Share on Facebook

Main News Page

ਜੇ ਰਾਮ ਮੰਦਰ ਉਸੇ ਸਥਾਨ ’ਤੇ ਬਣਾਇਆ ਜਾ ਸਕਦਾ ਹੈ, ਤਾਂ ਗੁਰਦੁਆਰਾ ਗਿਆਨ ਗੋਦੜੀ ਕਿਉਂ ਨਹੀਂ: ਬਾਬਾ ਦਾਦੂਵਾਲ

* ਜੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਨ ਸਾਂਭ ਸਕੇ ਤਾਂ ਅਸੀਂ ਗੁਰੂ ਕੇ ਸਿੱਖ ਨਹੀਂ ਬਲਕਿ ਅਕ੍ਰਿਤਘਣ ਅਖਵਾਵਾਂਗੇ
* ਹਿੰਦੂ ਸਿੱਖਾਂ ਦੇ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਸਿਖਾਂ ਲਈ ਵੱਖਰਾ ਨਿਯਮ ਅਪਣਾ ਕੇ ਇਹ ਰਿਸ਼ਤਾ ਨਾ ਤੋੜਨ
* ਸਮੂੰਹ ਗੁਰੂ ਨਾਨਕ ਨਾਮ ਲੇਵਾ ਅਤੇ ਧਰਮ ਨਿਰਪੱਖ ਲੋਕ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ 20 ਦਸੰਬਰ ਨੂੰ ਦਿਨ ਦੇ 12 ਵਜੇ ਭਾਜਪਾ ਦੇ ਦਿੱਲੀ ਵਿਖੇ ਹੈੱਡਕੁਆਟਰ ਦੇ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ

ਬਠਿੰਡਾ, 19 ਦਸੰਬਰ (ਕਿਰਪਾਲ ਸਿੰਘ): ਜੇ ਰਾਮ ਮੰਦਰ ਉਸੇ ਸਥਾਨ ’ਤੇ ਬਣਾਇਆ ਜਾ ਸਕਦਾ ਹੈ ਤਾਂ ਗੁਰਦੁਆਰਾ ਗਿਆਨ ਗੋਦੜੀ ਕਿਉਂ ਨਹੀਂ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲਾ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰਦੁਆਰਾ ਗਿਆਨ ਗੋਦੜੀ ਦਾ ਇਤਿਹਾਸ ਦੱਸਦਿਆਂ ਬਾਬਾ ਦਾਦੂਵਾਲੇ ਨੇ ਕਿਹਾ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੰਗਾ ਨਦੀ ਦੇ ਕੰਡੇ ਹਰਿ ਕੀ ਪਉੜੀ ਦੇ ਨਜ਼ਦੀਕ ਅੱਜ ਤੋਂ ਸਾਢੇ ਚਾਰ ਸੌ ਸਾਲ ਪਹਿਲਾਂ ਗੁਰੂ ਅਮਰਦਾਸ ਜੀ ਦੇ ਸਮੇਂ ਉਸ ਸਥਾਨ ’ਤੇ ਬਣਾਇਆ ਗਿਆ ਸੀ, ਜਿਥੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੰਡਤਾਂ ਨਾਲ ਗਿਆਨ ਗੋਸਟੀ ਕਰਦਿਆਂ ਉਨ੍ਹਾਂ ਨੂੰ ਇਹ ਸਮਝਾਇਆ ਸੀ ਕਿ ਮਰ ਚੁੱਕੇ ਪ੍ਰਾਣੀ ਦੇ ਪਿੱਛੋਂ ਕੀਤੇ ਗਏ ਕ੍ਰਮਕਾਂਡ ਜਾਂ ਕਿਸੇ ਪੁਜਾਰੀ ਦੇ ਰਾਹੀਂ ਭੇਜੀ ਕੋਈ ਵਸਤੂ ਉਸ ਪਾਸ ਨਹੀਂ ਪੁਜ ਸਕਦੀ।

ਇਹ ਉਹ ਸਥਾਨ ਹੈ ਜਿਥੇ ਪਾਂਡੇ ਚੜ੍ਹਦੇ ਵਾਲੇ ਪਾਸੇ ਮੂੰਹ ਕਰ ਕੇ ਸੂਰਜ ਨੂੰ ਪਾਣੀ ਦੇ ਰਹੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਿਵੇਕਲਾ ਢੰਗ ਅਪਨਾਉਂਦੇ ਹੋਏ ਪੱਛਮ ਵੱਲ ਪਾਣੀ ਸੁਟਣਾ ਸ਼ੁਰੂ ਕਰ ਦਿੱਤਾ ਸੀ। ਪਾਂਡਿਆਂ ਵਲੋਂ ਪੁੱਛਣ ’ਤੇ ਜਦ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਉਹ ਇੱਥੋਂ 300 ਕੋਹ ਦੂਰੀ ਤੇ ਪੱਛਮ ਵੱਲ ਸਥਿਤ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਨ। ਪਾਂਡਿਆਂ ਵਲੋਂ ਹੈਰਾਨੀ ਨਾਲ ਇਹ ਪੁੱਛਣ ’ਤੇ ਕਿ ਤੁਹਾਡੇ ਵਲੋਂ ਸੁੱਟਿਆ ਗਿਆ ਇਹ ਪਾਣੀ ਇੰਨੀ ਦੂਰ ਕਿਵੇਂ ਪਹੁੰਚ ਜਾਵੇਗਾ? ਕਿਉਂਕਿ ਤੁਹਾਡੇ ਵਲੋਂ ਸੁੱਟਿਆ ਗਿਆ ਪਾਣੀ ਤਾਂ ਤੁਹਾਡੇ ਪੈਰਾਂ ਦੇ ਨਜ਼ਦੀਕ ਗੰਗਾ ਵਿੱਚ ਹੀ ਡਿੱਗ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਮੇਰੇ ਵਲੋਂ ਸੁੱਟਿਆ ਗਿਆ ਪਾਣੀ 300 ਕੋਹ ਦੂਰ ਨਹੀਂ ਪਹੁੰਚ ਸਕਦਾ ਤਾਂ ਠੀਕ ਇਸੇ ਤਰ੍ਹਾਂ ਇੱਥੋਂ ਕਰੋੜਾਂ ਕੋਹ ਦੂਰ ਪਿੱਤਰਾਂ ਵਿੱਚ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਵੇਗਾ! ਉਨ੍ਹਾਂ ਨੂੰ ਸਮਝਾਇਆ ਕਿ:

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥’ (ਗਉੜੀ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 332)

ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਸ਼ਰਾਧਾਂ ਦੇ ਨਾਮ ਹੇਠ ਪੰਡਿਤਾਂ ਨੂੰ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥1॥

ਜਿਸ ਸਥਾਨ ’ਤੇ ਇਹ ਗਿਆਨ ਚਰਚਾ ਹੋਈ ਉਸ ਸਥਾਨ ’ਤੇ ਇਹ ਗੁਰਦੁਆਰਾ ਗਿਆਨ ਗੋਦੜੀ ਅੱਜ ਤੋਂ ਸਾਢੇ ਚਾਰ ਸੌ ਸਾਲ ਪਹਿਲਾਂ ਤੋਂ ਬਣਿਆ ਹੋਇਆ ਸੀ ਜਿਹੜਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇੱਕ ਇਤਿਹਾਸਕ ਘਟਨਾਂ ਤੇ ਗੁਰਮਤਿ ਦਾ ਸਿਧਾਂਤ ਨੂੰ ਤਾਜਾ ਕਰਕੇ ਦ੍ਰਿੜ ਕਰਵਾਉਂਦਾ ਸੀ ਪਰ ਅੱਜ ਤੋਂ 27-28 ਸਾਲ ਪਹਿਲਾਂ 1984 ਈਸਵੀ ਵਿੱਚ, ਜਿਸ ਸਮੇਂ ਅਕਾਲ ਤਖ਼ਤ ਸਾਹਿਬ ਹਿੰਦੁਸਤਾਨੀ ਫੌਜਾਂ ਦੇ ਹਮਲੇ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਸੀ, ਉਸ ਸਮੇਂ ਭਾਰਤ ਵਿੱਚ ਅਨੇਕਾਂ ਹੋਰ ਗੁਰਆਰਿਆਂ ਸਮੇਤ ਇਹ ਇਤਿਹਾਸਕ ਗੁਰਦੁਆਰਾ ਵੀ ਢਾਹ ਦਿੱਤਾ ਗਿਆ ਸੀ।

ਭਾਈ ਗੁਰਦਾਸ ਜੀ ਦੀ ਵਾਰ 35 ਦੀ ਅੱਠਵੀਂ ਪਉੜੀ:

ਨਾ ਤਿਸੁ ਭਾਰੇ ਪਰਬਤਾਂ, ਅਸਮਾਨ ਖਹੰਦੇ। ਨਾ ਤਿਸੁ ਭਾਰੇ ਕੋਟ ਗੜ੍ਹ, ਘਰਬਾਰ ਦਿਸੰਦੇ।
ਨਾ ਤਿਸੁ ਭਾਰੇ ਸਾਇਰਾਂ, ਨਦ ਵਾਹ ਵਹੰਦੇ। ਨਾ ਤਿਸੁ ਭਾਰੇ ਤਰੁਵਰਾਂ, ਫਲ ਸੁਫਲ ਫਲੰਦੇ।
ਨਾ ਤਿਸੁ ਭਾਰੇ ਜੀਅ ਜੰਤ, ਅਣਗਣਤ ਫਿਰੰਦੇ। ਭਾਰੇ ਭੁਈਂ ਅਕਿਰਤਘਣ, ਮੰਦੀ ਹੂ ਮੰਦੇ ॥8॥

ਅਤੇ ਇਸ ਦੇ ਅਰਥ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਧਰਤੀ ਨੂੰ, ਪਰਬਤ ਜਿਹੜੇ ਅਸਮਾਨ ਨਾਲ ਖਹਿੰਦੇ ਹਨ ਭਾਰੇ ਨਹੀਂ ਜਾਪਦੇ। ਵੱਡੇ ਵੱਡੇ ਕਿਲੇ ਘਰ ਬਾਰ ਜੋ, ਦਿਸਦੇ ਹਨ, ਉਹ ਵੀ ਉਸਨੂੰ ਭਾਰੇ ਨਹੀਂ ਲੱਗਦੇ। ਸਮੁੰਦ੍ਰ ਅਤੇ ਨਦੀਆਂ ਨਾਲੇ ਜੋ ਚੱਲ ਰਹੇ ਹਨ, ਏਹ ਵੀ ਭਾਰੇ ਨਹੀਂ ਲੱਗਦੇ। ਧਰਤੀ ’ਤੇ ਉਘੀ ਬਨਸਤਪਤੀ ਤੇ ਦਰਖਤ ਵੀ ਇਸ ਨੂੰ ਭਾਰੇ ਨਹੀਂ ਲਗਦੇ। ਵੱਡੇ ਛੋਟੇ ਅਨਗਿਣਤ ਜੀਵ ਜੰਤੂ ਜੋ ਫਿਰ ਰਹੇ ਹਨ, ਉਹ ਭੀ ਉਸ ਨੂੰ ਕੋਈ ਭਾਰੇ ਨਹੀਂ ਲਗਦੇ। ਪਰ ਧਰਤੀ ਨੂੰ ਅਕਿਰਤਘਣ ਭਾਰੇ ਲੱਗਦੇ ਹਨ, ਕਿਉਂਕਿ ਅਕਿਰਤਘਣ ਮੰਦਿਆਂ ਤੋਂ ਮੰਦੇ ਹਨ।

ਭਾਈ ਗੁਰਦਾਸ ਜੀ ਅੱਗੇ ਹੋਰ ਦ੍ਰਿਸ਼ਟਾਂਤ ਦੇ ਕੇ ਇਸ ਨੂੰ ਸਪਸ਼ਟ ਕਰਦੇ ਹਨ:

ਮਦ ਵਿਚਿ ਰਿਧਾ ਪਾਇਕੈ, ਕੁਤੇ ਦਾ ਮਾਸੁ। ਧਰਿਆ ਮਾਣਸ ਖੋਪਰੀ, ਤਿਸੁ ਮੰਦੀ ਵਾਸੁ।
ਰਤੂ ਭਰਿਆ ਕਪੜਾ, ਕਰਿ ਕਜਣੁ ਤਾਸੁ। ਢਕਿ ਲੈ ਚਲੀ ਚੂਹੜੀ, ਕਰਿ ਭੋਗ ਬਿਲਾਸੁ।
ਆਖਿ ਸੁਣਾਏ ਪੁਛਿਆ, ਲਾਹੇ ਵਿਸਵਾਸੁ। ਨਦਰੀ ਪਵੈ ਅਕਿਰਤਘਣੁ, ਮਤੁ ਹੋਇ ਵਿਣਾਸੁ ॥9॥
’ ਭਾਈ ਗੁਰਦਾਸ ਜੀ (ਵਾਰ 35 ਪਉੜੀ 9)

ਭਾਵ ਇਕ ਚੂਹੜੀ ਨੇ ਕੁੱਤੇ ਦਾ ਮਾਸ ਸ਼ਰਾਬ ਵਿਚ ਪਾਕੇ ਰਿੱਧਾ, ਮਨੁੱਖ ਦੀ ਖੋਪਰੀ ਵਿਚ ਰੱਖਿਆ ਹੋਇਆ ਸੀ। (ਇਸ ਕਰਕੇ) ਉਸ ਵਿਚੋਂ ਭੈੜੀ ਵਾਸ਼ਨਾ ਆਉਂਦੀ ਸੀ। ਲਹੂ ਦੇ ਭਰੇ ਹੋਏ ਕੱਪੜੇ ਨਾਲ ਉਸਨੂੰ ਕੱਜਕੇ ਭੋਗ ਬਿਲਾਸ ਕਰਨ ਲਈ ਲਈ ਚਲੀ ਜਾਂਦੀ ਸੀ। ਕਿਸੇ ਨੇ ਪੁੱਛਿਆ ਕਿ ਇਸ ਵਿਖੇ ਕਿਹੜੀ ਅਦਭੁਤ ਚੀਜ਼ ਹੈ, ਜੋ ਤੂੰ ਢੱਕ ਕੇ ਪਰਦੇ ਨਾਲ ਲਈ ਜਾਂਦੀ ਹੈਂ? ਉਸ ਦੇ ਸੰਸੇ ਨੂੰ ਦੂਰ ਕਰਨ ਲਈ ਆਖ ਸੁਣਾਇਆ ਕਿ ਜੇਕਰ ਕ੍ਰਿਤਘਨ ਪੁਰਖ ਦੀ ਇਸ ਪੁਰ ਨਜ਼ਰ ਪੈ ਜਾਉ ਤਾਂ ਇਹ ਫਿਟ ਜਾਊ (ਫੇਰ ਸਾਡੇ ਖਾਣ ਦੇ ਕੰਮ ਦਾ ਨਾ ਰਹੂ, ਇਸ ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢੱਕਿਆ ਹੈ ਕਿ ਇਹ ਮਾਸ ਭੈੜੀ ਨਜ਼ਰ ਨਾਲ ਵਿਗੜ ਨਾ ਜਾਵੇ)।

ਭਾਵ ਇਥੇ ਕੁੱਤੇ ਦਾ ਮਾਸ, ਮੁਰਦੇ ਦੀ ਖੋਪਰੀ, ਸ਼ਰਾਬ ਆਦਿਕ ਸਾਰੀਆਂ ਵਸਤਾਂ ਅਪਵਿੱਤ੍ਰ ਨਜ਼ਰ ਤੋਂ ਪਰੇ ਸਨ, ਫੇਰ ਬੀ ਅਕ੍ਰਿਤਘਨ ਦੀ ਅਜਿਹੀ ਖੋਟੀ ਨਜ਼ਰ ਹੈ ਕਿ ਉਹ ਅਪਵਿੱਤ੍ਰਾਂ ਨੂੰ ਵੀ ਹੋਰ ਅਪਵਿੱਤ੍ਰ ਕਰ ਸਕਦੇ ਹਨ। ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਜਿਸ ਸਿੱਖ ਕੌਮ ਦੇ ਪੰਜਵੇਂ ਗੁਰੂ ਅਰਜੁਨ ਸਾਹਿਬ ਜੀ ਸਿਧਾਂਤ ਦੀ ਰਾਖੀ ਲਈ ਤੱਤੀ ਤਵੀ ’ਤੇ ਬੈਠ ਕੇ ਸੜਨ ਉਪ੍ਰੰਤ ਰਾਵੀ ਦੇ ਠੰਡੇ ਪਾਣੀ ਵਿੱਚ ਰੁੜ ਕੇ ਸ਼ਹੀਦ ਹੋਣਾ ਪ੍ਰਵਾਨ ਕਰ ਸਕਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਤੋਂ ਪਹਿਲਾਂ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਵੱਖ ਵੱਖ ਢੰਗਾਂ ਨਾਲ ਸ਼ਹੀਦ ਹੋ ਸਕਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾਇਆ, ਪਰ ਅੱਜ ਜੇ ਉਸ ਗੁਰੂ ਦੇ ਸਿੱਖ ਉਸ ਸਿਧਾਂਤ ਦਾ ਪ੍ਰਚਾਰ ਕਰਨ ਵਾਲਾ ਗੁਰਦੁਆਰਾ ਬਣਾਉਣ ਲਈ ਕੋਈ ਉਦਮ ਨਹੀਂ ਕਰਨਗੇ ਤਾਂ ਕੀ ਅਸੀਂ ਅਕ੍ਰਿਤਘਣ ਨਹੀਂ ਹੋਵਾਂਗੇ?

ਬਾਬਾ ਬਲਜੀਤ ਸਿੰਘ ਨੇ ਕਿਹਾ ਕਿ 7 ਨਵੰਬਰ ਨੂੰ ਅਸੀਂ ਭਾਈ ਗੁਰਚਰਨ ਸਿੰਘ ਬੱਬਰ ਅਤੇ ਹੋਰਨਾਂ ਗੁਰਸਿੱਖਾਂ ਨੂੰ ਨਾਲ ਲੈ ਕੇ ਅਕਾਲ ਤਖ਼ਤ ਸਾਹਿਬ ਜੀ ਤੋਂ ਅਰਦਾਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਉਸ ਸਥਾਨ ’ਤੇ ਮਨਾਉਣ ਲਈ ਮਾਰਚ ਕੀਤਾ ਸੀ ਤਾਂ ਸਾਨੂੰ ਉਤਰਾਖੰਡ ਦੀ ਸਰਕਾਰ ਨੇ ਸੂਬੇ ਦੀ ਸਰਹੱਦ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਉੱਥੇ ਪਹੁੰਚੇ ਸਰਕਾਰੀ ਅਫ਼ਸਰਾਂ ਨੇ ਦੱਸਿਆ ਕਿ ਤੁਹਾਨੂੰ ਗੁਰਦੁਆਰਾ ਬਣਾਉਣ ਲਈ ਹੋਰ ਜਗਾ ’ਤੇ ਥਾਂ ਦਿੱਤੀ ਜਾ ਸਕਦੀ ਹੈ ਪਰ ਭਾਜਪਾ ਹਾਈ ਕਮਾਂਡ ਦੇ ਅਦੇਸ਼ਾਂ ਅਨੁਸਾਰ ਉਸ ਸਥਾਨ ’ਤੇ ਗੁਰਦੁਆਰਾ ਬਣਾਉਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ।

ਬਾਬਾ ਬਲਜੀਤ ਸਿੰਘ ਨੇ ਕਿਹਾ ਉਤਰਖੰਡ ਦੀ ਸਰਕਾਰ ਦੇ ਰੀਕਾਰਡ ਵਿੱਚ ਇਹ ਸਥਾਨ ਹਾਲੀ ਵੀ ਗੁਰਦੁਆਰੇ ਦੇ ਨਾਮ ਹੈ ਪਰ ਹੁਣ ਉਥੇ ਸਰਕਾਰੀ ਦਫਤਰ ਅਤੇ ਮਾਰਕੀਟ ਬਣਾ ਦਿੱਤੀ ਗਈ ਹੈ। ਜੇ ਸਾਡੇ ਹਿੰਦੂ ਭਰਾ ਭਾਜਪਾ ਵਾਲੇ 500 ਸਾਲ ਤੋਂ ਬਣੀ ਬਾਬਰੀ ਮਸਜਿਦ ਨੂੰ ਢਾਹ ਕੇ ਉਥੇ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ ਤੇ ਇਹ ਨਾਅਰੇ ਲਾਉਂਦੇ ਹਨ ‘ਰਾਮ ਕੀ ਕਸਮ ਖਾਏਂਗੇ। ਰਾਮ ਮੰਦਰ ਵਹੀ ਬਣਾਏਂਗੇ।’ ਤਾਂ ਉਸੇ ਪਾਰਟੀ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਆਪਣੀ ਅਸਲੀ ਥਾਂ ’ਤੇ ਬਣਾਉਣਾ ਕਿਉਂ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਇਨ੍ਹਾਂ ਕੋਲ ਤਾ ਕੋਈ ਸਰਕਾਰੀ ਰੀਕਾਰਡ ਵੀ ਨਹੀਂ ਹੈ ਕਿ ਉਥੇ ਸ਼੍ਰੀ ਰਾਮ ਮੰਦਰ ਕਦੀ ਸੀ ਵੀ ਜਾਂ ਨਹੀਂ, ਪਰ ਸਾਡੇ ਕੋਲ ਤਾਂ ਇਨ੍ਹਾਂ ਦੀ ਸਰਕਾਰ ਦਾ ਹੀ ਰੀਕਾਰਡ ਮੌਜੂਦ ਹੈ। ਪਰ ਇਹ ਸ਼ਕਤੀਆਂ ਨਹੀਂ ਚਾਹੁੰਦੀਆਂ ਕਿ ਦੁਨੀਆਂ ਦੇ ਲੋਕ ਇਸ ਸਥਾਨ ਦੀ ਯਾਤਰਾ ਕਰਕੇ ਉਥੇ ਦ੍ਰਿੜ ਕਰਵਾਏ ਗਏ ਸਿਧਾਂਤ ਤੋਂ ਜਾਣੂ ਹੋਣ। ਉਨ੍ਹਾਂ ਕਿਹਾ ਹਿੰਦੂ ਸਿੱਖਾਂ ਦੇ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਸਿਖਾਂ ਲਈ ਵੱਖਰਾ ਨਿਯਮ ਅਪਣਾ ਕੇ ਇਹ ਰਿਸ਼ਤਾ ਨਾ ਤੋੜਨ। ਉਨ੍ਹਾਂ ਸਮੂੰਹ ਗੁਰੂ ਨਾਨਕ ਨਾਮ ਲੇਵਾ ਅਤੇ ਧਰਮ ਨਿਰਪੱਖ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ 20 ਦਸੰਬਰ ਨੂੰ ਦਿਨ ਦੇ 12 ਵਜੇ ਭਾਜਪਾ ਦੇ ਦਿੱਲੀ ਵਿਖੇ ਹੈੱਡਕੁਆਟਰ ਦੇ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਤਾਂ ਕਿ ਭਾਜਪਾ ਅਤੇ ਉਤਰਾਖੰਡ ਦੀ ਸਰਕਾਰ ’ਤੇ ਦਬਾਉ ਬਣਾਇਆ ਜਾ ਸਕੇ ਤਾਂ ਕਿ ਉਹ ਇਤਿਹਾਸਕ ਥਾਂ ਹੀ ਗੁਰਦੁਆਰਾ ਬਣਾਉਣ ਲਈ ਪ੍ਰਾਪਤ ਕੀਤੀ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top