Share on Facebook

Main News Page

ਸੰਜੀਵ ਭੱਟ ਅਤੇ ਜ਼ਫਰ ਆਗਾ ਦਾ ਫੈਸਲਾ ਜ਼ਿੰਦਾ ਜਮੀਰ ਦੀ ਮਿਸਾਲ, ਸਿੱਖ ਸ਼ਖਸੀਅਤਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ

ਕੌਣ ਹਨ ਸੰਜੀਵ ਭੱਟ ਅਤੇ ਜ਼ਫਰ ਆਗਾ? ਇਹਨਾਂ ਨੇ ਐਸਾ ਕਿਹੜਾ ਕਾਰਨਾਮਾ ਕਰ ਦਿਖਾਇਆ ਹੈ? ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈ ਪੀ ਐਸ ਅਧਿਕਾਰੀ ਹਨ। ਗੁਜਰਾਤ ਵਿਚਲੇ ‘ਮੁਸਲਿਮ ਕਤਲੇਆਮ’ ਦੇ ਵਿਸ਼ੇ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਵੱਲ ਉਂਗਲ ਚੁੱਕਣ ਕਾਰਨ ਇਹ ਸੁਰਖੀਆਂ ਵਿਚ ਹਨ। ਜ਼ਫਰ ਆਗਾ ਦਿਲੀ ਵਿਚਲੇ ਇਕ ਸੀਨੀਅਰ ਪੱਤਰਕਾਰ ਹਨ। ਇਹਨਾਂ ਨੇ ਜ਼ਾਗਦੀ ਜ਼ਮੀਰ ਦੀ ਇਕ ਵਾਰ ਫੇਰ ਮਿਸਾਲ ਉਸ ਵੇਲੇ ਦਿਤੀ, ਜਦੋਂ ਇਹਨਾਂ ਨੇ ਦਿਲੀ ਦੀ ਇਕ ਮੁਸਲਿਮ ਜਥੇਬੰਦੀ ਵਲੋਂ ਦਿਤੇ ਜਾਣ ਵਾਲਾ ਇਨਾਮ ਲੈਣ ਤੋਂ ਸਾਫ ਇਨਕਾਰ ਕਰ ਦਿਤਾ। ਇਨਕਾਰ ਦਾ ਕਾਰਨ ਇਹ ਹੈ ਕਿ ਉਹੀ ਇਨਾਮ ‘ਜਗਦੀਸ਼ ਟਾਈਟਲਰ’ ਨੂੰ ਵੀ ਦਿਤਾ ਜਾ ਰਿਹਾ ਹੈ, ਜੋ ਕਿ ਨਵੰਬਰ 1984 ਦੇ ‘ਸਿੱਖ ਕਤਲੇਆਮ’ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹ ਐਸੇ ਬਦਨਾਮ ਅਤੇ ਦੋਸ਼ੀ ਵਿਅਕਤੀ ਨਾਮ ‘ਮੰਚ’ ਸਾਂਝਾ ਨਹੀਂ ਕਰ ਸਕਦੇ।

ਇਹਨਾਂ ਦੋਹਾਂ ਸ਼ਖਸੀਅਤਾਂ ਦਾ ਇਹ ਕਾਰਨਾਮਾ ‘ਮਨੁੱਖੀ ਅਧਿਕਾਰਾਂ’ ਦੀ ਰਾਖੀ ਦੇ ਖੇਤਰ ਵਿਚ ਇਕ ਨਵੀਂ ਮਿਸਾਲ ਕਾਇਮ ਕਰ ਗਿਆ ਹੈ। ਸਿੱਖ ਇਤਿਹਾਸ ਵਿਚ ‘ਮਨੁੱਖੀ ਅਧਿਕਾਰਾਂ ਦੀ ਰਾਖੀ’ ਦੀ ਇਕ ਲਾਸਾਨੀ ਮਿਸਾਲ ‘ਨੌਂਵੇ ਪਾਤਸ਼ਾਹ’ ਜੀ ਦੀ ਸ਼ਹੀਦੀ ਹੈ। ਉਹ ਬ੍ਰਾਹਮਣੀ ਮੱਤ ਦੇ ਸਿਧਾਂਤਾਂ ਨਾਲ ਬਿਲਕੁਲ ਸਹਿਮਤੀ ਨਹੀਂ ਰੱਖਦੇ ਸਨ। ਬਲਕਿ ਅਨੇਕਾਂ ਥਾਂ ਉਹਨਾਂ ਵਲੋਂ ਇਹਨਾਂ ਬ੍ਰਾਹਮਣੀ ਮਾਨਤਾਵਾਂ ਦਾ ਖੁੱਲਾ ਖੰਡਨ ਵੀ ਕੀਤਾ ਗਿਆ। ਪਰ ਫੇਰ ਵੀ ਉਹਨਾਂ ਨੇ ਔਰੰਗਜ਼ੇਬ ਵਲੋਂ ਜ਼ਬਰਦਸਤੀ ‘ਧਰਮ ਬਦਲਣ’ ਦੇ ਜ਼ੁਲਮ ਖਿਲਾਫ ਅਵਾਜ਼ ਉਠਾਉਂਦੇ ਹੋਏ ਮਜ਼ਲੂਮ ਹਿੰਦੂਆਂ ਦਾ ਸਾਥ ਦਿਤਾ, ਕਿਉਂਕਿ ਔਰੰਗਜ਼ੇਬ ਦਾ ਇਹ ਜ਼ੁਲਮ ‘ਮੁੱਢਲੇ ਮਨੁੱਖੀ ਅਧਿਕਾਰਾਂ’ ਦਾ ਘਾਣ ਸੀ। ਇਹ ਗੱਲ ਸਪਸ਼ਟ ਹੋਣੀ ਜ਼ਰੂਰੀ ਹੈ ਕਿ ਨੌਂਵੇ ਪਾਤਸ਼ਾਹ ਜੀ ਨੇ ਸ਼ਹੀਦੀ ਕਿਸੇ ‘ਫਿਰਕਾ ਵਿਸ਼ੇਸ਼’ ਦੀ ਰੱਖਿਆ ਖਾਤਿਰ ਨਹੀਂ ਦਿਤੀ ਸੀ, ਬਲਕਿ ਇਹ ਲਾਸਾਣੀ ਸ਼ਹੀਦੀ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਦਿਤੀ ਗਈ ਸੀ। ਪਰ ਅਫਸੋਸ! ਇਤਿਹਾਸਕਾਰਾਂ ਨੇ ਤੇਗ ਬਹਾਦੁਰ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਇਹ ਪੱਖ ਅਣਗੌਲਿਆਂ ਕਰ ਦਿਤਾ।

ਇਹਨਾਂ ਦੋਹਾਂ ਸ਼ਖਸੀਅਤਾਂ ਦਾ ਇਹ ਫੈਸਲਾ ਉਸੇ ਸੇਧ ਵਿਚ ਉਠਾਇਆ ਗਿਆ ਕਦਮ ਹੈ। ਇਸ ਘਟਨਾਕ੍ਰਮ ਵਿਚ ਉਹ ਸੰਸਥਾ ਦੋਸ਼ੀ ਸਾਬਿਤ ਹੁੰਦੀ ਹੈ, ਜੋ ਇਕ ਘਟਗਿਣਤੀ ਨਾਲ ਸੰਬੰਧਿਤ ਹੋਣ ਦੇ ਬਾਵਜੂਦ ‘ਘੱਟਗਿਣਤੀ ਕਤਲੇਆਮ’ ਦੇ ਦੋਸ਼ੀਆਂ ਨੂੰ ਸਨਮਾਨਿਤ ਕਰਨਾ ਚਾਹੁੰਦੀਆਂ ਹਨ। ਪਰ ਹਰ ਮੱਤ ਵਿਚ ਐਸੀ ਸਿਧਾਂਤ ਵਿਹੂਣੀਆਂ ਚਾਪਲੂਸ ਸੰਸਥਾਵਾਂ/ਸ਼ਖਸੀਅਤਾਂ ਮਿਲ ਜਾਂਦੀਆਂ ਹਨ। ਸਿੱਖਾਂ ਵਿਚ ਵੀ ਐਸੀਆਂ ਸੰਸਥਾਵਾਂ ਦੀ ਭਰਮਾਰ ਹੈ।

ਅੱਜ ਸਿੱਖ ਸਮਾਜ ਵਿਚਲੀਆਂ ਸ਼ਖਸੀਅਤਾਂ ਵੱਲ ਝਾਤ ਮਾਰਦੇ ਹਾਂ ਤਾਂ ਰੋਣਹਾਕੇ ਹੋ ਜਾਈਦਾ ਹੈ। ਇਹਨਾਂ ਵਿਚੋਂ ਸੁਚੇਤ ਹੋ ਕੇ ਮਨੁੱਖੀ ਹੱਕਾਂ ਖਾਤਿਰ ਅਵਾਜ਼ ਉਠਾਉਣ ਵਾਲੇ ਹੁਣ ਵਿਰਲੇ ਹੀ ਮਿਲਦੇ ਹਨ। ਲੀਡਰ ਤਾਂ ਲਗਭਗ ਸਾਰੇ ਹੀ ਭ੍ਰਿਸ਼ਟ ਹਨ। ਕਈਂ ‘ਲੀਡਰ’ ਅਨੇਕਾਂ ਵਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉਹਨਾਂ ਦੇ ਘਰ ਜਾਕੇ ਵੀ ਸਨਮਾਨਿਤ ਕਰ ਕੇ ਅਪਣੀ ਗੁਲਾਮ ਜ਼ਹਿਨੀਅਤ ਦਾ ਪ੍ਰਗਟਾਵਾ ਕਰ ਚੁਕੇ ਹਨ ਅਤੇ ਆਮ ਕਰਦੇ ਰਹਿੰਦੇ ਹਨ।ਕਿਸੇ ਵੇਲੇ ਮਨੁੱਖੀ ਹੱਕਾਂ ਦੀ ਰਾਖੀ ਦਾ ਝੰਡਾਬਰਦਾਰ ਰਿਹਾ ਅਕਾਲੀ ਦਲ ਹੁਣ ਇਕ ਪੁਰਖੀ ਕਾਬਜ਼ੇ ਕਾਰਨ ‘ਫਾਸ਼ੀਵਾਦੀ’ ਤਾਕਤਾਂ ਦਾ ਦੁੰਮਛੱਲਾ ਬਣ ਕੇ ਰਹਿ ਗਿਆ ਹੈ। ਚੌਧਰ ਅਤੇ ਪੈਸੇ ਦੇ ਭੁੱਖੇ ਗੁਰਦਵਾਰਾ ਪ੍ਰਬੰਧਕਾਂ ਦਾ ਵੀ ਹਾਲ ਬਹੁਤ ਮਾੜਾ ਹੈ। ਉਹਨਾਂ ਲਈ ਗੁਰਦਵਾਰੇ ਸੇਵਾ ਘਰ ਨਹੀਂ, ਚੌਧਰ ਅਤੇ ਆਮਦਨ ਦੇ ਅੱਡੇ ਬਣ ਗਏ ਹਨ। ਸਿੱਖ ਭੇਖ ਵਾਲੇ ਲੀਡਰ ਸ਼ਰੇਆਮ ਬ੍ਰਾਹਮਣੀ ਕਰਮਕਾਂਡ ਕਰਕੇ, ਡੇਰੇਦਾਰਾਂ ਦੇ ਚਰਨੀ ਲੱਗ ਕੇ ਅਪਣੀ ਗੁਲਾਮ ਪ੍ਰਵਿਰਤੀ ਦਾ ਵਿਖਾਵਾ ਕਰਦੇ ਰਹਿੰਦੇ ਹਨ। ਕੇਂਦਰੀ ਵਿਵਸਥਾ ਦੇ ਝੰਡਾਬਰਦਾਰ ‘ਗੁਲਾਮ ਪੁਜਾਰੀ’ ਬਣਾ ਦਿਤੇ ਗਏ ਹਨ, ਜੋ ਭ੍ਰਿਸ਼ਟ ਹਾਕਮਾਂ ਦੀ ਚਾਪਲੂਸੀ ਨੂੰ ਹੀ ਸਭ ਕੁਝ ਸਮਝਦੇ ਹਨ। ਸਿੱਖ ਲੀਡਰਾਂ ਦੀ ਜਨਤਾ ਵਿਚ ਤਾਂ ਕੋਈ ਸ਼ਾਖ ਹੈ ਨਹੀਂ, ਇਸ ਲਈ ਉਹ ਅਪਣੇ ਪਾਲਤੂ ਪੁਜਾਰੀਆਂ ਰਾਹੀਂ ਹੀ ਅਪਣੇ ਆਪ ਨੂੰ ‘ਪੰਥ ਰਤਨ’ ਕਹਾ ਕੇ ਖੁਸ਼ ਹੋ ਜਾਂਦੇ ਹਨ। ਜਸਵੰਤ ਸਿੰਘ ਖਾਲੜਾ ਤੋਂ ਬਾਅਦ, ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਵਾਜ਼ ਉਠਾਉਣ ਵਾਲੀ ਕੋਈ ਸ਼ਖਸੀਅਤ ਹਾਲੀਂ ਸਿੱਖ ਸਮਾਜ ਵਿਚ ਨਜ਼ਰ ਨਹੀਂ ਆਉਂਦੀ।

ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਹੋ ਕੇ ਅਵਾਜ਼ ਚੁੱਕਣ ਦੀ ਇਕ ਹੋਰ ਤਾਜ਼ਾ ਖਬਰ ਸਾਹਮਣੇ ਆਈ ਹੈ। ਅਮਰੀਕਾ ਦੀ ਇਕ ਯੁਨੀਵਰਸਿਟੀ ਨੇ ਭਾਰਤ ਦੇ ਇਕ ਉੱਘੇ ਸਿੱਖਿਆ ਸ਼ਾਸ਼ਤਰੀ ‘ਸੁਬਰਾਮਨਿਅਮ ਸਵਾਮੀ’ ਦਾ ਅਪਣੀ ਯੁਨੀਵਰਸਿਟੀ ਵਿਚ ਪੜਾਉਣ ਦੀ ਸੇਵਾ ਖਤਮ ਕਰ ਦਿਤੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸ਼ਖਸ (ਸਵਾਮੀ) ਨੇ ਕੁਝ ਮਹੀਨੇ ਪਹਿਲਾਂ ਅਪਣੇ ਲਿਖੇ ਇਕ ਲੇਖ ਵਿਚ ‘ਮੁਸਲਿਮ ਮਸਜਿਦਾਂ’ ਨੂੰ ਢਾਹੁਣ ਦੀ ਵਕਾਲਤ ਕੀਤੀ ਸੀ।

ਐਸੇ ਮਾਹੌਲ ਵਿਚ ਭਾਰਤ ਵਿਚਲੀ ਘੱਟਗਿਣਤੀਆਂ ਨਾਲ ਸੰਬੰਧਿਤ ਸੁਚੇਤ ਸ਼ਖਸੀਅਤਾਂ ਲਈ ਜੁੜ ਬੈਠਣ ਦਾ ਸਮਾਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਹੋਲੀ ਹੋਲੀ ਉਹਨਾਂ ਫਾਸ਼ੀਵਾਦੀ ਤਾਕਤਾਂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ, ਜੋ ਇਸ ਨੂੰ ‘ਹਿੰਦੂ-ਰਾਸ਼ਟਰ’ ਬਣਾਉਣਾ ਲੋਚਦੀਆਂ ਹਨ। ਇਹਨਾਂ ਤਾਕਤਾਂ ਦਾ ਮੁਕਾਬਲਾ ਤਾਂ ਹੀ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ ਜੇ ਇਹਨਾਂ ਨਾਲ ਖਿਲਾਫ ਸਾਂਝੇ ਤੌਰ ਤੇ ਅਵਾਜ਼ ਉਠਾਈ ਜਾਵੇ। ਘੱਟਗਿਣਤੀ ਕੌਮਾਂ ਦੇ ਜ਼ਿਆਦਾਤਰ ਮੁੱਖ ਲੀਡਰ ਤਾਂ ਇਹਨਾਂ ਫਾਸ਼ੀਵਾਦੀ ਤਾਕਤਾਂ ਦੇ ਗੁਲਾਮ ਬਣ ਚੁੱਕੇ ਹਨ, ਇਸ ਲਈ ਉਹਨਾਂ ਤੋਂ ਕਿਸੇ ਚੰਗੇ ਦੀ ਆਸ ਨਹੀਂ ਕੀਤੀ ਜਾ ਸਕਦੀ।

ਮਨੁੱਖੀ ਹੱਕਾਂ ਦੀ ਰਾਖੀ ਖਾਤਿਰ ਸੰਜੀਵ ਭੱਟ ਅਤੇ ਜ਼ਫਰ ਆਗਾ ਵਲੋਂ ਲਏ ਇਸ ਫੈਸਲੇ ਦੀ ਪ੍ਰਸੰਸਾ ਕਰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਘੱਟ ਗਿਣਤੀਆਂ ਦੇ ਸੁਚੇਤ ਲੋਕ ਇਕ ਐਸਾ ਮਜ਼ਬੂਤ ਸਾਂਝਾ ਮੰਚ ਬਣਾਉਣ ਲਈ ਉਪਰਾਲਾ ਕਰਣਗੇ, ਜੋ ਫਾਸ਼ੀਵਾਦੀ ਤਾਕਤਾਂ ਦੇ ਕੂੜ ਮੰਨਸੂਬਿਆਂ ਦਾ ਮਜ਼ਬੂਤ ਜਵਾਬ ਦੇ ਸਕੇ।

ਇਹਨਾਂ ਦੋਹਾਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਅਸੀਂ ਸਾਰੇ ਸੁਚੇਤ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਇਹਨਾਂ ਤੋਂ ਪ੍ਰੇਰਨਾ ਲੈ ਕੇ, ਨਿੱਜੀ ਗਰਜ਼ਾਂ ਦੀ ਝਾਕ ਛੱਡ ਕੇ ਸੱਚ ਨਾਲ ਖੜੇ ਹੋਣ ਦਾ ਹੌਸਲਾ ਵਿਖਾਉਣ। ਸਿੱਖ ਸਮਾਜ ਦੇ ਜਾਗਰੂਕ ਤਬਕੇ ਦੀਆਂ ਕੁਝ ਹਸਤੀਆਂ ਵੀ ਨਿੱਜੀ ਲਾਲਸਾਵਾਂ ਕਾਰਨ ਸਮੇਂ ਤੇ ਸੱਚ ਕਹਿਣ ਤੋਂ ਕਿਨਾਰਾ ਕਰ ਜਾਂਦੀਆਂ ਹਨ। ਉਹਨਾਂ ਲਈ ਵੀ ਇਹਨਾਂ ਸੱਜਣਾਂ ਦਾ ਸਟੈਂਡ ਇਕ ਪ੍ਰੇਰਣਾਸ੍ਰੋਤ ਬਣ ਸਕਦਾ ਹੈ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top