Share on Facebook

Main News Page

ਇਹ ਲਾਲ ਦੀ ਕੀਮਤ ਤੋਂ ਅਣਜਾਣ ਪ੍ਰਜਾਪਤ ਅਤੇ ਬੇਵਕੂਫ ਜੌਹਰੀ ਵਾਂਗ ਅਣਜਾਣਤਾ ਹੈ, ਕਿ ਜੀਵਨ ਸੁਧਾਰਨ ਵਾਲੀ ਬਾਣੀ ਨੂੰ ਪ੍ਰਸ਼ਾਦੇ ਦੇ ਸਲੋਕ ਬਣਾ ਕੇ ਰੱਖ ਦਿੱਤਾ ਹੈ: ਗਿਆਨੀ ਸ਼ਿਵਤੇਗ ਸਿੰਘ

* ਅਸੀਂ ਇਤਨੇ ਬੇਕਦਰੇ ਹਾਂ ਕਿ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਦੀ ਕਦਰ ਨਹੀਂ ਪਾਈ 
* ਅਸੀਂ ਸਮਝੇ ਹੀ ਨਹੀਂ ਕਿ ਸਾਡਾ ਘਰ ਗੁਰੂ ਦੇ ਚਰਨਾਂ ਵਿੱਚ ਹੈ
* ਸਿੱਖੀ ਦਾ ਦਾਅਵਾ ਕਰਨਾ ਧਰਮ ਨਹੀਂ, ਬਲਕਿ ਗੁਰੂ ਦਾ ਹੁਕਮ ਮੰਨਣਾ ਹੀ ਅਸਲੀ ਧਰਮ ਹੈ 
* ਕੀਮਤੀ ਵਸਤੂਆਂ ਭੇਟ ਕਰਨਾ ਗੁਰੂ ਦਾ ਸਤਿਕਾਰ ਨਹੀਂ, ਅਸਲੀ ਸਤਿਕਾਰ ਗੁਰੂ ਦਾ ਹੁਕਮ ਮੰਨਣਾ ਹੈ

ਬਠਿੰਡਾ, 1 ਜਨਵਰੀ (ਕਿਰਪਾਲ ਸਿੰਘ): ਆਪਣੇ ਜਾਨਸੀਨ ਦੀ ਚੋਣ ਦੀ ਪਰਖ ਕਰਨ ਲਈ, ਗੁਰੂ ਨਾਨਕ ਸਾਹਿਬ ਜੀ ਵਲੋਂ ਸੰਗਤ ਨੂੰ ਉਨ੍ਹਾਂ ਮਗਰ ਨਾ ਆਉਣ ਦੇ ਸਖਤੀ ਨਾਲ ਦਿੱਤੇ ਹੁਕਮ ਦੇ ਬਾਵਯੂਦ, ਜਦ ਬਾਬਾ ਲਹਿਣਾ ਜੀ ਵਾਪਸ ਨਾ ਮੁੜੇ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ, ਕਿ ਤੈਨੂੰ ਨਹੀਂ ਪਤਾ ਕਿ ਸਿੱਖ ਲਈ ਗੁਰੂ ਦਾ ਹੁਕਮ ਮੰਨਣਾ ਲਾਜਮੀ ਹੈ। ਤੂੰ ਹੁਕਮ ਕਿਉਂ ਨਹੀਂ ਮੰਨਿਆਂ? ਭਾਈ ਲਹਿਣਾ ਜੀ ਨੇ ਕਿਹਾ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ, ਕਿ ਮੈਂ ਆਪ ਜੀ ਦਾ ਹੁਕਮ ਨਾ ਮੰਨਾਂ। ਤੁਸੀਂ ਹੁਕਮ ਕੀਤਾ ਸੀ ਕਿ ਸਾਰੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਉ। ਤੁਹਾਡਾ ਹੁਕਮ ਮੰਨ ਕੇ ਹੀ ਤਾਂ ਮੈ ਤੁਹਾਡੇ ਮਗਰ ਆ ਰਿਹਾ ਹਾਂ। ਜਿਹੜੇ ਵਾਪਸ ਮੁੜ ਗਏ ਉਨ੍ਹਾਂ ਦਾ ਕੋਈ ਹੋਰ ਘਰ ਹੋਵੇਗਾ, ਪਰ  ਮੈਨੂੰ ਤਾ ਸਮਝ ਆ ਗਈ ਹੈ, ਕਿ ਗੁਰੂ ਦੇ ਚਰਨ ਹੀ ਮੇਰਾ ਘਰ ਹੈ, ਇਸੇ ਲਈ ਮੈਂ ਤਾਂ ਆਪ ਜੀ ਦਾ ਹੁਕਮ ਮੰਨ ਕੇ ਆਪਣੇ ਘਰ ਨੂੰ ਹੀ ਜਾ ਰਿਹਾ ਹਾਂ।

ਇਹ ਸਾਖੀ ਸੁਣਾਉਂਦਿਆਂ ਲੋਕ ਭਲਾਈ ਕਲੱਬ ਚੰਦਸਰ ਬਸਤੀ ਦੇ ਸੱਦੇ ’ਤੇ ਇੱਥੇ ਇੱਕ ਧਾਰਮਿਕ ਸਮਾਗਮ ’ਚ ਪਹੁੰਚੇ ਭਾਈ ਸ਼ਿਵਤੇਗ ਸਿੰਘ ਹੈੱਡ ਪ੍ਰਚਾਰ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਨੇ ਕਿਹਾ ਕਿ ਕਾਸ਼! ਭਾਈ ਲਹਿਣੇ ਜੀ ਵਾਲੀ ਇਹ ਸਮਝ ਸਾਨੂੰ ਵੀ ਆ ਗਈ ਹੁੰਦੀ ਕਿ ‘ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੇਟੈ ਦਾਤਿ ॥1॥ ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥1॥ ਰਹਾਉ ॥ ਗੁਰ ਚਰਣੀ ਜਾ ਕਾ ਮਨੁ ਲਾਗੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਗੁਰ ਕੀ ਸੇਵਾ ਪਾਏ ਮਾਨੁ ॥ ਗੁਰ ਊਪਰਿ ਸਦਾ ਕੁਰਬਾਨੁ ॥2॥ ਗੁਰ ਕਾ ਦਰਸਨੁ ਦੇਖਿ ਨਿਹਾਲ ॥ ਗੁਰ ਕੇ ਸੇਵਕ ਕੀ ਪੂਰਨ ਘਾਲ ॥ ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥ ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥3॥ ਗੁਰ ਕੀ ਮਹਿਮਾ ਕਥਨੁ ਨ ਜਾਇ ॥ ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥ ਕਹੁ ਨਾਨਕ ਜਾ ਕੇ ਪੂਰੇ ਭਾਗ ॥ ਗੁਰ ਚਰਣੀ ਤਾ ਕਾ ਮਨੁ ਲਾਗ ॥4॥6॥8॥’ (ਗੋਂਡ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 864)

ਉਨ੍ਹਾਂ ਕਿਹਾ ਕਿ ਜੇ ਇਹ ਸਮਝ ਆਈ ਹੁੰਦੀ, ਤਾਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕਿ ਅਸੀਂ ਉਨ੍ਹਾਂ ਡੇਰੇਦਾਰਾਂ ਦੇ ਮਗਰ ਨਾ ਜਾਂਦੇ ਜਿਹੜੇ ਗੁਰੂ ਸਿਧਾਂਤ ਦੇ ਵਿਰੋਧੀ ਹਨ। ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ: ‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥’ (ਸੋਰਠਿ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 634) ਪੜ੍ਹਨ ਪਿੱਛੋਂ ਕਦੀ ਵੀ ਮੜੀਆਂ ਮਸਾਣੀਆਂ ਪੂਜਣ ਨਾ ਜਾਂਦੇ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਅਸੀਂ ਸਿੱਖ ਹੋਣ ਦਾ ਦਾਅਵਾ ਤਾਂ ਬਹੁਤ ਕਰਦੇ ਹਾਂ, ਪਰ ਸਿੱਖੀ ਦਾ ਦਾਅਵਾ ਕਰਨਾ ਧਰਮ ਨਹੀਂ, ਬਲਕਿ ਗੁਰੂ ਦਾ ਹੁਕਮ ਮੰਨਣਾ ਹੀ ਅਸਲੀ ਧਰਮ ਹੈ। ਹੁਕਮ ਮੰਨਣ ਦੀਆਂ ਉਦਾਹਰਣਾਂ ਦਿੰਦਿਆ, ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਸਾਖੀ ਸੁਣਾਉਂਦਿਆਂ, ਕਿਹਾ ਗੁਰੂ ਸਾਹਿਬ ਜੀ ਨੇ ਸਾਰੇ ਮਸੰਦਾਂ ਨੂੰ ਹੁਕਮ ਕੀਤਾ ਕਿ ਦਸਵੰਧ ਦੀ ਰਕਮ ਨਾਲੋਂ ਨਾਲ ਗੁਰੂ ਘਰ ਵਿੱਚ ਪਹੁੰਚਾਉਂਦੇ ਰਹਿਣਾ ਹੈ। ਭਾਈ ਲਾਲੂ ਜੀ ਨੇ ਕਾਫੀ ਸਮੇਂ ਤੱਕ ਦਸਵੰਧ ਦੀ ਰਕਮ ਨਾ ਭੇਜੀ, ਤਾਂ ਉਨ੍ਹਾਂ ਦੀ ਸਾਡੇ ਵਰਗੇ ਕਿਸੇ ਭਾਈ ਨੇ ਸ਼ਿਕਾਇਤ ਕਰ ਦਿੱਤੀ ਕਿ ਭਾਈ ਲਾਲੂ ਜੀ ਨੇ ਤੁਹਾਡੇ ਹੁਕਮਾਂ ਦੇ ਬਾਵਯੂਦ ਕਾਫੀ ਸਮੇਂ ਤੋਂ ਦਸਵੰਧ ਦੀ ਰਕਮ ਨਹੀਂ ਭੇਜੀ। ਗੁਰੂ ਜੀ ਨੇ ਪੁੱਛਿਆ ਕਿ ਦੱਸ ਭਾਈ ਲਾਲੂ ਜੀ ਤੁਸੀ ਲੰਬੇ ਸਮੇਂ ਤੋਂ ਦਸਵੰਧ ਜਮ੍ਹਾਂ ਕਿਉਂ ਨਹੀਂ ਕਰਵਾਇਆ। ਭਾਈ ਲਾਲੂ ਜੀ ਕਿਹਾ ਮਹਾਰਾਜ ਤੁਸੀਂ ਤਾਂ ਹੁਕਮ ਕੀਤਾ ਸੀ ਕਿ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਇਸ ਲਈ ਮੈਂ ਤਾਂ ਵੇਖਦਾ ਸੀ ਕਿ ਜੇ ਕੋਈ ਵਿਅਕਤੀ ਰੋਟੀ ਤੋਂ ਭੁੱਖਾ ਹੈ, ਤਾਂ ਮੈਂ ਦਸਵੰਧ ਵਿੱਚੋਂ ਉਸ ਨੂੰ ਰੋਟੀ ਖਵਾ ਦਿੰਦਾ ਸੀ, ਜੇ ਕੋਈ ਗਰੀਬ ਵਿਅਕਤੀ ਇਲਾਜ ਖੁਣੋਂ ਮਰ ਰਿਹਾ ਹੁੰਦਾ, ਤਾਂ ਮੈ ਦਸਵੰਧ ਵਿੱਚੋਂ ਉਸ ਦਾ ਇਲਾਜ ਕਰਵਾ ਦਿੰਦਾ ਸੀ। ਜੇ ਕਿਸੇ ਗਰੀਬ ਦੀ ਬੱਚੇ ਦੀ ਪੜ੍ਹਾਈ ਦੇ ਖਰਚੇ ਲਈ ਪੈਸੇ ਨਹੀ ਹੁੰਦੇ ਸਨ, ਤਾਂ ਉਸ ਦੀ ਉਸ ਦੀ ਮਦਦ ਕਰ ਦਿੰਦਾ ਸੀ। ਜੇ ਕਿਸੇ ਲੋੜਵੰਦ ਦੀ ਲੜਕੀ ਦੇ ਵਿਆਹ ’ਤੇ ਮਦਦ ਦੀ ਲੋੜ ਵੇਖਦਾ ਸੀ, ਤਾਂ ਦਸਵੰਧ ਵਿੱਚੋਂ ਉਸ ਦੀ ਮਦਦ ਕਰ ਦਿੱਤੀ ਜਾਂਦੀ ਸੀ। ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਲਾਲੂ ਜੀ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਤੇ ਕਿਹਾ ਕਿ ਦਸਵੰਧ ਦੀ ਵਰਤੋਂ ਦੀ ਅਸਲ ਸਮਝ ਤੈਨੂੰ ਹੀ ਆਈ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਅਸੀਂ ਇਹ ਸਾਖੀ ਤਾਂ ਰੋਜ ਸੁਣਦੇ ਹਾਂ, ਪਰ ਗੁਰੂ ਕੀ ਗੋਲਕ ਦੀ ਸਮਝ ਸਾਨੂੰ ਹਾਲੀ ਤੱਕ ਨਹੀਂ ਆਈ ਤੇ ਅਸੀਂ ਲੋਹੇ ਦੀ ਗੋਲਕ ਨੂੰ ਹੀ ਗੁਰੂ ਕੀ ਗੋਲਕ ਸਮਝ ਰੱਖਿਆ ਹੈ।

ਗੁਰੂ ਦੇ ਸਤਿਕਾਰ ਦੀ ਗੱਲ ਕਰਦਿਆਂ, ਭਾਈ ਸ਼ਿਵਤੇਗ ਸਿੰਘ ਨੇ ਕਿਹਾ ਅਸੀਂ ਸਰੀਰਾਂ ਦੇ ਸਤਿਕਾਰ ਨੂੰ ਹੀ ਗੁਰੂ ਦਾ ਸਤਿਕਾਰ ਸਮਝ ਲਿਆ ਹੈ, ਅਤੇ ਵਿਖਾਵੇ ਦੇ ਤੌਰ ’ਤੇ ਸਤਿਕਾਰ ਕਰਦੇ ਵੀ ਬਹੁਤ ਹਾਂ। ਪਰ ਅਸਲੀ ਸਤਿਕਾਰ ਗੁਰੂ ਦਾ ਹੁਕਮ ਮੰਨਣਾ ਤੇ ਦਿਲੋਂ ਅਦਬ ਕਰਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਇੱਕ ਸਾਖੀ ਸੁਣਾਉਂਦਿਆਂ ਉਨ੍ਹਾਂ ਕਿਹਾ, ਕਿ ਇੱਕ ਵਾਰੀ ਵੈਦ ਭਾਈ ਸੁਜਾਨ ਸਿੰਘ ਜੀ ਗੁਰੂ ਦਰਬਾਰ ਵਿੱਚ ਆਏ ਤੇ ਕਹਿਣ ਲੱਗੇ ਕਿ ਮਹਾਰਾਜ ਮੇਰੇ ਲਈ ਵੀ ਕੋਈ ਸੇਵਾ ਦੱਸੋ। ਗੁਰੂ ਸਾਹਿਬ ਨੇ ਕਿਹਾ ਕਿ ਜਾਹ ਕਿਸੇ ਚੌਕ ਵਿੱਚ ਦੁਕਾਨ ਖੋਲ੍ਹ ਲੈ ਤੇ ਬੀਮਾਰਾਂ ਦਾ ਇਲਾਜ ਕਰ ਤੇ ਇੱਕ ਗੱਲ ਦਾ ਧਿਆਨ ਰੱਖੀਂ ਕਿ ਕੋਈ ਵੀ ਦੁਖੀਆ ਤੇਰੇ ਕੋਲੋਂ ਨਿਰਾਸ ਹੋ ਕੇ ਨਾ ਜਾਵੇ, ਅਤੇ ਜਦ ਤੱਕ ਮੈਂ ਨਾ ਬੁਲਾਵਾਂ ਤਾਂ ਮੈਨੂੰ ਮਿਲਣ ਨਾ ਆਵੀਂ। ਵੈਦ ਸੁਜਾਨ ਸਿੰਘ ਕਾਫੀ ਸਮਾਂ ਮਰੀਜਾਂ ਦੀ ਸੇਵਾ ਕਰਦਾ ਰਿਹਾ। ਇੱਕ ਵਾਰੀ ਉਸ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਨੂੰ ਜਾਂਦੇ ਹੋਏ ਇਸ ਪਿੰਡ ਵਿੱਚੋਂ ਦੀ  ਲੰਘ ਰਹੇ ਹਨ। ਭਾਈ ਸੁਜਾਨ ਸਿੰਘ ਗੁਰੂ ਸਾਹਿਬ ਦੇ ਸਤਿਕਾਰ ਲਈ ਤਿਆਰੀਆਂ ਕਰਕੇ ਤੁਰਨ ਹੀ ਲੱਗਾ ਸੀ, ਕਿ ਇੱਕ ਬਜੁਰਗ ਔਰਤ ਆਪਣੀ ਨੂੰਹ ਨੂੰ ਲੈ ਕੇ ਆ ਗਈ ਤੇ ਕਹਿਣ ਲੱਗੀ ਵੈਦ ਜੀ ਮੇਰੀ ਨੂੰਹ ਦਰਦ ਨਾਲ ਕਰਾਹ ਰਹੀ ਹੈ ਇਸ ਨੂੰ ਕੋਈ ਦਵਾਈ ਦੇਣਾ। ਭਾਈ ਸੁਜਾਨ ਸਿੰਘ ਜੀ ਇੱਕ ਪਾਸੇ ਸੋਚਣ ਲੱਗਾ ਕਿ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਜਾਣਾ ਵੀ ਜਰੂਰੀ ਹੈ, ਪਰ ਇਸ ਬੀਬੀ ਦੀ ਹਾਲਤ ਇੰਨੀ ਨਾਜ਼ੁਕ ਹੈ, ਕਿ ਜੇ ਉਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਤਾਂ ਇਸ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਉਹ ਉਸ ਬੀਬੀ ਦੇ ਇਲਾਜ ਵਿੱਚ ਰੁੱਝ ਗਿਆ।

ਇੰਨੇ ਨੂੰ ਗੁਰੂ ਸਾਹਿਬ ਉਸ ਦੇ ਕਲੀਨਿਕ ’ਤੇ ਹੀ ਆ ਬੈਠੇ, ਤੇ ਜਦੋਂ ਵੈਦ ਸੁਜਾਨ ਸਿੰਘ ਉਸ ਬੀਬੀ ਦਾ ਇਲਾਜ ਕਰਨ ਉਪ੍ਰੰਤ ਵਾਪਸ ਆਪਣੀ ਸੀਟ ’ਤੇ ਆਇਆ, ਤਾਂ ਉਨ੍ਹਾਂ ਗੁਰੂ ਜੀ ਦੇ ਚਰਨ ਫੜ ਕੇ ਆਪਣੀ ਭੁੱਲ ਦੀ ਮੁਆਫੀ ਮੰਗਦਿਆਂ ਕਿਹਾ, ਕਿ ਮੈਂ ਆਪ ਜੀ ਦਾ ਸਤਿਕਾਰ ਕਰਨ ਲਈ ਸਮੇਂ ਸਿਰ ਇਸ ਲਈ ਨਹੀਂ ਪਹੁੰਚ ਸਕਿਆ, ਕਿਉਂਕਿ ਜਿਸ ਸਮੇਂ ਤੁਰਨ ਹੀ ਲੱਗਾ ਸੀ ਤਾਂ ਐਨ ਮੌਕੇ ’ਤੇ ਇਹ ਬੀਬੀ ਇਲਾਜ ਲਈ ਆ ਗਈ ਤੇ ਆਪ ਜੀ ਦੇ ਹੁਕਮ ਅਨੁਸਾਰ ਬੀਮਾਰ ਦੁਖੀਏ ਦਾ ਇਲਾਜ ਕਰਨ ਨੂੰ ਆਪਣਾ ਧਰਮ ਸਮਝਦਾ ਹੋਇਆ, ਮੈਂ ਇਸ ਦਾ ਇਲਾਜ ਕਰਨ ਕਰਕੇ ਆਪਜੀ ਵੱਲ ਧਿਆਨ ਨਹੀਂ ਦੇ ਸਕਿਆ। ਗੁਰੂ ਸਾਹਿਬ ਜੀ ਨੇ ਵੈਦ ਸੁਜਾਨ ਸਿੰਘ ਨੂੰ ਜੱਫੀ ਵਿੱਚ ਲੈਂਦਿਆਂ ਕਿਹਾ ਕਿ ਵਿਖਾਵੇ ਦਾ ਸਤਿਕਾਰ ਕਰਨਾ ਧਰਮ ਨਹੀਂ ਹੁੰਦਾ, ਅਸਲ ਸਤਿਕਾਰ ਤਾਂ ਗੁਰੂ ਦੀ ਰੂਹ ਦਾ ਸਤਿਕਾਰ ਕਰਨਾ ਹੈ। ਗੁਰੂ ਹੁਕਮਾਂ ਤੇ ਚੱਲ ਕੇ ਜੋ ਧਰਮ ਤੂੰ ਕਮਾਇਆ ਹੈ, ਇਹ ਹੀ ਮੇਰਾ ਅਸਲੀ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਡਾ: ਉਂਝ ਤਾਂ ਸੁਖਮਨੀ ਸਾਹਿਬ ਦੇ ਪਾਠ ਵੀ ਕਰਦਾ ਹੈ, ਸਿਮਰਨ ਵੀ ਕਰਦਾ ਹੈ, ਵਿਖਾਵੇ ਦਾ ਧਰਮ ਵੀ ਬਹੁਤ ਕਮਾਉਂਦਾ ਹੈ, ਪਰ ਜੇ ਕੋਈ ਮਰ ਰਿਹਾ ਗਰੀਬ ਮਰੀਜ ਇਲਾਜ ਲਈ ਆਉਂਦਾ ਹੈ, ਤਾਂ ਉਸ ਦਾ ਇਲਾਜ ਕਰਨ ਦੀ ਥਾਂ ਪਹਿਲਾਂ ਆਪਣੀਆਂ ਫੀਸਾਂ ਤਹਿ ਕਰਨ ਬੈਠ ਜਾਦਾ ਹੈ ਤਾਂ ਉਹ ਧਰਮੀ ਨਹੀਂ ਕਿਹਾ ਜਾ ਸਕਦਾ।

ਭਾਈ ਸ਼ਿਵਤੇਗ ਸਿੰਘ ਨੇ ਗੁਰੂ ਦਾ ਦਿਲੋਂ ਸਤਿਕਾਰ ਕਰਨ ਵਾਲਿਆਂ ਅਤੇ ਧਰਮ ਕਮਾਉਣ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ, ਕਿ ਅਸਲੀ ਸਤਿਕਾਰ ਤਾਂ ਮੋਤੀ ਰਾਮ ਮਹਿਰਾ ਨੇ ਕੀਤਾ ਜਿਸ ਨੂੰ ਇਹ ਪਤਾ ਹੁੰਦਿਆਂ, ਕਿ ਜੇ ਉਸ ਨੇ ਠੰਡੇ ਬੁਰਜ ਵਿੱਚ ਭੁਖਣ ਭਾਣੇ ਰਾਤ ਕੱਟ ਰਹੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨਾਲ ਕਿਸੇ ਕਿਸਮ ਦੀ ਹਮਦਰਦੀ ਵਿਖਾਈ, ਤਾਂ ਉਸ ਦੇ ਪ੍ਰਵਾਰ ਨੂੰ ਘਾਣੀ ਵਿੱਚ ਪੀੜ ਦਿੱਤਾ ਜਾਵੇਗਾ, ਇਸ ਦੇ ਬਾਵਯੂਦ ਰਾਤ ਨੂੰ ਦੁੱਧ ਪਿਆ ਕੇ ਆਇਆ। ਇਸੇ ਸਮੇਂ ਦੌਰਾਨ ਗੁਰੂ ਸਾਹਿਬ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਘਰ ਦੇ ਮਸੰਦ ਗੁਲਾਬਾ ਤੇ ਪੰਜਾਬਾ ਪਾਸ ਪਹੁੰਚੇ। ਜਦ ਉਨ੍ਹਾਂ ਸਰਕਾਰ ਵਲੋਂ ਕਰਵਾਈ ਗਈ ਇਹ ਮਿਆਦੀ ਸੁਣੀ, ਕਿ ਜਿਸ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਦਿੱਤੀ ਉਸ ਦੇ ਪ੍ਰਵਾਰ ਨੂੰ ਘਾਣੀ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਉਸ ਨੇ ਅੱਧੀ ਰਾਤ ਨੂੰ ਗੁਰੂ ਜੀ ਨੂੰ ਘਰੋਂ ਜਾਣ ਲਈ ਬੇਨਤੀ ਕੀਤੀ। ਜਦ ਗੁਰੂ ਸਾਹਿਬ ਨੇ ਕਿਹਾ ਕਿ ਗੁਲਾਬਿਆ ਅੱਧੀ ਰਾਤ ਨੂੰ ਹੁਣ ਮੈਂ ਕਿਥੇ ਜਾਵਾਂਗਾ ਤਾਂ ਉਸ ਨੇ ਕਿਹਾ, ਮਹਾਰਾਜ ਕੀ ਕਰਾਂ ਜੇ ਮੈਂ ਤੁਹਾਡੇ ਵੱਲ ਵੇਖਦਾ ਹਾਂ ਤਾਂ ਮੇਰਾ ਪ੍ਰਵਾਰ ਘਾਣੀ ਵਿੱਚ ਪੀੜ ਦਿੱਤਾ ਜਾਵੇਗਾ। ਜੇ ਪ੍ਰਵਾਰ ਵੱਲ ਵੇਖਦਾ ਹਾਂ ਤਾਂ ਤੁਹਾਨੂੰ ਵਿਦਾ ਕਰਨਾ ਹੀ ਪੈਣਾ ਹੈ। 

ਜਦ ਉਸੇ ਪਿੰਡ ਵਿੱਚ ਰਹਿੰਦੇ ਦੋ ਭਰਾ ਗਨੀ ਖਾਂ ਤੇ ਨਬੀ ਖਾਂ ਘੋੜਿਆਂ ਦਾ ਵਾਪਾਰ ਕਰਦੇ ਹੋਏ ਕਈ ਦਿਨਾਂ ਪਿੱਛੋਂ ਘਰ ਵਾਪਸ ਆਏ ਤੇ ਉਨ੍ਹਾਂ ਦੀ ਛੋਟੀ ਪੁਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਕੀਤੀ ਮਿਆਦੀ ਅਨੁਸਾਰ, ਜਿਸ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਤੁਸੀਂ ਸਿਫਤਾਂ ਕਰਦੇ ਹੁੰਦੇ ਸੀ, ਉਨ੍ਹਾਂ ਨੂੰ ਅਨੰਦਪੁਰ ਛੱਡਣਾ ਪੈ ਗਿਆ ਹੈ। ਵੱਡੇ ਸਾਹਿਬਜ਼ਾਦੇ ਚਮਕੌਰ ਵਿਖੇ ਸ਼ਹੀਦ ਹੋ ਗਏ ਹਨ ਛੋਟੇ ਸਾਹਿਬਜ਼ਾਦਿਆਂ ਦੀ ਕੋਈ ਖ਼ਬਰ ਨਹੀਂ ਹੈ ਤੇ ਗੁਰੂ ਸਾਹਿਬ ਜੀ ਜਿਸ ਕੋਲ ਨਾ ਘੋੜਾ ਹੈ ਤੇ ਨਾ ਹੀ ਬਾਜ਼। ਇੱਥੋਂ ਤੱਕ ਕਿ ਉਨ੍ਹਾਂ ਦੇ ਪੈਰਾਂ ਵਿੱਚ ਜੁੱਤੀ ਵੀ ਨਹੀਂ ਹੈ ਤੇ ਉਹ ਇਧਰ ਕਿਧਰੇ ਜੰਗਲਾਂ ਵਿੱਚ ਘੁੰਮ ਰਹੇ ਹਨ। ਜਿਸ ਨੇ ਵੀ ਉਨਾਂ ਦੀ ਮੱਦਦ ਕੀਤੀ ਉਸ ਦਾ ਬੱਚਾ ਬੱਚਾ ਘਾਣੀ ਵਿੱਚ ਪੀੜ ਦਿੱਤਾ ਜਾਵੇਗਾ ਤੇ ਜਿਸ ਨੇ ਉਨ੍ਹਾਂ ਦੀ ਸੂਹ ਸਰਕਾਰ ਨੂੰ ਦਿੱਤੀ ਉਸ ਨੂੰ ਭਾਰੀ ਇਨਾਮ ਦਿੱਤਾ ਜਾਵੇਗਾ। ਭਾਈ ਗਨੀ ਖਾਂ ਤੇ ਨੱਬੀ ਖਾਂ ਉਸੇ ਸਮੇਂ ਗੁਲਾਬੇ ਮਸੰਦ ਦੇ ਘਰ ਪਹੁੰਚੇ ਕਿ ਤੈਨੂੰ ਗੁਰੂ ਸਾਹਿਬ ਬਾਰੇ ਕੋਈ ਪਤਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਰਾਤ ਹੀ ਮੇਰੇ ਘਰ ਪਹੁੰਚੇ ਸਨ ਬੜੀ ਮੁਸ਼ਕਲ ਨਾਲ ਅੱਧੀ ਰਾਤ ਨੂੰ ਹੀ ਉਨ੍ਹਾਂ ਨੂੰ ਵਿਦਾ ਕਰਨਾ ਪਿਆ ਨਹੀਂ ਤਾਂ ਮੇਰਾ ਪ੍ਰਵਾਰ ਘਾਣੀ ਵਿੱਚ ਪੀੜ ਦਿੱਤਾ ਜਾਂਦਾ। ਭਾਈ ਗਨੀ ਖਾਂ ਨੱਬੀ ਖਾਂ ਉਸੇ ਵੇਲੇ ਗੁਰੂ ਸਾਹਿਬ ਜੀ ਦੀ ਭਾਲ ਵਿੱਚ ਚੱਲ ਪਏ ਤੇ ਉਨ੍ਹਾਂ ਨੂੰ ਆਪਣੇ ਘਰ ਲਿਆ ਕੇ ਉਨ੍ਹਾਂ ਦੀ ਸੇਵਾ ਕੀਤੀ ਤੇ ਉਚ ਦਾ ਪੀਰ ਬਣਾ ਕੇ ਸੂਬਾ ਸਰਹਿੰਦ ਦੇ ਖੇਤਰ ਵਿਚੋਂ ਬਾਹਰ ਸਤਿਕਾਰ ਸਹਿਤ ਛੱਡ ਕੇ ਆਏ।

ਭਾਈ ਸ਼ਿਵਤੇਗ ਸਿੰਘ ਨੇ ਇੱਕ ਹੋਰ ਸਾਖੀ ਸੁਣਾਉਂਦਿਆ ਦੱਸਿਆ ਕਿ ਇੱਕ ਪ੍ਰਜਾਪਤ ਨੂੰ ਮਿੱਟੀ ਪੁੱਟਦਿਆਂ ਇੱਕ ਲਾਲ ਲੱਭ ਪਿਆ ਤੇ ਉਸ ਨੇ ਆਪਣੇ ਖੋਤੇ ਦੇ ਗਲ ਵਿੱਚ ਪਾ ਦਿੱਤਾ। ਇੱਕ ਜੌਹਰੀ ਨੇ ਵੇਖਿਆ ਕਿ ਇਸ ਨੂੰ ਲਾਲ ਦੀ ਕੀਮਤ ਦਾ ਨਹੀਂ ਪਤਾ। ਉਸ ਨੂੰ ਕਿਹਾ ਇਹ ਪੱਥਰੀ ਜਿਹੀ 100 ਰੁਪਏ ਵਿੱਚ ਵੇਚਣ ਲਈ ਕਿਹਾ। ਪ੍ਰਜਾਪਤ ਨੇ ਸੋਚਿਆ ਕਿ ਇਸ ਨੇ ਆਪਣੇ ਆਪ ਹੀ ਇਸ ਦੀ ਕੀਮਤ ਸੌ ਰੁਪਈਆ ਪਾ ਦਿੱਤੀ ਹੈ ਇਸ ਲਈ ਇਹ ਕਾਫੀ ਕੀਮਤੀ  ਹੋਵੇਗਾ। ਹੋਰ ਕੀਮਤ ਵਧਾਉਣ ਲਈ ਉਸ ਨੇ ਕਿਹਾ ਮੈ ਤਾਂ ਇਸ ਨੂੰ 200 ਰੁਪਏ ਵਿੱਚ ਵੇਚਾਂਗਾ। ਜੌਹਰੀ ਨੇ ਸੋਚਿਆ ਕਿ ਇਸ ਨੂੰ ਲਾਲ ਦੀ ਕੀਮਤ ਦਾ ਪਤਾ ਨਹੀਂ ਇਸ ਲਈ ਇਹ ਸੌ ਰੁਪਏ ਵਿੱਚ ਹੀ ਵੇਚ ਦੇਵੇਗਾ। ਇਹ ਸੋਚ ਕੇ ਉਸ ਨੇ ਕਿਹਾ ਨਹੀਂ ਮੈਂ ਤਾਂ 100 ਰੁਪਏ ਤੋਂ ਵੱਧ ਨਹੀਂ ਦੇਣਾ। ਥੋਹੜੀ ਦੂਰ ਜਾ ਕੇ ਇੱਕ ਹੋਰ ਜੌਹਰੀ ਮਿਲਿਆ ਉਸ ਨੇ ਉਸ ਦੀ 1000 ਰੁਪਏ ਕੀਮਤ ਲਾ ਦਿੱਤੀ। ਪ੍ਰਜਾਪਤ ਨੇ ਸੋਚਿਆ ਕਦੀ  ਪਹਿਲੇ ਵਾਂਗ ਇਹ ਵੀ ਨਾ ਹੀ ਨਾ ਕਰ ਦੇਵੇ ਇਸ ਲਈ ਜੋ ਦਿੰਦਾ ਹੈ ਉਹ ਲੈ ਲਵੋ। ਉਸ ਨੇ 1000 ਰੁਪਏ ਵਿੱਚ ਉਹ ਲਾਲ ਵੇਚ ਦਿਤਾ। ਇੰਨੇ ਵਿੱਚ ਪਹਿਲੇ ਜੌਹਰੀ ਨੇ ਸੋਚਿਆ ਕਿ ਲਾਲ ਤਾਂ ਬਹੁਤ ਕੀਮਤੀ ਹੈ, ਚਲੋ 200 ਰੁਪਏ ਵਿੱਚ ਹੀ ਖ੍ਰੀਦ ਲੈਂਦੇ ਹਾਂ। ਉਹ ਮੁੜ ਉਸ ਪਾਸ ਆਇਆ ਤੇ ਪੁੱਛਣ ਲੱਗਾ ਕਿ ਉਹ ਪੱਥਰੀ  ਵੇਚਣੀ ਹੈ ਉਸ ਨੇ ਦੱਸਿਆ ਕਿ ਉਹ ਤਾਂ ਉਸ ਨੇ 1000 ਰੁਪਏ ਵਿੱਚ ਵੇਚ ਦਿੱਤੀ ਹੈ। ਜੌਹਰੀ ਨੇ ਪ੍ਰਜਪਤ ਨੂੰ ਕਿਹਾ ਤੂੰ ਤਾਂ ਬਿਲਕੁਲ ਹੀ ਅਣਜਾਣ ਹੈਂ। ਉਹ ਤਾਂ ਲਾਲ ਸੀ ਜੋ ਬਹੁਤ ਹੀ ਕੀਮਤੀ ਸੀ ਤੇ ਸਿਰਫ 1000 ਰੁਪਏ ਵਿੱਚ ਹੀ ਵੇਚ ਦਿੱਤਾ ਹੈ। ਪ੍ਰਜਾਪਤ ਨੇ ਕਿਹਾ ਕਿ ਮੈਂ ਤਾਂ ਅਣਜਾਣ ਹਾਂ ਹੀ ਪਰ ਫਿਰ ਵੀ ਉਸ ਨੂੰ 1000 ਰੁਪਏ ਵਿੱਚ ਵੇਚ ਦਿੱਤਾ ਹੈ, ਪਰ ਤੂ ਤਾਂ ਮੇਰੇ ਨਾਲੋਂ ਵੀ ਬਹੁਤ ਵੱਡਾ ਬੇਵਕੂਫ ਹੈਂ ਜਿਸ ਨੂੰ ਪਤਾ ਹੋਣ ਦੇ ਬਾਵਯੂਦ ਉਸ ਨੂੰ 200 ਰੁਪਏ ਵਿੱਚ ਵੀ ਖ੍ਰੀਦ ਨਹੀਂ ਸਕਿਆ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਾਡੀ ਹਾਲਤ ਵੀ ਉਸ ਬੇਵਕੂਫ ਜੌਹਰੀ ਵਾਲੀ ਹੈ ਜਿਹੜੇ ਜਾਣਦੇ ਹੋਏ ਵੀ ਗੁਰੂ ਅਤੇ ਗੁਰੂ ਦੇ ਸ਼ਬਦ ਦੀ ਕਦਰ ਨਹੀ ਪਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਗੁਰਬਾਣੀ ਨਾ ਆਪ ਪੜ੍ਹੀ ਤੇ ਨਾ ਹੀ ਸਮਝੀ ਹੈ ਇਸ ਲਈ ਗੁਰੂ ਦਾ ਦਰ ਛੱਡ ਕੇ ਡੇਰਿਆਂ ਅਤੇ ਮੜੀਆਂ ਮਸਾਣਾਂ ਤੇ ਭਟਕ ਰਹੇ ਹਾਂ। ਉਨ੍ਹਾਂ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਹ ਨਿਊਜੀਲੈਂਡ ਦੇ ਪ੍ਰਚਾਰਕ ਦੌਰੇ ’ਤੇ ਗਏ ਸਨ ਤਾਂ ਲੰਗਰ ਛਕਣ ਸਮੇਂ ਮੈਨੂੰ ਘੇਰਨ ਦੀ ਨੀਅਤ ਨਾਲ ਕੁਝ ਡੇਰਾਵਾਦੀਆਂ ਨੇ ਕਿਹਾ ਗਿਆਨੀ ਜੀ ਪ੍ਰਸ਼ਾਦੇ ਦਾ ਸਲੋਕ ਪੜ੍ਹੋ। ਮੈਂ ਸੋਚੀਂ ਪੈ ਗਿਆ ਕਿ ਪ੍ਰਸ਼ਾਦੇ ਦਾ ਸਲੋਕ ਕਿਹੜਾ ਹੋਇਆ? ਮੈਂ ਕਈ ਸਹਿਜ ਪਾਠ ਵੀ ਕੀਤੇ ਹਨ, ਜੀਵਨ ਦੇ ਸਲੋਕ ਤਾਂ ਬਹੁਤ ਪੜ੍ਹੇ ਹਨ ਪਰ ਪ੍ਰਸ਼ਾਦੇ ਦਾ ਸਲੋਕ ਕਦੀ ਨਜ਼ਰ ਨਹੀਂ ਪਿਆ। ਉਨ੍ਹਾਂ ਨੂੰ ਬੇਨਤੀ ਕੀਤੀ ਮੈਨੂੰ ਤਾਂ ਪ੍ਰਸ਼ਾਦੇ ਦੇ ਸਲੋਕ ਦਾ ਪਤਾ ਹੀ ਨਹੀਂ, ਤੁਸੀਂ ਹੀ ਕ੍ਰਿਪਾ ਕਰਕੇ ਦੱਸ ਦਿਓ। ਉਨ੍ਹਾਂ ਮਖੌਲ ਉਡਾਉਂਦਿਆਂ ਕਿਹਾ ਤੁਸੀਂ ਪ੍ਰਚਾਰਕ ਬਣੇ ਫਿਰਦੇ ਹੋ ਤੁਹਾਨੂੰ ਪ੍ਰਸ਼ਾਦੇ ਦੇ ਸਲੋਕ ਦਾ ਹੀ ਪਤਾ ਨਹੀਂ। ਉਨ੍ਹਾਂ ਸੁਖਮਨੀ ਸਾਹਿਬ ਦਾ ਸਲੋਕ ‘ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥1॥’ ਪੜ੍ਹ ਕੇ ਸੁਣਾ ਦਿੱਤਾ। ਇਸ ਦੇ ਅਰਥ ਪੁੱਛਣ’ਤੇ ਉਨ੍ਹਾਂ ਕਿਹਾ ਅਰਥ ਤਾਂ ਤੁਸੀਂ ਗਿਆਨੀ ਲੋਕ ਹੀ ਜਾਣੋ ਪਰ ਸਾਡੇ ਮਹਾਂਪੁਰਸ਼ਾਂ ਨੇ ਦੱਸਿਆ ਸੀ ਕਿ ਪ੍ਰਸ਼ਾਦਾ ਛਕਣ ਵੇਲੇ ਇਹ ਸਲੋਕ ਪੜ੍ਹਨਾ ਚਾਹੀਦਾ ਹੈ। ਭਾਈ ਸ਼ਿਵਤੇਗ ਸਿੰਘ ਨੇ ਇਸ ਸਲੋਕ ਦੇ ਅਰਥ ਦਸਦਿਆਂ ਕਿਹਾ ਕਿ ਇਸ ਦੇ ਅਰਥ ਤਾਂ ਹਨ:- ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਤੇਰੀ ਸ਼ਰਣ ਆਇਆ ਹਾਂ, (ਮੇਰੇ ਉਤੇ) ਮੇਹਰ ਕਰ, (ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ ॥1॥ ਉਨ੍ਹਾਂ ਕਿਹਾ ਕਿ ਇਸ ਵਿੱਚ ਪ੍ਰਸ਼ਾਦਾ ਛਕਣ ਦ ਤਾਂ ਕੋਈ ਗੱਲ ਹੀ ਨਹੀਂ ਕੀਤੀ। ਇਹ ਤਾਂ ਵਿਕਾਰ ਦੂਰ ਕਰਕੇ ਆਪਣਾ ਜੀਵਨ ਸੁਧਾਰਨ ਦੀ ਗੱਲ ਕੀਤੀ ਗਈ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਇਹ ਲਾਲ ਦੀ ਕੀਮਤ ਤੋਂ ਅਣਜਾਣ ਪ੍ਰਜਾਪਤ ਅਤੇ ਬੇਵਕੂਫ ਜੌਹਰੀ ਵਾਂਗ ਅਣਜਾਣਤਾ ਹੈ ਕਿ ਜੀਵਨ ਸੁਧਾਰਨ ਵਾਲੀ ਬਾਣੀ ਨੂੰ ਪ੍ਰਸ਼ਾਦੇ ਦੇ ਸਲੋਕ ਬਣਾ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਜਦ ਤੱਕ ਆਪ ਪੜੇ ਸਮਝੇ ਬਿਨਾਂ ਅਸੀਂ ਉਸ ਅਣਜਾਣ ਪ੍ਰਜਾਪਤ ਵਾਂਗ ਰਤਨ, ਜਵਾਹਰ ਤੇ ਲਾਲਾਂ ਨਾਲੋਂ ਕੀਮਤੀ ਬਾਣੀ ਦੀ ਕੀਮਤ ਡੇਰੇਦਾਰਾਂ ਕੋਲੋਂ ਪੁੱਛੇ ਰਹੇ ਉਨ੍ਹਾਂ ਚਿਰ ਨਾ ਗੁਰੂ ਦੇ ਹੁਕਮਾਂ ਦੀ ਸੋਝੀ ਹੋਣੀ ਤੇ ਨਾ ਹੀ ਹੁਕਮ ਮੰਨਣ ਦੀ ਸਮਰੱਥਾ। ਉਨ੍ਹਾਂ ਕਿਹਾ ਉਂਝ ਤਾਂ ਅਸੀਂ ਹਿੰਦੂਆਂ ਨੂੰ ਕਹਿੰਦੇ ਹਾਂ ਕਿ ਉਹ ਗੀਤਾ ਨੂੰ ਕੱਛ ਵਿੱਚ ਲਈ ਫਿਰਦੇ ਹਨ, ਮੁਸਲਮਾਨ ਵੀ ਕੁਰਾਨ ਸ਼੍ਰਰੀਫ਼ ਦਾ ਸਤਿਕਾਰ ਨਹੀਂ ਕਰਦੇ ਪਰ ਫਰਕ ਸਾਡੇ ਵਿੱਚ ਵੀ ਕੋਈ ਨਹੀਂ। ਕੇਵਲ ਪੰਜ ਸਿੰਘ ਇਕੱਠੇ ਕਰਕੇ ਸਿਰ ’ਤੇ ਚੁੱਕਣ ਨਾਲ ਜਾਂ ਕੀਮਤੀ ਵਸਤੂਆਂ ਭੇਟ ਕਰਨ ਨਾਲ ਗੁਰੂ ਸਾਹਿਬ ਜੀ ਦਾ ਸਤਿਕਾਰ ਨਹੀਂ, ਅਸਲੀ ਸਤਿਕਾਰ ਹੈ ਗੁਰਬਾਣੀ ਨੂੰ ਖ਼ੁਦ ਸਮਝ ਕੇ ਪੜ੍ਹਨਾ ਤੇ ਉਸ ਨਾਲ ਆਪਣਾ ਜੀਵਨ ਸੁਧਾਰਣਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top