੂੰ ਇੱਕਜੁਟ ਕਰਨ ਲਈ ਕੋਲੀਸ਼ਨ ਆਫ਼ ਗੁਰਦੁਆਰਾਜ਼ ਆਫ਼ ਸਦਰਨ ਕੈਲੀਫੋਰਨੀਆਂ ਲਗਾਤਾਰ ਸਰਗਰਮੀ ਨਾਲ ਕੰਮ ਕਰਦੀ ਆ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top