Share on Facebook

Main News Page

ਗਿਆਨੀ ਗੁਰਬਚਨ ਸਿੰਘ ਸਮੇਤ ਦੂਜੇ ਜੱਥੇਦਾਰਾਂ ਦੀ ਨੀਲਧਾਰੀ ਸੰਪਰਦਾ ਬਾਰੇ ਬਿਆਨਬਾਜ਼ੀ ਹੈਰਾਨੀਜਨਕ!!

* ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਮਨਮੱਤੀ ਕਾਰਵਾਈਆਂ ਕਰਦੈ ਉਕਤ ਮੁਖੀ

ਕੋਟਕਪੂਰਾ, 19 ਦਸੰਬਰ (ਗੁਰਿੰਦਰ ਸਿੰਘ) :- ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਬਿਨਾਂ ਕਸੂਰੋਂ ਪੰਥ ’ਚੋਂ ਛੇਕਣ ਦਾ ਫ਼ਤਵਾ ਜਾਰੀ ਕਰਨ ਵਾਲੇ ਤਖਤਾਂ ਦੇ ਜੱਥੇਦਾਰਾਂ ਦੀ ਅੱਜ ਵੱਖ-ਵੱਖ ਪੰਜਾਬੀ ਤੇ ਹਿੰਦੀ ਅਖਬਾਰਾਂ ’ਚ ਹਰਿਆਣੇ ਦੇ ਜ਼ਿਲੇ ਕੁਰਕਸ਼ੇਤਰ ਨੇੜਲੇ ਪਿਪਲੀ ਵਾਲੇ ਨੀਲਧਾਰੀਆਂ ਦੀ ਸੰਪਰਦਾ ਨੂੰ ਸਿੱਖ ਫੁਲਵਾੜੀ ਦਾ ਇਕ ਮਹਿਕਦਾ ਅੰਗ ਦਰਸਾਉਣ ਵਾਲੀ ਖਬਰ ਨੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਕਿਉਂਕਿ ਪਿਛਲੇ ਲਗਭਗ 2 ਸਾਲਾਂ ਤੋਂ ਨੀਲਧਾਰੀ ਸੰਪਰਦਾ ਦੀਆਂ ਯੂ-ਟਿਊਬ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ’ਚ ਮਨਮੱਤੀ ਕਾਰਵਾਈ ਵਾਲੀਆਂ ਵੀਡੀਓ ਮੌਜੂਦ ਹਨ, ਜੋ ਹੁਣ ਤੱਕ ਕਰੋੜਾਂ ਲੋਕ ਦੇਖ ਚੁੱਕੇ ਹਨ ਕਿ ਕਿਸ ਤਰਾਂ ਉਕਤ ਸੰਪਰਦਾ ਦਾ ਮੁਖੀ ਤੇ ਉਸਦੇ ਪੈਰੋਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਤਾੜੀਆਂ ਮਾਰ-ਮਾਰ ਕੇ ਭੰਗੜੇ ਪਾ ਰਹੇ ਹਨ ਤੇ ਭਾਂਤ-ਭਾਂਤ ਦੇ ਗੀਤ ਗਾ ਕੇ ਨੱਚ-ਟੱਪ ਰਹੇ ਹਨ। ਇਕ ਵੀਡੀਓ ’ਚ ਤਾਂ ਇਸ ਸੰਪਰਦਾ ਦਾ ਮੁਖੀ ਸਿੱਖ ਕੌਮ ਨੂੰ ਰਾਮ ਚੰਦਰ ਦੀ ਔਲਾਦ ਕਹਿ ਕੇ ਸ਼ਰੇਆਮ ਬੋਲਦਾ ਦਿਖਾਇਆ ਗਿਆ ਹੈ। ਜਿਸ ’ਚ ਉਹ ਕਹਿੰਦਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ’ਚ ਰਾਮ ਚੰਦਰ ਦੀ ਵਡਿਆਈ ਲਿਖੀ ਹੈ। ਐਨਾ ਕਹਿ ਕੇ ਉਹ ਖੁਦ ਤੇ ਉਸਦੇ ਪੈਰੋਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਠਸੀਤਾ ਰਾਮ-ਸੀਤਾ ਰਾਮ, ਹਰੇ-ਹਰੇ.... ਦਾ ਗੀਤ ਗਾਉਂਦਿਆਂ ਤਾੜੀਆਂ ਮਾਰਦੇ ਹਨ ਤੇ ਭੰਗੜੇ ਪਾਉਂਦੇ ਹਨ।

ਨੀਲਧਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਭੰਗੜਾ ਪਾਕੇ ਬੇਅਦਬੀ ਕੀਤੀ 

ਪਖੰਡੀ ਸਾਧ ਸਤਨਾਮ ਸਿੰਘ ਪੀਪਲੀ ਵਾਲਾ

ਨੀਲਧਾਰੀ ਸਤਨਾਮ ਪੀਪਲੀ ਵਾਲੇ ਦੀ ਇੱਕ ਹੋਰ ਕਰਤੂਤ

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਉਲਟ ਇਸ ਸੰਪਰਦਾ ਦੀ ਵੱਖਰੀ ਰਹਿਤ ਮਰਿਆਦਾ ਹੈ। ਅੱਜ ਦੀਆਂ ਸਾਰੀਆਂ ਅਖਬਾਰਾਂ ਦੀ ਸੁਰਖੀ ਬਣੀ ਇਸ ਖਬਰ ’ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੇ ਵਡੇਰੇ ਹਿੱਤਾਂ ਲਈ ਜੋ ਸੰਪਰਦਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਨਹੀਂ ਚੱਲ ਰਹੀਆਂ, ਉਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁੱਲਾ ਸੱਦਾ ਹੈ ਕਿ ਉਹ ਅੱਜ ਵੀ ਸਿੱਖ ਪੰਥ ’ਚ ਸ਼ਾਮਲ ਹੋ ਸਕਦੇ ਹਨ।

ਬੀਤੇ ਕੱਲ ਇਕ ਨਿੱਜੀ ਟੀ.ਵੀ.ਚੈੱਨਲ ਤੋਂ ਸਿੱਧਾ ਪ੍ਰਸਾਰਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਨੂੰ ਅਨੇਕਾਂ ਲੋਕਾਂ ਨੇ ਦੇਖਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਵੀ ਇਸ ਸੰਪਰਦਾ ਦੇ ਮੁਖੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਮਨਮੱਤੀ ਕਾਰਵਾਈਆਂ ਕਰਨ ਤੋਂ ਵਰਜਣ ਲਈ ਕੋਈ ਹਦਾਇਤ ਜਾਂ ਬੇਨਤੀ ਤੱਕ ਵੀ ਕਰਨ ਦੀ ਜੁਰਅੱਤ ਨਾ ਕੀਤੀ। ਤਖਤ ਸ਼੍ਰੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਨੇ ਨੀਲ ਸੰਪਰਦਾਇ ਨੂੰ ਸਿੱਖ ਫੁਲਵਾੜੀ ਦਾ ਇਕ ਮਹਿਕਦਾ ਅੰਗ ਦੱਸਦਿਆਂ ਕਿਹਾ ਕਿ ਇਸ ਸੰਪਰਦਾ ਦੀ ਸਾਰਾ ਸਿੱਖ ਪੰਥ ਦਿਲੋਂ ਕਦਰ ਕਰਦਾ ਹੈ। ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਦੇ ਸੇਵਾਦਾਰ ਗਿਆਨੀ ਤਰਲੋਚਨ ਸਿੰਘ ਨੇ ਕਿਹਾ ਕਿ ਕੁਝ ਸਵਾਰਥੀ ਲੋਕਾਂ ਨੇ ਸੰਗਤਾਂ ਨੂੰ ਇਸ ਸੰਪਰਦਾ ਬਾਰੇ ਕੁਝ ਭਰਮ-ਭੁਲੇਖੇ ਪਾਏ ਹੋਏ ਹਨ ਪਰ ਅੱਜ ਉਨਾਂ ਦੇਖਿਆ ਹੈ ਕਿ ਪਿਪਲੀ ਸਾਹਿਬ ਵਿਖੇ ਸਭ-ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਚੱਲ ਰਹੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਤਖਤਾਂ ਦੇ ਪੁਜਾਰੀ ਅਰਥਾਤ ਉਕਤ ਪੰਥ ਦੇ ਅਖੌਤੀ ਠੇਕੇਦਾਰ ਸਿੱਖ ਵਿਰੋਧੀ ਤਾਕਤਾਂ ਦੇ ਕਹਿਣ ’ਤੇ ਪੰਥ ਨੂੰ ਕਮਜੋਰ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ, ਕਿਉਂਕਿ ਉਹ ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਖਿਲਾਫ ਤੁਰਤ ਫਤਵਾ ਜਾਰੀ ਕਰ ਦਿੰਦੇ ਹਨ ਪਰ ਪੰਥ ਦਾ ਘਾਣ ਕਰਨ ਵਾਲੀਆਂ ਸੰਪਰਦਾਵਾਂ ਦੀ ਵਡਿਆਈ ਕਰਦੇ ਨਹੀਂ ਥੱਕਦੇ। ਜ਼ਿਕਰਯੋਗ ਹੈ ਕਿ ਯੂ-ਟਿਊਬ ’ਤੇ ਉਕਤ ਵੀਡੀਓ ਦੇਖਣ ਲਈ ਠਨੀਲਧਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀੂ ਸਰਚ ਕਰਕੇ ਸਾਰੀ ਸੱਚਾਈ ਤੋਂ ਜਾਣੂ ਹੋਇਆ ਜਾ ਸਕਦਾ ਹੈ। ਇਸ ਸਬੰਧੀ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ.ਇੰਦਰ ਸਿੰਘ ਘੱਗਾ ਨੇ ਪ੍ਰਤੀਕਰਮ ਵਜੋਂ ਕਿਹਾ, ਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਚੰਦ ਵੋਟਾਂ ਖਾਤਰ ਨਿਆਰਾ ਖਾਲਸਾ ਅਰਥਾਤ ਪੂਰੇ ਸਿੱਖ ਪੰਥ ਨੂੰ ਬ੍ਰਾਹਮਣੀਵਾਦ ਤੇ ਸਾਧਵਾਦ ਦੇ ਖਾਰੇ ਸਮੁੰਦਰ ’ਚ ਡੋਬ ਦੇਣਾ ਹੈ। ਕਿਉਂਕਿ ਖੁਦ ਨੂੰ ਸਾਰੀ ਉਮਰ ਗੁਰੂ ਕਹਾਉਣ ਵਾਲੇ ਕੂਕਿਆਂ ਦੇ ਆਗੂ ਨੂੰ ਇਨਾਂ ਖੁਦ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਤ ਕਰਕੇ ਪ੍ਰਵਾਨਗੀ ਦਿੱਤੀ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਅਜਿਹੀਆਂ ਕਾਰਵਾਈਆਂ ਪ੍ਰਤੀ ਜਵਾਬਦੇਹ ਜਰੂਰ ਬਣਾਉਣ।

ਗੁਰਿੰਦਰ ਸਿੰਘ ਕੋਟਕਪੂਰਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top