Share on Facebook

Main News Page

ਕੀ ਸਹਿਜਧਾਰੀਆਂ ਬਾਰੇ ਫ਼ੈਸਲੇ ਪਿਛੋਂ ਸਿੱਖ ਦੀ ਪਰਿਭਾਸ਼ਾ ਵੀ ਬਦਲ ਜਾਵੇਗੀ?: ਭਾਈ ਤਰਸੇਮ ਸਿੰਘ

ਨਵੀਂ ਦਿੱਲੀ, 21ਦਸੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਦੇ ਹੱਕ ਨੂੰ ਲੈ ਕੇ ਸਹਿਜਧਾਰੀਆਂ ਦੀ ਹੋਈ ਜਿੱਤ ਨੂੰ ਬਾਦਲਾਂ ਦੀ ਨਲਾਇਕੀ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਵੱਡੇ ਪੱਧਰ ’ਤੇ ਹੇਰਾ-ਫੇਰੀਆਂ ਕਰ ਕੇ ਗ਼ੈਰ-ਸਿੱਖਾਂ ਦੇ ਨਾਲ ਈਸਾਈਆਂ ਤੇ ਮੁਸਲਮਾਨਾਂ ਦੀਆਂ ਵੋਟਾਂ ਪੁਆਈਆਂ ਇਸ ਸੱਭ ਕੁੱਝ ਦੀ ਆੜ ’ਚ ਹੀ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਸਹਿਜਧਾਰੀਆਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਰੱਖਣ ਸਬੰਧੀ ਕੇਂਦਰ ਸਰਕਾਰ ਤੋਂ ਜਾਰੀ ਹੋਏ ਨੋਟੀਫ਼ਿਕੇਸ਼ਨ ਨੂੰ ਸੰਸਦ ਵਿਚ ਪਾਸ ਕਿਉਂ ਨਹੀਂ ਕਰਵਾ ਸਕੇ ? ਕੀ ਇਸ ਪਿਛੇ ਵੀ ਉਨ੍ਹਾਂ ਦਾ ਕੋਈ ਸਵਾਰਥ ਸੀ? ਉਨ੍ਹਾਂ ਪੁਛਿਆ ਕਿ ਜੇ ਅੱਜ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਦਿਤਾ ਗਿਆ ਹੈ ਤਾਂ ਕੀ ਕਲ ਨੂੰ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਣਗੇ? ਉਨ੍ਹਾਂ ਕਿਹਾ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਸਹਿਜਧਾਰੀ ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦਾ ਤਾਂ ਸਹਿਜਧਾਰੀ ਸਿੱਖ ਕਿਵੇਂ ਹੋ ਸਕਦਾ ਹੈ?

ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸਿੱਖ ਦੀ ਅਸਲੀ ਪਰਿਭਾਸ਼ਾ ਤਾਂ ਸਮੁੱਚੇ ਪੰਥ ਵਲੋਂ ਤਿਆਰ ਕੀਤੀ ਤੇ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਦਰਜ ਹੈ ਪਰ ਕੀ ਸਹਿਜਧਾਰੀਆਂ ਦੇ ਫ਼ੈਸਲੇ ਪਿਛੋਂ ਭਵਿੱਖ ’ਚ ਦਿੱਲੀ, ਪੰਜਾਬ ਤੇ ਮੁੰਬਈ ਦੇ ਸਿੱਖ ਦੀ ਪਰਿਭਾਸ਼ਾ ਬਦਲ ਜਾਵੇਗੀ? ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਦਿੱਲੀ ਗੁਰਦਵਾਰਾ ਐਕਟ-1971 ਵਿਚ ਦਰਜ ਸਿੱਖ ਦੀ ਪਰਿਭਾਸ਼ਾ ਸਿੱਖੀ ਅਸੂਲਾਂ ਮੁਤਾਬਕ ਹੈ ਪਰ ਸ਼੍ਰੋਮਣੀ ਕਮੇਟੀ ਐਕਟ ਵਿਚ ਵਖਰੀ ਕਿਉਂ ਹੈ? ਸਹਿਜਧਾਰੀ ਫ਼ੈਡਰੇਸ਼ਨ ਦੀ ਦਲੀਲ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਦੇ ਘਰ ਜਨਮ ਲੈ ਕੇ ਕੇਸ ਕਤਲ ਕਰਵਾਉਣ ਵਾਲੇ ਨੂੰ ਕਦੇ ਵੀ ਸਹਿਜਧਾਰੀ ਨਹੀਂ ਮੰਨਿਆ ਜਾ ਸਕਦਾ ,ਉਹ ਪਤਿਤ ਹੋ ਜਾਂਦਾ ਹੈ। ਦਸਣਯੋਗ ਹੈ ਕਿ ਦਿੱਲੀ ਗੁਰਦਵਾਰਾ ਐਕਟ ਵਿਚ ਸਹਿਜਧਾਰੀਆਂ ਨੂੰ ਕੋਈ ਮਾਨਤਾ ਨਹੀਂ ਦਿਤੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top