Share on Facebook

Main News Page

ਧਰਮ ਦੇ ਅਖੌਤੀ ਠੇਕੇਦਾਰਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੀਆਂ ਪੱਕੀਆਂ ਤਾਰੀਖ਼ਾਂ ਵੀ ਬਦਲ ਦਿਤੀਆਂ: ਗਿਆਨੀ ਜਾਚਕ

ਨਿਊਯਾਰਕ, 21 ਦਸੰਬਰ (ਤਰਲੋਚਨ ਸਿੰਘ ਦੁਪਾਲਪੁਰ) : ਸੱਤਾਧਾਰੀ ਸਿੱਖ ਆਗੂਆਂ ਨੇ ਰਾਜ-ਸੱਤਾ ਦੀ ਲਾਲਸਾ ਅਧੀਨ ਡੇਰੇਦਾਰ ਬਾਬਿਆਂ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਸਿੱਖ ਜਗਤ ਨਾਲ ਬਹੁਤ ਵੱਡਾ ਧਰੋਹ ਕਮਾਇਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪਣੇ ਕਬਜ਼ੇ ਹੇਠ ਲੈ ਕੇ ਪਹਿਲਾਂ ਤਾਂ ਇਨ੍ਹਾਂ ਨੇ ਜੇਬਾਂ ਭਰਨ ਲਈ ਡੇਰੇਦਾਰਾਂ ਨੂੰ ਕਾਰ-ਸੇਵਾ ਦਾ ਬਹਾਨੇ ਗੁਰਦਵਾਰੇ ਠੇਕੇ ’ਤੇ ਦਿਤੇ, ਜਿਨ੍ਹਾਂ ਸਾਡੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਗਮਰਮਰ ਥੱਲੇ ਦਫ਼ਨਾਇਆ ਅਤੇ ਹੁਣ ਰਾਜ-ਸੱਤਾ ਦੀ ਲਾਲਸਾ ਅਧੀਨ ਗੁਰਬਾਣੀ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਵਿਗਾੜ ਕੇ ਇਤਿਹਾਸਕ ਤਰੀਖ਼ਾਂ ਪ੍ਰਤੀ ਭੰਬਲਭੂਸਾ ਪੈਦਾ ਕਰ ਦਿਤਾ ਹੈ। ਦੁੱਖ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਗਿਆਨ ਨੂੰ ਗੁਰੂ ਕਹਿਣ ਵਾਲੇ ਲੋਕ ਅਗਿਆਨਤਾ ਤੇ ਨਿਜੀ ਗ਼ਰਜ਼ਾਂ ਅਧੀਨ ਮੁੜ ਮੁੜ ਉਨ੍ਹਾਂ ਨੂੰ ਹੀ ਸੱਤਾ ਸੌਂਪੀ ਜਾ ਰਹੇ ਹਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਨੇ ਨਿਊਯਾਰਕ ਤੋਂ ਇਕ ਲਿਖਤੀ ਪ੍ਰੈਸ ਨੋਟ ਵਿਚ ਕਹੇ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗ਼ਲਾਂ ਤੇ ਹਿੰਦੂ ਪਹਾੜੀ ਰਾਜਿਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੇ ਪਾਏ ਘੇਰੇ ਵਿਚੋਂ ਲਗਭਗ ਤਿੰਨ ਸਾਲ ਪਿਛੋਂ 6 ਪੋਹ ਬਿਕ੍ਰਮੀ ਸੰਮਤ 1761 ਮੁਤਾਬਕ 5 ਦਸੰਬਰ 1704 (ਯੂਲੀਅਨ) ਦੀ ਰਾਤ ਨੂੰ ਨਿਕਲੇ । ਸਰਸਾ ਨਦੀ ਦੇ ਕੰਢੇ ਹੋਈ ਜੰਗ ਕਾਰਨ ਗੁਰੂ ਜੀ ਦਾ ਸਾਰਾ ਪਰਵਾਰ ਵਿਛੜ ਗਿਆ। ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ) ਨੂੰ ਅਪਣੇ ਪਿੰਡ ਖੇੜੀ ਲੈ ਗਿਆ ਤੇ ਹਕੂਮਤ ਪਾਸੋਂ ਇਨਾਮ ਲੈਣ ਲਈ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਪਾਸ ਕੈਦ ਕਰਵਾ ਦਿਤਾ। ਗੁਰੂ ਜੀ ਭੁਖਣਭਾਣੇ ਵੱਡੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ) ਤੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਪਹੁੰਚੇ, ਜਿਥੇ 8 ਪੋਹ ਸੰਮਤ 1761 ਮੁਤਾਬਕ 7 ਦਸੰਬਰ 1704 (ਜੂਲੀਅਨ) ਵੀਰਵਾਰ ਨੂੰ ਹੋਏ ਯੁਧ ਵਿਚ ਵੱਡੇ ਸਾਹਿਬਜ਼ਾਦੇ ਤੇ ਬਾਕੀ ਸਿੰਘ ਸ਼ਹੀਦ ਹੋਏ।

ਦੂਜੇ ਪਾਸੇ ਸੂਬਾ ਸਰਹਿੰਦ ਵਜ਼ੀਰ ਖ਼ਾਂ ਨੇ ਛੋਟੇ ਸਾਹਿਜ਼ਾਦਿਆਂ ਨੂੰ 13 ਪੋਹ ਸੰਮਤ 1761 ਮੁਤਾਬਕ 12 ਦਸੰਬਰ 1704 (ਜੂਲੀਅਨ) ਮੰਗਲਵਾਰ ਨੂੰ ਦੀਵਾਰ ਵਿਚ ਚਿਣਨ ਉਪਰੰਤ ਜਲਾਦਾਂ ਪਾਸੋਂ ਕਤਲ ਕਰਵਾ ਕੇ ਅਤੇ ਮਾਤਾ ਜੀ ਨੂੰ ਠੰਢੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰਵਾ ਦਿਤਾ। ਇਸ ਲਈ ਸ਼ਹੀਦੀ ਦਿਹਾੜਿਆਂ ਦੇ ਰੂਪ ਵਿਚ 8 ਪੋਹ ਤੇ 13 ਪੋਹ ਦੀਆਂ ਤਾਰੀਖ਼ਾਂ ਸਦੀਆਂ ਤੋਂ ਸਿੱਖ ਹਿਰਦਿਆਂ ਵਿਚ ਉਕਰੀਆਂ ਹੋਈਆਂ ਹਨ ਪਰ ਸ਼੍ਰੋਮਣੀ ਕਮੇਟੀ ਨੇ ਚੰਦ ਵੋਟਾਂ ਦੀ ਖ਼ਾਤਰ ਮੌਜੂਦਾ ਨਾਨਕਸ਼ਾਹੀ ਕੈਲੰਡਰ ਵਿਚ 8 ਪੋਹ ਨੂੰ 6 ਪੋਹ/ 21 ਦਸੰਬਰ ਅਤੇ 13 ਪੋਹ ਨੂੰ 11 ਪੋਹ/26 ਦਸੰਬਰ ਵਿਚ ਬਦਲ ਦਿਤਾ ਹੈ। ਜਾਚਕ ਨੇ ਕੌਮ ਨੂੰ ਸੁਆਲ ਕਰਦਿਆਂ ਪੁਛਿਆ ਹੈ ਕਿ ਕੀ ਸ਼੍ਰੋਮਣੀ ਕਮੇਟੀ ਦੀ ਇਹ ਕਰਤੂਤ ਪਹਿਰੇਦਾਰਾਂ ਵਲੋਂ ਘਰ ਨੂੰ ਲੁੱਟਣ ਵਾਲੀ ਨਹੀਂ? ਕੀ ਇਹ ਘਟਨਾ ਪੰਥ ਦੋਖੀਆਂ ਵਲੋਂ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਗੰਧਲਾ ਕਰਨ ਵਾਲੀ ਯੋਜਨਾ ਦਾ ਹਿੱਸਾ ਨਹੀਂ? ਕੀ ਅਸੀਂ ਅਜਿਹੀਆਂ ਘਟਨਾਵਾਂ ਪ੍ਰਤੀ ਦੁੱਖ ਹੀ ਪ੍ਰਗਟ ਕਰਦੇ ਰਹਾਂਗੇ ਜਾਂ ਵਰਤਮਾਨ ਨੂੰ ਸੰਭਾਲਣ ਦਾ ਕੋਈ ਬਾਨ੍ਹਣੂ ਵੀ ਬੰਨ੍ਹਾਂਗੇ? ਇਸ ਲਈ ਆਉ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੋਂ ਪ੍ਰੇਰਨਾ ਲੈਂਦੇ ਹੋਏ ਸੰਪਰਦਾਈ ਦੀਵਾਰਾਂ ਤੋੜੀਏ ਅਤੇ ਅਪਣੇ ਖ਼ਾਲਸਈ ਵਿਰਸੇ ਤੇ ਇਤਿਹਾਸ ਨੂੰ ਸੰਭਾਲੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top