ਟਰੰਟੋ ਦੀਆਂ ਠੰਡੀਆਂ ਫਿਜਾਵਾਂ ਵਿਚ ਇਨ੍ਹੀ ਦਿਨੀ ਕਾਫੀ ਗਰਮੀ 
  ਰਹੀ। ਕਾਰਨ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਟਰੰਟੋ ਫੇਰੀ ਸੀ। ਹਰੇਕ ਵਾਰੀ ਭਾਫਾਂ ਛੱਡਣ ਦੇ ਆਦੀ 
  ਭਰਾਵਾਂ ਇਸ ਵਾਰੀ ਵੀ ਕਾਫੀ ਗਰਮੀ ਦਿਖਾਈ, ਪਰ ਇਸ ਵਾਰੀ ਸੰਗਤਾਂ ਦੇ ਵਹਾਅ ਨੇ ਉਨ੍ਹਾਂ ਦੇ ਇੰਝਣਾਂ 
  ਦੇ ਕੋਲੇ ਬੁਝਾ ਜਿਹੇ ਦਿਤੇ। ਉਨ੍ਹਾਂ ਦੀ ਗੱਡੀ ਵਿਚ ਇਸ ਵਾਰੀ ਬਹੁਤੀ ਭੀੜ ਨਹੀਂ ਸੀ। ਕਿਉਂਕਿ 
  ਲਾਈਨਾਂ ‘ਕਲੀਅਰ’ ਨਹੀਂ ਸਨ। ਉਨ੍ਹਾਂ ਨੂੰ ਜਾਪਿਆ ਕਿ ਇਸ ਵਾਰੀ ਇੰਝਣ ਭਿੜਨਗੇ। ਗੱਡੀਆਂ 
  ਪਲਟਣਗੀਆਂ। ਗੰਡਾਸੇ ਵਾਹ ਕੇ ਦੌੜਨਾ ਔਖਾ ਹੈ। ਪਰ ਕਿਹਾ ਜਾ ਸਕਦਾ ਹੈ ਉਨ੍ਹਾਂ ਅਪਣੀ ਆਦਤ ਤੋਂ 
  ਉਲਟ ‘ਸਿਆਣਪ’ ਕੀਤੀ।
  ਮੀਡੀਏ ਵਿਚੋਂ ਵੀ ਇਕ ਅੱਧ ਜਣੇ ‘ਮਸਲੇ ਭੱਖਦਿਆਂ’ ਕਰਨ ਦੀ 
  ਵਾਯਾਤ ਜਿਹੀ ਕੋਸ਼ਿਸ਼ ਕੀਤੀ, ਪਰ ਸਿਆਣੇ ਕਹਿ ਰਹੇ ਸਨ ਕਿ ਕਾਠ ਦੀ ਹਾਡੀਂ ਵਾਰ ਵਾਰ ਨਹੀਂ ਚੜਦੀ। 
  ਕਿਉਕਿ ਜਦ ਵੀ ਕਿਸੇ ਚੰਗੇ ਪ੍ਰਚਾਰਕ ਨੇ ਆਉਂਣਾ ਹੋਵੇ ਤਾਂ ਇਹ ਹਾਂਡੀ ਹਰੇਕ ਵਾਰ ਚੜਦੀ ਹੈ, 
  ਉਬਲਦੀ ਹੈ, ਰਿਝਦੀ ਹੈ, ਕੰਡੇ ਸਾੜਦੀ ਹੈ ਅਤੇ ਭਾਈਚਾਰੇ ਵਿਚ ਅੱਗ ਨੂੰ ਸਿਖਰਾਂ ਤੱਕ ਪਹੁੰਚਾ ਕੇ 
  ਹੀ ਸਾਹ ਲੈਂਦੀ ਹੈ। ਲੋਕਾਂ ਦਾ ਕਹਿਣਾ ਹੈ ਇਹ ਤਦੂੰਰ ਹਰੇਕ ਵਾਰੀ ਚੰਗੇ ਪ੍ਰਚਾਕਕ ਦੇ ਆਏ ਤੇ 
  ਤੱਪਦਾ ਹੈ, ਪਰ ਸੁੱਕਾ ਬਾਲਣ ਇਸ ਵਿਚ ਪਤਾ ਨਹੀਂ ਕੌਣ ਪਾਉਂਦਾ ਹੈ। ਪਰ ਜਦ ਕਿਸੇ ਲੂੰਗੀ ਵਾਲੇ 
  ਸੀਚੇਵਾਲ ਜਾਂ ਡੇਰੇਦਾਰ ਨੇ ਆਉਂਣਾ ਹੋਵੇ ਤਾਂ ਭਖਦੇ ਮਸਲੇ ਗਿੱਲੀ ਸਵਾਹ ਵਰਗੇ ਠੰਡੇ ਹੋ ਜਾਂਦੇ 
  ਹਨ।
  ਪ੍ਰੋ. ਧੂੰਦੇ ਦੀ ਕਥਾ ਵੇਲੇ ਜਦ ਮੈਂ ਸ੍ਰ. ਧਾਲੀਵਾਲ ਨੂੰ 
  ਪੁੱਛਿਆ ਕਿ ਕਿਵੇਂ ਚਲ ਰਿਹੈ? ਯਾਨੀ ਆਲੇ ਦੁਆਲੇ ਕੋਈ ਖ਼ਬਰ? ਤਾਂ ਉਹ ਡਿਕਸੀ ਗੁਰੂ ਘਰ ਦੇ ਸਾਰੇ 
  ਹਾਲਾਂ ਨੂੰ ਖ੍ਹੋਲ ਕੇ ਬਣਾਏ ਇਕੇ ਵੱਡੇ ਖਚਾ-ਖਚ ਭਰੇ ਤੇ ਬਾਹਰ ਤੱਕ ਖੜੇ ਲੋਕਾਂ ਵਲ ਦੇਖ ਕਹਿਣ 
  ਲੱਗੇ, ਧੂਣੇ ਠੰਡੇ ਹੋਏ ਪਏ ਆਲੇ ਦੁਆਲੇ ਦੇ!
  ਉਸ ਦੀ ਗੱਲ ਸੁਣ ਕੇ ਮੈਨੂੰ ਬੜੀ ਪਿਆਰੀ ਸਾਖੀ ਯਾਦ ਆਈ ਕਿ 
  ਗੁਰੂ ਨਾਨਕ ਪਾਤਸ਼ਾਹ ਜਦ ਗੋਰਖਮਤੇ, ਜਿਹੜਾ ਹੁਣ ਨਾਨਕ ਮਤਾ ਹੈ, 
  ਗਏ ਤਾਂ ਸਿਆਲੀ ਦਿਨ ਹੋਣ ਕਾਰਨ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਜੋਗੀਆਂ ਤੋਂ ਅੱਗ 
  ਲੈਣ ਭੇਜਿਆ ,ਪਰ ਜੋਗੀਆਂ ਅੱਗ ਕੀ ਦਿੱਤੀ ਸਗੋਂ ਭਾਈ ਸਾਹਬ ਦੇ 
  ਮਗਰ ਚੌਅ ਲੈ ਕੇ ਪੈ ਗਏ। ਉਨ੍ਹਾਂ ਨੂੰ ਡਰ ਸੀ ਕਿ ਜੇ ਬਾਬਾ ਜੀ ਨੇ ਧੂਣਾ ਤਾ ਲਿਆ ਤਾਂ ਸਾਡੇ 
  ਧੂਣਿਆਂ ਦਾ ਕੀ ਬਣੇਗਾ। ਇਨ੍ਹਾਂ ਵਿਚੋਂ ਤਾਂ ਸਵਾਹ ਵੀ ਨਹੀਂ ਲੱਭਣੀ। ਤੇ ਯਕੀਨਨ ਗੁਰੂ ਪਾਤਸ਼ਾਹ 
  ਦੇ ਮਗਰ ਪੰਡਤ-ਮੁਲਾਣਿਆਂ ਤੋਂ ਇਲਾਵਾ ਜੋਗੀ ਸਿੱਧ ਵੀ ਪਏ ਹੀ ਰਹੇ, 
  ਕਿ ਇਹ ਬਾਬਾ ਸਾਡੀਆਂ ਹੱਟੀਆਂ ਬੰਦ ਕਰਾ ਕੇ ਸਾਹ ਲਵੇਗਾ।
  ਜਿਸ ਤਰੀਕੇ ਡਿਕਸੀ ਗੁਰਦੁਆਰਾ ਸਾਹਿਬ, ਗੁਰੂ ਨਾਨਕ ਮਿਸ਼ਨ, 
  ਸਿੱਖ ਲਹਿਰ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਧੂਣੇ ਤੱਪੇ 
  ਅਤੇ ਠਾਠਾਂ ਮਾਰਦੇ ਇੱਕਠਾਂ ਨੇ ਪ੍ਰੋ. ਧੂੰਦਾ ਨੂੰ ਸੁਣਿਆ, ਉਸ 
  ਤੋਂ ਤਾਂ ਇਹੀ ਜਾਪਦਾ ਸੀ ਕਿ ਚਲੀਸਿਆਂ ਅਤੇ ਬੰਦ ਬੱਤੀਆਂ ਵਾਲਿਆਂ ਧੂਣਿਆਂ ਦੀ ਬੱਸ ਜਿਹੀ ਹੋ ਗਈ 
  ਸੀ।
  ਮੇਰਾ ਗੁਆਂਢੀ ਦੱਸ ਰਿਹਾ ਸੀ ਕਿ ਅਖੀਰਲੇ ਦਿਨ ਮੇਰਾ ਇਕ 
  ਮਿੱਤਰ ਧੂੰਦੇ ਨੂੰ ਸੁਣਨ ਆਇਆ, ਤਾਂ ਉਹ ਮੇਰੇ ਜਿਵੇਂ ਗਲ ਜਿਹਾ 
  ਹੀ ਪੈ ਗਿਆ, ਕਿ ਤੂੰ ਉਸ ਨੂੰ ਦੱਸਿਆ ਕਿਉਂ ਨਹੀ ਪਹਿਲਾਂ? ਉਸ 
  ਨੇ ਟਰੱਕ ਵਿਚ ‘ਖਬਰਸਾਰ ਰੇਡੀਓ’ ਉਪਰ ਲਾਇਵ ਧੂੰਦੇ ਨੂੰ ਜਦ ਸੁਣਿਆ, ਤਾਂ ਮਾਂਟਰੀਅਲ ਦਾ ਗੇੜਾ 
  ਕੈਂਸਲ ਕਰ, ਸਿੱਧਾ ਸ਼ਾਮ ਨੂੰ ਸਮੇਤ ਬੱਚਿਆਂ ਗੁਰਦੁਆਰੇ ਆ ਗਿਆ। 
  ਉਸ ਦੀ ਇਕ ਰਿਸ਼ਤੇਦਾਰ ਡਿਕਸੀ ਗੁਰੂ ਘਰ ਬੈਠੀ ਧੂੰਦੇ ਦੀ ਕਥਾ ਸੁਣ ਰਹੀ ਜਾਰੋ ਜਾਰ ਰੋ ਰਹੀ ਸੀ। 
  ਉਸ ਨੇ ਕੋਈ ਦੋ ਜਾਂ ਤਿੰਨ ਕੁ ਵਾਰ ਕਥਾ ਸੁਣੀ ਤੇ ਘਰ ਆ ਕੇ ਸਭ ਤੋਂ ਪਹਿਲਾ ਜਿਹੜਾ ਉਸ ਕੰਮ ਕੀਤਾ 
  ਉਸ ਸੀ ਬਿਊਟੀਪਾਰਲਰ ਦਾ ਸਮ੍ਹਾਨ ਗਾਰਬੇਜ ਕਰਨ ਦਾ।
  ‘ਪਰ ਧੂੰਦੇ ਤਾਂ ਇਹ ਕਿਹਾ ਹੀ ਨਹੀਂ’। 
  ਉਸ ਦੀ ਜਦ ਨਨਾਣ ਨੇ ਪੁਛਿਆ ਤਾਂ ਉਹ ਕਹਿਣ ਲੱਗੀ ਕਿ ਉਸ ਛੱਡਿਆ ਹੀ ਕੀ। ਕਾਸ਼ ਸਾਨੂੰ ਕੋਈ ਇੰਝ 
  ਪਹਿਲਾਂ ਦੱਸ ਸਕਿਆ ਹੁੰਦਾ ਅਸੀਂ ਇੰਝ ਅਪਣੇ ਗੁਰੂ ਤੋਂ ਬੇਮੁੱਖ ਨਾ ਹੁੰਦੇ।
  ਧਰਮਪਾਲ ਸਿੰਘ ਕਹਿ ਰਿਹਾ ਸੀ ਕਿ ਯਾਰ ਇੰਨੀ ਬਾਣੀ ਤਾਂ ਅਸੀਂ 
  ਘਰੇ ਰਖੇ ਅਖੰਡ ਪਾਠ ਵੇਲੇ ਨਹੀਂ ਸੁਣਦੇ, ਜਿੰਨੀ ਇਹ ਇੱਕ ਘੰਟੇ ਦੀ ਕਥਾ ਵਿਚ ਸੁਣਾ ਜਾਂਦਾ ਹੈ। 
  ਤੇ ਇਸ ਵਿਚ ਕੋਈ ਸ਼ੱਕ ਵੀ ਨਹੀਂ। ਉਹ ਦੋਵੇਂ ਬਾਹਾਂ ਖੜੀਆਂ ਕਰਕੇ ਜਦ ਹੇਕ ਲਾਕੇ ਗੁਰਬਾਣੀ ਨੂੰ 
  ਗਾਉਂਦਾ ਹੈ, ਤਾਂ ਅਰਥਾਂ ਦੀ ਵੀ ਲੋੜ ਨਹੀਂ ਰਹਿੰਦੀ। ਗੁਰਬਾਣੀ 
  ਆਪੇ ਹੀ ਚੀਰਦੀ ਜਾਂਦੀ ਬੰਦੇ ਦੇ ਅੰਦਰ ਨੂੰ। ਇਕ ਦਿਨ ਕਥਾ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੂੰ ਜਦ 
  ਉਸ ਬੱਬਰ ਸ਼ੇਰ ਕਹਿ ਕੇ ਭਾਈ ਗੁਰਦਾਸ ਜੀ ਦੇ ‘ਸਿੰਘ ਬੁਕੇ ਮ੍ਰਿਗਾਲਵੀ’ ਵਾਲੇ ਬਚਨਾ ਨੂੰ ਅਪਣੇ 
  ਹੀ ਲਫਜਾਂ ਵਿਚ ਕਿਹਾ, ਤਾਂ ਮੈਂ ਦੇਖਿਆ ਬੈਠੇ ਲੋਕਾਂ ਦੇ ਮੂੰਹਾਂ 
  ਤੇ ਜਿਵੇਂ ਲਾਲੀਆਂ ਭੱਖ ਆਈਆਂ ਹੋਣ। ਉਹ ਢਿਲ਼ੜ ਜਿਹੇ ਬੈਠੇ ਹੋਏ ਸਿੱਧੇ ਹੋ ਗਏ। ਮੈਂ ਸੋਚ ਰਿਹਾ 
  ਸੀ ਕਿ ਗੁਰੂ ਨਾਨਕ ਉਹੀ, ਪਰ ਕਿਥੇ ਬਾਬਿਆਂ ਦਾ ਪੋਲੜ ਜਿਹਾ, ਪੰਜ ਸੱਤ ਮਾਲਾ ਪਾਈ, ਰੇਸ਼ਮ ਦੇ 
  ਸੁਨਹਿਰੀ ਕੁੜਤੇ ਵਾਲਾ ਅੱਖਾਂ ਮੀਚੀ ਉਡਾਰੀਆਂ ਲਾਉਂਣ ਵਾਲਾ ਨਾਨਕ, ਤੇ ਕਿਥੇ ਭਾਈ ਗੁਰਦਾਸ ਜੀ 
  ਵਾਲਾ ਬੱਬਰ ਸ਼ੇਰ ਨਾਨਕ, ਜਿਹੜਾ ਧੂੰਦੇ ਨੇ ਦੱਸਿਆ ਸੀ।
  ਤੁਸੀਂ ਦੱਸੋ ਜਦ ਮੈਨੂੰ ਦਸਿਆ ਜਾਵੇ ਕਿ ਮੇਰਾ ਬਾਪੂ ਬਬਰ ਸ਼ੇਰ 
  ਸੀ, ਤਾਂ ਮੈਂ ਲੇਲਾ ਬਣਕੇ ਕਿਉਂ ਡੇਰਿਆਂ ਦੀਆਂ ਜੁੱਤੀਆਂ ਅਗੇ 
  ਮੱਥੇ ਰਗੜਾਂਗਾ। ਮੈਂ ਕਿਉਂ ਖੁਦ ਬਿਮਾਰ ਹੋਏ ਫਿਰਦੇ ਬਾਬਿਆਂ ਕੋਲੋਂ ਤੰਦਰੁਸਤੀ ਲੈਣ ਜਾਵਾਂਗਾ। 
  ਮੈਂ ਕਿਉਂ ਇਨ੍ਹਾਂ ਦੀਆਂ ਬਰਸੀਆਂ ਤੇ ਫੁੱਲ ਚੁੱਕੀ ਫਿਰਾਂਗਾ। ਗੱਲ ਉਹ ਵੀ ਮੈਨੂੰ ਗੁਰੂ ਨਾਨਕ 
  ਸਾਹਿਬ ਜੀ ਦੀ ਹੀ ਦਸਦੇ ਹਨ, ਪਰ ਉਹ ਅਪਣੇ ਵਰਗੀ ਕਰਕੇ ਦੱਸਦੇ ਹਨ। ਬਿਮਾਰ ਜਿਹੀ। ਮਿਲਾਵਟ ਵਾਲੀ। 
  ਪੋਲੀ ਜਿਹੀ। ਬੇਜਾਨ ਜਿਹੀ। ਤਲਵਾਰ ਸੂਰਬੀਰ ਦੇ ਹੱਥ ਵੀ ਉਹੀ ਹੁੰਦੀ ਤੇ ਗੀਦੀ ਦੇ ਹੱਥ ਵੀ। ਸਬਦ 
  ਧੂੰਦਾ ਵੀ ਉਹੀ ਪੜਦਾ ਸੀ ਤੇ ਸਬਦ ਬਾਬੇ ਵੀ ਉਹੀ ਪੜਦੇ ਹਨ। ਫਰਕ?
  ਹਰਜਿੰਦਰ ਸਿੰਘ ਦੇ ਘਰੇ ਬੈਠਿਆਂ ਮੈਂ ਪ੍ਰੋ. ਧੂੰਦੇ ਨੂੰ 
  ਪੁੱਛਿਆ ਕਿ ਜਿੰਦਗੀ ਦੀ ਕੋਈ ਖੱਟੀ ਕੌੜੀ। ਅੰਬਸਰੀਆ ਭਾਊ ਹੋਣ ਕਾਰਨ ਉਹ ਮਿੱਤਰਾਂ ਦੋਸਤਾਂ ਵਿਚ 
  ਲਫਜਾਂ ਦੀ ਪੋਚਾ-ਪਾਚੀ ਨਹੀਂ ਕਰਦਾ। ਉਹ ਕਹਿਣ ਲਗਾ ਕਿ ਇਕ ਵਾਰ ਦੀ ਗਲ ਹੈ ਨਵਾਂ ਨਵਾਂ ਮੈਂ ਕਥਾ 
  ਕਰਨ ਲੱਗਾ ਸੀ। ਛੇ ਮਹੀਨੇ ਲਾ ਕੇ ਮੈਂ ਕਥਾ ਜੋੜੀ ਸੀ, ਉਹ ਮੇਰੀ 
  ਅੱਧੇ ਘੰਟੇ ਵਿਚ ਹੀ ਮੁੱਕ ਗਈ। ਅਗਲੇ ਦਿਨ ਮੈਂ ਫਿਰ ਕਥਾ ਕਰਨੀ ਸੀ। ਮੈਂਨੂੰ ਫਿਕਰ ਪੈ ਗਿਆ ਕਿ 
  ਪਹਿਲੀ ਤਾਂ ਮੁੱਕ ਗਈ ਹੁਣ? ਤੇ ਆਖਰ ਗੁਰੂ ਜੀ ਦੀ ਬਾਣੀ ਵਿਚੋਂ ਜਿੰਨੀ ਕੁ ਮੇਰੀ ਮੱਤ ਸੀ ਮੈਂ 
  ਸ਼ੁਰੂ ਕਰ ਦਿੱਤੀ। ਉਸ ਦਿਨ ਤੋਂ ਮੈਨੂੰ ਜਾਪਿਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਥਾਹ ਖਜਾਨੇ 
  ਦੇ ਹੁੰਦਿਆ ਕਿਸੇ ਕਹਾਣੀਆਂ ਜਾਂ ਅਟਕਲ-ਪੱਚੂਆਂ ਦੀ ਲੋੜ ਨਹੀਂ। ਉਸ ਤੋਂ ਬਾਅਦ ਕਥਾ ਮੈਨੂੰ ਜੋੜਨ 
  ਦੀ ਲੋੜ ਨਹੀਂ ਪਈ। ਅਤੇ ਇਹ ਹੈ ਵੀ ਸਚਾਈ ਕਿ ਉਹ ਗੁਰਬਾਣੀ ਤੋਂ ਬਾਹਰ ਜਾਂਦਾ ਨਹੀਂ। ਉਸ ਦੀ ਕਥਾ 
  ਵਿਚ ਕੋਈ ਦਸਮਾ ਦਵਾਰ ਨਹੀਂ, ਕੋਈ ਕਹਾਣੀ ਨਹੀਂ, ਕੋਈ 20-20 ਫੁੱਟੇ ਸ਼ਹੀਦਾਂ ਵਾਲੀ ਗੱਪ ਨਹੀਂ, 
  ਕਿਸੇ ਸੁਰੰਗ ਵਿਚੋਂ ਸ਼ਹੀਦ ਨਹੀਂ ਆ ਰਹੇ, ਕੋਈ ਬ੍ਰਹਮਾ-ਨਾਰਦ-ਵਿਸ਼ਨੂੰ-ਸ਼ਿਵਜੀ ਨਹੀਂ, ਜੇ ਹੈ ਤਾਂ 
  ਉਹ ਮੇਰੀ ਜਿੰਦਗੀ ਦੀਆਂ ਗੱਲਾਂ ਨੇ, ਮੇਰੇ ਨਾਲ ਰੋਜ ਵਾਪਰਦੀਆਂ ਹਕੀਕਤਾਂ ਨੇ, ਮੇਰੇ ਵਿਚ ਪੈਦਾ 
  ਹੋ ਚੁਕੀਆਂ ਬਿਮਾਰੀਆਂ ਨੇ ਅਤੇ ਉਨ੍ਹਾਂ ਸਭ ਤੋਂ ਬੱਚਣ ਦੇ ਗੁਰਬਾਣੀ ਵਿਚ ਦੱਸੇ ਗਏ ਹੱਲ ਨੇ, 
  ਜਿਹੜੇ ਉਸ ਨੂੰ ਦਲੇਰੀ ਨਾਲ ਦੱਸਣੇ ਆਉਂਦੇ ਹਨ।
  ਮੁੱਕਦੀ ਗੱਲ ਕਿ ਪ੍ਰੋ. ਧੂੰਦਾ ਅੱਜ ਦੇ ਨਵੇਂ ਜੁੱਗ ਦੀ 
  ਗੁਰਮਤਿ ਲਹਿਰ ਦਾ ਨਵਾਂ ਉਭਰ ਰਿਹਾ, ਉਹ ਬੇਖੌਫ ਪ੍ਰਚਾਰਕ ਹੈ, ਜਿਸ ਦੀ ਕੌਮ ਨੂੰ ਲੋੜ ਹੈ ਅਤੇ 
  ਬੜੇ ਚਿਰਾਂ ਦੀ ਤਾਂਘ ਵੀ ਸੀ। ਇਹੀ ਕਾਰਨ ਹੈ ਕਿ ਟਰੰਟੋ ਦੀ ਜਵਾਨੀ ਉਸ ਮਗਰ ਲੋਈਆਂ ਦੀਆਂ ਬੁਕਲਾਂ 
  ਮਾਰੀ, ਤਿੰਨ ਤਿੰਨ ਫੁੱਟੀਆਂ ਕ੍ਰਿਪਾਨਾਂ ਫੜੀ ਉਸ ਦੇ ਨਾਲ ਹੋ ਤੁਰੀ, ਕਿ ਉਸ ਦੀ ਕੋਈ ਵਾਅ ਵਲ 
  ਨਾ ਵੇਖੇ। ਜਿਸ ਵਿਚ ਅਹਿਮ ਰੋਲ ਗੁਰੂ ਨਾਨਕ ਮਿਸ਼ਨ ਗੁਰਦੁਆਰੇ ਵਾਲਿਆਂ ਦਾ ਹੈ। ਉਪਰੰਤ ਡਿਕਸੀ 
  ਗੁਰੂ ਘਰ ਵਾਲੇ, ਭਾਈ ਘਨ੍ਹੀਆ, ਗੁਰੂ ਪੰਥ, ਸਿੱਖ ਲਹਿਰ, ਸਿੰਘ ਸਭਾ, ਗੁਰੂ ਨਾਨਕ ਮਿਸ਼ਨ ਕਨੇਡਾ 
  ਆਦਿ ਸਾਰੀਆਂ ਸੰਸਥਾਵਾਂ ਨੇ ਪੁਜ ਕੇ ਇਸ ਲਹਿਰ ਨੂੰ ਅਗੇ ਤੋਰਨ ਵਿਚ ਸਹਿਜੋਗ ਕੀਤਾ, 
  ਜੋ ਟਰੰਟੋ ਦੀ ਧਰਤੀ ਤੇ ਆਈ ਖੜੋਤ ਨੂੰ ਅਗੇ ਤੋਰਨ ਵਿਚ ਭਵਿੱਖ ਵਿਚ ਵੀ ਸਹਾਇਕ ਹੋਵੇਗਾ।