Share on Facebook

Main News Page

ਕਾਨਪੁਰ ਦੀ ਜਾਗਰੂਕ ਸਿੱਖ ਸੰਗਤ ਵਲੋਂ ਪੰਥਕ ਮਸਲਿਆਂ ਸਬੰਧੀ ਪੁੱਛੇ ਗਏ ਅਹਿਮ ਸਵਾਲਾਂ ਵਿੱਚ ਘਿਰਿਆ ਮੱਕੜ

ਪ੍ਰੋ. ਦਰਸ਼ਨ ਸਿੰਘ ਦੀ ਸ਼ਖ਼ਸ਼ੀਅਤ ਹੀ ਏਡੀ ਵੱਡੀ ਹੈ, ਕਿ ਜੇ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਜਾਂਦੇ, ਤਾਂ ਉਨ੍ਹਾਂ ਉਸ ਨੂੰ ਉਂਝ ਹੀ ਮੁਆਫ਼ ਕਰ ਦੇਣਾ ਸੀ: ਅਵਤਾਰ ਸਿੰਘ ਮੱਕੜ

* ਕਿਹਾ - ਇਹ ਅਕਾਲ ਤਖ਼ਤ ਤੋਂ ਭਗੌੜੇ ਹਨ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਇਨ੍ਹਾਂ ਨੂੰ ਅੰਦਰ ਨਹੀਂ ਸੀ ਵੜਨ ਦੇਣਾ
* ਜਾਗਰੂਕ ਸਿੱਖਾਂ ਨੇ ਕਿਹਾ- ਤੁਸੀਂ ਸਾਡੀ ਗੁਰਮਤਿ, ਸਿੱਖ ਇਤਿਹਾਸ ਅਤੇ ਗੁਰਬਾਣੀ ਅਨੁਸਾਰ ਤਸੱਲੀ ਕਰਵਾਉ, ਤੁਹਾਡੇ ਵਲੋਂ ਖੜ੍ਹੇ ਕੀਤੇ ਪੰਜ ਜੌਕਰਾਂ ਦੇ ਹੁਕਮ ਅਸੀਂ ਨਹੀਂ ਮੰਨਣੇ
* ਅਖੀਰ ’ਤੇ ਮੱਕੜ ਨੂੰ ਕਹਿਣਾ ਪਿਆ:- * ਕੁਝ ਸੋਚ ਵੀਚਾਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਪੱਕੀ ਤਰੀਕ 5 ਜਨਵਰੀ ਬਾਰੇ ਕਰ ਦੇਣਗੇ

ਬਠਿੰਡਾ, 31 ਦਸੰਬਰ (ਕਿਰਪਾਲ ਸਿੰਘ): ਗੁਰਦੁਆਰਾ ਸਿੰਘ ਸਭਾ ਕਾਨ੍ਹਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਮੌਕੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਉਸ ਸਮੇਂ ਬੁਰੀ ਤਰ੍ਹਾਂ ਘਿਰ ਗਏ ਜਿਸ ਸਮੇਂ ਕਾਨਪੁਰ ਦੀ ਜਾਗਰੂਕ ਸਿੱਖ ਸੰਗਤ ਵਲੋਂ ਪੰਥਕ ਮਸਲਿਆਂ ਸਬੰਧੀ ਉਨ੍ਹਾਂ ਤੋਂ ਕਈ ਅਹਿਮ ਸਵਾਲ ਪੁੱਛੇ ਗਏ, ਜਿਨ੍ਹਾਂ ਵਿੱਚੋਂ ਉਹ ਇੱਕ ਦਾ ਵੀ ਕੋਈ ਜਵਾਬ ਨਾ ਦੇ ਸਕੇ।

ਹੋਇਆ ਇੰਝ ਕਿ ਜਿਸ ਤਰ੍ਹਾਂ ਆਮ ਹੀ ਹੁੰਦਾ ਹੈ ਉਸੇ ਤਰ੍ਹਾਂ ਕਾਨ੍ਹਪੁਰ ਦੀ ਸਿੱਖ ਸੰਗਤ ਵੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇੱਕ ਹਿੱਸਾ ਗੁਰਬਾਣੀ ਦੀ ਸੂਝ ਰਖਦਾ ਹੈ ਤੇ ਉਹ ਅਕਾਲ ਤਖ਼ਤ ਦਾ ਨਾਮ ਵਰਤ ਕੇ ਗੁਰਮਤਿ ਦੇ ਉਲਟ ਕੀਤੇ ਗਏ ਕਿਸੇ ਫੈਸਲੇ ਨੂੰ ਉਸ ਸਮੇਂ ਤੱਕ ਮੰਨਣ ਲਈ ਤਿਆਰ ਨਹੀਂ ਹੁੰਦੇ ਜਿਸ ਸਮੇਂ ਤੱਕ ਉਨ੍ਹਾਂ ਦੀ ਗੁਰਬਾਣੀ ਅਨੁਸਾਰ ਤਸੱਲੀ ਨਹੀਂ ਕਰਵਾਈ ਜਾਂਦੀ। ਦੂਸਰਾ ਧੜਾ ਬੇਸ਼ੱਕ ਗੁਰਬਾਣੀ ਦੀ ਸੂਝ ਤਾਂ ਰੱਖਦਾ ਹੈ ਪਰ ਗਲਤ ਫੈਸਲਿਆਂ ਦਾ ਵਿਰੋਧ ਕਰਨ ਦਾ ਹੌਸਲਾ ਨਹੀਂ ਕਰਦਾ ਤੇ ਸ਼੍ਰੋਮਣੀ ਕਮੇਟੀ ਤੋਂ ਕੁਝ ਲਾਭ ਲੈਣ ਦੀ ਖ਼ਾਤਰ ਇਸ ਨਾਲ ਮਿਲ ਕੇ ਚੱਲਣ ਨੂੰ ਤਰਜੀਹ ਦਿੰਦਾ ਹੈ।

ਜਾਗਰੂਕ ਸਿੱਖਾਂ ਨੇ ਪਿਛਲੀ 3-4 ਨਵੰਬਰ ਨੂੰ ਇੱਕ ਗੁਰਮਤਿ ਸਮਾਗਮ ਅਤੇ ਪੰਥਕ ਮੁੱਦਿਆਂ ਸਬੰਧੀ ਚੱਲ ਰਹੇ ਵਿਵਾਦਾਂ ਸਬੰਧੀ ਇਕ ਸੈਮੀਨਾਰ ਕਰਵਾਇਆ ਸੀ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਵੀ ਬੁਲਾਇਆ ਗਿਆ ਸੀ। ਸਮਾਗਮ ਤੋਂ 15 ਦਿਨ ਪਹਿਲਾਂ ਉਨ੍ਹਾਂ ਇਸ਼ਤਿਹਾਰ ਛਾਪ ਕੇ ਸਭ ਨੂੰ ਖੁੱਲਾ ਸੱਦਾ ਦਿੱਤਾ ਸੀ ਕਿ ਜੇ ਕਿਸੇ ਨੇ ਕੋਈ ਵੀ ਸਵਾਲ ਪੁੱਛਣਾ ਹੈ ਤਾਂ ਉਹ ਲਿਖਤੀ ਸਵਾਲ ਭੇਜ ਸਕਦਾ ਹੈ ਜਿਨ੍ਹਾਂ ਦੇ ਜਵਾਬ ਸੈਮੀਨਾਰ ਵਿੱਚ ਦੇ ਕੇ ਉਨ੍ਹਾਂ ਦੀ ਤਸੱਲੀ ਕਰਵਾਈ ਜਾਵੇਗੀ। ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਤੋਂ ਕਈ ਤਿੱਖੇ ਸਵਾਲ ਵੀ ਪੁੱਛੇ ਗਏ ਸਨ ਜਿਨ੍ਹਾਂ ਦੇ ਉਨ੍ਹਾਂ ਨੇ ਗੁਰਮਤਿ ਅਨੁਸਾਰ ਜਵਾਬ ਦੇ ਕੇ ਸਭ ਦੀ ਤਸੱਲੀ ਕਰਵਾਈ ਸੀ।

ਹੁਣ 30-31 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਕਾਨਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਬੁਲਾਇਆ ਗਿਆ। ਇਸ ਸਮੇਂ ਜਾਗਰੂਕ ਸਿੱਖਾਂ ਵਿੱਚੋਂ ਭਾਈ ਹਰਚਰਨ ਸਿੰਘ, ਹਰਪਾਲ ਸਿੰਘ ਗਾਂਧੀ, ਇੰਦਰਜੀਤ ਸਿੰਘ, ਮਨਮੀਤ ਸਿੰਘ, ਦਲੀਪ ਸਿੰਘ, ਕੰਵਲਪਾਲ ਸਿੰਘ ਅਵਤਾਰ ਸਿੰਘ ਚਾਵਲਾ ਆਦਿ ਨੇ ਗੁਰਦੁਆਰਾ ਸਿੰਘ ਸਭਾ ਕਾਨਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਤੋਂ ਮੰਗ ਕੀਤੀ, ਕਿ ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਨੂੰ ਬੁਲਾਇਆ ਗਿਆ ਸੀ ਉਸ ਸਮੇਂ ਅਸੀਂ ਸਭ ਨੂੰ ਉਨ੍ਹਾਂ ਤੋਂ ਕੋਈ ਵੀ ਸਵਾਲ ਪੁੱਛਣ ਦਾ ਖੁੱਲ੍ਹਾ ਸੱਦਾ ਅਤੇ ਮੌਕਾ ਦਿੱਤਾ ਸੀ, ਹੁਣ ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਬੁਲਾਇਆ ਹੈ ਇਸ ਲਈ ਸਾਡੇ ਸਵਾਲਾਂ ਦੇ ਉਨ੍ਹਾਂ ਤੋਂ ਜਵਾਬ ਲੈ ਕੇ ਦੇਵੋ। ਪ੍ਰਧਾਨ ਲਾਰਡ ਨੂੰ ਉਨ੍ਹਾਂ ਦੀ ਮੀਟਿੰਗ ਪ੍ਰਧਾਨ ਮੱਕੜ ਨਾਲ ਕਰਵਾਉਣ ਲਈ ਸਹਿਮਤ ਹੋਣਾ ਪਿਆ 30 ਦਸੰਬਰ ਰਾਤ ਨੂੰ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ। ਭਾਈ ਕੰਵਰਪਾਲ ਸਿੰਘ ਨੇ 100 ਸਾਲ ਦਾ ਕੈਲੰਡਰ ਪਧਾਨ ਮੱਕੜ ਦੇ ਹੱਥ ਫੜਾ ਕੇ ਪੁਛਿਆ ਕਿ 100 ਸਾਲਾਂ ਵਿੱਚ ਤਿੰਨ ਸਾਲ ਅਜਿਹੇ ਹੋਣਗੇ ਜਿਸ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਆਉਂਦਾ। ਦੱਸੋ ਉਨ੍ਹਾਂ ਸਾਲਾਂ ਵਿੱਚ ਅਸੀਂ ਪੋਹ ਸੁਦੀ 7 ਅਨੁਸਾਰ ਗੁਰਪੁਰਬ ਕਦੋਂ ਮਨਾਵਾਂਗੇ? ਬਾਕੀ ਦੇ ਕਿਸੇ ਸਾਲ ਪੋਹਸੁਦੀ 7 ਦਸੰਬਰ ਵਿਚ ਆਉਂਦੀ ਹੈ ਤੇ ਕਦੀ ਅਗਲੇ ਸਾਲ ਜਨਵਰੀ ਵਿੱਚ। ਕਿਸੇ ਇੱਕ ਸਾਲ ਵਿੱਚ ਦੋ ਵਾਰ ਆ ਜਾਂਦੀ ਹੈ ਤੇ ਕਿਸੇ ਸਾਲ ਆਉਂਦੀ ਹੀ ਨਹੀਂ। ਤੁਹਾਡੇ ਵਲੋਂ ਸੋਧੇ ਗਏ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੋਂ 6 ਦਿਨ ਪਿੱਛੋਂ ਆਇਆ ਹੈ। ਦੱਸੋ ਇਹ 6 ਦਿਨ ਲਈ ਸਾਡਾ ਗੁਰੂ ਕੌਣ ਸੀ?

ਪ੍ਰਧਾਨ ਮੱਕੜ ਨੇ ਕਿਹਾ ਕਿ ਵੇਖੋ ਕੁਝ ਗਲਤੀਆਂ ਤਾ ਰਹਿ ਹੀ ਜਾਂਦੀਆਂ ਹਨ ਉਹ ਵਿਦਵਾਨਾਂ ਦੀ ਰਾਇ ਨਾਲ ਠੀਕ ਕਰ ਲਈਆਂ ਜਾਣਗੀਆਂ। 2003 ਵਾਲੇ ਕੈਲੰਡਰ ਵਿੱਚ ਵੀ ਚਾਰ ਚਾਰ ਗੁਰਪੁਰਬ ਇਕੱਠੇ ਆ ਜਾਂਦੇ ਸਨ। ਹੁਣ ਜੇ ਦੋ ਤਖ਼ਤਾਂ ਅਤੇ ਸੰਤ ਸਮਾਜ ਨੂੰ ਪੰਥ ਨਾਲ ਮਿਲਾਉਣ ਲਈ ਪੰਜ ਸਿੰਘ ਸਾਹਿਬਾਨ ਨੇ ਇਸ ਵਿੱਚ ਸੋਧ ਕਰ ਦਿੱਤੀ ਹੈ ਤਾਂ ਉਹ ਸਾਨੂੰ ਮੰਨ ਲੈਣਾ ਚਾਹੀਦਾ ਹੈ। ਭਾਈ ਮਨਮੀਤ ਸਿੰਘ ਨੇ ਕਿਹਾ ਤੁਸੀਂ ਸਾਡੀ ਗੁਰਮਤਿ, ਸਿੱਖ ਇਤਿਹਾਸ ਅਤੇ ਗੁਰਬਾਣੀ ਅਨੁਸਾਰ ਤਸੱਲੀ ਕਰਵਾਉ, ਤੁਹਾਡੇ ਵਲੋਂ ਖੜ੍ਹੇ ਕੀਤੇ ਪੰਜ ਜੌਕਰਾਂ ਦੇ ਹੁਕਮ ਅਸੀਂ ਨਹੀਂ ਮੰਨਣੇ।

ਪ੍ਰਧਾਨ ਮੱਕੜ ਨੇ ਹਸਦਿਆਂ ਕਿਹਾ ਕਿ ਉਹ ਸਿੰਘ ਸਾਹਿਬ ਹਨ, ਉਨ੍ਹਾਂ ਨੂੰ ਜੌਕਰ ਕਹਿਣਾ ਤਾਂ ਸ਼ੋਭਦਾ ਨਹੀਂ। ਭਾਈ ਮਨਮੀਤ ਸਿੰਘ ਨੇ ਕਿਹਾ ਜਿਹੜਾ ਇਕਬਾਲ ਸਿੰਘ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ 2016 ਵਿੱਚ ਜਨਮ ਲੈ ਕੇ ਆਵੇਗਾ ਉਸ ਨੂੰ ਅਸੀਂ ਜੌਕਰ ਨਾ ਕਹੀਏ ਤਾਂ ਹੋਰ ਕੀ ਕਹੀਏ? ਕੀ ਤੁਸੀਂ ਉਨ੍ਹਾਂ ਤੋਂ ਪੁੱਛੋਗੇ ਕਿ ਉਨ੍ਹਾਂ ਗੁਰਮਤਿ ਦੇ ਕਿਹੜੇ ਸਿਧਾਂਤ ਅਨੁਸਾਰ ਇਹ ਬਿਆਨ ਦਿੱਤਾ ਹੈ? ਸ: ਮੱਕੜ ਨੇ ਕਿਹਾ ਕਿ ਉਹ ਬਾਕੀਆਂ ਨਾਲ ਸਲਾਹ ਮਸ਼ਵਰਾ ਕਰਕੇ ਗਿਆਨੀ ਇਕਬਾਲ ਸਿੰਘ ਤੋਂ ਇਸ ਸਬੰਧੀ ਸਪਸ਼ਟੀਕਰਨ ਮੰਗਣ ਲਈ ਕਹਿਣਗੇ।

ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਦੋ ਤਖ਼ਤਾਂ ਦੇ ਜਥੇਦਾਰ ਤਾਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਹੀ ਨਹੀਂ। ਇਸ ਲਈ ਉਹ ਤਾਂ ਖ਼ੁਦ ਹੀ ਅਕਾਲ ਤਖ਼ਤ ਦੇ ਮੁਲਜਮ ਹਨ। ਪਰ ਤੁਸੀਂ ਮੁਲਜਮਾਂ ਨੂੰ ਹੀ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ ਵਿੱਚ ਸੱਦ ਕੇ ਮੁਲਜਮਾਂ ਨੂੰ ਹੀ ਇਨਸਾਫ ਦੀ ਕੁਰਸੀ ’ਤੇ ਬਿਠਾ ਕੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਪਿੱਠ ਦੇ ਰਹੇ ਹੋ।

ਪ੍ਰਧਾਨ ਮੱਕੜ ਨੇ ਪੁੱਛਿਆ ਆਖਰ ਤੁਸੀਂ ਚਾਹੁੰਦੇ ਕੀ ਹੋ? ਜਾਗਰੂਕ ਸਿੱਖਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਭੰਬਲਭੂਸੇ ਵਿੱਚੋਂ ਕੱਢੋ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਗੁਰਪੁਰਬ ਕਿਸ ਦਿਨ ਮਨਾਉਣਾ ਹੈ। ਸ: ਮੱਕੜ ਨੇ ਵਿਸ਼ਵਾਸ਼ ਦਿਵਾਇਆ ਕਿ ਕੁਝ ਸੋਚ ਵੀਚਾਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਪੱਕੀ ਤਰੀਕ 5 ਜਨਵਰੀ ਕਰ ਦੇਣਗੇ।

ਪ੍ਰਧਾਨ ਮੱਕੜ ਨੇ ਗੱਲ ਨੂੰ ਟਾਲਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਦਾ ਭਗੌੜਾ ਦੱਸ ਕੇ ਕੋਸਣਾ ਸ਼ੁਰੂ ਕਰ ਕੀਤਾ ਤਾਂ ਕੁਝ ਸਿੰਘ ਵਲੋਂ ਪ੍ਰੋ: ਦਰਸ਼ਨ ਸਿੰਘ ਦਾ ਸਮਰਥਨ ਕਰਨ ’ਤੇ ਪਹਿਲਾਂ ਤਾਂ ਮੱਕੜ ਸਾਹਿਬ ਇੱਕਦਮ ਭੜਕ ਉਠੇ ਪਰ ਜਦ ਉਨ੍ਹਾਂ ਵਲੋਂ ਕੀਤੀ ਵੀਚਾਰ ਚਰਚਾ ਦਾ ਕੋਈ ਵੀ ਉਤਰ ਨਾ ਸੁੱਝਿਆ ਤਾਂ ਉਨ੍ਹਾਂ ਕਿਹਾ ਮੈਂ ਤਾਂ ਖੁਦ ਪ੍ਰੋ: ਦਰਸ਼ਨ ਸਿੰਘ ਦਾ ਸਤਿਕਾਰ ਕਰਦਾ ਹਾਂ। ਉਨ੍ਹਾਂ ਦੀ ਤਾਂ ਸ਼ਖ਼ਸ਼ੀਅਤ ਹੀ ਏਡੀ ਵੱਡੀ ਹੈ ਕਿ ਜੇ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਜਾਂਦੇ ਤਾਂ ਉਨ੍ਹਾਂ ਉਸ ਨੂੰ ਉਂਝ ਹੀ ਮੁਆਫ਼ ਕਰ ਦੇਣਾ ਸੀ। ਇਹ ਤਾਂ ਪ੍ਰੋ: ਸਾਹਿਬ ਦੀ ਹਊਮੈ ਹੀ ਹੈ ਜਿਸ ਕਾਰਣ ਉਹ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਨਹੀਂ ਹੋਏ ਤੇ ਗੱਲ ਇੱਥੋਂ ਤੱਕ ਵਧ ਗਈ। ਹੁਣ ਤੁਸੀਂ ਆਪਣੇ ਲਿਖਤੀ ਸਵਾਲ ਦੇ ਦੇਵੋ ਜਿਨ੍ਹਾਂ ਦਾ ਕੱਲ੍ਹ ਦੇ ਦੀਵਾਨ ਵਿੱਚ ਜਵਾਬ ਦੇ ਦਿੱਤਾ ਜਾਵੇਗਾ।

ਜਾਗਰੂਕ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ 21 ਸਵਾਲਾਂ ਦੀ ਸੂਚੀ ਦੇ ਕੇ ਕਿਹਾ ਕਿ ਕਾਨ੍ਹਪੁਰ ਫੇਰੀ ਦੇ ਦੌਰਾਨ ਉਨਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ ਕਿ, ਇਨ੍ਹਾਂ ਸਵਾਲਾਂ ਦਾ ਜਵਾਬ ਦੇ ਕੇ ਉਹ ਆਪਣੀ ਵਿਗੜ ਰਹੀ ਤਸਵੀਰ ਨੂੰ ਮੁੱੜ ਬਹਾਲ ਕਰ ਸਕਦੇ ਹਨ। ਜੇ ਉਹ ਇਨ੍ਹਾਂ ਸਵਾਲਾਂ ਤੇ ਸ਼ੰਕਾਵਾਂ ਦਾ ਜਵਾਬ ਦਿਤੇ ਬਿਨਾਂ ਹੀ ਕਾਨਪੁਰ ਤੋਂ ਚਲੇ ਜਾਂਦੇ ਹਨ ਤਾਂ ਉਨ੍ਹਾਂ ਬਾਰੇ ਜੋ ਗਲਤ ਗੱਲਾਂ ਸੰਗਤ ਦੇ ਮਨ ਵਿਚ ਪੈਦਾ ਹੋ ਚੁੱਕੀਆਂ ਹਨ, ਉਹ ਇਕ ਵਿਕਰਾਲ ਰੂਪ ਧਾਰਣ ਕਰ ਸਕਦੀਆਂ ਹਨ। ਉਨ੍ਹਾਂ ਦੇ ਸਵਾਲ ਇਹ ਹਨ:

  1. ਨਾਨਕਸ਼ਾਹੀ ਕੈਲੰਡਰ ਦੀ ਸੋਧ ਕਰਨ ਵੇਲੇ ਕੀ ਤੁਸੀ ਕਿਸੇ ਕੈਲੰਡਰ ਦੇ ਜਾਣਕਾਰ ਅਤੇ ਕੈਲੰਡਰ ਵਿਗਿਆਨ ਦੇ ਮਾਹਿਰਾਂ ਦੀ ਕੋਈ ਕਮੇਟੀ ਬਣਾਈ ਸੀ? ਜਾਂ ਉਨ੍ਹਾਂ ਕੋਲੋਂ ਕੋਈ ਰਾਇ ਲਏ ਬਗੈਰ ਹੀ ਇਸ ਨੂੰ ਆਪਹੁਦਰੇ ਤੌਰ ’ਤੇ ਬ੍ਰਾਹਮਣੀ ਜੰਤਰੀ ਵਿਚ ਤਬਦੀਲ ਕਰ ਦਿਤਾ? ਕੀ ਤੁਹਾਨੂੰ ਜਾਂ ਅਕਾਲ ਤਖਤ ਦੇ ਮੌਜੂਦਾ ਜੱਥੇਦਾਰ ਸਾਹਿਬ ਨੂੰ ਕੈਲੰਡਰ ਵਿਗਿਆਨ ਦਾ ਕੋਈ ਗਿਆਨ ਹੈ?

  2. ਆਪ ਜੀ ਦੀ ਇਹ ਆਪਹੁਦਰੀ ਕਾਰਵਾਈ ਸੀ, ਜਾਂ ਕੋਈ "ਉਪਰੋਂ" ਹੁਕਮ ਜਾਰੀ ਕੀਤਾ ਗਿਆ ਸੀ ਕਿ ਆਪ ਜੀ ਨੂੰ ਸੰਨ 2003 ਦੇ ਅਕਾਲ ਤਖਤ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾਂ ਕਰਨੀ ਪਈ?

  3. ਨਾਨਕ ਸ਼ਾਹੀ ਕੈਲੰਡਰ ਜੋ ਅਕਾਲ ਤਖਤ ਸਾਹਿਬ ਤੋਂ ਸੰਨ 2003 ਦੇ ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਲਾਗੂ ਕੀਤਾ ਗਿਆ ਸੀ। ਪੰਥ ਨੇ ਵੀ ਉਸ ਨੂੰ ਸਵੀਕਾਰ ਕਰ ਲਿਆ ਸੀ। ਉਸ ਨੂੰ ਰੱਦ ਕਰਕੇ , ਕੀ ਤੁਸੀਂ ਅਕਾਲ ਤਖਤ ਦੇ ਸੰਨ 2003 ਦੇ "ਹੁਕਮਨਾਮੇ" ਦਾ ਉਲੰਘਣ ਕਰਨ ਦੇ ਦੋਖੀ ਨਹੀਂ ਹੋ?

  4. ਜੇ 2003 ਦਾ, ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਹੁਕਮਨਾਮਾਂ ਗਲਤ ਸੀ, ਤੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ, ਕੀ ਅਕਾਲ ਤਖਤ ਜੇਹੀ ਮਹਾਨ ਸੰਸਥਾ, ਜਿਸ ਅੱਗੇ ਹਰ ਸਿੱਖ ਦਾ ਸਿਰ ਸੰਨਮਾਨ ਨਾਲ ਝੁਕਦਾ ਹੈ, ਉਸ ਤੋਂ ਗਲਤ ਤੇ ਜਾਲ੍ਹੀ "ਹੁਕਮਨਾਮੇ" ਵੀ ਜਾਰੀ ਹੋ ਸਕਦੇ ਹਨ?

  5. ਅਕਾਲ ਤਖਤ ਦੇ ਹੁਕਮਨਾਮੇ ਨੂੰ ਉਲਟ ਕੇ, ਕੀ ਤੁਸੀ ਗੁਰੂ ਦੇ ਸਿਰਜੇ ਅਕਾਲ ਤਖਤ ਦੇ ਪਵਿਤਰ ਸਿਧਾਂਤ ਨੂੰ ਸੱਟ ਮਾਰਨ ਦੇ ਦੋਸ਼ੀ ਨਹੀਂ ਹੋ? ਕੀ ਆਪ ਜੀ ਦੀ ਇਸ ਆਪ ਹੁਦਰੀ ਕਰਤੂਤ ਨਾਲ ਅਕਾਲ ਤਖਤ ਸਾਹਿਬ ਦਾ ਅਦਬ, ਸਤਿਕਾਰ ਅਤੇ ਰੁਤਬਾ ਘੱਟ ਨਹੀਂ ਹੋਇਆ?

  6. ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹਰ ਵਰ੍ਹੇ 5 ਜਨਵਰੀ ਨੂੰ ਤੈਅ ਹੋ ਚੁੱਕਾ ਸੀ। ਸਰਕਾਰੀ ਛੁੱਟੀ ਦਾ ਵੀ ਐਲਾਨ ਹੋ ਚੁੱਕਾ ਸੀ। ਹੁਣ ਹਰ ਵਰ੍ਹੇ ਬ੍ਰਾਹਮਣੀ ਪਚਾਂਗ (ਜੰਤਰੀ) ਹੀ ਇਹ ਤੈਅ ਕਰੇਗੀ ਕਿ ਤੁਸੀਂ ਇਹ ਗੁਰਪੁਰਬ ਕਦੋਂ ਮਨਾਉਣਾਂ ਹੈ। ਸੰਨ 2012 ਵਿਚ ਤਾਂ ਇਸ ਬ੍ਰਾਹਮਣੀ ਜੰਤਰੀ (ਤੁਹਾਡੇ ਪੇਸ਼ ਕੀਤੇ ਕੈਲੰਡਰ) ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆਉਣਾ ਹੀ ਨਹੀਂ। ਕੀ ਤੁਸੀ ਕੌਮ ਵਿਚ ਇਹੋ ਜਹੇ ਭੰਬਲਭੂਸੇ ਪੈਦਾ ਕਰਕੇ, ਕੌਮ ਦਾ ਬਹੁਤ ਵੱਡਾ ਨੁਕਸਾਨ ਨਹੀਂ ਕੀਤਾ?

  7. 2003 ਵਿਚ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋ ਜਾਣ ਨਾਲ ਕੌਮ ਵਿਚ ਏਕਾ ਪੈਦਾ ਹੋਇਆ ਸੀ, ਅਤੇ ਇਕ ਨਿਸ਼ਚਿਤ ਦਿਨ ’ਤੇ ਸਾਰਾ ਪੰਥ ਗੁਰਪੁਰਬ ਮਨਾ ਰਿਹਾ ਸੀ। ਹੁਣ ਤੁਹਾਡੇ ਆਪਹੁਦਰੇ ਪੇਸ਼ ਕੀਤੇ ਹੋਏ ਕੈਲੰਡਰ ਕਾਰਣ ਇੱਕ ਕਾਨ੍ਹਪੁਰ ਜਿਹੇ ਸ਼ਹਿਰ ਵਿਚ ਹੀ ਇਹ ਗੁਰਪੁਰਬ ਕਿਤੇ 31 ਦਸੰਬਰ ਨੂੰ, ਅਤੇ ਕਿਤੇ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਕੀ ਐਸਾ ਕਰਕੇ ਤੁਸਾਂ ਕੌਮ ਨੂੰ ਦੋ ਫਾੜ ਕਰਨ ਦਾ ਕੰਮ ਨਹੀਂ ਕੀਤਾ?

  8. ਜਿਸ ਵੇਲੇ ਤੁਸੀਂ ਇਸ ਕੈਲੰਡਰ ਨੂੰ ਬ੍ਰਾਹਮਣੀ ਜੰਤਰੀ ਵਿਚ ਤਬਦੀਲ ਕੀਤਾ ਉਸ ਬੈਠਕ ਵਿਚ ਮੌਜੂਦ ਬਹੁਤ ਸਾਰੇ ਮੈਂਬਰਾਂ ਨੇ ਵਾਕ ਆਉਟ ਕੀਤਾ, ਜਿਸ ਵਿਚ ਸਰਦਾਰ ਸੁਖਦੇਵ ਸਿੰਘ ਭੌਰ ਵਰਗੇ ਵਿਦਵਾਨ ਅਤੇ ਪੰਥ ਦਰਦੀ ਵੀ ਸ਼ਾਮਿਲ ਸਨ। ਉਨ੍ਹਾਂ ਦੀ ਰਾਏ ਨੂੰ ਤੁਸੀਂ ਕਿਸ "ਤਾਕਤ" ਦੇ ਪ੍ਰਭਾਵ ਹੇਠ "ਇਗਨੋਰ" ਕਰ ਦਿਤਾ? ਕੀ ਉਸ ਤਾਕਤ ਦਾ ਤੁਸੀ ਨਾਮ ਦੱਸਣ ਦੀ ਖੇਚਲ ਕਰੋਗੇ? ਜੇ ਤੁਹਾਡੇ ਵਿਚ ਉਸ "ਤਾਕਤ" ਦਾ ਨਾਮ ਲੈਣ ਦੀ "ਤਾਕਤ" ਨਹੀਂ, ਤੇ ਕੀ ਤੁਸੀ ਨਾਨਕਸ਼ਾਹੀ ਕੈਲੰਡਰ ਨੂੰ ਦੂਸ਼ਿਤ ਕਰਨ ਦੇ ਦੋਸ਼ ਤੋਂ ਅਪਣੇ ਜਮੀਰ ਅਗੇ ਕਿਸ ਤਰ੍ਹਾਂ ਸੱਚੇ ਹੋ ਸਕੋਗੇ?

  9. ਸੰਤ ਸਮਾਜ (ਟਕਸਾਲੀ ਅਤੇ ਨਿਹੰਗ ) ਕੀ ਪੰਥ ਦੀ ਰਹਿਨੁਮਾਈ ਕਰਨ ਵਾਲੀ ਕੋਈ ਬਹੁਤ ਵੱਡੀ ਅਤੇ ਸੂਝਵਾਨ ਸੰਸਥਾ ਹੈ? ਜਿਸ ਦੇ ਕਹਿਣੇ ਤੇ ਆਪਜੀ ਨੇ ਇਹ "ਪੰਥ ਵਿਰੋਧੀ" ਅਤੇ ਕੌਮ ਵਿਚ ਭੰਬਲਭੁਸੇ ਪਾਉਣ ਵਾਲਾ ਗੈਰ ਸਿਧਾਂਤਕ ਕੰਮ ਕੀਤਾ? (ਕਾਨ੍ਹਪੁਰ ਦੇ ਜੋ ਲੋਗ ਤੁਹਾਡਾ ਸਵਾਗਤ ਕਰ ਰਹੇ ਨੇ ਅਤੇ ਬ੍ਰਾਹਮਣੀ ਜੰਤਰੀ ਦੇ ਸ਼ਰਧਾਵਾਣ ਬਣੇ ਹੋਏ ਨੇ, ਉਨ੍ਹਾਂ ਨੇ ਤੇ ਇਸ ਸੰਤ ਸਮਾਜ, ਜਿਨ੍ਹਾਂ ਦਾ ਇਸ ਕੁਕ੍ਰਿਤ ਵਿਚ ਸਭ ਤੋਂ ਵਡਾ ਰੋਲ ਹੈ, ਦਾ ਨਾਮ ਵੀ ਨਹੀਂ ਸੁਣਿਆ ਹੋਣਾਂ।)

  10. ਨਾਨਕ ਸ਼ਾਹੀ ਕੈਲੰਡਰ ਨੂੰ ਨਸ਼ਟ ਕਰਨਾਂ ਤੇ ਇਸ ਨੂੰ ਰੱਦ ਕਰਨਾਂ , ਪਹਿਲੇ ਦਿਨ ਤੋ ਹੀ ਆਰ.ਐੱਸ.ਐੱਸ ਦਾ ਮੁੱਖ ਟੀਚਾ ਅਤੇ ਮਕਸਦ ਰਿਹਾ ਹੈ। ਉਹ ਇਸ ਕੰਮ ਨੂੰ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਸੀ। ਇਸ ਕੰਮ ਨੂੰ ਤੁਸੀਂ ਇੱਕ "ਸ਼ਾਟ" ਵਿਚ ਕਰਕੇ ਕੀ ਉਨ੍ਹਾਂ ਦਾ ਇੱਕ ਬਹੁਤ ਵੱਡਾ ਕੰਮ ਪੂਰਾ ਨਹੀਂ ਕਰ ਦਿਤਾ?

  11. ਜਿਨ੍ਹਾਂ ਦਿਨਾਂ ਵਿਚ ਤੁਸੀ ਨਾਨਕਸ਼ਾਹੀ ਕੈਲੰਡਰ ਨੂੰ ਦੂਸ਼ਿਤ ਕੀਤਾ, ਪੰਜਾਬੀ ਦੀਆਂ ਅਖਬਾਰਾਂ ਵਿਚ ਤੁਹਾਡੇ ਖਿਲਾਫ ਬਹੁਤ ਕੁਝ ਛਪਿਆ (ਜਿਸ ਵਿਚੋਂ ਇਕ ਪੇਪਰ ਕਟਿੰਗ ਇਸ ਖਤ ਨਾਲ ਨੱਥੀ ਕਰ ਰਹੇ ਹਾਂ ਜੀ।) ਉਸ ਬਾਰੇ ਆਪ ਜੀ ਦਾ ਕੀ ਜਵਾਬ ਹੈ? ਜਦੋਂ ਕੋਈ ਬੰਦਾ "ਪਾਵਰ" ਵਿੱਚ ਹੁੰਦਾ ਹੈ, ਉਸ ਦੇ ਕਈ ਚਾਪਲੂਸ ਸਮਰਥਕ ਹੂੰਦੇ ਹਨ। ਜਦੋਂ ਉਸ ਦੀ ਕੁਰਸੀ (ਪਾਵਰ) ਖੁੱਸ ਜਾਂਦੀ ਹੈ, ਉਸ ਵੇਲੇ ਉਸ ਦੀ ਜਮੀਰ ਹੀ ਉਸ ਦੇ ਨਾਲ ਰਹਿ ਜਾਂਦੀ ਹੈ। ਉਸ ਦੇ ਕੀਤੇ ਚੰਗੇ ਮਾੜੇ ਕੰਮ ਹੀ ਉਸ ਕੋਲ ਰਹਿ ਜਾਂਦੇ ਨੇ ਤੇ ਉਸ ਕੋਲੋਂ ਆਏ ਦਿਨ ਜਵਾਬ ਮੰਗਦੇ ਰਹਿੰਦੇ ਹਨ। ਇਹ ਕੁਰਸੀ ਆਪ ਪਾਸ ਸਦੀਵੀ ਨਹੀਂ ਰਹਿਣੀ। ਇਸ ਦੇ ਖੁੱਸ ਜਾਣ ਤੋਂ ਬਾਅਦ ਜੋ ਇਤਿਹਾਸ ਲਿਖਿਆ ਜਾਵੇਗਾ (ਇਨ੍ਹਾਂ ਪੇਪਰ ਕਟਿੰਗ ਅਤੇ ਪੰਥ ਦਰਦੀਆਂ ਦੇ ਲੇਖਾਂ ਰਾਹੀਂ) ਤੁਸੀਂ ਉਸ ਵੇਲੇ ਉਸ ਇਤਿਹਾਸ ਅਤੇ ਆਪਣੀ ਜਮੀਰ ਨੂੰ ਕੀ ਜਵਾਬ ਦੇਵੋਗੇ? ਕੀ ਤੁਸੀਂ ਉਸ ਵੇਲੇ ਦੀ ਤਿਆਰੀ ਕਰ ਲਈ ਹੈ?

  12. ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਦੀ ਬੁਰਾਈ ਤੇ ਬੇਇੱਜਤੀ ਤੁਸੀਂ ਹਰ ਮੰਚ ਤੋਂ ਕਰਦੇ ਵੇਖੇ ਜਾਂਦੇ ਹੋ। ਇੰਟਰਨੈੱਟ ’ਤੇ ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਉ ਮਿਲਦੀਆਂ ਹਨ। ਕੀ ਤੁਸੀਂ ਉਨ੍ਹਾਂ ਨੂੰ ਛੇਕੇ ਜਾਣ ਬਾਰੇ ਵੀ ਕੁਝ ਜਵਾਬ ਪੰਥ ਨੂੰ ਦੇਣਾ ਚਾਹੋਗੇ?

  13. ਪ੍ਰੋਫੈਸਰ ਸਾਹਿਬ ਨੂੰ ਅਕਾਲ ਤਖਤ ’ਤੇ ਪੇਸ਼ ਹੋਣ ਲਈ ਭੇਜੇ ਗਏ ਨੋਟਿਸ ਵਿਚ ਹੀ, ਉਨ੍ਹਾਂ ਦੇ ਕੀਰਤਨ ਪ੍ਰੋਗ੍ਰਾਮਾਂ ’ਤੇ ਪਾਬੰਦੀ ਕਿਉਂ ਲਾ ਦਿਤੀ ਗਈ? ਮੁਜਰਿਮ ਦੀ ਪੇਸ਼ੀ ਤੋਂ ਪਹਿਲਾਂ ਹੀ ਉਸ ਨੂੰ ਸਜਾ ਦੇ ਦੇਣਾਂ, ਕੀ ਇਕ ਤੁਗਲਕੀ ਫੁਰਮਾਨ ਨਹੀਂ ਸੀ? ਜੋ ਉਨਾਂ ਦੇ ਖਿਲਾਫ ਪਹਿਲਾਂ ਤੋਂ ਤੈਅ ਕੀਤੀ ਗਈ ਇਕ ਸਾਜਿਸ਼ ਦਾ ਇਕ ਹਿੱਸਾ ਸੀ? ਕੀ ਇਸ ਨਾਲ ਅਕਾਲ ਤਖਤ ਦੇ ਅਦਬ ਨੂੰ ਸੱਟ ਨਹੀਂ ਵੱਜੀ?

  14. ਪਿਛਲੇ ਦਿਨਾਂ ਵਿਚ ਅਖਬਾਰਾਂ ਵਿਚ ਛਪਿਆ ਸੀ ਕਿ ਤੁਸੀਂ ਗੁਰੂ ਦੀ ਗੋਲਕ ਵਿਚੋਂ ਅਪਣੀ ਕਾਰ ਦੇ ਪੈਟ੍ਰੋਲ ਦਾ ਖਰਚਾ 1 ਕਰੋੜ 64 ਲੱਖ ਕੀਤਾ ਹੈ? ਆਪ ਜੀ ਕੀ ਇਸ ਬਾਰੇ ਕੋਈ ਬਿਉਰਾ ਪੰਥ ਨੂੰ ਦੇ ਸਕਦੇ ਹੋ ਕਿ ਹਿੰਦੁਸਤਾਨ ਦੀ ਕਿਹੜੀ ਕਾਰ ਇਕ ਸਾਲ ਵਿਚ 1 ਕਰੋੜ ਤੇ 64 ਲੱਖ ਰੁਪਏ ਦਾ ਪੈਟ੍ਰੋਲ ਪੀ ਜਾਂਦੀ ਹੈ? ਪੇਪਰ ਕਟਿੰਗ ਨਾਲ ਲਾ ਰਹੇ ਹਾਂ ਜੀ।

  15. ਪੰਥ ਦੇ ਦੋਖੀਆਂ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦਾ ਨੋਟਿਸ ਦੇ ਕੇ, ਉਸ ਨੂੰ ਸ਼੍ਰੋਮਣੀ ਕਮੇਟੀ ਦੇ ਸਿਰਜੇ "ਸਕਤਰੇਤ" ਨਾਮ ਦੇ ਕਮਰੇ ਵਿਚ ਪੇਸ਼ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਕੀ ਇਹ ਬੁਰਛਾਗਰਦੀ ਨਹੀਂ ਹੈ?

  16. ਗੁਰੂ ਦੇ ਸਿਰਜੇ ਅਕਾਲ ਤਖਤ ਦੇ ਸਿਧਾਂਤ ਨੂੰ ਜਿਸ ਦੇ ਸਤਿਕਾਰ ਅਤੇ ਸਨਮਾਨ ਅੱਗੇ ਪੂਰੀ ਕੌਮ ਸਿਜਦਾ ਕਰਦੀ ਹੈ, ਉਸ ਦੇ ਸਤਿਕਾਰ ਨੂੰ ਸ਼੍ਰੋਮਣੀ ਕਮੇਟੀ ਦੇ 10-15 ਸਾਲ ਪਹਿਲੇ ਸਿਰਜੇ ਇਸ "ਸਕੱਤਰੇਤ" ਨਾਮ ਦੇ ਕਮਰੇ ਰਾਹੀਂ ਰੋਲ਼ਿਆ ਨਹੀਂ ਜਾ ਰਿਹਾ? ਕੀ ਅਕਾਲ ਤਖਤ ਦੇ ਨਾਲ ਹੀ ਹੀ ਉਸ ਪਵਿਤੱਰ ਤਖਤ ਦਾ "ਇਕ ਸ਼ਰੀਕ" ਖੜ੍ਹਾ ਨਹੀਂ ਕਰ ਦਿਤਾ ਗਿਆ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵੀ ਨਹੀਂ ਹੈ? ਇਸ ਨੂੰ ਗੁਰੂ ਸਿਧਾਂਤਾਂ ਦਾ ਅਪਮਾਨ ਕਿਉਂ ਨਾਂ ਸਮਝਿਆ ਜਾਵੇ, ਜਿਸ ਦਾ ਦੋਸ਼ ਆਪ ਜੀ ਉਪਰ ਅਹਿਦ ਹੈ?

  17. ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਦੋ ਤਖਤਾਂ ਦੇ ਮੁਖੀ ਜੋ ਆਪ ਤਨਖਾਹ ਦੇ ਯੋਗ ਹਨ, ਉਨ੍ਹਾਂ ਨੂੰ ਕਿਸੇ ਵੀ ਪੰਥਕ ਫੈਸਲੇ ਵਿਚ ਸ਼ਰੀਕ ਕਿਉਂ ਕੀਤਾ ਜਾਂਦਾ ਹੈ?

  18. ਇਨ੍ਹਾਂ ਦੋ ਤਖਤਾਂ ’ਤੇ ਸਿੱਖ ਰਹਿਤ ਮਰਿਯਾਦਾ ਦਾ ਖੁਲ੍ਹਾ ਮਖੌਲ ਉਡਾਇਆ ਜਾਂਦਾ ਹੈ, ਘੰਟੀਆਂ ਵਜਾਉਣੀਆਂ, ਸ਼ਸ਼ਤਰਾਂ ਦੀ ਪੂਜਾ ਕਰਨੀ ਤੇ ਸ਼ਸ਼ਤਰਾਂ ਨੂੰ ਪ੍ਰਸ਼ਾਦ ਦਾ ਭੋਗ ਲੁਆਣਾਂ। ਬਕਰਾ ਝਟਕਾ ਕੇ ਉਸ ਦਾ ਖੂਨ, ਨਿਸ਼ਾਨ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਨੂੰ ਲਾਉਣਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਨਾ ਕਿਥੋਂ ਦੀ ਗੁਰਮਤਿ ਹੈ? ਕੀ ਆਪ ਜੀ ਇਸ ਬਾਰੇ ਕੋਈ ਸਖ਼ਤ ਕਾਰਵਈ ਅੱਜ ਤਕ ਕੀਤੀ ਹੈ? ਜੇ ਨਹੀਂ ਤੇ ਕਿਉਂ? ਅਤੇ ਕਿਸ ਦੇ ਪ੍ਰਭਾਵ ਹੇਠ ਨਹੀਂ ਕੀਤੀ?

  19. ਜੇ ਤੁਹਾਡਾ ਉਨ੍ਹਾਂ ਦੋ ਤਖਤਾਂ ਦੇ ਗ੍ਰੰਥੀਆਂ ਉੱਤੇ ਕੋਈ ਜੋਰ ਨਹੀਂ ਚਲਦਾ ਤੇ ਉਨ੍ਹਾਂ ਨੂੰ ਉਚੇਚੇ ਅੰਮ੍ਰਿਤਸਰ ਬੁਲਾ ਕੇ ਪੰਥਿਕ ਫੈਸਲਿਆਂ ਵਿਚ ਸ਼ਾਮਿਲ ਕਰਕੇ ਉਨ੍ਹਾਂ ਦੇ ਦਸਤਖਤ ਕਿਉਂ ਕਰਵਾਏ ਜਾਂਦੇ ਹਨ? ਇਕ ਮੁਜਰਿਮ ਨੂੰ ਹਾਕਿਮ ਕਿਵੇਂ ਬਣਾਇਆ ਜਾ ਸਕਦਾ ਹੈ? ਆਪ ਜੀ ਨੂੰ ਗਿਆਨੀ ਦਿੱਤ ਸਿੰਘ, ਗੁਰਬਖਸ ਸਿੰਘ ਕਾਲਾ ਅਫਗਾਨਾਂ ਤੇ ਪ੍ਰਫੈਸਰ ਦਰਸ਼ਨ ਸਿੰਘ ਵਰਗੇ ਪੰਥ ਦਰਦੀ ਹੀ ਪੰਥ ਦੋਖੀ ਨਜਰ ਆਂਉਦੇ ਨੇ। ਇਨ੍ਹਾਂ ਦੋ ਤਖਤਾਂ ਦੇ ਗ੍ਰੰਥੀਆਂ ਦੇ ਮਾਮਲੇ ਵਿੱਚ ਤੁਸੀਂ ਮੌਨ ਕਿਉਂ ਧਾਰਣ ਕੀਤੀ ਹੋਈ ਹੈ? ਕੀ ਇਸ ਪਿੱਛੇ ਵੀ ਕੁਰਸੀ ਦੀ ਸਿਆਸਤ ਤੇ ਨਹੀਂ?

  20. ਦਰਬਾਰ ਸਾਹਿਬ ਵਿਚ 100 ਰੁਪਏ ਤੋਂ ਵੱਧ ਮੱਥਾ ਟੇਕਣ ਵਾਲੇ ਨੂੰ, ਤੁਸੀਂ ਸਿਰੋਪਾ ਦੇਂਦੇ ਹੋ। ਕੀ ਇਹ ਗੁਰੂ ਦੇ ਸਿਰੋਪਾ ਦੇਣ ਦੇ ਸਿਰਜੇ ਸਿਧਾਂਤ ਦਾ ਮਖੌਲ ਨਹੀਂ ਹੈ? ਕੀ ਗਰੀਬ ਅਤੇ ਮੁਫਲਿਸ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਦਾ ਹੱਕਦਾਰ ਨਹੀਂ? ਜਿਸ ਤਰ੍ਹਾਂ ਤੁਸੀ 10-20 ਅਤੇ 100 ਰੁਪਏ ਦਾ ਕੜਾਹ ਪ੍ਰਸ਼ਾਦ ਵੇਚਦੇ ਹੋ ਅਤੇ ਉਸ ਦਾ ਕਾਂਉਟਰ ਬਣਾਇਆ ਹੋਇਆ ਹੈ, ਉਸੇ ਤਰ੍ਹਾਂ "ਸਿਰੋਪੇ" ਦਾ ਵੀ ਕਾਂਉਟਰ ਕਿਉਂ ਨਹੀਂ ਲਾ ਦੇਂਦੇ। ਸਿਰੋਪਾ ਗੁਰੂ ਘਰ ਵਿਚ ਉਸੇ ਨੂੰ ਬਖ਼ਸ਼ਿਸ਼ ਹੁੰਦਾ ਸੀ, ਜਿਸਨੇ ਪੰਥ ਲਈ ਕੋਈ ਮਹਾਨ ਕੰਮ ਕੀਤਾ ਹੰਦਾ ਸੀ। ਕੀ ਸ਼੍ਰੋਮਣੀ ਕਮੇਟੀ ਐਸਾ ਗੈਰ ਸਿਧਾਂਤਕ ਕੰਮ ਕਰਕੇ "ਸਿਰੋਪਾ" ਦੇਣ ਦੇ ਉਸ ਮਹਾਨ ਸਿਧਾਂਤ ਦਾ ਮਖੌਲ ਨਹੀਂ ਉਡਾ ਰਹੀ?

ਅਖੀਰ ’ਤੇ ਉਨ੍ਹਾਂ ਲਿਖਿਆ, ਮੱਕੜ ਸਾਹਿਬ ਸਵਾਲ ਤਾਂ ਸੈਂਕੜੇ ਹੋਰ ਵੀ ਹਨ ਜਿਨ੍ਹਾਂ ਦੇ ਸਵਾਲ ਪੰਥ ਆਪ ਕੋਲੋਂ ਪੁਛਣਾਂ ਚਾਹੰੁਦਾ ਹੈ, ਲੇਕਿਨ ਅਫਸੋਸ ਹੈ ਕਿ ਆਪ ਜੀ ਕੋਲ ਇੰਨੇ ਵੱਡੇ ਉਹਦੇ ’ਤੇ ਰਹਿੰਦਿਆਂ, ਇੰਨਾਂ ਟਾਈਮ ਹੀ ਨਹੀਂ ਹੈ। ਚਲੋ ! ਫੌਰੀ ਤੌਰ ’ਤੇ, ਇਨ੍ਹਾਂ ਸਵਾਲਾਂ ਦਾ ਹੀ ਜਵਾਬ ਆਪ ਜੀ ਦੇ ਦੇਵੋ ਤੇ ਆਪ ਜੀ ਦਾ ਬਹੁਤ ਭਲਾ ਹੋ ਜਾਵੇਗਾ। ਉਨ੍ਹਾਂ ਲਿਖਿਆ ਕਿ ਕਾਨ੍ਹਪੁਰ ਦੀ ਸਾਰੀ ਸੰਗਤ ਹੀ ਗੁਰਮਤਿ ਵਿਹੂਣੀ ਨਹੀਂ ਹੈ। ਗੁਰੂ ਦੀ ਬਖ਼ਸ਼ਿਸ਼ ਵਾਲੇ ਸਿੱਖਾਂ ਦਾ ਇਕ ਬਹੁਤ ਵੱਡਾ ਤਬਕਾ ਵੀ ਕਾਨ੍ਹਪੁਰ ਵਿਚ ਵਸਦਾ ਹੈ ਅਤੇ , ਹਰ ਵੇਲੇ ਗੁਰਮਤਿ ਤੇ ਪਹਿਰਾ ਦੇਣ ਲਈ ਤਿਆਰ ਬਰ ਤਿਆਰ ਬੈਠਾ ਹੈ।

ਅੱਜ ਸਵੇਰੇ ਜਦ ਪ੍ਰਧਾਨ ਮੱਕੜ ਸਾਹਿਬ ਨੂੰ ਇਸ ਪੱਤਰਕਾਰ ਨੇ ਪੁੱਛਿਆ ਕਿ ਪਤਾ ਲਗਾ ਹੈ ਕਿ ਰਾਤੀਂ ਕਾਨਪੁਰ ਦੀ ਸੰਗਤ ਨੇ ਤੁਹਾਨੂੰ ਕੁਝ ਲਿਖਤੀ ਸਵਾਲ ਪੁੱਛੇ ਸਨ। ਕੀ ਤੁਸੀਂ ਉਨ੍ਹਾਂ ਸਵਾਲਾਂ ਦਾ ਆਪਣੇ ਵਾਅਦੇ ਅਨੁਸਾਰ ਅੱਜ ਦੁਪਹਿਰ ਦੇ ਦੀਵਾਨ ਵਿੱਚ ਕੋਈ ਜਵਾਬ ਦਿੱਤਾ ਹੈ ਜਾਂ ਉਨ੍ਹਾਂ ਦਾ ਹੁਣ ਕੋਈ ਜਵਾਬ ਦੇਣਾ ਚਾਹੁੰਦੇ ਹੋ ਤਾਂ ਉਹ ਗੁੱਸੇ ਵਿੱਚ ਇੰਨੇ ਭਰੇ ਪੀਤੇ ਨਜ਼ਰ ਆਏ ਤੇ ਉਨ੍ਹਾਂ ਇੱਕੇ ਸਾਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਦਰਸ਼ਨ ਸਿੰਘ ਦੇ ਬੰਦੇ ਸਨ, ਅਕਾਲ ਤਖ਼ਤ ਦੇ ਭਗੌੜੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲ ਤਖ਼ਤ ਦੀ ਵੀ ਕੋਈ ਮਾਣ ਮਰਿਆਦਾ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੀ ਵੀ ਕੋਈ ਮਾਣ ਮਰਿਆਦਾ ਹੁੰਦੀ ਹੈ। ਸ਼੍ਰੋਮਣੀ ਕਮੇਟੀ ਨੂੰ ਉਹ ਮੰਨਦੇ ਹੀ ਨਹੀਂ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕੀ ਰੁਤਬਾ ਹੁੰਦਾ ਹੈ ਤੇ ਉਸ ਨਾਲ ਗੱਲ ਕਿਵੇਂ ਕਰਨੀ ਹੈ? ਉਨ੍ਹਾਂ ਕੋਲ ਕੋਈ ਗੁਰਦੁਆਰਾ ਹੀ ਨਹੀਂ ਤਾਂ ਦੱਸੋ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਿਥੇ ਕਰਨਾ ਹੈ। ਕਾਨ੍ਹਪੁਰ ਦੇ ਕੋਈ ਚਾਰ ਬੰਦੇ ਪੰਥ ਨਹੀਂ ਹੁੰਦਾ। ਜਿਸ ਨੇ ਸਾਡੇ ਨਾਲ ਗੱਲ ਕਰਨੀ ਹੈ ਤਾਂ ਉਹ ਕੋਈ ਚੋਣ ਜਿੱਤ ਕੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਸਾਹਿਬ ਜੀ ਤੁਸੀਂ ਤਾਂ ਗੁਰਮੁਖ ਸਿੱਖ ਜਾਪਦੇ ਸੀ, ਪਰ ਤੁਸੀ ਤਾਂ ਕਾਂਗਰਸ ਵਾਲਾ ਪੈਂਤੜਾ ਧਾਰਨ ਕਰ ਲਿਆ ਹੈ, ਉਹ ਵੀ ਕਹਿੰਦੇ ਹਨ ਕਿ ਪਾਰਲੀਮੈਂਟ ਦੀ ਕੋਈ ਮਾਣ ਮਰਿਆਦਾ ਹੁੰਦੀ ਹੈ। ਕਾਨੂੰਨ ਬਣਾਉਣਾ ਪਾਰਲੀਮੈਂਟ ਦਾ ਕੰਮ ਹੁੰਦਾ ਹੈ। ਅੰਨਾ ਹਜਾਰੇ ਸਾਨੂੰ ਹਦਾਇਤਾਂ ਨਹੀਂ ਦੇ ਸਕਦਾ ਕਿ ਕਾਨੂੰਨ ਇਉਂ ਨਹੀਂ ਇਉਂ ਬਣਾਉਣਾ ਹੈ। ਜੇ ਉਨ੍ਹਾਂ ਕਾਨੂੰਨ ਬਣਾਉਣ ਸਬੰਧੀ ਕੋਈ ਸਲਾਹ ਦੇਣੀ ਹੈ ਤਾਂ ਉਹ ਚੋਣ ਜਿੱਤ ਕੇ ਆਉਣ। ਅੰਨਾ ਹਜ਼ਾਰੇ ਦੇ ਕੇਸ ਵਿੱਚ ਤਾਂ ਤੁਸੀਂ ਉਸ ਨੂੰ ਠੀਕ ਤੇ ਕਾਂਗਰਸ ਨੂੰ ਗਲਤ ਦੱਸਦੇ ਹੋਏ ਪਰ ਜਦ ਸਿੱਖ ਮਰਿਆਦਾ ਜਾਂ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਗੁਰਸਿੱਖ ਤੁਹਾਥੋਂ ਸਵਾਲ ਪੁੱਛਦਾ ਹੈ ਤਾਂ ਤੁਸੀਂ ਬਿਲਕੁਲ ਉਹੀ ਜਵਾਬ ਦੇ ਰਹੇ ਹੋ ਜਿਹੜੇ ਕਾਂਗਰਸ ਵਾਲੇ ਅੰਨਾ ਹਜਾਰੇ ਨੂੰ ਦੇ ਰਹੇ ਹਨ। ਜੇ ਤੁਸੀਂ ਕਾਂਗਰਸ ਨੂੰ ਗਲਤ ਕਹਿੰਦੇ ਹੋ ਤਾਂ ਤੁਸੀਂ ਠੀਕ ਕਿਵੇਂ ਹੋਏ। ਇੱਕੇ ਸਮੇਂ ’ਤੇ ਜੇ ਤੁਸੀਂ ਕਾਂਗਰਸ ਦੇ ਪੈਂਤੜੇ ਨੂੰ ਗਲਤ ਦੱਸ ਰਹੇ ਹੋ ਤਾਂ ਉਸੇ ਸਮੇਂ ’ਤੇ ਕਾਂਗਰਸ ਵਾਲਾ ਪੈਂਤੜਾ ਤੁਸੀਂ ਤਾਂ ਨਾ ਅਪਣਾਉ। ਪ੍ਰਧਾਨ ਮੱਕੜ ਸਾਹਿਬ ਨੇ ਕਿਹਾ ਕਿ ਤੁਸੀਂ ਕਿਹੇ ਜਿਹੇ ਸਵਾਲ ਪੁੱਛ ਰਹੇ ਹੋ? ਇਸ ਕੇਸ ਵਿੱਚ ਤੁਸੀਂ ਕਾਂਗਰਸ ਦਾ ਨਾਉਂ ਨਾ ਲਵੋ, ਉਹੀ ਕੁਝ ਲਿਖੋ ਜੋ ਕੁਝ ਮੈਂ ਬੋਲ ਰਿਹਾ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top