Share on Facebook

Main News Page

ਬੜੇ ਦੁੱਖ ਦੀ ਗੱਲ ਹੈ ਕਿ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਲੈਣ ਵਾਲਾ, ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇ ਤੋਂ ਹੀ ਅਣਜਾਣ ਹੈ: ਬਾਬਾ ਦਾਦੂਵਾਲ

* ਸਮੂੰਹ ਗੁਰੂ ਨਾਨਕ ਨਾਮ ਲੇਵਾ ਅਤੇ ਧਰਮ ਨਿਰਪੱਖ ਲੋਕ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ 26 ਦਸੰਬਰ ਨੂੰ ਦਿਨ ਦੇ 12 ਵਜੇ ਪੰਜਾਬ ਅਤੇ ਉਤਰਾਖੰਡ ਸੂਬਿਆਂ ਦੇ ਸਾਰੇ ਜਿਲ੍ਹਾ ਡੀਸੀਜ਼ ਨੂੰ ਮੰਗ ਪੱਤਰ ਦੇਣ ਲਈ ਪਹੁੰਚਣ
* 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ, ਗੁਰਦੁਆਰਾ ਗਿਆਨ ਗੋਦੜੀ ਸਬੰਧੀ ਕੀਤੀ ਜਾਵੇਗੀ ਵਿਸ਼ਾਲ ਕਾਨਫਰੰਸ
* ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਗਾਮੀ ਹਰ ਤਰ੍ਹਾਂ ਦੀਆਂ ਚੋਣਾਂ ਵਿੱਚ ਸਿੱਖ, ਭਾਜਪਾ ਦਾ ਵਿਰੋਧ ਕਰਨਗੇ

ਬਠਿੰਡਾ, 24 ਦਸੰਬਰ (ਕਿਰਪਾਲ ਸਿੰਘ): ਪੰਥਕ ਸੇਵਾ ਲਹਿਰ ਦੇ ਮੋਢੀ ਅਤੇ ਉੱਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਲੈਣ ਵਾਲੇ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇ ਤੋਂ ਹੀ ਅਣਜਾਣ ਹੈ। ਉਨ੍ਹਾਂ ਦੀ ਅਣਜਾਣਤਾ ਦੂਰ ਕਰਨ ਲਈ ਹੁਣ 26 ਦਸੰਬਰ ਨੂੰ ਦਿਨੇ 12 ਵਜੇ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਜ਼ ਦੇ ਰਾਹੀਂ ਸਰਕਾਰਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਨੂੰ ਸਿੱਖ ਕੌਮ ਦੇ ਹਵਾਲੇ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਮੌਕੇ 26-27 ਦਸੰਬਰ ਦੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਨਿਰੋਲ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ 27 ਦਸੰਬਰ ਦੁਪਹਿਰ 12 ਵਜੇ ਗੁਰਦੁਆਰਾ ਗਿਆਨ ਗੋਦੜੀ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਆਗੂ ਸ਼੍ਰੀ ਰਾਮ ਮੰਦਿਰ ਬਣਾਉਣਾ ਚਾਹੁੰਦੇ ਹਨ, ਉੱਥੇ ਤਾਂ ਫਿਰ ਵੀ ਇੱਕ ਧਾਰਮਿਕ ਸਥਾਨ ਬਾਬਰੀ ਮਸਜਿਦ ਹੀ ਬਣੀ ਹੋਈ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਥਾਂ ’ਤੇ ਤਾਂ ਪਬਲਿਕ ਪਿਸ਼ਾਬ ਘਰ ਤੇ ਮਾਰਕਿਟ ਆਦਿ ਬਣਾ ਕੇ ਉਸ ਪਵਿੱਤਰ ਥਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ।

ਬਾਬਾ ਦਾਦੂਵਾਲ ਨੇ ਕਿਹਾ ਕਿ ਜੇ ਰਾਮ ਮੰਦਰ ਅਯੁੱਧਿਆ ਵਿੱਚ ਬਾਬਰੀ ਮਸਜਿਦ ਦੀ ਥਾਂ ਦੀ ਬਜਾਏ ਦਿੱਲੀ, ਲਖਨਊ, ਕਾਨ੍ਹਪੁਰ ਜਾਂ ਕਿਸੇ ਹੋਰ ਥਾਂ ’ਤੇ ਨਹੀਂ ਬਣ ਸਕਦਾ ਤਾਂ ਗੁਰਦੁਆਰਾ ਗਿਆਨ ਗੋਦੜੀ ਕਿਸੇ ਹੋਰ ਸਥਾਨ ’ਤੇ ਬਣਾਉਣ ਲਈ ਭਾਜਪਾ ਆਗੂ ਸਲਾਹਾਂ ਕਿਸ ਆਧਾਰ ’ਤੇ ਦੇ ਰਹੇ ਹਨ? ਗੁਰਦੁਆਰਾ ਗਿਆਨ ਗੋਦੜੀ ਦਾ ਇਤਿਹਾਸ ਦੱਸਦਿਆਂ ਬਾਬਾ ਦਾਦੂਵਾਲੇ ਨੇ ਕਿਹਾ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਡੇ ਹਰਿ ਕੀ ਪਉੜੀ ਦੇ ਨਜ਼ਦੀਕ ਅੱਜ ਤੋਂ ਸਾਢੇ ਚਾਰ ਸੌ ਸਾਲ ਪਹਿਲਾਂ ਗੁਰੂ ਅਮਰਦਾਸ ਜੀ ਦੇ ਸਮੇਂ ਉਸ ਸਥਾਨ ’ਤੇ ਬਣਾਇਆ ਗਿਆ ਸੀ, ਜਿੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੰਡਤਾਂ ਨਾਲ ਗਿਆਨ ਗੋਸਟੀ ਕਰਦਿਆਂ ਉਨ੍ਹਾਂ ਨੂੰ ਇਹ ਸਮਝਾਇਆ ਸੀ ਕਿ ਮਰ ਚੁੱਕੇ ਪ੍ਰਾਣੀ ਦੇ ਪਿੱਛੋਂ ਕੀਤੇ ਗਏ ਕ੍ਰਮਕਾਂਡ ਜਾਂ ਕਿਸੇ ਪੁਜਾਰੀ ਦੇ ਰਾਹੀਂ ਭੇਜੀ ਕੋਈ ਵਸਤੂ ਉਸ ਪਾਸ ਨਹੀਂ ਪੁੱਜ ਸਕਦੀ। ਇਹ ਉਹ ਸਥਾਨ ਹੈ ਜਿਥੇ ਪਾਂਡੇ ਚੜ੍ਹਦੇ ਵਾਲੇ ਪਾਸੇ ਮੂੰਹ ਕਰ ਕੇ ਸੂਰਜ ਨੂੰ ਪਾਣੀ ਦੇ ਰਹੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਿਵੇਕਲਾ ਢੰਗ ਅਪਣਾਉਂਦੇ ਹੋਏ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਸੀ।

ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਮੇਰੇ ਵਲੋਂ ਸੁੱਟਿਆ ਗਿਆ ਪਾਣੀ 300 ਕੋਹ ਦੂਰ ਨਹੀਂ ਪਹੁੰਚ ਸਕਦਾ ਤਾਂ ਠੀਕ ਇਸੇ ਤਰ੍ਹਾਂ ਇੱਥੋਂ ਕਰੋੜਾਂ ਕੋਹ ਦੂਰ ਪਿੱਤਰਾਂ ਵਿੱਚ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਵੇਗਾ? ਜਿਸ ਸਥਾਨ ’ਤੇ ਇਹ ਗਿਆਨ ਚਰਚਾ ਹੋਈ ਉਸ ਸਥਾਨ ’ਤੇ ਇਹ ਗੁਰਦੁਆਰਾ ਗਿਆਨ ਗੋਦੜੀ ਬਣਿਆ ਹੋਇਆ ਸੀ ਜਿਹੜਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇੱਕ ਇਤਿਹਾਸਕ ਘਟਨਾ ਤੇ ਗੁਰਮਤਿ ਦੇ ਸਿਧਾਂਤ ਨੂੰ ਤਾਜਾ ਕਰਕੇ ਦ੍ਰਿੜ ਕਰਵਾਉਂਦਾ ਸੀ। ਪਰ ਅੱਜ ਤੋਂ ਕਰੀਬ 27 ਸਾਲ ਪਹਿਲਾਂ 1984 ਈਸਵੀ ਵਿੱਚ, ਜਿਸ ਸਮੇਂ ਅਕਾਲ ਤਖ਼ਤ ਸਾਹਿਬ ਹਿੰਦੁਸਤਾਨੀ ਫੌਜਾਂ ਦੇ ਹਮਲੇ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਸੀ, ਉਸ ਸਮੇਂ ਭਾਰਤ ਵਿੱਚ ਅਨੇਕਾਂ ਹੋਰ ਗੁਰਦੁਆਰਿਆਂ ਸਮੇਤ ਇਹ ਇਤਿਹਾਸਕ ਗੁਰਦੁਆਰਾ ਵੀ ਦੰਗਾਕਾਰੀਆਂ ਵੱਲੋਂ ਮਲੀਆਮੇਟ ਕਰ ਦਿੱਤਾ ਗਿਆ ਸੀ ਜਿੱਥੇ ਬਾਅਦ ਵਿੱਚ ਉਤਰਾਖੰਡ ਸਰਕਾਰ ਨੇ ਗੁਰਦੁਆਰੇ ਦੀ ਮੁੜ ੳੇਸਾਰੀ ਕਰਨ ਦੀ ਬਜਾਏ ਸਰਕਾਰੀ ਦਫਤਰ, ਮਾਰਕਿਟ ਤੇ ਪਿਸ਼ਾਬ ਘਰ ਆਦਿ ਬਣਾ ਦਿੱਤੇ ਗਏ।

ਬਾਬਾ ਬਲਜੀਤ ਸਿੰਘ ਨੇ ਕਿਹਾ ਉਤਰਖੰਡ ਦੀ ਸਰਕਾਰ ਦੇ ਰੀਕਾਰਡ ਵਿੱਚ ਇਹ ਸਥਾਨ ਹਾਲੀ ਵੀ ਗੁਰਦੁਆਰੇ ਦੇ ਨਾਮ ਹੈ। ਜੇ ਭਾਜਪਾ ਆਗੂ 500 ਸਾਲ ਤੋਂ ਬਣੀ ਬਾਬਰੀ ਮਸਜਿਦ ਨੂੰ ਢਾਹ ਕੇ ਉਥੇ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ ਤੇ ਇਹ ਨਾਅਰੇ ਲਾਉਂਦੇ ਹਨ ‘ਕਸਮ ਰਾਮ ਕੀ ਖਾਏਂਗੇ। ਰਾਮ ਮੰਦਰ ਵਹੀ ਬਣਾਏਂਗੇ।’ ਤਾਂ ਉਸੇ ਪਾਰਟੀ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਆਪਣੀ ਅਸਲੀ ਥਾਂ ’ਤੇ ਬਣਾਉਣਾ ਕਿਉਂ ਨਹੀਂ ਚਾਹੁੰਦੇ? ਉਨ੍ਹਾਂ ਕਿਹਾ ਇਨ੍ਹਾਂ ਕੋਲ ਤਾ ਕੋਈ ਸਰਕਾਰੀ ਰੀਕਾਰਡ ਵੀ ਨਹੀਂ ਹੈ ਕਿ ਉਥੇ ਸ਼੍ਰੀ ਰਾਮ ਮੰਦਰ ਕਦੀ ਸੀ ਵੀ ਜਾਂ ਨਹੀਂ, ਪਰ ਸਾਡੇ ਕੋਲ ਤਾਂ ਇਨ੍ਹਾਂ ਦੀ ਸਰਕਾਰ ਦਾ ਹੀ ਰੀਕਾਰਡ ਮੌਜੂਦ ਹੈ ਤੇ ਉੱਥੋਂ ਦਾ ਹਰ ਵਸਨੀਕ ਇਹ ਮੰਨਦਾ ਹੈ ਕਿ ਇੱਥੇ 27 ਸਾਲ ਪਹਿਲਾਂ ਇੱਕ ਗੁਰਦੁਆਰਾ ਹੁੰਦਾ ਸੀ। ਪਰ ਇਹ ਸ਼ਕਤੀਆਂ ਨਹੀਂ ਚਾਹੁੰਦੀਆਂ ਕਿ ਦੁਨੀਆਂ ਦੇ ਲੋਕ ਇਸ ਸਥਾਨ ਦੀ ਯਾਤਰਾ ਕਰਕੇ ਉਥੇ ਦ੍ਰਿੜ ਕਰਵਾਏ ਗਏ ਸਿਧਾਂਤ ਤੋਂ ਜਾਣੂ ਹੋਣ। ਉਨ੍ਹਾਂ ਸਮੂੰਹ ਗੁਰੂ ਨਾਨਕ ਨਾਮ ਲੇਵਾ ਅਤੇ ਧਰਮ ਨਿਰਪੱਖ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ 26 ਦਸੰਬਰ ਦਿਨੇ 12 ਵਜੇ ਪੰਜਾਬ ਅਤੇ ਉੱਤਰਾਖੰਡ ਦੇ ਸਾਰੇ ਜ਼ਿਲ੍ਹਾ ਡੀਸੀਜ਼ ਨੂੰ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਦੇਣ। ਉਨ੍ਹਾਂ ਬਠਿੰਡਾ ਜ਼ਿਲ੍ਹੇ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 26 ਦਸੰਬਰ ਨੂੰ 11 ਵਜੇ ਗੁਰਦੁਆਰਾ ਹਾਜੀ ਰਤਨ ਵਿਖੇ ਇਕੱਤਰ ਹੋਣ ਜਿੱਥੋਂ ਅਰਦਾਸ ਕਰਨ ਉਪਰੰਤ ਮੰਗ ਪੱਤਰ ਦੇਣ ਲਈ ਰਵਾਨਾ ਹੋਇਆ ਜਾਵੇਗਾ।

ਉਨ੍ਹਾਂ ਕਿਹਾ ਬੇਸ਼ੱਕ ਸਾਡਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਜੇ ਕਰ ਭਾਜਪਾ ਸਰਕਾਰ ਨੇ 1984 ’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਆਪਣਾ ਧਾਰਮਕ ਫਰਜ ਨਿਭਾਉਂਦੇ ਹੋਏ, ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੁਧ ਵੋਟਾਂ ਪਾਉਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top