Share on Facebook

Main News Page

ਸ਼ਰਾਰਤੀ ਅਨਸਰਾਂ ਵਲੋਂ ਕੀਤੇ ਗੁੰਮਰਾਹਕੁੰਨ ਪ੍ਰਚਾਰ ਨੂੰ ਨਕਾਰ ਕੇ ਟੋਰਾਂਟੋ ਸਿੱਖ ਸੰਗਤ ਨੇ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ

ਕੈਲਗਰੀ ਤੋਂ ਬਾਅਦ ਟੋਰਾਂਟੋ ਵਿੱਚ ਗੁਰਬਾਣੀ ਦੇ ਸੱਚੇ ਸੁੱਚੇ ਪ੍ਰਚਾਰ ਸਦਕਾ ਸਿੱਖ ਸੰਗਤ ਨੂੰ ਹਲੂਣ ਤੋਂ ਬਾਅਦ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਵੈਨਕੂਵਰ ਦੀਆਂ ਸੰਗਤਾਂ ਵੱਲ ਰਵਾਨਾ ਹੋ ਗਏ ਹਨ ਤੇ।

ਭਾਈ ਧੂੰਦਾ ਦੇ ਕੈਲਗਰੀ ਤੇ ਟੋਰਾਂਟੋ ਵਿੱਚ ਸਿੱਖ ਸੰਗਤਾਂ ਦੇ ਅਥਾਹ ਹੁੰਗਾਰੇ ਸਦਕਾ ਬਹੁਤ ਕਾਮਯਾਬ ਪ੍ਰੋਗਰਾਮ ਹੋਏ, ਸੰਗਤਾਂ ਦਾ ਕਿਸੇ ਪ੍ਰਚਾਰਕ ਨੂੰ ਇਸ ਤਰ੍ਹਾਂ ਦਾ ਭਰਵਾਂ ਹੁੰਗਾਰਾ ਸ਼ਾਇਦ ਪਹਿਲੀ ਬਾਰ ਮਿਲਿਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਭਾਈ ਧੂੰਦਾ ਦੇ ਟੋਰਾਂਟੋ ਪਹੁੰਚਣ ਤੋਂ ਪਹਿਲਾਂ ਲੋਕਲ ਰੇਡੀਓ ਅਤੇ ਟੀ ਵੀ ਸਟੇਸ਼ਨਾਂ ਉੱਪਰ ਖੁੱਲੇਆਮ ਤਿੱਖਾ ਵਿਰੋਧ ਕਰਨ ਦੀ ਚੇਤਾਵਨੀ ਦੇ ਬਾਵਜੂਦ ਕੋਈ ਕਿਸੇ ਵੀ ਪ੍ਰੋਗਰਾਮ ਵਿੱਚ 'ਚੂੰ' ਤੱਕ ਨਾ ਕਰ ਸਕਿਆ ਤੇ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਰ ਦਿਵਾਨ ਵਿੱਚ ਹਿੱਸਾ ਲਿਆ। ਭਾਈ ਧੂੰਦਾ ਦਾ ਪ੍ਰੋਗਰਾਮ ਭਾਵੇਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਸੀ ਹਰ ਜਗ੍ਹਾ ਸੰਗਤ ਨੇ ਸਾਹ ਰੋਕ ਕੇ ਵਿਚਾਰ ਸੁਣੇ। ਠਾਠਾਂ ਮਾਰਦੇ ਸੰਗਤ ਦੇ ਇਕੱਠ ਵਿੱਚ ਭਾਈ ਧੂੰਦਾ ਨੇ ਛੋਟੇ ਸਾਹਿਬਜਾਦਿਆਂ ਦਾ ਇਤਿਹਾਸ ਸੁਣਾ ਕੇ ਇੱਕ ਵਾਰ ਸੰਗਤ ਨੂੰ ਅੰਦਰੋਂ ਝੰਜੋੜ ਦਿੱਤਾ।

26 ਦਸੰਬਰ ਨੂੰ 'ਸਿੱਖ ਲਹਿਰ ਸੈਂਟਰ' ਗੁਰਦੁਆਰਾ ਸਾਹਿਬ ਵਿੱਚ 'ਕਰਮਕਾਂਡਾਂ' ਤੇ ਕੀਤੇ ਸੈਮੀਨਾਰ ਵਿੱਚ ਸੰਗਤਾਂ ਨੂੰ ਜਾਣੇ-ਅਣਜਾਣੇ ਵਿੱਚ ਹੋ ਰਹੇ ਤੇ ਕੀਤੇ ਜਾ ਰਹੇ ਕਰਮਕਾਂਡਾਂ ਪ੍ਰਤੀ ਜਾਗਰੂਕ ਕਰਕੇ ਇੱਕ ਸਚਿਆਰਾ ਪ੍ਰਚਾਰਕ ਹੋਣ ਦਾ ਸਬੂਤ ਦਿੱਤਾ। ਸਿੱਖ ਸੰਗਤ ਭਾਈ ਧੂੰਦਾ ਦੇ ਲਗਾਤਾਰ ਦਿਵਾਨ ਸੁਣ ਕੇ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਕੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾਂਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਨਕਾਰ ਕੇ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ ਕਿ ਹੁਣ ਸੰਗਤ ਹੋਰ ਜਿਆਦਾ ਝੂਠ ਸਹਿਣ ਨਹੀਂ ਕਰੇਗੀ ਤੇ ਬਾਬਾਵਾਦ, ਪਾਖੰਡਵਾਦ, ਕਰਮਕਾਂਡ, ਝੂਠੀਆਂ ਤੇ ਮਨਘੜਤ ਕਹਾਣੀਆਂ ਆਦਿ ਤੋਂ ਅੱਕ ਤੇ ਥੱਕ ਚੁੱਕੀ ਹੈ।

ਭਾਈ ਧੂੰਦਾ ਨੇ ਹਰ ਸਟੇਜ ਤੋਂ ਇਤਿਹਾਸ ਦੇ ਨਾਲ ਨਾਲ ਗੁਰਬਾਣੀ ਦਾ ਇੱਕ ਸ਼ਬਦ ਲੈ ਕੇ ਉਸਦੀ ਡੂੰਘਿਆਈ ਤੱਕ ਵਿਚਾਰ ਕਰਕੇ ਅੱਖਰੀਂ ਅਰਥਾਂ ਦੇ ਨਾਲ ਨਾਲ ਭਾਵ ਅਰਥ ਸਮਝਾਂ ਕੇ ਸੰਗਤ ਨੂੰ ਗੁਰਬਾਣੀ ਦੇ ਕੀਤੇ ਜਾਂਦੇ ਗਲਤ ਤੇ ਮਨਘੜਤ ਅਰਥਾਂ ਤੋਂ ਸੁਚੇਤ ਕਰਵਾਇਆ, ਭਾਈ ਸਾਹਿਬ ਨੇ ਹਰ ਗੁਰਸਿੱਖ ਵੀਰ ਭੈਣ ਨੂੰ ਸੱਦਾ ਦਿੱਤਾ ਕਿ ਜੇ ਤੁਸੀਂ ਕਰਮਕਾਂਡਾਂ ਤੋਂ ਖਹਿੜਾ ਛੁਡਵਾਉਣਾ ਹੈ ਤਾਂ ਹਰ ਰੋਜ਼ ਆਪਣੇ ਘਰ 10-15 ਮਿੰਟ ਘੱਟੋ ਘੱਟ ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰੋ ਤਾਂ ਕਿ ਸਾਨੂੰ ਇਸ ਅਨਮੋਲ ਖਜ਼ਾਨੇ ਦਾ ਲਾਭ ਹੋ ਸਕੇ ਤੇ ਅਸੀਂ ਆਪਣਾ, ਆਪਣੇ ਪਰਿਵਾਰ ਦਾ ਤੇ ਸਮਾਜ ਦਾ ਭਲਾ ਕਰ ਸਕੀਏ।

ਟੋਰਾਂਟੋ ਦੀ ਸੰਗਤ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਪੂਰਨ ਸਹਿਯੋਗ ਦਾ ਵਆਦਾ ਕਰਦੀ ਹੈ, ਤੇ ਅਰਦਾਸ ਕਰਦੀ ਹੈ ਕਿ ਜਿਸ ਤਰ੍ਹਾਂ ਭਾਈ ਸਾਬ੍ਹ ਅੱਜ ਗੁਰਬਾਣੀ ਦੇ ਸੱਚ ਦਾ ਨਿਡਰਤਾ ਦੇ ਨਾਲ ਪ੍ਰਚਾਰ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਮਾਤਮਾ ਉਨ੍ਹਾਂ ਨੂੰ ਏਸੇ ਤਰ੍ਹਾਂ ਦਾ ਹੌਸਲਾ ਬਖਸ਼ੇ ਤੇ ਉਨ੍ਹਾਂ ਤੋਂ ਸੇਵਾ ਲੈਂਦਾ ਰਹੇ ਤਾਂ ਕਿ ਸਿੱਖ ਕੌਮ ਨੂੰ ਹੋ ਰਹੀ ਖੁਆਰੀ ਵਿੱਚੋਂ ਕੱਢਿਆ ਜਾ ਸਕੇ।

ਟੋਰਾਂਟੋ ਇਕਾਈ ਅਤੇ ਸਮੂਹ ਮੈਂਬਰ ਅਤੇ ਪ੍ਰਬੰਧਕੀ ਕਮੇਟੀ 'ਅਖੌਤੀ ਸੰਤਾਂ ਦੇ ਕੌਤਕ' ਗਰੁੱਪ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top