Share on Facebook

Main News Page

ਦਿੱਲੀ ’ਚ ਸਿੱਖ ਨੌਜਵਾਨ ਨੂੰ ਈਸਾਈ ਬਣਾਉਣ ਦੀ ਸਾਜ਼ਸ਼ ਬੇਪਰਦ, ਈਸਾਈ ਮਿਸ਼ਨਰੀਆਂ ਦੀ ਸਾਜ਼ਸ਼ ਦਾ ਡੱਟਵਾਂ ਮੁਕਾਬਲਾ ਕੀਤਾ ਜਾਵੇਗਾ: ਭਾਈ ਤਰਸੇਮ ਸਿੰਘ

ਨਵੀਂ ਦਿੱਲੀ, 23 ਦਸੰਬਰ (ਅਮਨਦੀਪ ਸਿੰਘ): ਦਿੱਲੀ ਵਰਗੇ ਵੱਡੇ ਸ਼ਹਿਰਾਂ ’ਚ ਈਸਾਈਆਂ ਵਲੋਂ ਕਥਿਤ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਈਸਾਈ ਬਣਨ ਲਈ ਪ੍ਰੇਰਿਆ ਜਾ ਰਿਹਾ ਹੈ ਪਰ ਅਸ਼ਕੇ ਜਾਈਏ ਸਿੱਖ ਚੌਧਰੀਆਂ ਦੇ ਜਿਹੜੇ ਗੁਰਦਵਾਰਿਆਂ ਉਤੇ ਸੋਨਾ ਥੱਪਣ ਦੀ ਰਾਜਨੀਤੀ ਤੋਂ ਛੁਟ ਕੁੱਝ ਸੋਚ ਹੀ ਨਹੀਂ ਸਕਦੇ। ਦਿਲਚਸਪ ਗੱਲ ਹੈ ਕਿ ਸਿੱਖਾਂ ਦੇ ਈਸਾਈਕਰਨ ਦੀ ਮੁਹਿੰਮ ਨਾ ਕੇਵਲ ਦਿੱਲੀ ਦੇ ਗ਼ਰੀਬ ਇਲਾਕਿਆਂ ਵਿਚ ਚਲਾਈ ਜਾ ਰਹੀ ਹੈ ਸਗੋਂ ਗੁਰਦਵਾਰਾ ਬੰਗਲਾ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਪੈਂਦੀ ਇਕ ਕਾਲੋਨੀ ਵਿਚ ਵੀ ਚਲਾਈ ਜਾ ਰਹੀ ਹੈ ਜੋ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਲਈ ਸਿੱਖ ਲਈ ਵੱਡੀ ਵੰਗਾਰ ਹੈ।

ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਦਿੱਲੀ ਦੇ ਇਕ ਮੱਧਵਰਗੀ ਸਿੱਖ ਪਰਵਾਰ ਦਾ ਇਕ 22 ਸਾਲਾ ਨੌਜਵਾਨ ਹਰਦੀਪ ਸਿੰਘ (ਫ਼ਰਜ਼ੀ ਨਾਂਅ) ਦੀ ਦੋਸਤੀ 21 ਸਾਲਾ ਇਕ ਗ਼ੈਰ-ਸਿੱਖ ਕੁੜੀ ਕੋਮਲ (ਫ਼ਰਜ਼ੀ ਨਾਂਅ ) ਨਾਲ ਹੋ ਗਈ। ਕੁੜੀ ਨੇ ਉਸ ਨੂੰ ਚੰਗੀ ਨੌਕਰੀ ਲਵਾ ਦਿਤੀ ਤੇ ਵੇਖਦੇ ਹੀ ਵੇਖਦੇ ਦੋਵੇਂ ਵਿਆਹ ਬੰਧਨ ਵਿਚ ਵੀ ਬੱਝ ਗਏ ਪਰ ਕੁੜੀ ਇਕ ਦਿਨ ਵੀ ਮੁੰਡੇ ਨਾਲ ਨਾ ਰਹੀ ਬਲਕਿ ਮੁੰਡੇ ਨੂੰ ਅਪਣੇ ਇਸ਼ਾਰਿਆਂ ’ਤੇ ਨਚਾਉਂਦੇ ਹੋਏ ਉਸ ਨੂੰ ਈਸਾਈਅਤ ਦਾ ਕੋਰਸ ਕਰਵਾਉਣ ਪਿੱਛੋਂ ਉਸ ’ਤੇ ਈਸਾਈ ਬਣਨ ਲਈ ਪੂਰਾ ਦਬਾਅ ਵੀ ਪਾਇਆ ਗਿਆ। ਮਾਮਲਾ ਕਿਸੇ ਤਰ੍ਹਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਕੋਲ ਪਹੁੰਚ ਗਿਆ ਜਿਨ੍ਹਾਂ ਕਈ ਦਿਨਾਂ ਦੇ ਲਗਾਤਾਰ ਯਤਨਾਂ ਨਾਲ ਸਿੱਖ ਨੌਜਵਾਨ ਜਿਸ ’ਤੇ ਈਸਾਈ ਬਣਨ ਦਾ ਭੂਤ ਸਵਾਰ ਸੀ, ਨੂੰ ਅਖ਼ੀਰ ਈਸਾਈ ਬਣਨ ਤੋਂ ਬਚਾ ਲਿਆ। ਸਪੋਕਸਮੈਨ ਨਾਲ ਇਕ ਮੁਲਾਕਾਤ ਦੌਰਾਨ ਭਾਈ ਤਰਸੇਮ ਸਿੰਘ ਨੇ ਦਸਿਆ ਕਿ ਸਿੱਖ ਨੌਜਵਾਨ ਦੇ ਈਸਾਈ ਬਣਨ ਦਾ ਮਾਮਲਾ ਜਦ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਹਰ ਪੱਧਰ ’ਤੇ ਜਾ ਕੇ ਸਿੱਖ ਨੌਜਵਾਨ ਨੂੰ ਖ਼ੂਨੀ ਸਿੱਖ ਇਤਿਹਾਸਕ ਤੇ ਗੁਰਬਾਣੀ ਦੇ ਫ਼ਲਸਫ਼ੇ ਬਾਰੇ ਖੁਲ੍ਹ ਕੇ ਦਸਿਆ।

ਉਨ੍ਹਾਂ ਦਸਿਆ ਕਿ ਜਿਸ ਕੁੜੀ ਨੇ ਸਿੱਖ ਨੌਜਵਾਨ ਨੂੰ ਧਰਮ ਤਬਦੀਲੀ ਲਈ ਪ੍ਰੇਰਿਆ ਉਹ ਇਕ ਹਿੰਦੂ ਪਰਵਾਰ ਨਾਲ ਸਬੰਧ ਰਖਦੀ ਹੈ ਜਿਸ ਬਾਰੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਭਾਈ ਤਰਸੇਮ ਸਿੰਘ ਨੇ ਈਸਾਈਆਂ ਦੀ ਕਥਿਤ ਧਰਮ ਤਬਦੀਲੀ ਸਾਜ਼ਸ਼ ਬਾਰੇ ਕਈ ਭੇਦ ਖੋਲ੍ਹੇ ਤੇ ਪੰਥਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਗੁਆਂਢੀ ਧਰਮ ਵਾਲਿਆਂ ਦੇ ਅਜਿਹੇ ਹਮਲਿਆਂ ਨੂੰ ਪਛਾੜਨ ਲਈ ਸਾਹਮਣੇ ਆਉਣ। ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਬੰਗਲਾ ਸਾਹਿਬ ਤੋਂ ਥੋੜ੍ਹੀ ਦੂਰ ਇਕ ਕਾਲੋਨੀ ਵਿਚ ਈਸਾਈ ਮਿਸ਼ਨਰੀਆਂ ਵਲੋਂ ਸਿੱਖਾਂ ਦੇ ਘਰਾਂ ’ਚ ਜਾ ਕੇ ਸਬੰਧਤ ਪਰਵਾਰ ਨੂੰ ਈਸਾਈਅਤ ਵਲ ਪ੍ਰੇਰਨ ਬਾਰੇ ਵੀ ਉਨ੍ਹਾਂ ਨੂੰ ਪਤਾ ਲੱਗਾ ਹੈ ਜਿਥੇ ਘਰਦਿਆਂ ਨੇ ਈਸਾਈ ਮਿਸ਼ਨਰੀਆਂ ਨੂੰ ਤਾੜਨਾ ਕਰਦੇ ਹੋਏ ਪੁੱਠੇ ਪੈਰ ਵਾਪਸ ਮੋੜ ਦਿਤਾ ਸੀ। ਉਨ੍ਹਾਂ ਕਿਹਾ ਕਿ ਈਸਾਈਆਂ ਦੀ ਸਾਜ਼ਸ਼ ਬਾਰੇ ਉਨ੍ਹਾਂ ਨੂੰ ਕਈ ਪੁਖ਼ਤਾ ਵੇਰਵੇ ਵੀ ਹਾਸਲ ਹੋਏ ਹਨ । ਉਨ੍ਹਾਂ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਅਜਿਹੀਆਂ ਸਾਜ਼ਸ਼ਾਂ ਦਾ ਡਟਵਾਂ ਮੁਕਾਬਲਾ ਕਰਨ ਲਈ ਹਰੇਕ ਪੱਧਰ ’ਤੇ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜਿਥੇ ਵੀ ਅਜਿਹਾ ਕੋਈ ਮਾਮਲਾ ਸਾਹਮਣੇ ਆਏ ਉਹ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top