Share on Facebook

Main News Page

ਵਿਰਾਸਤ ਏ ਖਾਲਸਾ ਨਹੀਂ, ਸਗੋਂ ਵਿਰਾਸਤ ਏ ਚੋਣ ਸਟੰਟ: ਗਿ. ਰਣਜੋਧ ਸਿੰਘ

ਅਨੰਦਪੁਰ ਸਾਹਿਬ, 31 ਦਸੰਬਰ, (ਸੁਰਿੰਦਰ ਸਿੰਘ ਸੋਨੀ)ਖਾਲਸੇ ਦੀ ਪਾਵਨ ਧਰਤੀ ਤੇ ਕਰੋੜਾਂ ਰੁਪਏ ਖਰਚ ਕੇ ਤਿਆਰ ਕਰਵਾਏ ਗਏ ਵਿਰਾਸਤ ਏ ਖਾਲਸਾ ਕੇਵਲ ਤੇ ਕੇਵਲ ਚੋਣ ਸਟੰਟ ਹੈ ਜਿਸਨੂੰ ਕਿਸੇ ਵੀ ਤਰਾਂ ਖਾਲਸੇ ਦੀ ਵਿਰਾਸਤ ਦਾ ਦਰਜਾ ਨਹੀਂ ਦਿਤਾ ਜਾ ਸਕਦਾ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿ: ਰਣਜੋਧ ਸਿੰਘ ਨੇ ਕੀਤਾ।  ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ‘ਅਜੂਬਾ' ਦੇਖਣ ਆਏ ਗਿ: ਰਣਜੋਧ ਸਿੰਘ ਨੇ ਦੱਸਿਆ ਕਿ ਪਹਿਲਾਂ ਮੇਰੇ ਮੰਨ ਵਿਚ ਇਹ ਤੀਬਰ ਇੱਛਾ ਸੀ, ਕਿ ਜਲਦੀ ਤੋਂ ਜਲਦੀ ਇਸ ਵਿਰਾਸਤ ਦੇ ਦਰਸ਼ਨ ਕੀਤੇ ਜਾਣ ਪਰ ਇਹ ਚਾਉ ਜਲਦੀ ਹੀ ਲਹਿ ਗਿਆ।

ਉਨਾਂ ਦੱਸਿਆ ਕਿ ਅਸੀ ਜਦੋ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ਇਸ ਵਿਰਾਸਤ ਦੇ ਦਰਸ਼ਨ ਲਈ ਪਹੁੰਚੇ ਤਾਂ ਖਾਲਸੇ ਦੇ ਨਹੀਂ ਸਗੋ ਪੰਜਾਬੀ ਗਾਇਕਾਂ ਦੀ ਅਵਾਜ ਕੰਨੀ ਪਾਉਂਦੇ ਤੇ ਸਭਿਆਚਾਰਕ ਪ੍ਰੋਗਰਾਮ ਦਰਸਾਉਂਦੇ ਵਿਰਾਸਤ ਦੇ ਦਰਸ਼ਨ ਹੋਏ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਦੀਆਂ ਮਨੋਕਲਪਿਤ ਤਸਵੀਰਾਂ ਦਿਖਾਈ ਦਿਤੀਆਂ ਜਿਸ ਬਾਰੇ ਪ੍ਰਾਇਮਰੀ ਪੱਧਰ ਦੀ ਜਾਣਕਾਰੀ ਏਅਰ ਸਪੀਕਰਾਂ ਰਾਹੀ ਦਿਤੀ ਜਾ ਰਹੀ ਸੀ। ਉਨਾਂ ਦੱਸਿਆ ਕਿ ਸਿਤਮ ਦੀ ਗੱਲ ਸੀ ਕਿ ਜਦੋ ਵੀ ਗੁਰੂ ਸਾਹਿਬ ਦਾ ਨਾਮ ਆਉਂਦਾ ਤਾਂ ਉਨਾਂ ਦੇ ਨਾਮ ਨਾਲ ਗੁਰੂ, ਸ਼੍ਰੀ ਜਾਂ ਸਾਹਿਬ ਆਦਿ ਕੁੱਝ ਵੀ ਨਹੀਂ ਲਗਾਇਆ ਜਾਂਦਾ ਸੀ।

ਉਨਾਂ ਦੱਸਿਆ ਕਿ ਸਾਰੇ ਗੁਰੂ ਸਾਹਿਬਾਨ ਦਾ ਇਤਹਾਸ ਬਹੁਤ ਹੀ ਘੱਟ ਜਾਣਕਾਰੀ ਦੇ ਕੇ ਮੁਕਾ ਦਿਤਾ ਗਿਆ ਤੇ ਇਨਾਂ ਵਿਚ ਕਿਧਰੇ ਵੀ ਸਿੱਖੀ ਸਿਧਾਤਾਂ ਨੂੰ ਪਹਿਲ ਨਹੀਂ ਦਿਤੀ ਗਈ।ਉਨਾਂ ਕਿਹਾ ਅਸੀ ਇਸ ਗੱਲੋ ਹੈਰਾਨ ਹੋ ਰਹੇ ਸਾਂ ਕਿ ਜਿਸ ਨੂੰ ਤਿਆਰ ਕਰਨ ਬਦਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ "ਫਖਰ ਏ ਕੌਮ" ਦਾ ਐਵਾਰਡ ਦਿਤਾ ਗਿਆ ਉਸ ਵਿਚ ਸਿੱਖੀ ਸਿਧਾਤਾਂ ਨੂੰ ਪ੍ਰਫੁੱਲਤ ਕਰਦੀ ਕੋਈ ਵੀ ਚੀਜ਼ ਦਿਖਾਈ ਨਹੀਂ ਦੇ ਰਹੀ। ਇਹ ਸਿਰਫ ਬੱਚਿਆਂ ਲਈ ਮਨੋਰੰਜਨ ਦਾ ਸਾਧਨ ਤਾਂ ਹੋ ਸਕਦਾ ਹੈ, ਪਰ ਇਸ ਨੂੰ "ਵਿਰਾਸਤ ਏ ਖਾਲਸਾ" ਦਾ ਦਰਜਾ ਕਿਸੇ ਵੀ ਹਾਲਤ ਵਿਚ ਨਹੀਂ ਦਿਤਾ ਜਾ ਸਕਦਾ। ਉਨਾਂ ਕਿਹਾ ਇਹ ਕੇਵਲ ਤੇ ਕੇਵਲ ਚੋਣ ਸਟੰਟ ਹੈ ਜੋ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top