Share on Facebook

Main News Page

1984 ’ਚ ਢਾਹੇ ਗਏ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਦੀ ਪੰਥ ਨੂੰ ਮੁੜ ਵਾਪਸੀ ਦੀ ਮੰਗ ਲਈ 26 ਦਸੰਬਰ ਨੂੰ ਜਿਲ੍ਹਾ ਡੀਸੀ ਨੂੰ ਦਿੱਤਾ ਜਾਵੇਗਾ ਮੈਮੋਰੰਡਮ: ਬਾਬਾ ਹਰਦੀਪ ਸਿੰਘ

ਬਠਿੰਡਾ, 24 ਦਸੰਬਰ (ਕਿਰਪਾਲ ਸਿੰਘ): ਖਾਲਸਾ ਐਕਸ਼ਨ ਕਮੇਟੀ ਦੇ ਜਿਲ੍ਹਾ ਕਨਵੀਨਰ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ 1984 ’ਚ ਢਾਹੇ ਗਏ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਦੀ ਪੰਥ ਨੂੰ ਮੁੜ ਵਾਪਸੀ ਦੀ ਮੰਗ ਲਈ 26 ਦਸੰਬਰ ਨੂੰ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜਿਲ੍ਹਾ ਮੈਜਿਸਟ੍ਰੇਟਾਂ/ ਡੀਸੀ ਨੂੰ ਮੈਮੋਰੰਡਮ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਅਤੇ ਧਰਮ ਨਿਰਪੱਖ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਪਾਰਟੀ ਸਿਆਸਤ ਤੋਂ ਉਪਰ ਉਠ ਕੇ ਉਹ 26 ਦਸੰਬਰ ਦਿਨ ਸੋਮਵਾਰ ਨੂੰ 11 ਵਜੇ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਇਕੱਤਰ ਹੋਣ ਤਾ ਕਿ 12 ਵਜੇ ਡੀਸੀ ਬਠਿੰਡਾ ਨੂੰ ਮੈਮੋਰੈਂਡਮ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਹਰਿ ਕੀ ਪੌੜੀ ਦੇ ਨਜ਼ਦੀਕ, ਗੁਰੂ ਨਾਨਕ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਸ ਦੀ ਸਾਢੇ ਚਾਰ ਸੌ ਸਾਲ ਪੁਰਾਣੀ ਇਮਾਰਤ ਨੂੰ 1984 ਦੇ ਸੰਕਟਮਈ ਦਿਨਾਂ ਵਿੱਚ ਦੰਗਾਕਾਰੀਆਂ ਵੱਲੋਂ ਮਲੀਆਮੇਟ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਤਰਾਖੰਡ ਸਰਕਾਰ ਵਲੋਂ ਉਸ ਸਥਾਨ ’ਤੇ ਸਰਕਾਰੀ ਦਫ਼ਤਰ ਅਤੇ ਮਾਰਕੀਟ ਦੀ ਉਸਾਰੀ ਕਰ ਲਈ ਗਈ ਸੀ, ਦੀ ਜਗ੍ਹਾ ਮੁੜ ਉਸਾਰੀ ਲਈ ਸਿੱਖ ਕੌਮ ਨੂੰ ਸੌਂਪੀ ਜਾਵੇ।

ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਵਰਦਿਆਂ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਇਸ ਵੇਲੇ ਉਤਰਾਖੰਡ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਪੰਜਾਬ ਦੀ ਸਰਕਾਰ ਵਿੱਚ ਉਹ ਭਾਈਵਾਲ ਹੈ, ਇਸ ਲਈ ਜੇ ਸ: ਬਾਦਲ ਚਾਹੁਣ ਤਾਂ ਆਪਣੀ ਮਿੱਤਰ ਪਾਰਟੀ ਤੋਂ ਇੱਕ ਦਿਨ ਵਿੱਚ ਹੀ ਉਹ ਗੁਰਦੁਆਰੇ ਵਾਲੀ ਜਗ੍ਹਾ ਮੁੜ ਪੰਥ ਦੇ ਹਵਾਲੇ ਕਰਵਾ ਸਕਦਾ ਹਨ। ਪਰ ਇਹ ਉਨ੍ਹਾਂ ਦੀ ਹੀ ਕਮਜੋਰੀ ਹੈ ਕਿ ਉਹ ਆਪਣੀ ਭਾਈਵਾਲ ਪਾਰਟੀ ’ਤੇ ਆਪਣੀ ਕੌਮ ਦੇ ਹਿੱਤਾਂ ਲਈ ਕੋਈ ਦਬਾਉ ਬਣਾਉਣਾ ਹੀ ਨਹੀਂ ਚਾਹੁੰਦੇ। ਇਸ ਦਾ ਕਾਰਣ ਸਿਰਫ ਇੱਕੋ ਹੈ ਕਿ ਉਸ ਨੇ ਭਾਜਪਾ ਨਾਲ ਭਾਈਵਾਲੀ, ਕੌਮੀ ਹਿੱਤਾਂ ਦੀ ਪੂਰਤੀ ਲਈ ਨਹੀਂ ਬਲਕਿ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਪਾਈ ਹੈ। ਇਸ ਲਈ ਸ: ਬਾਦਲ ਨਹੀਂ ਚਾਹੁੰਦੇ ਕਿ ਕੌਮ ਲਈ ਕਰਵਾਇਆ ਕੋਈ ਕੰਮ ਕੱਲ੍ਹ ਨੂੰ ਉਸ ਦੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਰੋੜਾ ਬਣੇ। ਬਾਬਾ ਹਰਦੀਪ ਸਿੰਘ ਨੇ ਕਿਹਾ ਹੁਣ ਕੌਮ ਜਾਗ ਪਈ ਹੈ, ਤੇ ਉਹ ਇਤਿਹਾਸਕ ਜਗ੍ਹਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੁਜਾਰੀਆਂ ਦੀ ਸਿੱਖਿਆ ਦੇ ਉਲਟ ਚੜ੍ਹਦੇ ਪਾਸੇ ਦੀ ਥਾਂ ਲਹਿੰਦੇ ਵਾਲੇ ਪਾਸੇ ਪਾਣੀ ਸੁੱਟ ਕੇ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਕਰਮਕਾਂਡਾਂ ਜਾਂ ਪੁਜਾਰੀਆਂ ਦੇ ਰਾਹੀਂ ਪਿਤਰਲੋਕ ਵਿੱਚ ਮ੍ਰਿਤਕ ਪ੍ਰਾਣੀ ਨੂੰ ਕੁਝ ਵੀ ਨਹੀਂ ਭੇਜਿਆ ਜਾ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top