Share on Facebook

Main News Page

ਸਿੱਖ ਧਰਮ ਦੇ ਸਕੂਲਾਂ ਵਜੋਂ ਸਥਾਪਤ ਕੀਤੇ ਗਏ ਸਨ ਗੁਰਦਵਾਰੇ: ਪ੍ਰੋਫ਼ੈਸਰ ਪ੍ਰਭਦੀਪ ਸਿੰਘ

ਕੁਰੂਕਸ਼ੇਤਰ, 26 ਦਸੰਬਰ (ਮਹੀਪਾਲ ਸਿੰਘ ਵਾਲੀਆ) : ਬਾਬੇ ਨਾਨਕ ਅਤੇ ਉਸ ਤੋਂ ਅਗਲੇ ਸਿੱਖ ਧਰਮ ਦੇ ਪੈਰੋਕਾਰਾਂ ਅਤੇ ਗੁਰੂਆਂ ਵਲੋਂ ਧਰਮਸ਼ਾਲਾ ਜਿਨ੍ਹਾਂ ਨੂੰ ਬਾਅਦ ਵਿਚ ਗੁਰਦਵਾਰਾ ਦਾ ਨਾਮ ਦਿਤਾ ਗਿਆ ਸਿਰਫ਼ ਪੂਜਾ ਦੇ ਸਥਾਨ ਨਹੀਂ ਸਗੋਂ ਸਿੱਖ ਧਰਮ ਦੇ ਗਿਆਨ ਦੇ ਕੇਂਦਰ ਜਾਂ ਇਹ ਕਹਿ ਲਈਏ ਕਿ ਸਿੱਖ ਧਰਮ ਦੇ ਸਕੂਲਾਂ ਵਜੋਂ ਸਥਾਪਤ ਕੀਤੇ ਗਏ ਸਨ। ਬੜੇ ਅਫਸੋਸ ਦੀ ਗੱਲ ਹੈ ਕਿ ਅਜੋਕੀ ਬਹੁਤੀਆਂ ਸਿੱਖ ਸੰਸਥਾਵਾਂ ਨੇ ਇਨ੍ਹਾਂ ਗਿਆਨ ਦੇ ਕੇਂਦਰਾਂ ਨੂੰ ਕੇਵਲ ਪੂਜਾ ਸਥਾਨਾਂ ਤਕ ਸੀਮਤ ਕਰ ਕੇ ਰਖ ਦਿਤਾ ਹੈ। ਜਿਸ ਬਾਬੇ ਨਾਨਕ ਦੇ ਫਲਸਫੇ ਨੂੰ ਦੁਨੀਆਂ ਸਭ ਤੋਂ ਵਧੀਆ ਮੰਨਦੀ ਹੈ ਪਰ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀ ਆਪਹੁਦਰੀਆਂ ਨੀਤੀਆਂ ਕਾਰਨ ਸਿੱਖ ਧਰਮ ਅੱਜ ਉਸ ਮੁਕਾਮ ਤੇ ਨਹੀਂ ਪੁਜ ਸਕਿਆ ਜਿਥੋਂ ਤਕ ਇਹ ਵਿਕਸਤ ਹੋ ਜਾਣਾ ਚਾਹੀਦਾ ਸੀ, ਸਾਡੇ ਇਨ੍ਹਾਂ ਸੌੜੀ ਸੋਚ ਦੀਆਂ ਧਾਰਮਕ ਆਗੂਆਂ ਨੇ ਸ਼ਰਧਾਲੂਆਂ ਨੂੰ ਕਈ ਹਿੱਸਿਆਂ ਵਿਚ ਵੰਡ ਦਿਤਾ ਹੈ ਅਤੇ ਉਨ੍ਹਾਂ ਵਿਚ ਧਰਮ ਪ੍ਰਤੀ ਕਈ ਤਰ੍ਹਾਂ ਦੇ ਭੁਲੇਖੇ ਖੜੇ ਕਰ ਦਿਤੇ ਗਏ ਹਨ ਜਿਨ੍ਹਾਂ ਨੂੰ ਸਮਝਣਾ ਜਰੂਰੀ ਹੋ ਗਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਗਲੈਂਡ ਤੋਂ ਆਏ ਪ੍ਰੋਫੈਸਰ ਪ੍ਰਭਦੀਪ ਸਿੰਘ ਨੇ ਗੁਰਦਵਾਰਾ ਸਿੰਘ ਸਭਾ ਕੁਰੂਕਸ਼ੇਤਰ ਰੋਡ ਪਿਹੋਵਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਨੇ ਗੁਰੂ ਨਾਨਕ ਦੇਵ ਦੁਆਰਾ ਰਚਿਤ ਗੁਰਬਾਣੀ ਜਪੁਜੀ ਸਾਹਿਬ ’ਤੇ ਵਿਸਥਾਰ ਨਾਲ ਵਿਆਖਿਆ ਸਹਿਤ ਚਾਨਣਾ ਪਾਇਆ ਅਤੇ ਗੁਰਬਾਣੀ ਦੀਆਂ ਮਿਸਾਲਾਂ ਦੇ ਕੇ ਸੰਗਤਾਂ ਨੂੰ ਮਨੁੱਖੀ ਜੀਵਨ ਜਿਉਣ ਬਾਰੇ ਸਮਝਾਉਣ ਦੇ ਯਤਨ ਕੀਤੇ। ਉਨ੍ਹਾਂ ਸੰਗਤਾਂ ਵਲੋਂ ਸਿੱਖ ਰਹਿਤ ਮਰਿਯਾਦਾ ਬਾਰੇ ਪੁਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜੁਆਬ ਦੇ ਕੇ ਸੰਤੁਸ਼ਟ ਕੀਤਾ। ਪ੍ਰੋਫ਼ੈਸਰ ਪ੍ਰਭਦੀਪ ਸਿੰਘ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top