Share on Facebook

Main News Page

ਸਹਿਜਧਾਰੀਆਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਵੋਟ ਅਧਿਕਾਰ ਦਾ ਫੈਸਲਾ ਮੰਦਭਾਗਾ: ਪ੍ਰਿੰ. ਸੁਰਿੰਦਰ ਸਿੰਘ

* ਗੁਰਦੁਆਰਾ ਕਮੇਟੀ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਨਿਯੁਕਤ ਕੀਤੇ ਜਾਣ

ਅਨੰਦਪੁਰ ਸਾਹਿਬ, 21 ਦਸੰਬਰ, (ਸੁਰਿੰਦਰ ਸਿੰਘ ਸੋਨੀ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ,ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਦੀ ਪ੍ਰੀਭਾਸ਼ਾ ਬੜੇ ਸਪੱਸ਼ਟ ਰੂਪ ਵਿਚ ਅੰਕਿਤ ਕੀਤੀ ਗਈ ਹੈ ਜਿਸ ਵਿਚ ਸਹਿਜਧਾਰੀ ਸਿੱਖ ਦਾ ਕਿਤੇ ਵੀ ਵਰਨਣ ਨਹੀਂ ਕੀਤਾ ਗਿਆ।ਫਿਰ ਗੁਰਦੁਆਰਾ ਪ੍ਰਬੰਧ ਵਿਚ ਸਹਿਜਧਾਰੀ ਵੋਟਰਾਂ ਨੂੰ ਵੋਟ ਦਾ ਅਧਿਕਾਰ ਕਿਸੇ ਵੀ ਢੰਗ ਨਾਲ ਵਾਜਬ ਨਹੀਂ ਮੰਨਿਆ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ: ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਨੂੰ ਚਾਹੀਦਾ ਹੈ, ਕਿ ਉਹ ਇਸ ਫੈਸਲੇ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਵਿਚ ਰਿੱਟ ਦਾਖਲ ਕਰਨ। ਉਨ੍ਹਾਂ ਕਿਹਾ ਅਸਲ ਵਿਚ ਚਾਹੀਦਾ ਤਾਂ ਇਹ ਹੈ ਕਿ ਗੁਰਦੁਆਰਾ ਪ੍ਰਬੰਧ ਵਿਚੋ ਚੋਣ ਸਿਸਟਮ ਨੂੰ ਬਿਲਕੁਲ ਖਤਮ ਕਰਕੇ ਯੋਗਤਾ ਦੇ ਅਧਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਯੋਗ ਗੁਰਸਿੱਖ ਪ੍ਰਬੰਧਕ ਹੀ ਨਿਯੁਕਤ ਕੀਤੇ ਜਾਣ।

ਜਿਵੇਂ ਗੁਰਦੁਆਰਾ ਐਕਟ 1925 ਤੋਂ ਪਹਿਲਾਂ ਸਭ ਤੋਂ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਖੜਗ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਸੀ। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਜਦੋ ਹੋਰ ਧਰਮਾਂ ਦੇ ਵਿਚ ਸਹਿਜਧਾਰੀ ਨਾਮ ਦੀ ਸ਼ੈਅ ਨੂੰ ਕੋਈ ਮਾਨਤਾ ਨਹੀਂ ਹੈ, ਤਾਂ ਕੇਵਲ ਸਿੱਖ ਧਰਮ ਵਿਚ ਹੀ ਇਹ ਰੋਲ ਘਚੋਲਾ ਕਿਉ? ਸੰਸਾਰ ਦੇ ਹੋਰ ਧਰਮਾਂ ਵਿਚ ਨਾ ਸਹਿਜਧਾਰੀ ਹਿੰਦੂ,ਨਾ ਸਹਿਜਧਾਰੀ ਇਸਾਈ, ਨਾ ਸਹਿਜਧਾਰੀ ਮੁਸਲਮਾਨ ਆਦਿ ਦਾ ਸੰਕਲਪ ਹੈ, ਫਿਰ ਸਿੱਖ ਧਰਮ ਨਾਲ ਇਹ ਸ਼ਬਦ ਜੋੜਨਾ ਬਿਲਕੁਲ ਗਲਤ ਹੈ। ਇਹ ਕਿਸੇ ਸਾਜਿਸ਼ ਦੇ ਅਧੀਨ ਗੁਰਦੁਆਰਾ ਪ੍ਰਬੰਧ ਤੇ ਕਬਜਾ ਕਰਨ ਤੇ ਸਿੱਖ ਪੰਥ ਦੀ ਨਿਆਰੀ ਹੋਂਦ ਤੇ ਹਸਤੀ ਨੂੰ ਮਿਟਾਉਣ ਲਈ ਸਹਿਜਧਾਰੀ ਸ਼ਬਦ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਦੇ ਸਮੇ ਤੋਂ ਹੀ ਸਿੱਖ ਧਰਮ ਵਿਚ ਇਲੈਕਸ਼ਨ ਦੀ ਜਗਾ ਸਿਲੈਕਸ਼ਨ ਨੂੰ ਮਾਨਤਾ ਦਿਤੀ ਗਈ ਹੈ ਇਸ ਗੱਲ ਦਾ ਸਬੂਤ ਭਾਈ ਲਹਿਣਾ ਜੀ, ਭਾਈ ਜੇਠਾ ਜੀ, ਬਾਬਾ ਅਮਰਦਾਸ ਜੀ ਜਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਪੰਜ ਪਿਆਰਿਆਂ ਨੂੰ ਕਿਰਪਾਨ ਦੀ ਧਾਰ ਤੇ ਪਰਖ ਕੇ ਯੋਗ ਅਗਵਾਈ ਬਖਸ਼ੀ ਸੀ। ਇਸ ਲਈ ਖਾਲਸਾ ਪੰਥ ਨੂੰ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾ ਕੇ ਚੋਣ ਸਿਸਟਮ ਨੂੰ ਖਤਮ ਕਰਕੇ ਗੁਰਦੁਆਰਾ ਪ੍ਰਬੰਧਕ ਬਨਾਉਣ ਲਈ ਕੋਈ ਨਵੀ ਰਣਨੀਤੀ ਤਿਆਂਰ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top