Share on Facebook

Main News Page

ਉਤਰਾਖੰਡ ਸਰਕਾਰ ਤੋਂ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਪੰਥ ਨੂੰ ਵਾਪਸ ਦਿਵਾਉਣ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ

ਕਿਹਾ- * ਜਿਵੇਂ ਤੁਸੀਂ ਸਿੱਖ ਯਾਦਗਾਰਾਂ ਬਣਾ ਕੇ ਉਦਘਾਟਨ ਕੀਤਾ ਹੈ ਉਸੇ ਤਰ੍ਹਾਂ ਇਸ ਇਤਹਾਸਕ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵੀ ਵੱਡੇ ਭਾਗ ਸਮਝ ਕੇ ਸੇਵਾ ਵਿਚ ਆਪਣਾ ਵਡਮੁੱਲਾ ਸਹਿਯੋਗ ਦਿਓਗੇ

* ਇਸ ਅਤਿ ਗੰਭੀਰ ਮਸਲੇ ’ਤੇ ਗੌਰ ਕੀਤਾ ਜਾਵੇ ਤਾਂ ਕਿ ਆ ਰਹੀਆਂ ਚੋਣਾਂ ਵਿਚ ਭੜਕੇ ਹੋਏ ਸਿੱਖ ਜਜ਼ਬਾਤ ਕਿਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਾ ਭੁਗਤ ਜਾਣ

ਬਠਿੰਡਾ, 26 ਦਸੰਬਰ (ਕਿਰਪਾਲ ਸਿੰਘ): ਮਿਥੇ ਗਏ ਪ੍ਰੋਗਰਾਮ ਅਨੁਸਾਰ ਅੱਜ ਤਕਰੀਬਨ 12.30 ਵਜੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿ ਕੀ ਪਉੜੀ ਹਰਿਦੁਆਰ ਦੀ ਜੱਦੀ ਜਗ੍ਹਾ ਤੇ ਮੁੜ ਉਸਾਰੀ ਵਾਸਤੇ ਲਈ ਮੰਗ ਪੱਤਰ ਦਿੱਤਾ ਗਿਆ। ਸੰਗਤਾਂ ਗੁਰਦੁਆਰਾ ਹਾਜੀਰਤਨ ਵਿਖੇ ਇਕੱਤਰ ਹੋਈਆਂ ਤੇ ਉਥੋਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਹੋਈਆਂ ਅਤੇ ‘ਹੋਰ ਧੱਕਾ ਸਹਿਣ ਨਹੀਂ ਦੇਣਾ, ਗਿਆਨ ਗੋਦੜੀ ਵਾਪਸ ਲੈਣਾ’ ਦੇ ਨਾਹਰੇ ਮਾਰਦੀਆਂ ਹੋਈਆਂ ਮਿੰਨੀ ਸੈਕਟਰੀਏਟ ਪਹੁੰਚੀਆਂ ਜਿਥੇ ਅਵਤਾਰ ਸਿੰਘ ਮੱਕੜ ਤਹਿਸੀਲਦਾਰ ਬਠਿੰਡਾ ਨੇ ਡਿਪਟੀ ਕਮਿਸ਼ਨਰ ਵਲੋਂ ਬਾਹਰ ਗੇਟ ’ਤੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਮੰਗ ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਗਿਆਨੀ ਰਾਜਪਾਲ ਸਿੰਘ ਪੰਥਕ ਸੇਵਾ ਲਹਿਰ ਦਾਦੂਵਾਲੇ, ਕਿਰਪਾਲ ਸਿੰਘ ਬਠਿੰਡਾ, ਜੱਸਾ ਸਿੰਘ ਨਰੂਆਣਾ, ਕੁਲਦੀਪ ਸਿੰਘ, ਮਸਤਾਨ ਸਿੰਘ ਜ਼ੈਲਦਾਰ ਨਰੂਆਣਾ, ਗੁਰਮੇਲ ਸਿੰਘ ਆਕਲੀਆ ਕਲਾਂ, ਪ੍ਰਤਾਪ ਸਿੰਘ ਜਗਦੇਵ ਸਿੰਘ ਮਹਿਤਾ ਹਰਮਨ ਸਿੰਘ ਮਹਿਤਾ ਸੋਮਾ ਸਿੰਘ ਸਮੇਤ ਤਕਰੀਬਨ ਚਾਰ ਦਰਜਨ ਸਿੰਘਾਂ ਦੇ ਨਾਮ ਸ਼ਾਮਲ ਸਨ।

ਮੰਗ ਪੱਤਰ ਵਿੱਚ ਗੁਰਦੁਆਰੇ ਦਾ ਸੰਖੇਪ ਇਤਿਹਾਸ ਦਸਦਿਆਂ ਲਿਖਿਆ ਹੈ ਕਿ ਜਗਤ ਗੁਰੂ ਬਾਬਾ ਧੰਨ-ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇਸ ਕਲਯੁੱਗ ਦੇ ਸਮੇਂ ਸੰਸਾਰ ਵਿਚ ਪ੍ਰਗਟ ਹੋ ਕੇ ‘ਖਹਿ ਮਰਦੀ ਲੋਕਾਈ’ ਨੂੰ ਅਮਨ-ਸ਼ਾਂਤੀ ਦਾ ਪੈਗਾਮ ਦਿੱਤਾ ਅਤੇ ਜਾਤਾਂ-ਗੋਤਾਂ ਮਜਹਬਾਂ ਦੇ ਝਗੜੇ-ਝੇੜਿਆਂ ਤੋਂ ਮੁਕਤ ਹੋ ਕੇ ਸ਼ਾਂਤਮਈ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ। ਗੁਰੂ ਨਾਨਕ ਸਾਹਿਬ ਜੀ ਨੇ ਸਰਬੱਤ ਦਾ ਭਲਾ ਮੰਗਿਆ ਅਤੇ ਕਿਹਾ, ‘ਨਾਨਕ ਨਾਮ ਚੜ੍ਹਦੀਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥’

ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਇਸੇ ਸਮੇਂ ਦੌਰਾਨ ਗੁਰੂ ਸਾਹਿਬ ਜੀ ਗੰਗਾ ਨਦੀ ’ਤੇ ਹਰਿ ਕੀ ਪਉੜੀ ਹਰਿਦੁਆਰ ਵਿਖੇ ਗਏ। ਉਥੇ ਵਹਿਮਾਂ-ਭਰਮਾਂ ਵਿਚ ਭੁੱਲੇ ਬ੍ਰਾਹਮਣ ਪਾਂਡਿਆਂ, ਪੁਜਾਰੀਆਂ ਨਾਲ ਵਿਚਾਰ ਗੋਸ਼ਟੀ ਹੋਈ ਅਤੇ ਗੁਰੂ ਸਾਹਿਬ ਜੀ ਨੇ ਚੜ੍ਹਦੇ ਵਾਲੇ ਪਾਸੇ ਪੂਰਬ ਦਿਸ਼ਾ ਵਿਚ ਉਪਰ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਪਾਂਡਿਆਂ ਨੂੰ ਵਹਿਮ ਵਿਚੋਂ ਕੱਢਣ ਲਈ ਉਨ੍ਹਾਂ ਤੋਂ ਉਲਟ ਲਹਿੰਦੇ ਵਾਲੇ ਪਾਸੇ ਪੱਛਮ ਦਿਸ਼ਾ ਵੱਲ ਪਾਣੀ ਸੁੱਟ ਕੇ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਗੱਲ ਕਹਿਕੇ ਉਨ੍ਹਾਂ ਦੀ ਸ਼ੰਕਾ ਨਵਿਰਤੀ ਲਈ ਸੱਚ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਜੇ ਮੇਰਾ ਦਿੱਤਾ ਪਾਣੀ ਕੁੱਝ ਕੁ ਸੈਂਕੜੇ ਮੀਲ ਸਥਿਤ ਮੇਰੇ ਖੇਤਾਂ ਵਿਚ ਨਹੀਂ ਪੁੱਜ ਸਕਦਾ ਤਾਂ ਤੁਹਾਡਾ ਦਿੱਤਾ ਪਾਣੀ ਅਨਿਸ਼ਚਤ ਦੂਰੀ ’ਤੇ ਸਥਿਤ ਸੂਰਜ ਕੋਲ ਵੀ ਕਦੇ ਨਹੀਂ ਪਹੁੰਚ ਸਕਦਾ ਕਿਉਂਕਿ ਇਹ ਪਾਣੀ ਤਾਂ ਸਾਰੇ ਦਾ ਸਾਰਾ ਗੰਗਾ ਨਦੀ ਵਿਚ ਹੀ ਡਿੱਗ ਰਿਹਾ ਹੈ। ਆਪਣੇ ਪਿਤਰਾਂ ਬਜੁਰਗਾਂ ਦੀ ਜਿਉਂਦਿਆਂ ਦੀ ਸੇਵਾ ਕਰੋ, ਉਨ੍ਹਾਂ ਦੇ ਮੋਇਆਂ ਪਿੱਛੋਂ ਕੀਤੇ ਕਰਮ-ਕਾਂਡ ਸ਼ਰਾਧ ਕਿਸੇ ਕੰਮ ਨਹੀਂ।

ਇਹ ਗਿਆਨ ਭਰਪੂਰ ਸੱਚਾ ਉਪਦੇਸ਼ ਸੁਣ ਕੇ ਬ੍ਰਾਹਮਣਾਂ ਨੇ ਸਤਿਗੁਰੂ ਜੀ ਅੱਗੇ ਸੀਸ ਝੁਕਾ ਦਿੱਤਾ। ਹਰਿ ਕੀ ਪਉੜੀ ਹਰਿਦੁਆਰ ਗੰਗਾ ਨਦੀ ਦੇ ਕੰਢੇ ਜਿੱਥੇ ਇਹ ਇਤਹਾਸ ਵਾਪਰਿਆ ਉਸ ਜਗ੍ਹਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਿਤ ਹੋਇਆ। ਜਿੱਥੇ ਸੰਗਤਾਂ ਦਰਸ਼ਨ ਕਰਦੀਆਂ, ਲੰਗਰ ਛਕਦੀਆਂ ਅਤੇ ਉਥੇ ਵਾਪਰੇ ਪ੍ਰਸੰਗ ਤੋਂ ਸਿੱਖਿਆ ਲੈ ਕੇ ਸੱਚ ਦੇ ਮਾਰਗ ਉਪਰ ਚੱਲਣ ਦਾ ਪ੍ਰਣ ਕਰਦੀਆਂ ਰਹੀਆਂ ਹਨ। ਇਹ ਇਤਿਹਾਸਕ ਗੁਰਦੁਆਰਾ ਸਦੀਆਂ ਪੁਰਾਣਾ ਬਣਿਆ ਹੋਇਆ ਸੀ, ਜੋ ਕਿ 1984 ਵਿਚ ਸਿੱਖਾਂ ਦੇ ਵਿਰੁੱਧ ਚੱਲੀ ਜ਼ੁਲਮੀ ਹਨੇਰੀ ਵਿਚ ਸਿੱਖ ਵਿਰੋਧੀ ਅਨਸਰਾਂ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ। ਬਾਅਦ ਵਿਚ ਉਥੇ ਉਤਰਾਖੰਡ ਦੀ ਸਰਕਾਰ ਨੇ ਕਬਜਾ ਕਰਕੇ ਸਰਕਾਰੀ ਦਫਤਰ ਅਤੇ ਦੁਕਾਨਾਂ ਉਸਾਰ ਦਿੱਤੀਆਂ ਅਤੇ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜੀ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ। ਜਿਸ ਨਾਲ ਹਰ ਸਿੱਖ ਅਤੇ ਧਰਮ ਨਿਰਪੱਖ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ। ਸਿੱਖਾਂ ਦੇ ਜਜ਼ਬਾਤ ਜਖ਼ਮੀ ਹਨ ਅਤੇ ਉਹ ਆਪਣੇ ਇਸ ਪਾਵਨ ਅਸਥਾਨ ਨੂੰ ਗਵਾ ਕੇ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸਮੇਂ-ਸਮੇਂ ਸਿਰ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉਤਰਾਖੰਡ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਦੱਸਿਆ ਗਿਆ ਅਤੇ ਚਿੱਠੀ ਪੱਤਰ ਵੀ ਕੀਤਾ ਗਿਆ ਪਰ ਕਿਸੇ ਤੋਂ ਵੀ ਕੋਈ ਤਸੱਲੀਬਖਸ਼ ਉੱਤਰ ਨਹੀਂ ਮਿਲਿਆ ਅਤੇ ਅਤੇ ਨਾ ਹੀ ਅੱਜ ਤੱਕ ਉਸ ਜਗ੍ਹਾ ਉਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣ ਸਕਿਆ ਹੈ।

ਮੰਗ ਪੱਤਰ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਨ ਹੁੰਦੇ ਲਿਖਿਆ ਕਿ ਆਪ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋ, ਪੰਜਾਬ ਦੇ ਮੁੱਖ ਮੰਤਰੀ ਹੋ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ‘ਪੰਥ ਰਤਨ ਫਖ਼ਰ-ਏ-ਕੌਮ’ ਐਵਾਰਡ ਪ੍ਰਾਪਤ ਕਰ ਚੁੱਕੇ ਹੋ ਅਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਨਾਲ ਮਿਲੀ ਜੁਲੀ ਤੁਹਾਡੀ ਪੰਜਾਬ ਵਿਚ ਸਰਕਾਰ ਹੈ। ਬੀ ਜੇ ਪੀ ਦੀ ਹਾਈ ਕਮਾਂਡ ਨਾਲ ਤੁਹਾਡੀ ਪੁਰਾਣੀ ਮਿੱਤਰਤਾ ਹੈ। ਤੁਸੀਂ ਕੇਂਦਰ ਵਿਚ ਬਣੀ ਬੀ ਜੇ ਪੀ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਵੀ ਦਿੱਤੀ ਸੀ ਅਤੇ ਸਿੱਖ ਸ਼ਤਾਬਦੀਆਂ ਮੌਕੇ ਬੀ ਜੇ ਪੀ ਦੇ ਕੌਮੀ ਲੀਡਰ ਐਲ ਕੇ ਅਡਵਾਨੀ, ਨਿਤਿਨ ਗਡਕਰੀ, ਸ਼ੁਸ਼ਮਾ ਸਵਰਾਜ ਅਤੇ ਰਾਜਨਾਥ ਸਿੰਘ ਅਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰ ਚੁੱਕੇ ਹੋ। ਅਸੀਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜਾ ਕੰਮ ਅਸੀਂ ਰੋਸ ਮੁਜ਼ਾਹਰੇ, ਧਰਨੇ ਅਤੇ ਲੰਬੇ ਸੰਘਰਸ਼ ਕਰਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਉਪਰ ਲੱਖਾਂ ਰੁਪਏ ਖਰਚ ਹੋ ਰਹੇ ਹਨ, ਕੌਮ ਦਾ ਕੀਮਤੀ ਸਰਮਾਇਆ ਨਸ਼ਟ ਹੋ ਰਿਹਾ ਹੈ, ਉਹ ਮਸਲਾ ਬੀ ਜੇ ਪੀ ਹਾਈਕਮਾਂਡ ਨੂੰ ਤੁਹਾਡੇ ਇਕ ਟੈਲੀਫੋਨ ਕਰਨ ਨਾਲ ਹੱਲ ਹੋ ਸਕਦਾ ਹੈ। ਇਸ ਸਬੰਧੀ ਹਜ਼ਾਰਾਂ ਸਿੱਖਾਂ ਨੇ ਸ਼ਾਂਤਮਈ ਰੋਸ ਮਾਰਚ ਕਰ ਕੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਰੋਸ ਦਾ ਪ੍ਰਗਟਾਵਾ ਕੀਤਾ।

7 ਨਵੰਬਰ 2011 ਨੂੰ ਹਜ਼ਾਰਾਂ ਸਿੱਖਾਂ ਦੀ ਰੋਸ ਯਾਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10 ਨਵੰਬਰ 2011 ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਹਰਿਦੁਆਰ ਪੁੱਜੀ, ਜਿੱਥੇ ਉਤਰਾਖੰਡ ਦੀ ਬੀ ਜੇ ਪੀ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਰਿਹਾਅ ਕਰ ਦਿੱਤਾ। ਪੰਥਕ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਦੀ ਅਗਵਾਈ ਵਿਚ ਬੀ ਜੇ ਪੀ ਹਾਈ ਕਮਾਂਡ ਦਾ ਦਿੱਲੀ ਮੁੱਖ ਦਫ਼ਤਰ ਵਿਖੇ 20 ਦਸੰਬਰ 2011 ਨੂੰ ਘਿਰਾਉ ਹੋ ਚੁੱਕਾ ਹੈ। ਅੱਜ ਪੂਰੇ ਪੰਜਾਬ ਭਰ ਵਿਚ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਮੰਗ ਪੱਤਰ ਦੇ ਕੇ ਆਪ ਜੀ ਤੱਕ ਪਹੁੰਚਾਉਣ ਲਈ ਦਿੱਤਾ ਜਾ ਰਿਹਾ ਹੈ। ਪੂਰੀ ਸਿੱਖ ਕੌਮ ਦੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਕ ਸਿੱਖ ਆਗੂ ਹੋਣ ਦੇ ਨਾਤੇ ਅਤੇ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਹੋਣ ਕਰਕੇ ਇਸ ਮਸਲੇ ਵਿਚ ਤੁਰੰਤ ਦਖਲ ਦੇਵੋ ਤਾਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜੀ ਦੀ ਜਗ੍ਹਾ ਤੋਂ ਉਤਰਾਖੰਡ ਬੀ ਜੇ ਪੀ ਦੀ ਸਰਕਾਰ ਸਰਕਾਰੀ ਦਫਤਰ ਅਤੇ ਦੁਕਾਨਾਂ ਹਟਾ ਕੇ ਸਿੱਖ ਕੌਮ ਦੇ ਹਵਾਲੇ ਕਰੇ ਤਾਂ ਜੋ ਉਸ ਜਗ੍ਹਾ ਮੁੜ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਸਕੇ ਅਤੇ ਗੰਗਾ ਦੇ ਕੰਢੇ ਹਰਿ ਕੀ ਪਉੜੀ ਹਰਿਦੁਆਰ ਵਿਖੇ ਉਸਰੇ ਇਸ ਗੁਰਧਾਮ ਨਾਲ ਹਿੰਦੂ-ਸਿੱਖ ਏਕਤਾ ਦਾ ਵੀ ਪ੍ਰਗਟਾਵਾ ਹੋ ਸਕੇ, ਨਹੁੰ ਤੋਂ ਮਾਸ ਵੱਖ ਨਾ ਹੋਵੇ।

ਅੱਗੇ ਲਿਖਿਆ ਗਿਆ ਹੈ ਕਿ ਸਾਨੂੰ ਪੂਰਾ ਮਾਣ ਹੈ ਕਿ ਜਿਵੇਂ ਤੁਸੀਂ ਸਿੱਖ ਯਾਦਗਾਰਾਂ ਬਣਾ ਕੇ ਉਦਘਾਟਨ ਕੀਤਾ ਹੈ ਉਸੇ ਤਰ੍ਹਾਂ ਇਸ ਇਤਹਾਸਕ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵੀ ਵੱਡੇ ਭਾਗ ਸਮਝ ਕੇ ਸੇਵਾ ਵਿਚ ਆਪਣਾ ਵਡਮੁੱਲਾ ਸਹਿਯੋਗ ਦਿਓਗੇ। ਇਸ ਨਾਲ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਅਤੇ ਪੂਰੇ ਸਿੱਖ ਜਗਤ ਦੇ ਨਾਲ-ਨਾਲ ਧਰਮ ਨਿਰਪੱਖ ਲੋਕਾਂ ਤੋਂ ਵੀ ਮਾਣ ਹਾਸਿਲ ਕਰੋਗੇ ਅਤੇ ਸਿੱਖ ਕੌਮ ਦਾ ਵੀ ਸਨਮਾਨ ਕਾਇਮ ਰੱਖੋਗੇ। ਅਖੀਰ ਵਿੱਚ ਬੇਨਤੀ ਕੀਤੀ ਗਈ ਕਿ ਕ੍ਰਿਪਾ ਕਰਕੇ ਤੁਰੰਤ ਇਸ ਅਤਿ ਗੰਭੀਰ ਮਸਲੇ ਤੇ ਗੌਰ ਕੀਤਾ ਜਾਵੇ ਤਾਂ ਕਿ ਆ ਰਹੀਆਂ ਚੋਣਾਂ ਵਿਚ ਭੜਕੇ ਹੋਏ ਸਿੱਖ ਜਜ਼ਬਾਤ ਕਿਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਾ ਭੁਗਤ ਜਾਣ ਜਿਸ ਕਰਕੇ ਤੁਹਾਡੀ ਪਾਰਟੀ ਅਤੇ ਤੁਹਾਡੇ ਲਏ ਸੁਪਨਿਆਂ ਦਾ ਨੁਕਸਾਨ ਨਾ ਹੋ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top