Share on Facebook

Main News Page

ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਲੈਣ ਸਬੰਧੀ ਚੱਲ ਰਹੇ ਸੰਘਰਸ਼ ਤੋਂ ਬਾਦਲ ਬਿਲਕੁਲ ਬੇਖ਼ਬਰ

* ਜੇ ਕੋਈ ਧਰਨੇ ਲਾਉਂਦਾ ਹੈ ਤਾਂ ਲਾਈ ਜਾਵੇ ਮੈਂ ਕੀ ਕਰਾਂ
* ਪੰਥ ਲਈ ਜੋ ਕੰਮ ਮੈਂ ਕਰ ਦਿੱਤੇ ਹਨ ਉਹ ਹੋਰ ਕੋਈ ਨਹੀਂ ਕਰ ਸਕਿਆ
* ਦਲ ਬਦਲੂ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ
* ਲੋਕਪਾਲ ਸਖ਼ਤ ਤੋਂ ਸਖ਼ਤ ਬਣਨਾ ਚਾਹੀਦਾ ਹੈ
* ਇੰਝ ਲਗਦਾ ਹੈ ਕਿ ਤੁਸੀਂ ਤਾਂ ਆਏ ਹੀ ਮੈਨੂੰ ਘੇਰਨ ਲਈ ਹੋ! ਇਸ ਲਈ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ: ਸ. ਬਾਦਲ

ਬਠਿੰਡਾ, 20 ਦਸੰਬਰ (ਕਿਰਪਾਲ ਸਿੰਘ): ਸਿੱਖ ਗੁਰੂ ਸਾਹਿਬਾਨ ਅਤੇ ਪੰਥ ਦੇ ਨਾਮ ’ਤੇ ਪਿਛਲੇ 50 ਸਾਲਾਂ ਤੋਂ ਸਿਆਸਤ ਕਰ ਰਹੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਗੰਗਾ ਨਦੀ ਦੇ ਕੰਡੇ ਹਰਿਦੁਆਰ ਵਿਖੇ ਹਰਿ ਕੀ ਪੌੜੀ ਦੇ ਨਜ਼ਦੀਕ ਉਹ ਸਥਾਨ, ਜਿੱਥੇ ਗੁਰੂ ਨਾਨਕ ਸਾਹਿਬਾਨ ਨੇ ਪੂਰਬ ਦੀ ਬਜ਼ਾਏ ਪੱਛਮ ਦਿਸ਼ਾ ਵੱਲ ਪਾਣੀ ਸੁੱਟ ਕੇ ਪੰਡਿਤਾਂ ਨਾਲ ਗਿਆਨ ਗੋਸ਼ਟੀ ਕਰਦਿਆਂ ਇਹ ਸੋਝੀ ਦਿੱਤੀ ਸੀ ਕਿ ਮਰ ਚੁੱਕੇ ਪ੍ਰਾਣੀ ਦੇ ਪਿੱਛੋਂ ਕੀਤੇ ਗਏ ਕਰਮਕਾਂਡ ਜਾਂ ਪੁਜਾਰੀਆਂ ਰਾਹੀਂ ਭੇਜੀ ਗਈ ਕੋਈ ਵਸਤੂ ਉਸ ਤੱਕ ਨਾ ਹੀ ਪਹੁੰਚ ਸਕਦੀ ਹੈ ਅਤੇ ਨਾ ਹੀ ਸਹਾਈ ਹੋ ਸਕਦੀ ਹੈ, ’ਤੇ ਸਾਢੇ ਚਾਰ ਸੌ ਸਾਲਾਂ ਤੋਂ ਬਣਿਆ ਗੁਰਦੁਆਰਾ 1984 ਦੌਰਾਨ ਦੰਗਾਕਾਰੀਆਂ ਵਲੋਂ ਢਾਹ ਦਿੱਤਾ ਗਿਆ ਸੀ ਤੇ ਉਤਰਾਖੰਡ ਦੀ ਭਾਜਪਾ ਸਰਕਾਰ ਦੌਰਾਨ ਉਥੇ ਸਰਕਾਰੀ ਦਫ਼ਤਰ ਅਤੇ ਮਾਰਕੀਟ ਉਸਾਰੀ ਜਾ ਚੁੱਕੀ ਹੈ। ਕਾਂਗਰਸ ਪਾਰਟੀ ਅਤੇ ਕੇਂਦਰ ਸਰਕਾਰ ਵਲੋਂ ਪੰਥ ਨਾਲ ਕੀਤੇ ਜਾ ਰਹੇ ਧੱਕਿਆਂ ਦੀ ਦਾਸਤਾਨ ਦਾ ਜ਼ਿਕਰ ਆਪਣੀ ਹਰ ਸਭਾ ਵਿੱਚ ਕਰਨ ਵਾਲੇ ਸ: ਬਾਦਲ ਦੀ ਐਡੇ ਵੱਡੇ ਅਹਿਮ ਮਸਲੇ ਸਬੰਧੀ ਬੇਖ਼ਬਰੀ ਦੀ ਜਾਣਕਾਰੀ ਉਸ ਸਮੇ ਸਾਹਮਣੇ ਆਈ, ਜਿਸ ਸਮੇਂ ‘ਦ ਬਠਿੰਡਾ ਸੈਂਟਰਲ ਕੋ-ਅਪ੍ਰੇਟਿਵ ਬੈਂਕ’ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨੀ ਸਮਾਰੋਹ ਉਪ੍ਰੰਤ ਹੋਈ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਤੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ।

ਇਤਿਹਾਸਕ ਗੁਰਦੁਆਰੇ ਦੀ ਥਾਂ ਪ੍ਰਾਪਤ ਕਰਨ ਲਈ ਪੰਥਕ ਜਥੇਬੰਦੀਆਂ ਵਲੋਂ ਅੱਜ ਦਿੱਲੀ ਵਿਖੇ ਭਾਜਪਾ ਦੇ ਹੈੱਡਕੁਆਟਰ ’ਤੇ ਲਾਏ ਜਾ ਰਹੇ ਧਰਨੇ ਦੀ ਪੂਰੀ ਜਾਣਕਾਰੀ ਦੇਣ ਉਪ੍ਰੰਤ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੱਕ ਪੰਥਕ ਪਾਰਟੀ ਦਾ ਸਰਪ੍ਰਸਤ ਹੋਣ ਦੇ ਨਾਤੇ ਤੁਸੀਂ ਜਾਂ ਤੁਹਾਡੀ ਪਾਰਟੀ ਦਾ ਕੋਈ ਪ੍ਰਮੁਖ ਆਗੂ ਉਸ ਧਰਨੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਿਹਾ? ਜਵਾਬ ਵਿੱਚ ਉਨ੍ਹਾਂ ਕਿਹਾ ਜੇ ਕੋਈ ਧਰਨਾ ਲਾਉਂਦਾ ਹੈ ਤਾਂ ਲਾਈ ਜਾਵੇ ਮੈਂ ਕੀ ਕਰਾਂ? ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਿੱਖ ਹੋਣ ਦੇ ਨਾਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਥਾਨ ਦੀ ਪ੍ਰਾਪਤੀ ਲਈ ਆਪਣੇ ਉਚੇ ਰੁਤਬੇ ਦੀ ਵਰਤੋਂ ਕਰਦੇ। ਇਸ ਦੇ ਜਵਾਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਛੋਟੇ ਤੇ ਵੱਡੇ ਘਲੂਘਾਰਿਆਂ ਦੀਆਂ ਯਾਦਗਾਰਾਂ ਬਣਾਉਣ ਦਾ ਹਵਾਲਾ ਦਿੰਦੇ ਹੋਏ ਸ: ਬਾਦਲ ਨੇ ਕਿਹਾ, ਪੰਥ ਲਈ ਜੋ ਕੰਮ ਮੈਂ ਕਰ ਦਿੱਤੇ ਹਨ ਉਹ ਹੋਰ ਕੋਈ ਨਹੀਂ ਕਰ ਸਕਿਆ।

ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਗਬੀਰ ਸਿੰਘ ਬਰਾੜ ਵਲੋਂ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਚਲੇ ਜਾਣ ਸਬੰਧੀ ਪੁਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ: ਬਾਦਲ ਨੇ ਕਿਹਾ ਜਿਹੜਾ ਵੀ ਪਾਰਟੀ ਨੂੰ ਧੋਖਾ ਦੇ ਸਕਦਾ ਹੈ ਉਹ ਲੋਕਾਂ ਨੂੰ ਵੀ ਧੋਖਾ ਦੇਣਗੇ ਇਸ ਲਈ ਜਿਥੇ ਮੈ ਦਲ ਬਦਲੂਆਂ ਨੂੰ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਦਾ ਹਾਂ ਉੱਥੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਦਲ ਬਦਲੂਆਂ ਨੂੰ ਮੂੰਹ ਨਾ ਲਾਇਆ ਜਾਵੇ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਿਸ ਸਮੇਂ ਕੋਈ ਦਲ ਬਦਲੂ ਤੁਹਾਡੇ ਦਲ ਵਿੱਚ ਸ਼ਾਮਲ ਹੁੰਦਾ ਹੈ, ਉਸ ਸਮੇਂ ਤਾਂ ਤੁਸੀਂ ਇਹ ਸ਼ਬਦ ਕਹਿਣ ਦੀ ਬਜ਼ਾਏ ਉਨ੍ਹਾਂ ਨੂੰ ਸਨਮਾਨਤ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਕੋਈ ਵੀ ਦਲ ਬਦਲੂ ਸ਼ਾਮਲ ਨਹੀਂ ਹੋਇਆ।

ਆਪਣੀ ਸਰਕਾਰ ਦੀ ਨਾਕਾਮਯਾਬੀਆਂ ਸਬੰਧੀ ਧਿਆਨ ਦਿਵਾਉਣ ’ਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਾਂ ਭੁਲੇਖਾ ਹੈ ਹੀ ਪੱਤਰਕਾਰ ਵੀ ਕਈ ਵਾਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ। ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਹਨ ਤੇ ਸੂਬਾ ਸਰਕਾਰਾਂ ਦੀ ਹੈਸੀਅਤ ਮਿਊਂਸਪਲ ਕਮੇਟੀਆਂ ਵਰਗੀ ਹੋਈ ਪਈ ਹੈ। ਹੁਣ ਜੇ ਤੁਸੀਂ ਕਿਸੇ ਨਾਕਾਮਯਾਬੀ ਸਬੰਧੀ ਮਿਉਂਸਪਲ ਕਮੇਟੀ ਜਾਂ ਪੰਚਾਇਤ ਨੂੰ ਦੋਸ਼ੀ ਠਹਿਰਾਓ ਤਾਂ ਉਹ ਕੀ ਕਰ ਸਕਦੀ ਹੈ? ਇਸ ਲਈ ਨਾਕਾਮਯਾਬੀਆਂ ਦੀ ਦੋਸ਼ੀ ਕੇਂਦਰ ਸਰਕਾਰ ਹੈ ਪਰ ਆਮ ਤੌਰ ’ਤੇ ਦੋਸ਼ੀ ਸੂਬਾ ਸਰਕਾਰ ਨੂੰ ਠਹਿਰਾਇਆ ਜਾਂਦਾ ਹੈ। ਸਾਡੀ ਪਾਰਟੀ ਫੈਡਰਲ ਢਾਂਚੇ ਦੀ ਮੰਗ ਕਰਦੀ ਹੋਈ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਹਾਮੀ ਹੈ ਤਾ ਕਿ ਹਰ ਸੂਬਾ ਸਰਕਾਰ ਆਪਣੇ ਸੂਬੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰ ਸਕੇ। ਪੁੱਛਿਆ ਗਿਆ ਕਿ ਜਿਸ ਪਾਰਟੀ ਨਾਲ ਤੁਸੀਂ ਭਾਈਵਾਲੀ ਬਣਾਈ ਹੋਈ ਹੈ ਉਹ ਤਾਂ ਖ਼ੁਦ ਫੈਡਰਲ ਢਾਂਚੇ ਦੇ ਵਿਰੋਧ ੳਤੇ ਮਜਬੂਤ ਕੇਂਦਰ ਦੇ ਹੱਕ ਵਿੱਚ ਹੈ। ਜਵਾਬ ਵਿੱਚ ਉਨ੍ਹਾਂ ਕਿਹਾ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਹੁਣ ਭਾਜਪਾ ਫੈਡਰਲ ਢਾਂਚੇ ਦੇ ਹੱਕ ਵਿੱਚ ਹੈ। ਪਿਛਲੀ ਕਾਨਫਰੰਸ ਉਨ੍ਹਾਂ ਫੈਡਰਲ ਢਾਂਚੇ ਦੇ ਸਬੰਧ ਵਿੱਚ ਹੀ ਕੀਤੀ ਸੀ। ਸ: ਬਾਦਲ ਨੇ ਕਿਹਾ ਕਿ ਹੁਣ ਤਾਂ ਕਾਂਗਰਸ ਪਾਰਟੀ ਵੀ ਫੈਡਰਲ ਢਾਂਚੇ ਦੇ ਹੱਕ ਵਿੱਚ ਹੈ ਪਰ ਕੇਂਦਰੀ ਹਾਈ ਕਮਾਂਡ ਵਿੱਚ ਜਿਹੜੇ ਥੋਹੜੇ ਜਿਹੇ ਬੰਦੇ ਬੈਠੇ ਹਨ ਉਹ ਹੀ ਇਸ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਕੋਈ ਵੀ ਬੰਦਾ ਆਪਣੇ ਅਧਿਕਾਰ ਦੂਜੇ ਨੂੰ ਦੇਣ ਲਈ ਤਿਆਰ ਨਹੀਂ ਹੈ।

ਲੋਕਪਾਲ ਬਿੱਲ ਸਬੰਧੀ ਚੱਲ ਰਹੇ ਵਿਵਾਦ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਉਹ ਇਸ ਹੱਕ ਵਿੱਚ ਹਨ ਕਿ ਸਖ਼ਤ ਤੋਂ ਸਖਤ ਲੋਕਪਾਲ ਐਕਟ ਬਣੇ ਤਾ ਕਿ ਇਸ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕੇ ਤੇ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਂਦਾ ਜਾ ਸਕੇ। ਪੁੱਛਿਆ ਗਿਆ ਕਿ ਇਕੱਲਾ ਸਖ਼ਤ ਕਨੂੰਨ ਬਣਨਾ ਹੀ ਕਾਫੀ ਨਹੀਂ ਹੈ। ਅਸਲ ਲੋੜ ਈਮਾਨਦਾਰੀ ਨਾਲ ਕਾਨੂੰਨ ਨੂੰ ਇੱਕਸਾਰ ਲਾਗੂ ਕਰਨ ਦੀ ਹੈ। ਇੱਸ ਦੇਸ਼ ਵਿੱਚ ਇੱਕ ਥੱਪੜ ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਵੱਜਾ ਤਾਂ ਥੱਪੜ ਮਾਰਨ ਵਾਲੇ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਗਿਆ। ਸਖ਼ਤ ਲੋਕਪਾਲ ਬਿੱਲ ਪਾਸ ਕਰਨ ਦੀ ਮੰਗ ਕਰਨ ਵਾਲੇ ਸਮਾਜ ਸੇਵੀ ਪ੍ਰਸ਼ਾਂਤ ਭੂਸ਼ਨ ਦੇ ਕਈ ਥੱਪੜ ਮਾਰਨ ਵਾਲੇ ਨੂੰ ਸਿਰਫ ਇੱਕ ਦਿਨ ਲਈ ਜੇਲ੍ਹ ਭੇਜਿਆ ਗਿਆ। ਪਰ ਇਥੋਂ ਦੇ ਸਭਿਆਚਾਰ ਅਤੇ ਕਨੂੰਨ ਅਨੁਸਾਰ ਜਿਥੇ ਕਿਸੇ ਗੈਰ ਮਰਦ ਵਲੋਂ ਇੱਕ ਔਰਤ ਦੇ ਕਪੜੇ ਨੂੰ ਹੱਥ ਲਾਉਣਾ ਹੀ ਵੱਡਾ ਜੁਰਮ ਹੈ, ਉਥੇ ਰੁਜ਼ਗਾਰ ਮੰਗ ਰਹੀ ਇੱਕ ਅਧਿਆਪਕਾ ਦੀ ਕਮੀਜ ਦਾ ਗਲਾ ਫੜ ਕੇ ਖਿੱਚ ਧੂ ਕਰਨ ਅਤੇ ਮੂੰਹ ’ਤੇ ਥੱਪੜ ਮਾਰਨ ਵਾਲੇ ਸਰਪੰਚ ਨੂੰ ਸਿਰਫ ਕਾਗਜ਼ੀ ਕਾਰਵਾਈ ਕਰਕੇ ਪੁਲਿਸ ਵਲੋਂ ਹੀ ਗ੍ਰਿਫਤਾਰੀ ਪਾ ਕੇ ਤੁਰੰਤ ਜਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਹੈ। ਜੇ ਕਿਸੇ ਕਾਨੂੰਨ ਨੂੰ ਲਾਗੂ ਹੀ ਬੰਦੇ ਦੀ ਹੈਸੀਅਤ ਵੇਖ ਕੇ ਕਰਨਾ ਹੈ ਤਾਂ ਸਖ਼ਤ ਕਨੂੰਨ ਦਾ ਵੀ ਦੇਸ਼ ਦੇ ਆਮ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਹੈ? ਇਹ ਸੁਣ ਕੇ ਸ: ਬਾਦਲ ਨੇ ਕਿਹਾ ਇੰਝ ਲਗਦਾ ਹੈ ਕਿ ਤੁਸੀਂ ਤਾਂ ਆਏ ਹੀ ਮੈਨੂੰ ਘੇਰਨ ਲਈ ਹੋ! ਇਸ ਲਈ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ।

ਪ੍ਰੈੱਸ ਕਾਨਫਰੰਸ ਦੌਰਾਨ ਸ: ਬਾਦਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਦੱਸਿਆ ਕਿ ਅੱਜ ਬਠਿੰਡਾ ਸ਼ਹਿਰ ਵਿੱਚ ਚਾਰ ਵੱਡੇ ਕੰਮ ਕੀਤੇ ਗਏ ਹਨ। ਦੁਪਹਿਰ ਤੋਂ ਪਹਿਲਾਂ ਕੈਂਸਰ ਹਸਪਤਾਲ ਦੇ ਮਰੀਜਾਂ ਦੀ ਦੇਖਭਾਲ ਲਈ ਆਏ ਵਿਅਕਤੀਆਂ ਦੇ ਠਹਿਰਨ ਲਈ 3.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ, 1.75 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਤਹਿਸੀਲ ਦਫ਼ਤਰ ਦੀ ਇਮਾਰਤ, 3.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਕੋ-ਅਪ੍ਰੇਟਿਵ ਬੈਂਕ ਦੀ ਸੁੰਦਰ ਇਮਾਰਤ ਅਤੇ 8.50 ਕਰੋੜ ਰੁਪਏ ਦੀ ਲਾਗਤ ਨਾਲ ਮੁਲਾਜਮਾਂ ਲਈ ਬਣਾਏ ਗਏ ਕੁਆਟਰਾਂ ਦਾ ਉਦਘਾਟਨ ਕੀਤਾ ਗਿਆ ਅਤੇ ਦੁਪਹਿਰ ਤੋਂ ਬਾਅਦ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਸਰਹਿੰਦ ਦੇ ਨਵਾਬ ਨੂੰ ਸੋਧਣ ਵਾਲੇ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਫ਼ਤਹਿ ਸਿੰਘ ਦੇ ਬੁੱਤ ਤੋਂ ਪਰਦਾ ਉਠਾਇਆ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਾਏ ਗਏ ਯਾਦਗਰੀ ਪਾਰਕ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਤੇ ਜਿਲ੍ਹਾ ਅਕਾਲੀ ਦਲ ਪ੍ਰਧਾਨ ਤੇ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸ: ਸਿਕੰਦਰ ਸਿੰਘ ਮਲੂਕਾ, ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਸ: ਅਮਰਜੀਤ ਸਿੰਘ ਸਿੱਧੂ, ਸ਼ਹਿਰੀ ਹਲਕਾ ਬਠਿੰਡਾ ਦੇ ਇੰਚਾਰਜ ਸ੍ਰੀ ਸਰੂਪ ਚੰਦ ਸਿੰਗਲਾ, ਦਿਹਾਤੀ ਹਲਕਾ ਬਠਿੰਡਾ ਦੇ ਇੰਚਾਰਜ ਸ: ਦਰਸ਼ਨ ਸਿੰਘ ਕੋਟਫੱਤਾ ਮੇਅਰ ਬਲਜੀਤ ਸਿੰਘ, ਡੀਸੀ ਬਠਿੰਡਾ ਸ਼੍ਰੀ ਕੇ ਕੇ ਯਾਦਵ, ਐੱਸਐੱਸਪੀ ਬਠਿੰਡਾ ਸ: ਸੁਖਚੈਨ ਸਿੰਘ ਗਿੱਲ, ਪ੍ਰੈੱਸ ਸਕੱਤਰ ਜਿਲ੍ਹਾ ਅਕਾਲੀ ਦਲ ਡਾ: ਓਮ ਪ੍ਰਕਾਸ਼ ਸ਼ਰਮਾ, ਚਮਕੌਰ ਸਿੰਘ ਮਾਨ ਅਤੇ ਆਤਮਾ ਸਿੰਘ ਚਹਿਲ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top