Share on Facebook

Main News Page

ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ, ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ: ਭਾਈ ਪੰਥਪ੍ਰੀਤ ਸਿੰਘ

* ਗੁਰੂ ਸਾਹਿਬ ਜੀ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਉਹ ਜ਼ਰ, ਜ਼ੋਰੂ, ਜ਼ਮੀਨ ਦੀ ਪ੍ਰਾਪਤੀ ਲਈ ਨਹੀ ਬਲਕਿ ਧਰਮ ਅਤੇ ਦੀਨ ਦੁਖੀਆਂ ਦੀ ਰੱਖਿਆ ਅਤੇ ਜੁਲਮ ਨਾਲ ਟੱਕਰ ਲੈਣ ਲਈ ਸਨ
* ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਸੁਣਾਉਣ ਅਤੇ ਸੁਣਨ ਵਾਲੇ ਵੀ ਰੋਂਦੇ ਵੇਖੇ ਜਾ ਸਕਦੇ ਹਨ ਪਰ ਨੂਰੇ ਮਾਹੀ ਤੋਂ ਇਹ ਖ਼ਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ

ਬਠਿੰਡਾ, 25 ਦਸੰਬਰ (ਕਿਰਪਾਲ ਸਿੰਘ): ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਅੱਜ ਇਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੀਆਂ ਸੰਗਤਾਂ ਵਲੋਂ, ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਤ ਸਾਲਾਨਾ ਸਮਾਗਮ ਦੇ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ:

ਹਰਿ ਮੰਦਰੁ ਏਹੁ ਸਰੀਰੁ ਹੈ, ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ, ਮਾਣਸਿ ਹਰਿ ਮੰਦਰੁ ਨ ਹੋਇ ॥2॥’ (ਪ੍ਰਭਾਤੀ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1346)

ਜਿਸ ਦਾ ਅਰਥ ਹੈ, ਹੇ ਭਾਈ! (ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥2॥

ਹਰਿ ਮੰਦਰ ਮਹਿ ਹਰਿ ਵਸੈ, ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ, ਸਚਾ ਸਉਦਾ ਹੋਇ ॥11॥1॥’ (ਪ੍ਰਭਾਤੀ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1346)

ਹੇ ਭਾਈ! (ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ। ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥11॥1॥

ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ ॥12॥’ (ਰਾਮਕਲੀ ਕੀ ਵਾਰ ਮ: 3, ਗੁਰੂ ਗ੍ਰੰਥ ਸਾਹਿਬ ਪੰਨਾ 953)

(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ। (ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ। (ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥12॥

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਨੂੰ ਇਹ ਸਮਝ ਆ ਗਈ ਹੈ ਕਿ ਮੇਰਾ ਇਹ ਸਰੀਰ ਹੀ ਹਰਿ ਮੰਦਰ ਹੈ, ਉਹ ਇਸ ਵਿੱਚ ਵਿਕਾਰਾਂ ਦਾ ਕੂੜਾ ਕਰਕਟ ਭਰਨਾ ਬੰਦ ਕਰੇ। ਉਨ੍ਹਾਂ ਇਸ ਦੀ ਹੋਰ ਵਿਆਖਿਆ ਕਰਦੇ ਹੋਏ ਕਿਹਾ ਅੱਖਾਂ ਰਾਹੀਂ ਪਰਾਇਆ ਰੂਪ, ਪਰਾਇਆ ਧਨ ਤੱਕਣਾ, ਲੱਚਰ ਫਿਲਮਾਂ, ਤਸ਼ਵੀਰਾਂ ਵੇਖਣਾ, ਕੰਨਾਂ ਰਾਹੀ ਪਰਾਈ ਨਿੰਦਾ ਸੁਣਨੀ, ਲੱਚਰ ਗਾਣੇ ਸੁਣਨੇ, ਮੂੰਹ ਰਾਹੀਂ ਨਸ਼ੇ ਵਰਤਣੇ ਆਦਿ ਸਭ ਸਰੀਰ ਰੂਪੀ ਹਰਿ ਮੰਦਰ ਵਿੱਚ ਕੂੜਾ ਭਰਨਾ ਹੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਹੜੇ ਲੋਕ ਇਸ ਸਰੀਰ ਮੰਦਰ ਦੀ ਥਾਂ ਸਿਰਫ ਇੱਟਾਂ ਗਾਰੇ ਦੀ ਬਣੀ ਬਾਹਰਲੀ ਇਮਾਰਤ ਨੂੰ ਹੀ ਧਾਰਮਕ ਸਥਾਨ ਸਮਝਕੇ ਜੇ ਉਥੇ ਸਾਫ ਸਫਾਈ ਕਰਕੇ ਹੀ ਆਪਣੇ ਆਪ ਨੂੰ ਧਾਰਮਕ ਹੋਣ ਦਾ ਵਿਖਾਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਅੰਦਰ ਦੇ ਹਰਿਮੰਦਰ ਨੂੰ ਕੂੜੇ ਨਾਲ ਭਰਦੇ ਰਹੇ ਤਾਂ ਬਾਹਰ ਦੇ ਮੰਦਰਾਂ ਵਿੱਚ ਝਾੜੂ ਮਾਰਨ ਦਾ ਕੋਈ ਫਾਇਦਾ ਨਹੀਂ ਹੈ।

1706 ਦੇ ਪੋਹ ਦੇ ਮਹੀਨੇ ਦੇ ਇਨ੍ਹਾਂ ਦਿਨਾਂ ਵਿੱਚ ਵਾਪਰੇ ਇਤਿਹਾਸਕ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਖੂਨੀ ਸਾਕਿਆਂ ਦਾ ਸੰਖੇਪ ਇਤਿਹਾਸ ਸੁਣਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਧੰਨ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਪੁੱਤਰਾਂ ਤੋਂ ਪਿਆਰੇ ਆਪਣੇ ਸਿੱਖਾਂ ਨੂੰ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪਾਉਂਦੇ ਵੇਖਿਆ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਪ ਸ਼ਸਤਰ ਸਜਾ ਕੇ ਸ਼ਹੀਦ ਹੋਣ ਲਈ ਤੋਰਿਆ ਅਤੇ ਸ਼ਹੀਦੀਆਂ ਪਾਉਂਦਿਆਂ ਵੇਖ ਕੇ ਵਾਹਿਗੁਰੂ ਦਾ ਸ਼ੁਕਰਨਾ ਕਰਦੇ ਹੋਏ ਜੈਕਾਰੇ ਛੱਡੇ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਸ਼ਹੀਦੀ ਦੀ ਖ਼ਬਰ ਜਦ ਨੂਰਾ ਮਾਹੀ ਤੋਂ ਸੁਣੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਇਹ ਦੱਸ, ਸਾਹਿਬਜ਼ਾਦੇ ਛੋਟੇ ਹੋਣ ਕਰਕੇ ਉਹ ਕਦੀ ਡਰ ਤਾਂ ਨਹੀਂ ਸਨ ਗਏ, ਉਨ੍ਹਾਂ ਦੇ ਅੱਖ ਵਿੱਚੋਂ ਕੋਈ ਹੰਝੂ ਤਾਂ ਨਹੀਂ ਡਿੱਗੇ। ਜਦ ਨੂਰਾ ਮਾਹੀ ਨੇ ਦੱਸਿਆ ਕਿ ਨਹੀਂ ਮਹਾਰਾਜ, ਉਨ੍ਹਾਂ ਤਾਂ ਬੜੀ ਖੁਸ਼ੀ ਖੁਸ਼ੀ ਸ਼ਹੀਦੀਆਂ ਪਾਈਆਂ ਤੇ ਅੰਤਲੇ ਸਮੇਂ ਤੱਕ ਬੜੀ ਚੜ੍ਹਦੀ ਕਲਾ ਵਿੱਚ ਰਹੇ।

ਇਹ ਸ਼ਹੀਦੀ ਸਾਕੇ ਸੁਣਾਉਣ ਅਤੇ ਸੁਣਨ ਵਾਲੇ ਵੀ ਰੋਂਦੇ ਵੇਖੇ ਜਾ ਸਕਦੇ ਹਨ ਪਰ ਨੂਰੇ ਮਾਹੀ ਤੋਂ ਇਹ ਖ਼ਬਰ ਸੁਣ ਕੇ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ਼ ਦਾ ਸ਼ੁਕਰ ਕੀਤਾ। ਇੱਥੇ ਤਾਂ ਪੁੱਤਰ ਨੂੰ ਵਿਦੇਸ਼ ਭੇਜਣ ਸਮੇਂ ਹਵਾਈ ਅੱਡੇ ’ਤੇ ਜਹਾਜ ਚੜ੍ਹਾਉਣ ਆਏ ਅਤੇ ਫੌਜੀ ਪੁੱਤਰ ਨੂੰ ਗੱਡੀ ਚੜ੍ਹਾਉਣ ਆਏ ਬਾਪ ਰੌਂਦੇ ਵੇਖੇ ਜਾ ਸਕਦੇ ਹਨ ਹਾਲਾਂ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਵਛੋੜਾ ਥੋਹੜੇ ਸਮੇਂ ਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਦੁਨੀਆਂ ਦੀਆਂ ਜਿੰਨੀਆਂ ਵੀ ਲੜਾਈਆਂ ਹੁੰਦੀਆਂ ਹਨ ਉਨ੍ਹਾਂ ਦਾ ਕਾਰਣ ਜ਼ਰ, ਜ਼ੋਰੂ ਅਤੇ ਜ਼ਮੀਨ ਹੁੰਦੀ ਹੈ ਪਰ ਗੁਰੂ ਸਾਹਿਬ ਜੀ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਹ ਜ਼ਰ, ਜ਼ੋਰੂ, ਜ਼ਮੀਨ ਦੀ ਪ੍ਰਾਪਤੀ ਲਈ ਨਹੀ ਬਲਕਿ ਧਰਮ ਅਤੇ ਦੀਨ ਦੁਖੀਆਂ ਦੀ ਰੱਖਿਆ ਲਈ ਅਤੁ ਜ਼ੁਲਮ ਦੇ ਟਾਕਰੇ ਲਈ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top