Share on Facebook

Main News Page

ਇਕ ਮਹੀਨੇ ਲਈ ਰੋਜਾਨਾ 2,50,000 ਮੂਲਮੰਤਰ ਅਤੇ 250 ਸੁਖਮਨੀ ਸਾਹਿਬ ਦੇ ਪਾਠ ਕਰਕੇ ਸੰਗਤਾਂ ਨੂੰ ਪਾਇਆ ਜਾਵੇਗਾ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ

ਅਨੰਦਪੁਰ ਸਾਹਿਬ, 24 ਦਸੰਬਰ (ਸੁਰਿੰਦਰ ਸਿੰਘ ਸੋਨੀ): ਪਿਛਲੇ ਲੰਮੇ ਸਮੇ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੋਂ ਉਲਟ ਆਪਣੀ ਵੱਖਰੀ ਮਰਯਾਦਾ ਚਲਾ ਰਹੇ ਇਕ ਡੇਰੇਦਾਰ ਨਾਨਕਸਰ ਵਲੋਂ ਇਕ ਮਹੀਨੇ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 50 ਤੋਂ ਵੱਧ ਰਾਗੀ ਢਾਡੀ ਬੁਲਾਏ ਗਏ ਹਨ।

ਇਸ ਸਮਾਗਮ ਦੀ ਜਾਣਕਾਰੀ ਲਈ ਇਕ ਇਸ਼ਤਿਹਾਰ ਛਾਪਿਆ ਗਿਆ ਹੈ, ਜਿਸ ਵਿਚ ਵਿਚਕਾਰ ਗੁਰੂ ਨਾਨਕ ਸਾਹਿਬ ਤੇ ਆਸੇ ਪਾਸੇ ਨੰਦ ਸਿੰਘ ਤੇ ਈਸ਼ਰ ਸਿੰਘ ਦੀ ਫੋਟੋ ਛਾਪੀ ਗਈ ਹੈ।

ਗੁਰਮਤਿ ਸਿਧਾਤਾਂ ਤੋਂ ਉਲਟ ਸੰਗਤਾਂ ਨੂੰ ਗਿਣਤੀਆਂ ਮਿਣਤੀਆਂ ਦੇ ਚੱਕਰ ਵਿਚ ਪਾਉਣ ਲਈ ਇਸ ਸਮਾਗਮ ਵਿਚ ਰੋਜਾਨਾ ਢਾਈ ਲੱਖ ਮੂਲਮੰਤਰ ਤੇ ਰੋਜਾਨਾ ਢਾਈ ਸੋ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਐਲਾਨ ਕੀਤਾ ਗਿਆ ਹੈ।

ਨਾਨਕਸਰ ਕੁਟੀਆ ਤ੍ਰਿਪੜੀ ਪਟਿਆਲਾ ਵਿਚ ਹੋ ਰਹੇ ਇਨਾਂ ਸਮਾਗਮਾਂ ਵਿਚ ਸ਼ੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ‘ਜਥੇਦਾਰ' ਵੀ ਸ਼ਾਮਲ ਹੋ ਰਹੇ ਹਨ। ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸਿਧਾਂਤ ਗਿਣਤੀ ਮਿਣਤੀ ਦੇ ਪਾਠ ਕਰਨ ਦੇ ਖਿਲਾਫ ਹਨ।

ਉਨ੍ਹਾਂ ਕਿਹਾ ਜਿਹੜੇ ਡੇਰੇਦਾਰ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਉਨ੍ਹਾਂ ਦੇ ਡੇਰਿਆਂ ਵਿਚ ਤਖਤਾਂ ਦੇ ਜਥੇਦਾਰਾਂ ਨੂੰ ਜਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਪਾਠ ਭਾਂਵੇ ਥੋੜਾ ਕਰ ਲਿਆ ਜਾਵੇ, ਪਰ ਅਰਥ ਵਿਚਾਰ ਕਰਕੇ ਕੀਤਾ ਜਾਣਾ ਚਾਹੀਦਾ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿ. ਰਣਜੋਧ ਸਿੰਘ ਨੇ ਇਸ ਬਾਰੇ ਕਿਹਾ ਕਿ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਥੇ ਅਕਾਲ ਤਖਤ ਦੀ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ, ਉਥੇ ਹੀ ਤਖਤਾਂ ਦੇ ਜਥੇਦਾਰ ਉਨ੍ਹਾਂ ਹੀ ਡੇਰੇਦਾਰਾਂ ਦੀਆਂ ਸਿਫਤਾਂ ਦੇ ਪੁਲ ਬੰਨਣਗੇ।

ਉਨ੍ਹਾਂ ਕਿਹਾ ਡੇਰੇਦਾਰਾਂ ਦੇ ਅਜਿਹੇ ਸਮਗਮਾਂ ਵਿਚ ਤਖਤਾਂ ਦੇ ਜਥੇਦਾਰਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਵਿਚਾਰੇ ਜਥੇਦਾਰ ਵੀ ਕਰਨ ਉਨ੍ਹਾਂ ਨੂੰ ਬਾਦਲ ਦਾ ਹੁਕਮ ਮੰਨ ਕੇ ਅਜਿਹੇ ਡੇਰਿਆਂ ਵਿਚ ਜਾਣਾ ਹੀ ਪੈਣਾ ਹੈ, ਕਿਉਂਕਿ ਉਥੋ ਵੋਟਾਂ ਵੀ ਲੈਣੀਆਂ ਹਨ। ਉਨ੍ਹਾਂ ਕਿਹਾ ਜੋ ਵੀ ਹੈ ਪਰ ਇਹ ਕੌਮ ਲਈ ਨੁਕਸਾਨ ਦੇਹ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top