* ਸਿੱਖਾਂ ਨੂੰ
ਸੋਚਣਾ ਪਵੇਗਾ ਕਿ ਉਨ੍ਹਾਂ ਨੇ ਬਾਬੇ ਨਾਨਕ ਮਗਰ ਜਾਣਾ ਹੈ ਜਾਂ ਬਾਦਲ ਮਗਰ ਲੱਗ ਕੇ ਭਾਜਪਾ ਦੇ
ਦੁਬੈਲ ਬਣੇ ਰਹਿਣਾ ਹੈ: ਭਾਈ ਬੱਬਰ
* ਪੰਥ ਦਾ ਵੱਡੇ ਪੱਧਰ ’ਤੇ ਘਾਣ ਕਰਨ
ਵਾਲੇ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ: ਬਾਬਾ ਬਲਜੀਤ
ਸਿੰਘ
ਬਠਿੰਡਾ,
20 ਦਸੰਬਰ (ਕਿਰਪਾਲ ਸਿੰਘ): ਪ੍ਰੈੱਸ ਕਾਨਫਰੰਸ ਉਪ੍ਰੰਤ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਸ: ਸਿਕੰਦਰ
ਸਿੰਘ ਮਲੂਕਾ ਨੇ ਅੱਜ ਪੰਥਕ ਜਥੇਬੰਦੀਆਂ ਵਲੋਂ ਅੱਜ ਦਿੱਤੇ ਜਾ ਰਹੇ ਧਰਨੇ ਸਬੰਧੀ ਇਸ ਪੱਤਰਕਾਰ
ਨਾਲ ਗੱਲ ਕਰਦਿਆਂ ਕਿਹਾ ਕਿ ਥੋੜ੍ਹਾ ਜਿਨ੍ਹਾ ਕੰਮ ਜੇ ਦੂਸਰੀਆਂ ਜਥੇਬੰਦੀਆਂ ਵੀ ਕਰਦੀਆਂ ਹਨ ਤਾਂ
ਉਨ੍ਹਾਂ ਨੂੰ ਵੀ ਕਰਨ ਦਿਉ, ਜਰੂਰੀ ਨਹੀਂ ਕਿ ਸਾਰੇ ਕੰਮ ਸਾਡੇ ਦਲ ਨੇ ਹੀ ਕਰਨੇ ਹਨ। ਉਨ੍ਹਾਂ
ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਤੁਹਾਡੇ ਕੋਲ, ਤਖ਼ਤਾਂ ਦੇ ਜਥੇਦਾਰ ਤੁਹਾਡੇ ਕੋਲ, ਸਾਰੀਆਂ
ਪੰਥਕ ਸੰਸਥਾਵਾਂ ਤੁਹਾਡੇ ਕੋਲ, ਪੰਜਾਬ ਸਰਕਾਰ ਤੁਹਾਡੇ ਕੋਲ, ਉਤਰਾਖੰਡ ਸਰਕਾਰ ਤੁਹਾਡੀ ਭਾਈਵਾਲ
ਪਾਰਟੀ ਦੀ ਹੈ, ਤਾਂ ਤੁਹਾਡੀਆਂ ਨਜ਼ਰਾਂ ਵਿੱਚ ਇਤਿਹਾਸਕ ਗੁਰਦੁਆਰੇ ਦੀ ਜਗ੍ਹਾ ਵਾਪਸੀ ਲਈ ਤੁਹਾਥੋਂ
ਵੱਧ ਕਾਰਗਰ ਕੰਮ ਹੋਰ ਕੌਣ ਕਰ ਸਕਦਾ ਹੈ? ਸ: ਮਲੂਕਾ ਨੇ ਕਿਹਾ ਕਿ ਜੇ ਸਾਨੂੰ ਕੋਈ ਦੱਸੇ ਹੀ ਨਾ
ਤਾਂ ਅਸੀਂ ਕੀ ਕਰ ਸਕਦੇ ਹਾਂ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ
ਸ: ਗੁਰਚਰਨ ਸਿੰਘ ਬੱਬਰ ਅਨੁਸਾਰ ਉਨ੍ਹਾਂ ਨੇ ਸਾਰੇ ਪਾਰਲੀਮੈਂਟ ਮੈਂਬਰ, ਵਿਧਾਨ ਸਭਾ ਮੈਂਬਰ,
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਮੂਹ ਅਕਾਲੀ ਦਲਾਂ
ਦੇ ਪ੍ਰਧਾਨਾਂ ਨੂੰ ਉਨ੍ਹਾਂ ਨੇ ਡਾਕ ਰਾਹੀਂ ਰਜਿਸਟਰਡ ਪੱਤਰ ਭੇਜੇ ਸਨ। ਸ: ਮਲੂਕਾ ਨੇ ਕਿਹਾ ਭੇਜੇ
ਹੋਣਗੇ, ਪਰ ਉਨਾਂ ਨੂੰ ਨਾ ਤਾਂ ਕਿਸੇ ਵਲੋਂ ਕੋਈ ਪੱਤਰ ਮਿਲਿਆ ਹੈ ਅਤੇ ਨਾ ਹੀ ਕਿਸੇ ਨੇ
ਟੈਲੀਫ਼ੋਨ ਕੀਤਾ ਹੈ ਅਤੇ ਨਾ ਹੀ ਕਿਸੇ ਵਲੋਂ ਉਲੀਕੇ ਗਏ ਪ੍ਰੋਗਰਾਮ ਸਬੰਧੀ ਉਨ੍ਹਾਂ ਨੂੰ ਕੋਈ ਪਤਾ
ਹੈ।
ਇਸੇ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਬੀਤੇ ਦਿਨ
ਫ਼ੋਨ ’ਤੇ ਸੰਪਰਕ ਕਰਕੇ ਪੁੱਛਿਆ ਗਿਆ ਸੀ ਕਿ ਕੀ ਭਾਜਪਾ ਦੇ ਹੈੱਡਕੁਆਟਰ ਦਾ ਘਿਰਾਉ ਕਰਨ ਲਈ
ਪਹੁੰਚੀਆਂ ਸਿੱਖ ਸੰਗਤਾਂ ਨੂੰ ਕੋਈ ਸੰਦੇਸ਼ ਦੇਣ ਲਈ ਤੁਸੀਂ ਦਿੱਲੀ ਪਹੁੰਚ ਰਹੇ ਹੋ? ਤਾਂ ਉਨ੍ਹਾਂ
ਇਨਕਾਰ ਕਰਦਿਆਂ ਕਿਹਾ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਇਸ ਲਈ ਪਹਿਲਾਂ ਤੋਂ ਨਿਰਧਾਰਤ
ਪ੍ਰੋਗਰਾਮ ਅਨੁਸਾਰ ਉਹ ਤਾਂ ਰਾਜਸਥਾਨ ਪਹੁੰਚ ਰਹੇ ਹਨ। ਪੁੱਛਿਆ ਗਿਆ ਕਿ ਪਿਛਲੀ 7 ਨਵੰਬਰ ਨੂੰ
ਜਿਸ ਸਮੇਂ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਸੰਗਤਾਂ ਦਾ ਜਥਾ ਹਰਿਦੁਆਰ ਲਈ ਰਵਾਨਾ ਹੋਇਆ ਸੀ ਤਾਂ ਕੀ
ਕੋਈ ਪ੍ਰੋਗਰਾਮ ਉਲੀਕਣ ਲਈ ਤੁਹਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਸੀ? ਗਿਆਨੀ ਗੁਰਬਚਨ
ਸਿੰਘ ਨੇ ਇਨਕਾਰ ਕਰਦਿਆਂ ਕਿਹਾ ਉਹ ਤਾਂ ਉਸ ਸਮੇ ਉਥੇ ਹਾਜਰ ਹੀ ਨਹੀਂ ਸਨ। ਉਨ੍ਹਾਂ ਕਿਹਾ ਮੈਨੂੰ
ਤਾਂ ਹਾਲੀ ਕੱਲ ਹੀ ਫੈਕਸ ਰਾਹੀਂ ਸੁਨੇਹਾ ਮਿਲਿਆ ਸੀ ਪਰ ਪਹਿਲਾਂ ਬਣਿਆ ਪ੍ਰੋਗਰਾਮ ਇਤਨੀ ਜਲਦੀ
ਬਦਲਿਆ ਨਹੀਂ ਜਾ ਸਕਦਾ।
ਜਦੋਂ ਅਸਲੀਅਤ ਜਾਨਣ ਲਈ ਬਾਬਾ ਬਲਜੀਤ ਸਿੰਘ ਅਤੇ ਭਾਈ ਗੁਰਚਰਨ ਸਿੰਘ ਬੱਬਰ
ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਭਾਜਪਾ ਪ੍ਰਭਾਵ ਤੋਂ ਮੁਕਤ ਨਾ ਹੋਣ
ਕਾਰਣ ਅਜਿਹੀਆਂ ਗੱਲਾਂ ਕਰ ਰਹੇ ਹਨ। ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ
ਸਾਹਿਬ ਦਾ ਸੁਨੇਹਾ ਮਿਲਿਆ ਸੀ ਕਿ 7 ਨਵੰਬਰ ਨੂੰ ਅਕਾਲ ਤਖ਼ਤ ਤੋਂ ਰਵਾਨਾ ਹੋਣ ਵਾਲੇ ਮਾਰਚ ਦਾ
ਨਾਮ ਰੋਸ ਮਾਰਚ ਤੋਂ ਬਦਲ ਕੇ ਸਿਰਫ ਮਾਰਚ ਰੱਖ ਦਿੱਤਾ ਜਾਵੇ ਤਾਂ ਉਹ ਇਸ ਵਿੱਚ ਸ਼ਾਮਲ ਹੋ ਸਕਦੇ
ਹਨ। ਭਾਈ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਤਰਾਖੰਡ ਪਹੁੰਚਣ ਤੱਕ ਜਥੇਦਾਰ ਜੀ ਦਾ
ਚਾਰ ਵਾਰ ਫ਼ੋਨ ਆਇਆ ਸੀ ਕਿ ਕੋਈ ਸਖ਼ਤ ਪ੍ਰੋਗਰਾਮ ਨਾ ਉਲੀਕਿਆ ਜਾਵੇ। ਅਸੀਂ ਸ਼ਾਂਤਮਈ ਢੰਗ ਨਾਲ ਮਸਲਾ
ਹੱਲ ਕਰ ਲਵਾਂਗਾ। ਭਾਈ ਬੱਬਰ ਨੇ ਕਿਹਾ ਕਿ ਸਾਡੀ ਤਾਂ ਕੋਈ ਐਸੀ ਮੰਗ ਹੀ ਨਹੀਂ ਜਿਹੜੀ ਕਿ ਸਾਡੀ
ਮਿੱਤਰ ਪਾਰਟੀ ਭਾਜਪਾ ਲਈ ਮੰਨਣੀ ਸੰਭਵ ਨਾ ਹੋਵੇ। ਅਸੀਂ ਨਾ ਤਾਂ ਗੁਰਦੁਆਰਾ ਢਾਹੁੰਣ ਵਾਲੇ ਕਿਸੇ
ਦੋਸ਼ੀ ਵਿਰੁਧ ਕੋਈ ਕਾਰਵਾਈ ਦੀ ਮੰਗ ਕਰ ਰਹੇ ਹਾਂ ਨਾਂ ਹੀ ਕਿਸੇ ਨੂੰ ਫਾਂਸੀ ਦੀ ਸਜਾ ਦੀ ਮੰਗ
ਕਰਦੇ ਹਾਂ, ਸਾਡੀ ਤਾਂ ਇੱਕੋ ਮੰਗ ਹੈ ਕਿ ਸਾਡੇ ਬਾਬੇ ਨਾਨਕ ਦੇ ਗੁਰਦੁਆਰੇ ਵਾਲੀ ਥਾਂ ਸਾਨੂੰ
ਵਾਪਸ ਕਰ ਦਿੱਤੀ ਜਾਵੇ, ਗੁਰਦੁਆਰਾ ਅਸੀਂ ਆਪੇ ਬਣਾ ਲਵਾਂਗੇ। ਉਨ੍ਹਾਂ ਕਿਹਾ ਕਿ ਉਤਰਾਖੰਡ ਦੀ
ਭਾਜਪਾ ਸਰਕਾਰ ਇਹ ਮੰਨਦੀ ਹੈ ਕਿ ਉਥੇ ਗੁਰੂ ਨਾਨਕ ਦੀ ਯਾਦਗਰ ਵਿੱਚ ਗੁਰਦੁਆਰਾ ਸੀ, ਸਰਕਾਰੀ
ਰੀਕਾਰਡ ਮੁਤਾਬਕ ਵੀ ਉਥੇ ਗੁਰਦੁਆਰਾ ਹੈ ਪਰ ਹੁਣ ਉਥੇ ਗੁਰਦੁਆਰਾ ਬਣਾਉਣ ਦੀ ਇਜਾਜਤ ਨਹੀਂ ਦਿੱਤੀ
ਜਾ ਸਕਦੀ। ਉਤਰਾਖੰਡ ਸਰਕਾਰ ਹੋਰ ਥਾਂ ਗੁਰਦੁਆਰਾ ਬਣਾਉਣ ਵਾਸਤੇ ਪਲਾਟ ਦੇਣ ਲਈ ਤਿਆਰ ਹੈ। ਭਾਈ
ਬੱਬਰ ਨੇ ਕਿਹਾ ਜੇ ਰਾਮ ਮੰਦਰ, ਅਯੁਧਿਆ ਵਿੱਚ ਬਾਬਰੀ ਮਸਜਿਦ ਵਾਲੀ ਥਾਂ ਨੂੰ ਛੱਡ ਕੇ ਦਿੱਲੀ
ਵਿਖੇ ਨਹੀ ਬਣ ਸਕਦਾ, ਕਾਨਪੁਰ ਨਹੀਂ ਬਣ ਸਕਦਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬਣਿਆ
ਗੁਰਦੁਆਰਾ ਗਿਆਨ ਗੋਦੜੀ ਹੋਰ ਥਾਂ ਕਿਵੇਂ ਬਣ ਸਕਦਾ ਹੈ। ਉਨ੍ਹਾਂ ਕਿਹਾ ਸਿੱਖਾਂ ਨੂੰ ਹੁਣ ਸੋਚਣਾ
ਪਵੇਗਾ ਕਿ ਉਨ੍ਹਾਂ ਨੇ ਬਾਬੇ ਨਾਨਕ ਮਗਰ ਜਾਣਾ ਹੈ ਜਾਂ ਬਾਦਲ ਮਗਰ ਲੱਗ ਕੇ ਭਾਜਪਾ ਦੇ ਦੁਬੈਲ ਬਣੇ
ਰਹਿਣਾ ਹੈ।
ਬਾਬਾ ਬਲਜੀਤ ਸਿੰਘ ਨੇ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀ ਦਿੱਲੀ
ਵਿਖੇ ਕਥਾ ਕਰਦਿਆਂ ਅਤੇ ਅਕਬਰ ਰੋਡ ’ਤੇ ਭਾਜਪਾ ਹੈੱਡਕੁਆਟਰ ਵਿਖੇ ਧਰਨਾ ਮਾਰਨ ਵਾਲੀਆਂ ਸੰਗਤਾਂ
ਨੂੰ ਸਬੋਧਨ ਕਰਦੇ ਹੋਏ ਜਥੇਦਾਰ ਅਕਾਲ ਤਖ਼ਤ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ’ਤੇ
ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਸਿੱਖਾਂ ਤੇ ਪੰਜਾਬ ਦੀ ਹਰ ਮੰਗ, ਭਾਵੇਂ ਉਹ
ਬੇਕਸੂਰ ਪ੍ਰੋ: ਦਵਿੰਦਰਪਾਲ ਸਿੰਘ ਦੀ ਫਾਂਸੀ ਦੀ ਸਜਾ ਮੁਆਫੀ ਦੀ ਗੱਲ ਹੋਵੇ, ਲੰਬੇ ਸਮੇਂ ਤੋਂ
ਜੇਲ੍ਹਾਂ ਵਿੱਚ ਬੰਦ ਬੇਕਸੂਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਹੋਵੇ, ਝੂਠੇ ਪੁਲਿਸ ਮਕਾਬਲੇ ਕਰਨ
ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਹੋਵੇ, ਪੰਜਾਬ ਦੇ ਦਰਿਆਈ ਪਾਣੀਆਂ ਦੀ ਮੰਗ ਹੋਵੇ ਜਾਂ
ਅਨੰਦਪੁਰ ਦੇ ਮਤੇ ਦੀ ਮੰਗ ਹੋਵੇ ਉਸ ਦਾ ਵਿਰੋਧ ਕਰਦੀ ਹੈ। ਭਾਜਪਾ ਆਗੂਆਂ ਨੂੰ ਪੰਥਕ ਸਟੇਜਾਂ
’ਤੇ ਬੁਲਾ ਕੇ ਮਾਨ ਸਨਮਾਨ ਦਿੱਤਾ ਜਾਂਦਾ ਹੈ। ਪਰ ਜੇ ਉਹ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ
ਸ਼ਤਾਬਦੀ ਮੌਕੇ ਆਉਂਦੇ ਹਨ ਤਾਂ ਸਿੱਖ ਇਤਿਹਾਸ ਨੂੰ ਵਿਗਾੜਦੇ ਹੋਏ ਕਹਿੰਦੇ ਹਨ ਕਿ ਗੁਰੂ ਸਾਹਿਬ
ਜੀ ਦੀ ਸ਼ਹੀਦੀ ’ਚ ਮੁਖ ਭੂਮਿਕਾ ਨਿਭਾਉਣ ਵਾਲੇ ਚੰਦੂ ਨੂੰ ਬੇਕਸੂਰ ਸੀ। ਜੇ ਬਾਬਾ ਬੰਦਾ ਸਿੰਘ
ਬਹਾਦਰ ਦੀ ਯਾਦ ਵਿੱਚ ਰੱਖੇ ਸਮਾਗਮ ਵਿੱਚ ਆਉਂਦੇ ਹਨ ਤਾ ਉਨਾਂ ਦਾ ਪੂਰਾ ਨਾਮ ਲੈਣ ਦੀ ਬਜ਼ਾਏ
‘ਵੀਰ ਬੰਦਾ ਬੈਰਾਗੀ’ ਹੀ ਦੱਸਦੇ ਹਨ। ਜੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਦੀ ਗੱਲ ਆਉਂਦੀ ਹੈ
ਤਾਂ ਅਡਵਾਨੀ ਕਹਿੰਦਾ ਕਿ ਇੰਦਰਾ ਗਾਂਧੀ ਤਾਂ ਝਿਜਕ ਵਿਖਾ ਰਹੀ ਸੀ ਉਸ ਨੇ ਹੱਲਾਸ਼ੇਰੀ ਦੇ ਕੇ ਹਮਲਾ
ਕਰਵਾਇਆ ਸੀ। ਪਰ ਇਸ ਦੇ ਬਾਵਯੂਦ ਸਿਰਫ ਆਪਣੀ ਤੇ ਆਪਣੇ ਪੁੱਤਰ ਦੀ ਕੁਰਸੀ ਕਾਇਮ ਰੱਖਣ ਲਈ ਉਨ੍ਹਾਂ
ਨੂੰ ਸਿੱਖ ਕੌਮ ਨਾਲ ਕੀਤੀ ਬੇਇਨਸਾਫੀ ਦੇ ਇਨਾਮ ਵਜੋਂ ਸਿਰੋਪੇ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਥ ਦਾ ਵੱਡੇ ਪੱਧਰ ’ਤੇ ਘਾਣ ਕਰਨ ਵਾਲੇ ਇਸ ਸਖ਼ਸ਼ ਨੂੰ ‘ਫ਼ਖ਼ਰ-ਏ-ਕੌਮ
ਪੰਥ ਰਤਨ’ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ।
ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੋਂ
ਧਰਨੇ ਵਿੱਚ ਵਿੱਚ ਸਿੱਖ ਜਥੇਬੰਦੀਆਂ ਦਾ ਸਾਥ ਦੇਣ ਸਬੰਧੀ ਪੁੱਛੇ ਜਾਣ ’ਤੇ ਪਹਿਲਾਂ ਤਾਂ ਉਹ ਇਸ
ਤਰ੍ਹਾਂ ਗੱਲ ਕਰ ਰਹੇ ਸਨ ਕਿ ਉਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਪਰ ਬਾਅਦ ਵਿੱਚ ਕਿਹਾ ਅਸੀਂ ਸਿੱਖਾਂ
ਦੀ ਇਸ ਮੰਗ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਂ ਅੱਜ ਦਿੱਲੀ ਤੋਂ ਬਾਹਰ ਹੋਣ ਕਰਕੇ ਸ਼ਾਮਲ ਨਹੀਂ
ਹੋ ਸਕਦਾ ਪਰ ਸਾਡੇ ਬੰਦੇ ਜਰੂਰ ਸ਼ਾਮਲ ਹੋਣਗੇ।
ਬਾਦਲ ਦਲ ਦੇ ਇੱਕ ਹੋਰ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਨਾਲ ਸੰਪਰਕ ਕੀਤਾ
ਤਾਂ ਉਨ੍ਹਾਂ ਕਿਹਾ ਉਹ ਜਰੂਰ ਸ਼ਾਮਲ ਹੋਣਗੇ। ਜਦ ਉਨ੍ਹਾਂ ਤੋਂ ਪੁਛਿਆ ਗਿਆ ਕਿ ਤੁਹਾਡੇ ਦਲ ਵਲੋਂ
ਹੁਣ ਤੱਕ ਇਸ ਸਬੰਧ ਵਿੱਚ ਕੋਈ ਵੀ ਬਿਆਨ, ਜਾਂ ਕੀਤਾ ਗਿਆ ਕੋਈ ਯਤਨ ਸਾਹਮਣੇ ਨਹੀਂ ਆਇਆ ਤਾਂ
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਆਗੂ ਗੁਰਚਰਨ ਸਿੰਘ ਬੱਬਰ ਬਣੇ ਹੋਏ ਹਨ। ਇਸ ਲਈ ਉਹ ਇਨ੍ਹਾਂ
ਨੂੰ ਸਹਿਯੋਗ ਨਹੀਂ ਦੇਣਾ ਚਾਹੁੰਦੇ। ਪੁੱਛਿਆ ਗਿਆ ਕਿ ਬੰਦਾ ਭਾਵੇਂ ਕੋਈ ਵੀ ਹੋਵੇ ਜੇ ਕੋਈ 27
ਸਾਲਾਂ ਪਿੱਛੋਂ ਇਹ ਸਾਰੇ ਤੱਥ ਪੰਥ ਅਤੇ ਸਰਕਾਰ ਦੇ ਸਾਹਮਣੇ ਲਿਆ ਕੇ ਇਸ ਮੁਹਿੰਮ ਨੂੰ ਧਰਮਯੁੱਧ
ਮੋਰਚੇ ਦੀ ਸਟੇਜ ’ਤੇ ਲੈ ਆਇਆ ਹੈ ਤਾ ਸਾਨੂੰ ਤਾਂ ਸਾਰਿਆਂ ਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ
ਹੈ ਨਾ ਕਿ ਈਰਖਾ। ਪਰ ਉਨ੍ਹਾਂ ਨੇ ਭਾਈ ਬੱਬਰ ਨੂੰ ਬਦਨਾਮ ਦੱਸ ਕੇ ਉਨ੍ਹਾਂ ਦਾ ਸਾਥ ਦੇਣ ਤੋਂ
ਨਾਂਹ ਕਰ ਦਿੱਤੀ। ਉਨ੍ਹਾਂ ਦੀਆਂ ਗੱਲਾਂ ਵਿੱਚੋਂ ਭਾਵ ਇਹੋ ਨਿਕਲਦਾ ਸੀ ਕਿ ਉਹ ਬਾਦਲ ਦੀ ਮਰਜੀ
ਦੇ ਖਿਲਾਫ ਭਾਜਪਾ ਵਿਰੁਧ ਬੋਲਣ ਲਈ ਤਿਆਰ ਨਹੀਂ ਹਨ।