Share on Facebook

Main News Page

27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ, ਗੁਰਦੁਆਰਾ ਗਿਆਨ ਗੋਦੜੀ ਸਬੰਧੀ ਕੀਤੀ ਜਾਵੇਗੀ ਵਿਸ਼ਾਲ ਕਾਨਫਰੰਸ: ਬਾਬਾ ਦਾਦੂਵਾਲ

* 26 ਦਸੰਬਰ ਨੂੰ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ/ਡਿਪਟੀ ਕਮਿਨਸ਼ਨਰਾਂ ਰਹੀਂ ਸੂਬਾ ਸਰਕਾਰਾਂ ਨੂੰ ਦਿੱਤੇ ਜਾਣਗੇ ਮੈਮੋਰੈਂਡਮ
* ਸਾਨੂੰ ਭਾਵੇਂ ਗ੍ਰਿਫ਼ਤਾਰ ਕਰ ਲਿਆ ਜਾਵੇ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਪਰ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ਦੀ ਪ੍ਰਪਤੀ ਤੱਕ ਸੰਘਰਸ਼ ਜਾਰੀ ਰਹੇਗਾ
* ਅਤਿ ਦੀ ਭਿਆਨਕ ਸਥਿਤੀ ਵਿੱਚ ਵੇਦਾਵਾ ਲਿਖਣ ਵਾਲੇ ਸਿੰਘਾਂ ਨੇ ਤਾਂ ਬਹੁਤ ਜਲਦੀ ਹੀ ਮੁਕਤਸਰ ਵਿਖੇ ਪਹੁੰਚ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਚਾਲੀ ਮੁਕਤਿਆਂ ਦਾ ਰੁਤਬਾ ਹਾਸਲ ਕਰ ਲਿਆ ਸੀ ਪਰ ਅੱਜ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਅਹੁੱਦਿਆਂ ਦਾ ਅਨੰਦ ਮਾਨਣ ਵਾਲੇ ਕਦੋਂ ਬਖਸ਼ਾਉਣਗੇ
* ਜਿਨ੍ਹਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਸਬੰਧੀ ਅੱਜ ਤੱਕ ਕੋਈ ਜਾਣਕਾਰੀ ਹੀ ਨਹੀਂ ਉਹ ‘ਪੰਥ ਰਤਨ’ ਅਤੇ ‘ਫ਼ਖ਼ਰ-ਏ-ਕੌਮ’ ਅਵਾਰਡ ਹਾਸਲ ਕਰਨ ਦਾ ਕੀ ਅਧਿਕਾਰ ਰੱਖਦੇ ਹਨ
* ਭਾਈ ਗੁਰਚਰਨ ਸਿੰਘ ਬੱਬਰ ਵਲੋਂ ਅੱਜ ਤੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੰਘਰਸ਼ ਹੁਣ ਧਰਮਯੁੱਧ ਮੋਰਚੇ ਦਾ ਰੂਪ ਧਾਰਨ ਕਰ ਚੁੱਕਾ ਹੈ
* ਸਾਡਾ ਬੇਸ਼ੱਕ ਕਿਸੇ ਪਾਰਟੀ ਨਾਲ ਸਬੰਧ ਨਹੀਂ ਪਰ ਜੇ ਕਰ ਭਾਜਪਾ ਸਰਕਾਰ ਨੇ 1984’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੁੱਧ ਵੋਟਾਂ ਪਾਉਣਗੇ

ਬਠਿੰਡਾ, 22 ਦਸੰਬਰ (ਕਿਰਪਾਲ ਸਿੰਘ): ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਹਰਿ ਕੀ ਪੌੜੀ ਦੇ ਨਜ਼ਦੀਕ, ਗੁਰੂ ਨਾਨਕ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਸ ਦੀ ਸਾਢੇ ਚਾਰ ਸਾਲ ਪੁਰਾਣੀ ਇਮਾਰਤ ਨੂੰ 1984 ਦੇ ਸੰਕਟਮਈ ਦਿਨਾਂ ਵਿੱਚ ਦੰਗਾਕਾਰੀਆਂ ਵੱਲੋਂ ਮਲੀਆ ਮੇਟ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਤਰਾਖੰਡ ਸਰਕਾਰ ਵਲੋਂ ਉਸ ਸਥਾਨ ’ਤੇ ਸਰਕਾਰੀ ਦਫ਼ਤਰ ਅਤੇ ਮਾਰਕੀਟ ਦੀ ਉਸਾਰੀ ਕਰ ਲਈ ਗਈ ਸੀ, ਦੀ ਮੁੜ ਉਸਾਰੀ ਲਈ ਜਗ੍ਹਾ ਦੀ ਪ੍ਰਾਪਤੀ ਦੀ ਮੰਗ ਨੂੰ ਲੈ 26 ਦਸੰਬਰ ਨੂੰ ਉਤਰਾਖੰਡ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ/ਡਿਪਟੀ ਕਮਿਨਸ਼ਨਰਾਂ ਰਾਹੀਂ ਸੂਬਾ ਸਰਕਾਰਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਮੌਕੇ 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ, ਇਸ ਸਬੰਧੀ ਇੱਕ ਨਿਰੋਲ ਧਾਰਮਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ।

ਇਹ ਸ਼ਬਦ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲੇ ਨੇ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਸਹਿਬ ਜੀ ਨੇ ਪਾਂਡਿਆਂ ਅਤੇ ਆਮ ਲੋਕਾਈ ਦੇ ਉਲਟ ਚੜ੍ਹਦੇ ਵਾਲੇ ਪਾਸੇ ਪਾਣੀ ਦੇਣ ਦੀ ਥਾਂ ਪੱਛਮ ਵੱਲ ਪਾਣੀ ਸੁੱਟ ਕੇ ਪੁਜਾਰੀਆਂ ਨਾਲ ਗਿਆਨ ਗੋਸ਼ਟੀ ਕੀਤੀ ਸੀ ਅਤੇ ਗੁਰੂ ਅਮਰਦਾਸ ਜੀ ਦੇ ਸਮੇਂ ਇਸ ਸਥਾਨ ’ਤੇ ਹੋਈ ਗਿਆਨ ਗੋਸ਼ਟੀ ਦੀ ਯਾਦ ਨੂੰ ਤਾਜਾ ਰੱਖਣ ਲਈ ਧਰਮਸ਼ਾਲਾ ਕਾਇਮ ਕੀਤੀ ਗਈ ਸੀ ਜਿਸ ਨੂੰ ਅੱਜ ਅਸੀਂ ਗੁਰਦੁਆਰਾ ਗਿਆਨ ਗੋਸ਼ਟੀ ਦੇ ਨਾਮ ਨਾਲ ਯਾਦ ਕਰਦੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਸਿਰਜਿਆ ਪੋਹ ਦੇ ਮਹੀਨੇ ’ਚ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਗੁਰ ਇਤਿਹਾਸ ਸੁਣਾ ਕੇ ਉਨ੍ਹਾਂ ਕਿਹਾ ਸਾਨੂੰ ਭਾਵੇਂ ਸਰਕਾਰ ਗ੍ਰਿਫ਼ਤਾਰ ਕਰ ਲਵੇ, ਲਾਠੀਚਾਰਜ ਕਰ ਲਵੇ, ਭਾਵੇਂ ਗੋਲੀ ਵੀ ਕਿਉਂ ਨਾ ਮਾਰ ਦਿੱਤੀ ਜਾਵੇ ਪਰ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਬਾਈਧਾਰ ਦੇ ਹਿੰਦੂ ਰਾਜਿਆਂ ਵਲੋਂ ਗਊਆਂ ਅਤੇ ਮੁਗਲਾਂ ਵਲੋਂ ਕੁਰਾਨਸ਼ਰੀਫ਼ ਦੀਆਂ ਸੌਂਹਾਂ ਖਾਣ ਉਪ੍ਰੰਤ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਛੱਡਣ, ਸਰਸਾ ਨਦੀ ਦੇ ਕੰਢੇ ਪ੍ਰਵਾਰ ਦਾ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਸਮੇਤ ਚਾਲੀ ਸਿੰਘਾਂ ਵਲੋਂ ਦੁਨੀਆਂ ਦੀ ਸੱਭ ਤੋਂ ਵੱਧ ਅਸਾਵੀਂ ਜੰਗ ਵਿੱਚ ਸ਼ਹੀਦੀਆਂ ਪਾਉਣ ਦਾ ਇਤਿਹਾਸ, ਅਤੇ ਸਰਹਿੰਦ ਦੀ ਦੀਵਾਰ ਵਿੱਚ ਚਿਣ ਕੇ ਦੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਡੇਗ ਕੇ ਸ਼ਹੀਦ ਕਰਨ ਦਾ ਇਤਿਹਾਸ ਸੁਣਾਉਂਦਿਆਂ ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਅਤਿ ਦੀ ਭਿਆਨਕ ਸਥਿਤੀ ਵਿੱਚ ਵੇਦਾਵਾ ਲਿਖਣ ਵਾਲੇ ਸਿੰਘਾਂ ਨੇ ਤਾਂ ਬਹੁਤ ਜਲਦੀ ਹੀ ਮੁਕਤਸਰ ਵਿਖੇ ਪਹੁੰਚ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਚਾਲੀ ਮੁਕਤਿਆਂ ਦਾ ਰੁਤਬਾ ਹਾਸਲ ਕਰ ਲਿਆ ਸੀ ਪਰ ਅੱਜ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਅਹੁੱਦਿਆਂ ਦਾ ਅਨੰਦ ਮਾਨਣ ਵਾਲੇ ਕਦੋਂ ਬਖਸ਼ਾਉਣਗੇ?

ਇਹ ਇਤਿਹਾਸ ਸੁਣਾ ਕੇ ਵਾਹ ਵਾਹ ਖੱਟਣ ਵਾਲੇ ਅਤੇ ਕੁਝ ਯਾਦਗਰਾਂ ਬਣਾ ਕੇ ਉਨ੍ਹਾਂ ਦੇ ਨਾਮ ’ਤੇ ਰਾਜਗੱਦੀਆਂ ਦਾ ਅਨੰਦ ਮਾਨਣ ਵਾਲੇ, ਜਿਨ੍ਹਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਸਬੰਧੀ ਅੱਜ ਤੱਕ ਕੋਈ ਜਾਣਕਾਰੀ ਹੀ ਨਹੀਂ, ਉਹ ‘ਪੰਥ ਰਤਨ’ ਅਤੇ ‘ਫ਼ਖ਼ਰ-ਏ-ਕੌਮ’ ਅਵਾਰਡ ਹਾਸਲ ਕਰਨ ਦਾ ਕੀ ਅਧਿਕਾਰ ਰੱਖਦੇ ਹਨ? ਇਹ ਦੱਸਣਯੋਗ ਹੈ ਕਿ ਬਾਬਾ ਦਾਦੂਵਾਲਾ ਦਾ ਇਹ ਇਸ਼ਾਰਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲ ਸੀ ਜਿਨ੍ਹਾਂ ਨੂੰ 20 ਦਸੰਬਰ ਨੂੰ ਬਠਿੰਡਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਗੁਰਦੁਆਰਾ ਗਿਆਨ ਗੋਦੜੀ ਨੂੰ ਅਜਾਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਭਾਜਪਾ ਹੈੱਡ ਕੁਆਟਰ ਅੱਗੇ ਲਾਏ ਗਏ ਧਰਨੇ ਵਿੱਚ ਸ਼ਾਮਲ ਨਾ ਹੋਣ ਦਾ ਕਾਰਣ ਪੁੱਛੇ ਜਾਣ ’ਤੇ ਇਸ ਸਬੰਧੀ ਅਣਜਾਣਤਾ ਪ੍ਰਗਟਾਈ ਗਈ ਸੀ ਅਤੇ ਜਾਣਕਾਰੀ ਦਿੱਤੇ ਜਾਣ ’ਤੇ, ਇਨ੍ਹਾਂ ਸਭ ਨਾਲੋਂ ਆਪਣੀ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾ ਕੇ ਜੋ ਸੇਵਾ ਉਨ੍ਹਾਂ ਪੰਥ ਦੀ ਕੀਤੀ ਹੈ ਉਹ ਹੋਰ ਕਿਸੇ ਨੇ ਨਹੀਂ ਕੀਤੀ।

ਬਾਬਾ ਦਾਦੂਵਾਲਾ ਨੇ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਦੀ ਸੋਧ ਕਰਦਿਆਂ ਕਿਹਾ ਕਿ 26-27 ਦਸੰਬਰ ਦੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਨਿਰੋਲ ਧਾਰਮਕ ਦੀਵਾਨ ਸਜਣਗੇ ਜਿਸ ਵਿੱਚ ਨਿਰੋਲ ਗੁਰਬਾਣੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਇਤਿਹਾਸ ਸ੍ਰਵਨ ਕਰਾਇਆ ਜਾਵੇਗਾ ਅਤੇ 27 ਦਸੰਬਰ ਨੂੰ ਦੁਪਹਿਰ 12 ਵਜੇ ਜਿਸ ਸਮੇਂ ਹੋਰ ਸਿਆਸੀ ਪਾਰਟੀਆਂ ਵਾਲੇ ਵੱਡੀਆਂ ਵੱਡੀਆਂ ਰਾਜਨੀਤਕ ਕਾਨਫਰੰਸਾਂ ਕਰਕੇ ਇਕ ਦੂਸਰੇ ’ਤੇ ਚਿੱਕੜ ਸੁੱਟਦੇ ਹੋਏ ਵੋਟਾਂ ਦੀ ਮੰਗ ਕਰਨਗੇ, ਉਸ ਸਮੇਂ ਸਿੱਖ ਸਿਧਾਂਤਾਂ ਅਤੇ ਇਤਿਹਾਸ ’ਤੇ ਪਹਿਰਾ ਦੇਣ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਦੀ ਸਿੱਖਾਂ ਨੂੰ ਵਾਪਸ ਕਰਨ ਦੀ ਮੰਗ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਕਾਨਫਰੰਸ ਦੀ ਤਰੀਖ ਮੀਡੀਏ ਵਿੱਚ ਗਲਤੀ ਨਾਲ 26 ਦਸੰਬਰ ਛਪ ਗਈ ਸੀ ਪਰ ਇਹ ਕਾਨਫਰੰਸ ਸ਼ਹੀਦੀ ਜੋੜਮੇਲੇ ਵਾਲੇ ਦਿਨ 27 ਦਸੰਬਰ ਨੂੰ ਦੁਪਹਿਰ 12 ਵਜੇ ਹੀ ਹੋਵੇਗੀ।

ਉਨ੍ਹਾਂ ਕਿਹਾ ਉਤਰਾਖੰਡ ਜਿਸ ਦੀ ਸਰਕਾਰ ਨੇ ਗੁਰਦੁਆਰੇ ਦੀ ਜਗ੍ਹਾ ’ਤੇ ਕਬਜ਼ਾ ਕੀਤਾ ਹੋਇਆ ਹੈ, ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਵਿੱਚ ਭਾਜਪਾ ਭਾਈਵਾਲ ਹੈ ਇਸ ਲਈ 26 ਦਸੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟਾਂ/ਡਿਪਟੀ ਕਮਿਸ਼ਨਰਾਂ ਰਾਹੀਂ ਦੋਵਾਂ ਹੀ ਸੂਬਿਆਂ ਦੀ ਸਰਕਾਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਭਾਈ ਗੁਰਚਰਨ ਸਿੰਘ ਬੱਬਰ ਵੱਲੋਂ ਅੱਜ ਤੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੰਘਰਸ਼ ਹੁਣ ਧਰਮਯੁੱਧ ਮੋਰਚੇ ਦਾ ਰੂਪ ਧਾਰਨ ਕਰ ਚੁੱਕਾ ਹੈ, ਇਸ ਲਈ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਰਕਾਰ ਵਲੋਂ ਜਦ ਤੱਕ ਉਹੀ ਪੁਰਾਤਨ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਬੇਸ਼ੱਕ ਸਾਡਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਜੇ ਕਰ ਭਾਜਪਾ ਸਰਕਾਰ ਨੇ 1984 ’ਚ ਢਾਹੇ ਗਏ ਗੁਰਦੁਆਰੇ ਦੀ ਜਗ੍ਹਾ ਸਿੱਖ ਕੌਮ ਨੂੰ ਵਾਪਸ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਆਪਣਾ ਧਾਰਮਕ ਫਰਜ ਨਿਭਾਉਂਦੇ ਹੋਏ, ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਰੁਧ ਵੋਟਾਂ ਪਾਉਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top