Share on Facebook

Main News Page

ਸਿੱਖ ਗਾਰਡੀਅਨ ਦੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਖਾਸ ਮੁਲਾਕਾਤ

ਇਨ੍ਹੀਂ ਦਿਨੀਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ‘ਦਸਮ ਗ੍ਰੰਥ’ ਦੇ ਮੁੱਦੇ ਨੂੰ ਲੈ ਕੇ ਪੰਥ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸੇ ਕਰਕੇ ਉਨ੍ਹਾਂ ਨੂੰ 29 ਜਨਵਰੀ 2010 ਨੂੰ ‘ਪੰਥ ਵਿਚੋਂ ਛੇਕਣ’ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੇ ਵਿਚਾਰ ਜਾਨਣ ਲਈ ਅਸੀਂ ਉਨ੍ਹਾਂ ਨਾਲ ਇਹ ਖਾਸ ਇੰਟਰਵਿਊ ਕੀਤੀ ਹੈ, ਜੋ ਇਨ੍ਹਾਂ ਕਾਲਮਾਂ ਵਿਚ ਪੇਸ਼ ਕਰ ਰਹੇ ਹਾਂ। - ਸੰਪਾਦਕ ਸਿੱਖ ਗਾਰਡੀਅਨ

 

ਸਵਾਲ: ਕੀ ਇਕੱਲੇ ਦਸਮ ਗ੍ਰੰਥ ਦਾ ਮਸਲਾ ਹੀ ਕੌਮ ਦਾ ਸਭ ਤੋਂ ਵੱਡਾ ਮਸਲਾ ਹੈ?

ਜੁਆਬ: ਅੱਜ ਦਸਮ ਗ੍ਰੰਥ ਦਾ ਮਸਲਾ ਕੌਮ ਲਈ ਕਾਫੀ ਗੰਭੀਰ ਮਸਲਾ ਬਣ ਚੁੱਕਾ ਹੈ, ਕਿਉਂਕਿ ਕੁਝ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਇਸ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਦਿਤਾ ਜਾ ਰਿਹਾ ਹੈ। ਸੰਨ 2006 ਵਿਚ ਪਿੰਡ ਦਿਆਲਪੁਰਾ ਭਾਈਕਾ ਵਿਚ ਇਸ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਗਿਆ ਤੇ ਸੰਗਤ ਵਿਚ ਇਸਦਾ ਪਾਠ ਵੀ ਹੋਇਆ। ਇਸ ਮਗਰੋਂ ਇਸਦੇ ਟਾਈਟਲ ਤੇ ‘ਗੁਰੂ’ ਲਫਜ਼ ਵੀ ਲਿਖ ਦਿਤਾ ਗਿਆ, ਜਦਕਿ ਪਹਿਲਾਂ ਇਹ ਸਿਰਫ ਦਸਮ ਗ੍ਰੰਥ ਸੀ ਪਰ ਹੁਣ ਇਸਨੂੰ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਕਿਹਾ ਜਾ ਰਿਹਾ ਹੈ। ਇਸ ਉਪਰ ਕੌਮ ਨੂੰ ਅੱਜ ਵਿਚਾਰ ਕਰਨੀ ਚਾਹੀਦੀ ਹੈ, ਜਦੋਂਕਿ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜ੍ਹਾ ਕਰਨ ਦੀ ਕੋਝੀ ਕੋਸ਼ਿਸ਼ ਹੋ ਰਹੀ ਹੈ।

ਸਵਾਲ: ਪੰਥ ਵਿਚ ਦਸਮ ਗ੍ਰੰਥ ਸਿਰਫ ੫ ਕੁ ਥਾਵਾਂ ਤੇ ਪ੍ਰਕਾਸ਼ ਹੁੰਦਾ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਹਰ ਥਾਂ ਹੀ ਪ੍ਰਕਾਸ਼ ਹੈ, ਇਥੋਂ ਤਕ ਕਿ ਸਾਧਾਂ ਦੇ ਡੇਰਿਆਂ ਤੇ ਵੀ! ਫੇਰ ਦਸਮ ਗ੍ਰੰਥ ਨਾਲ ਪੰਥ ਨੂੰ ਕਿੰਨਾ ਕੁ ਖਤਰਾ ਹੋ ਸਕਦਾ ਹੈ?

ਜੁਆਬ: ਇਹ ਇਕ ਬਹੁਤ ਵੱਡੀ ਸਾਜ਼ਿਸ਼ ਹੈ, ਜਿਸਦੀ ਆਮ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ। ਸੰਨ 1999 ਵਿਚ ਕੌਮ ਨੇ ਖਾਲਸੇ ਦੀ ਸਾਜਨਾ ਦਾ 300 ਸਾਲਾ ਦਿਹਾੜਾ ਮਨਾਇਆ। ਉਸ ਵੇਲੇ ਦੀ ਇਕ ਚਿੱਠੀ ਮੇਰੇ ਪਾਸ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਾਲੇ ਜਥੇਦਾਰਾਂ ਦੀ ਸਾਂਭੀ ਪਈ ਹੈ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ “ਸਾਡਾ 300 ਸਾਲਾ ਮਨਾਇਆ ਤਾਂ ਹੀ ਸਫਲ ਹੈ, ਜੇਕਰ ਅਸੀਂ ਹਰ ਥਾਂ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਏ!” ਸੰਨ 2007 ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਪੁਰਬ ਸਬੰਧੀ ਮੈਨੂੰ ਹਜ਼ੂਰ ਸਾਹਿਬ ਵਿਖੇ ਕੀਰਤਨ ਕਰਨ ਲਈ ਬੁਲਾਇਆ ਗਿਆ ਸੀ, ਉਦੋਂ ਵੀ ਮੈਂ ਭਰੇ ਪੰਡਾਲ ਵਿਚ ਸਟੇਜ ਤੇ ਜਥੇਦਾਰਾਂ ਨੂੰ ਪੁੱਛਿਆ ਸੀ ਕਿ “ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਥੇ ਕਿਸੇ ਹੋਰ ਗ੍ਰੰਥ ਨੂੰ ਵੀ ਗੁਰਗੱਦੀ ਬਖਸ਼ੀ ਸੀ?” ਇਸਦਾ ਅੱਜ ਤਕ ਕਿਸੇ ਨੇ ਕੋਈ ਜੁਆਬ ਨਹੀਂ ਦਿਤਾ!

ਸਵਾਲ: ਕੀ ਡੇਰਾਵਾਦ/ਸੰਤਵਾਦ ਦਸਮ ਗ੍ਰੰਥ ਨਾਲੋਂ ਵੱਡਾ ਮਸਲਾ ਨਹੀਂ ਹੈ, ਜਿਸ ਨੇ ਗੁਰਮਤਿ ਦੀ ਆੜ ਵਿਚ ਮਨਮੱਤ ਦਾ ਵੱਡਾ ਪਸਾਰਾ ਕੀਤਾ ਹੋਇਆ ਹੈ, ਜਿਸ ਕਰਕੇ ਪੰਜਾਬ ਵਿਚ ਕਈ ਤਰ੍ਹਾਂ ਦੇ ਕੁਕਰਮ ਵੀ ਹੋ ਰਹੇ ਹਨ?

ਜੁਆਬ: ਡੇਰਾਵਾਦ/ਸੰਤਵਾਦ ਦਸਮ ਗ੍ਰੰਥ ਨੂੰ ਅੱਗੇ ਲਾ ਕੇ ਹੀ ਆਪਣਾ ਪਸਾਰ ਕਰ ਰਿਹਾ ਹੈ। ਡੇਰਿਆਂ ਵਿਚ ਜੋ ਕੁਕਰਮ ਹੋ ਰਹੇ ਹਨ, ਉਹ ਸਭ ਦਸਮ ਗ੍ਰੰਥ ਦੀ ਹੀ ਦੇਣ ਹਨ, ਜਿਸ ਵਿਚ ਇਨ੍ਹਾਂ ਨੂੰ ਕਰਨ ਬਾਰੇ ਪ੍ਰੇਰਤ ਕੀਤਾ ਗਿਆ ਹੈ।

ਸਵਾਲ: ਜਦੋਂ ਤੁਸੀਂ ਅਕਾਲ ਤਖਤ ਦੇ ਜਥੇਦਾਰ ਸੀ, ਉਦੋਂ ਤੁਸੀਂ ਦਸਮ ਗ੍ਰੰਥ ਵਿਰੁਧ ਆਵਾਜ਼ ਕਿਉਂ ਨਹੀਂ ਉਠਾਈ ਕਿਉਂਕਿ ਇਹ ਮਸਲਾ ਤਾਂ ਬੜਾ ਪੁਰਾਣਾ ਚੱਲਿਆ ਆ ਰਿਹਾ ਹੈ?

ਜੁਆਬ: ਉਦੋਂ ਸਮਾਂ ਬੜਾ ਭਿਆਨਕ ਸੀ, ਸਿੱਖ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਮਰ ਰਹੇ ਸਨ ਤੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ। ਅਜਿਹੇ ਮਾਹੌਲ ਵਿਚ ਦਸਮ ਗ੍ਰੰਥ ਦੇ ਮਸਲੇ ਦੇ ਹੱਲ ਦੀ ਗੱਲ ਕਰਨਾ ਵੈਸੇ ਹੀ ਬੇਮਾਅਨਾ ਸੀ। ਜਦਕਿ ਹੁਣ ਜਦੋਂ ਤੋਂ ਇਹ ਮਸਲਾ ਪੰਥ ਦੇ ਸਨਮੁਖ ਹੋਇਆ ਹੈ, ਮੈਂ ਇਸ ਬਾਰੇ ਪੂਰੀ ਤਰ੍ਹਾਂ ਚੇਤੰਨ ਹੋ ਗਿਆ ਹਾਂ! ਜਦੋਂ ਮੈਂ ਅਕਾਲ ਤਖਤ ਦਾ ਜਥੇਦਾਰ ਸੀ, ਉਦੋਂ ਵੀ ਮੈਂ ਕਿਸੇ ਅਜਿਹੇ ਤਖਤ ਤੇ ਨਹੀਂ ਗਿਆ, ਜਿਥੇ ਇਸ ਗ੍ਰੰਥ ਦਾ ਪ੍ਰਕਾਸ਼ ਸੀ।

ਸਵਾਲ: ਕੀ ਹੁਣ ਦਸਮ ਗ੍ਰੰਥ ਦੇ ਮਸਲੇ ਦੇ ਹੱਲ ਦਾ ਸਮਾਂ ਹੈ, ਜਦੋਂਕਿ ਸਿੱਖੀ ਦਾ ਗਰਾਫ ਦਿਨੋਂ-ਦਿਨ ਹੇਠਾਂ ਨੂੰ ਹੀ ਜਾਈ ਜਾ ਰਿਹਾ ਹੈ? ਇਹ ਮਸਲੇ ਤਾਂ ਉਦੋਂ ਹੱਲ ਹੁੰਦੇ ਹਨ, ਜਦੋਂਕਿ ਕੌਮ ਦੇ ਵਿਦਵਾਨ ਇਸ ਲਈ ਤਿਆਰ ਹੋਣ?

ਜੁਆਬ: ਜੇਕਰ ਵਧੇਰੇ ਸਿੱਖਾਂ ਨੂੰ ਸਿੱਖੀ ਦੀ ਸਮਝ ਨਹੀਂ, ਤਾਂ ਇਸਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਦਸਮ ਗ੍ਰੰਥ ਨੂੰ ਆਪਣੇ ਸਿਰ ਤੇ ਸਵਾਰ ਕਰ ਲਈਏ! ਅੱਜ ਡੇਰੇਦਾਰਾਂ ਨੇ ਆਪਣੇ ਡੇਰਿਆਂ ਵਿਚ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਸ਼ਰੇਆਮ ਸ਼ੁਰੂ ਕਰ ਦਿਤਾ ਹੈ। ਇਸ ਗ੍ਰੰਥ ਨੂੰ ‘ਮੱਥੇ’ ਟਿਕਾਏ ਜਾ ਰਹੇ ਹਨ, ‘ਹੁਕਮਨਾਮੇ’ ਪੜ੍ਹਕੇ ਸੁਣਾਏ ਜਾ ਰਹੇ ਹਨ ਤੇ ‘ਗੁਰੂ’ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਅਜਿਹੇ ਹਾਲਾਤ ਵਿਚ ਜੇਕਰ ਵਧੇਰੇ ਸਿੱਖ ਸੁੱਤੇ ਵੀ ਰਹਿਣ ਤਾਂ ਘੱਟੋ-ਘੱਟ ਮੈਂ ਤਾਂ ਗੁਰੂ ਦਾ ਕੂਕਰ ਹੋਣ ਦੇ ਨਾਤੇ ਚੁੱਪ ਕਰਕੇ ਨਹੀਂ ਬੈਠ ਸਕਦਾ! ਉਹ ਚਾਹੁੰਦੇ ਹਨ ਕਿ ਪਹਿਲਾਂ ਸਿੱਖ ਦਸਮ ਗ੍ਰੰਥ ਨੂੰ ‘ਗੁਰੂ’ ਮੰਨ ਲੈਣ, ਫੇਰ ਪੜ੍ਹਨਾ ਸ਼ੁਰੂ ਕਰਨ, ਜਦਕਿ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਦਸਮ ਗ੍ਰੰਥ ਨੂੰ ਪੜ੍ਹੋ ਤਾਂ ਕਿ ਪਤਾ ਲੱਗੇ ਕਿ ਇਸ ਵਿਚ ਲਿਖਿਆ ਕੀ ਹੈ?

ਸਵਾਲ: ਜੇਕਰ ਤੁਹਾਨੂੰ ਸਮਝ ਆ ਗਈ ਹੈ ਕਿ ਦਸਮ ਗ੍ਰੰਥ ਵਿਚ ਆਹ-ਆਹ ਗਲਤੀਆਂ ਹਨ ਤਾਂ ਤੁਸੀਂ ਅੱਗੇ ਲੱਗਕੇ ਖੁਦ ਕਿਉਂ ਨਹੀਂ ਇਸਦਾ ਹੱਲ ਕੱਢਦੇ?

ਜੁਆਬ: ਮੈਂ ਤਾਂ ਹਰ ਸਟੇਜ ਤੋਂ ਕਹਿ ਰਿਹਾ ਹਾਂ ਕਿ ਦਸਮ ਗ੍ਰੰਥ ਵਿਚ ਦਰਜ ਜਿਨ੍ਹਾਂ ਰਚਨਾਵਾਂ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਦਸਮ ਗ੍ਰੰਥ ਤੋਂ ਵੱਖ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਰਚਨਾਵਾਂ ਦੀ ਇਕ ਵੱਖਰੀ ਪੋਥੀ ਤਿਆਰ ਕੀਤੀ ਜਾ ਸਕਦੀ ਹੈ ਤੇ ਬਾਕੀ ਦੇ ਗ੍ਰੰਥ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਪਰ ਕੌਮਾਂ ਹਮੇਸ਼ਾਂ ਕੌਮੀ ਫੈਸਲਿਆਂ ਨੂੰ ਹੀ ਮਾਨਤਾ ਦਿੰਦੀਆਂ ਹੁੰਦੀਆਂ ਹਨ, ਵਿਅਕਤੀਗਤ ਫੈਸਲਿਆਂ ਨੂੰ ਨਹੀਂ! ਇਸ ਕਰਕੇ ਜੇਕਰ ਮੈਂ ਇਕੱਲਾ ਅੱਗੇ ਲੱਗਕੇ ਇਹ ਪੋਥੀ ਬਣਾ ਵੀ ਦਿਆਂ, ਤਾਂ ਕੌਮ ਨੇ ਇਸਨੂੰ ਕੋਈ ਮਾਨਤਾ ਨਹੀਂ ਦੇਣੀ! ਇਸ ਕਰਕੇ ਮੈਂ ਸੰਗਤ ਨੂੰ ਇਸ ਬਾਰੇ ਜਾਗਰੂਕ ਕਰ ਰਿਹਾਂ!

ਸਵਾਲ: ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵੱਲੋਂ ਸੰਗਤ ਨੂੰ ਜਾਗਰੂਕ ਕਰਨ ਕਰਕੇ ਪੰਥ ਵਿਚ ਦੁਬਿਧਾ ਖੜ੍ਹੀ ਹੋ ਰਹੀ ਹੈ?

ਜੁਆਬ: ਦੁਬਿਧਾ ਉਨ੍ਹਾਂ ਲੋਕਾਂ ਨੇ ਖੜ੍ਹੀ ਕੀਤੀ ਹੈ, ਜਿਨ੍ਹਾਂ ਨੇ ਸੰਨ 2006 ਵਿਚ ਪਿੰਡ ਦਿਆਲਪੁਰਾ ਭਾਈਕਾ ਵਿਚ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ। ਜੇ ਮੈਂ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਮੈਨੂੰ 29 ਜਨਵਰੀ 2010 ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿਤਾ! ਉਹ ਦੱਸਣ ਕਿ ਕੀ ਦਸਮ ਗ੍ਰੰਥ ਸਿੱਖਾਂ ਦਾ ਗੁਰੂ ਹੈ? ਜਿਸਦਾ ਵਿਰੋਧ ਕਰਨ ਕਰਕੇ ਮੇਰੇ ਖਿਲਾਫ ਕਾਰਵਾਈ ਕੀਤੀ ਗਈ! ਇਸ ਤੋਂ ਪਹਿਲਾਂ 6 ਜੂਨ 2008 ਨੂੰ ਅਕਾਲ ਤਖਤ ਤੋਂ ਇਸ ਸਬੰਧੀ ਹੁਕਮਨਾਮਾ ਜਾਰੀ ਹੋ ਚੁੱਕਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ! ਪਰ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਤੋਂ ਇਲਾਵਾ ਡੇਰਿਆਂ ਵਿਚ ਅੱਜ ਵੀ ਦਸਮ ਗ੍ਰੰਥ ਦਾ ਪ੍ਰਕਾਸ਼ ਹੈ। ਦੁਬਿਧਾ ਤਾਂ ਉਨ੍ਹਾਂ ਨੇ ਪਹਿਲਾਂ ਹੀ ਖੜ੍ਹੀ ਕੀਤੀ ਹੋਈ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿਤੀ ਹੋਈ ਹੈ, ਫੇਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਤੇ ਉਸਨੂੰ ਮੱਥੇ ਟਿਕਾਉਣ ਤੇ ਹੁਕਮਨਾਮੇ ਲੈ ਕੇ ਸੰਗਤਾਂ ਨੂੰ ਸੁਣਾਉਣ ਦਾ ਕੀ ਕੰਮ ਹੈ?

ਸਵਾਲ: ਤੁਹਾਡੇ ਤੇ ਉਨ੍ਹਾਂ ਦੋਸ਼ ਇਹ ਲਾਇਆ ਕਿ ਤੁਸੀਂ ਸਿੰਘ ਸਾਹਿਬਾਨ ਅੱਗੇ ਪੇਸ਼ ਨਹੀਂ ਹੋਏ, ਇਸ ਲਈ ਉਨ੍ਹਾਂ ਤੁਹਾਡੇ ਵਿਰੁਧ ਕਾਰਵਾਈ ਕੀਤੀ?

ਜੁਆਬ: ਉਨ੍ਹਾਂ ਮੈਨੂੰ 17 ਨਵੰਬਰ 2009 ਦੀ ਲਿਖੀ ਇਕ ਚਿੱਠੀ ਭੇਜੀ, ਜਿਸ ਵਿਚ ਉਨ੍ਹਾਂ ਮੈਨੂੰ 5 ਦਸੰਬਰ 2009 ਨੂੰ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣ ਲਈ ਕਿਹਾ। 5 ਦਸੰਬਰ 2009 ਨੂੰ ਮੈਂ ਦਿਤੇ ਹੋਏ ਸਮੇਂ ਤੇ ਅਕਾਲ ਤਖਤ ਸਾਹਿਬ ਤੇ ਚਲਾ ਗਿਆ। ਇਕ ਘੰਟਾ ਭਰ ਮੈਂ ਅਕਾਲ ਤਖਤ ਸਾਹਿਬ ਦੇ ਸਨਮੁਖ ਬੈਠਾ ਰਿਹਾ! ਮੇਰੇ ਇਕ ਘੰਟਾ ਉਡੀਕਣ ਮਗਰੋਂ ਵੀ ਉਹ ਸਪੱਸ਼ਟੀਕਰਣ ਲੈਣ ਅਕਾਲ ਤਖਤ ਤੇ ਨਹੀਂ ਆਏ ਤਾਂ ਮੈਂ ਆਪਣਾ ਸਪੱਸ਼ਟੀਕਰਣ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਭੇਟਾ ਕਰਕੇ ਵਾਪਸ ਆ ਗਿਆ। ਇਸੇ ਦੌਰਾਨ ਜਥੇਦਾਰ ਆਪਣੇ ਕਮਰੇ ਵਿਚ ਹੀ ਬੈਠੇ ਰਹੇ। ਫੇਰ ਉਨ੍ਹਾਂ ਦੋ ਘੰਟੇ ਬਾਅਦ ਅਕਾਲ ਤਖਤ ਸਾਹਿਬ ਤੇ ਆ ਕੇ ਇਹ ਝੂਠ ਬੋਲਿਆ ਕਿ “ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖਤ ਤੇ ਹਾਜ਼ਰ ਨਾ ਹੋਣ ਕਰਕੇ ਤਨਖਾਹੀਆ ਕਰਾਰ ਦਿਤਾ ਜਾਂਦਾ ਹੈ” ਅਤੇ ਬਾਅਦ ਵਿਚ 29 ਜਨਵਰੀ 2010 ਨੂੰ ਇਹ ਕਹਿਕੇ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿਤਾ ਕਿ ਉਹ (ਮੈਂ) ਅਕਾਲ ਤਖਤ ਸਾਹਿਬ ਤੇ ਹਾਜ਼ਰ ਨਾ ਹੋਣ ਕਰਕੇ ਤਨਖਾਹੀਆ ਕਰਾਰ ਦਿਤਾ ਹੋਇਆ ਹੈ ਅਤੇ ਤਨਖਾਹ ਲੁਆਉਣ ਲਈ 7 ਜਨਵਰੀ ਨੂੰ ਹਾਜ਼ਰ ਨਹੀਂ ਹੋਇਆ! ਹੁਣ ਤੁਸੀਂ ਦੱਸੋ ਕਿ ਜਥੇਦਾਰਾਂ ਦਾ ਕਮਰਾ ਅਕਾਲ ਤਖਤ ਬਣ ਗਿਆ? ਜਿਥੇ ਮੈਨੂੰ ਕਿਹਾ ਗਿਆ ਸੀ, ਉਥੇ ਮੈਂ ਡੇਢ ਘੰਟਾ ਬੈਠਾ ਰਿਹਾ ਤੇ ਉਹ ਖੁਦ ਹੀ ਅਕਾਲ ਤਖਤ ਸਾਹਿਬ ਤੇ ਨਹੀਂ ਆਏ!

ਸਵਾਲ: ਜਦੋਂ ਤੁਸੀਂ ਜਥੇਦਾਰ ਸੀ, ਉਦੋਂ ਵੀ ਤਾਂ ਅਕਾਲ ਤਖਤ ਸਾਹਿਬ ਤੇ ਇਹੀ ਮਰਿਆਦਾ ਚੱਲੀ ਆਉਂਦੀ ਸੀ?

ਜੁਆਬ: ਨਹੀਂ, ਉਦੋਂ ਇਹ ਮਰਿਆਦਾ ਨਹੀਂ ਸੀ। ਕਿਸੇ ਵੀ ਵਿਅਕਤੀ ਨੂੰ ਪੇਸ਼ੀ ਲਈ ਸਿਰਫ ਅਕਾਲ ਤਖਤ ਸਾਹਿਬ ਤੇ ਹੀ ਬੁਲਾਇਆ ਜਾਂਦਾ ਸੀ (ਕਿਸੇ ਕਮਰੇ ਵਿਚ ਨਹੀਂ) ਤੇ ਵਿਚਾਰ ਕਰਨ ਲਈ ਮੀਟਿੰਗ ਭਾਵੇਂ ਕਿਸੇ ਹੋਰ ਥਾਂ ਤੇ ਕਰ ਲਈ ਜਾਂਦੀ ਸੀ! ਇਹ ਤਾਂ ਹੁਣ ਇਨ੍ਹਾਂ ਨੇ ਕਮਰੇ ਵਿਚ ਬੁਲਾਉਣ ਦੀ ਗਲਤ ਪਿਰਤ ਚਾਲੂ ਕੀਤੀ ਹੋਈ ਹੈ, ਜੋ ਕਿ ਗੁਰਮਤਿ ਸਿਧਾਂਤਾਂ ਦੇ ਉਲਟ ਹੈ!

ਸਵਾਲ: ਤੁਸੀਂ 7 ਨਵੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਜਾ ਕੇ ਸਿਰੋਪਾ ਕਿਉਂ ਲੈ ਕੇ ਆਏ ਸੀ?

ਜੁਆਬ: ਉਸ ਦਿਨ ਮੈਂ ਝਬਾਲ ਕੀਰਤਨ ਪ੍ਰੋਗਰਾਮ ਤੇ ਜਾਣਾ ਸੀ ਤੇ ਸਵੇਰੇ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਚਲਾ ਗਿਆ। ਉਥੇ ਮੈਂ ੧੦੧ ਰੁਪਏ ਭੇਟਾ ਕੀਤਾ ਤਾਂ ਉਨ੍ਹਾਂ ਮੈਨੂੰ ਸਿਰੋਪਾ ਦੇ ਦਿਤਾ, ਇਹ ਉਨ੍ਹਾਂ ਦੀ ਮਰਿਆਦਾ ਹੈ। ਮੈਂ ਤਾਂ ਅਕਾਲ ਤਖਤ ਸਾਹਿਬ ਤੇ ਵੀ ੧੦੧ ਰੁਪਏ ਭੇਟਾ ਕੀਤਾ, ਉਥੇ ਤਾਂ ਕਿਸੇ ਨੇ ਮੈਨੂੰ ਸਿਰੋਪਾ ਨਹੀਂ ਦਿਤਾ! ਇਹ ਇਕ ਆਮ ਗੱਲ ਸੀ। ਦਰਬਾਰ ਸਾਹਿਬ ਕੋਈ ਸ੍ਰੋਮਣੀ ਕਮੇਟੀ ਦੀ ਨਿੱਜੀ ਜਾਇਦਾਦ ਨਹੀਂ ਹੈ, ਉਥੇ ਕੋਈ ਵੀ ਕਿਸੇ ਵੀ ਸਮੇਂ ਜਾ ਸਕਦਾ ਹੈ। ਮੈਂ ਆਪਣੇ ਗੁਰੂ ਦੇ ਦਰਬਾਰ ਵਿਚ ਗਿਆਂ!

Source: Sikh Guardian


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top