Share on Facebook

Main News Page

ਗੁਰਬਾਣੀ ਸਿਰਫ਼ ਸਾਡੇ ਪਾਠ ਪੜਨ ਲਈ ਹੀ ਨਹੀਂ ਬਲਕਿ ਸਾਡੀ ਰਾਹ ਦਸੇਰਾ ਹੈ: ਪ੍ਰੋ. ਹਰਜਿੰਦਰ ਸਿੰਘ ਸਭਰਾਅ

* ਸਾਡਾ ਮਨੋਰਥ ਸਿਰਫ਼ ਰਾਹਾਂ ’ਤੇ ਚਲਣਾ ਹੀ ਨਹੀਂ ਬਲਕਿ ਮੰਜ਼ਲ ਤੱਕ ਪਹੁੰਚਣਾ ਹੈ
* ਡਾਕੂ ਸੁੰਞ ਅਤੇ ਚੋਰ ਹਨੇਰੇ ਦੀ ਓਟ ਲੈਂਦਾ ਹਨ, ਪਰ ਠੱਗ ਭੀੜ ਅਤੇ ਚਾਨਣ ਵਿਚ ਹੀ ਲੁੱਟ ਲੈਂਦਾ ਹੈ
* ਭਾਈ ਸੱਜਣ ਕਿੰਨਾ ਭਲਾ ਪੁਰਸ਼ ਸੀ, ਉਹ ਤਾਂ ਗੁਰਬਾਣੀ ਦਾ ਇੱਕ ਸ਼ਬਦ ਸੁਣ ਕੇ ਠੱਗ ਤੋਂ ਸੱਜਣ ਬਣ ਗਿਆ ਪਰ ਅਸੀਂ ਤਾਂ ਗੁਰਬਾਣੀ ਨੂੰ ਠੱਗੀ ਦਾ ਸਾਧਨ ਬਣਾ ਲਿਆ ਹੈ
* 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਨ੍ਹਾਂ ਹੀ ਦਿਨਾਂ ਵਿਚ ਰਾਜ ਗੱਦੀਆਂ, ਅਹੁਦਿਆਂ ਤੇ ਡੋਲੀਆਂ ਦੇ ਕਿੰਨੇ ਲਾਲਚ ਦਿੱਤੇ ਗਏ, ਪਰ ਉਨ੍ਹਾਂ ਨੇ ਸਾਰੇ ਲਾਲਚਾਂ ਨੂੰ ਠੁਕਰਾ ਕੇ ਸਿਧਾਂਤ ਲਈ ਨੀਂਹਾਂ ਵਿਚ ਚਿਣੇ ਜਾਣ ਨੂੰ ਤਰਜੀਹ ਦਿੱਤੀ, ਪਰ ਅੱਜ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਬਜਾਏ, ਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਹੀ ਰਾਜ-ਗੱਦੀਆਂ ਪ੍ਰਾਪਤ ਕਰਨ ਦੇ ਸਾਧਨ ਵਜੋਂ ਵਰਤਣ ਲੱਗੇ ਜਰਾ ਜਿੰਨੀ ਸ਼ਰਮ ਮਹਿਸੂਸ ਨਹੀਂ ਕਰ ਰਹੇ

ਬਠਿੰਡਾ, 17 ਦਸੰਬਰ (ਕਿਰਪਾਲ ਸਿੰਘ): ਗੁਰਬਾਣੀ ਵੱਧ ਤੋਂ ਵੱਧ ਪੜ੍ਹਨੀ ਅਤੇ ਸੁਣਨੀ ਚਾਹੀਦੀ ਹੈ ਪਰ ਇਹ ਕੇਵਲ ਸਾਡੇ ਪਾਠ ਪੜਨ ਲਈ ਹੀ ਨਹੀਂ ਬਲਕਿ ਸਾਡੀ ਰਾਹ ਦਸੇਰਾ ਹੈ। ਇਸ ਲਈ ਇਸ ਨੂੰ ਸਮਝ ਕੇ ਸਹੀ ਰਸਤੇ ਦੀ ਚੋਣ ਕਰ ਕੇ ਉਸ ’ਤੇ ਚੱਲਣ ਦੀ ਲੋੜ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾਅ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਜੇਕਰ ਕਿਸੇ ਮੰਜ਼ਲ ’ਤੇ ਪਹੁੰਚਣਾ ਹੋਵੇ ਤਾਂ ਉਸ ਲਈ ਜ਼ਰੂਰੀ ਹੈ, ਕਿ ਸਾਨੂੰ ਆਪਣੀ ਮੰਜ਼ਲ ਦਾ ਪਤਾ ਹੋਣਾ ਚਾਹੀਦਾ ਹੈ, ਮੰਜ਼ਲ ਤੱਕ ਪਹੁੰਚਣ ਦੇ ਸਹੀ ਰਸਤੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਜੇ ਆਪ ਨੂੰ ਨਾ ਪਤਾ ਹੋਵੇ ਤਾਂ ਕਿਸੇ ਤੋਂ ਪੁੱਛ ਕੇ ਉਸ ਦੱਸੇ ਗਏ ਰਸਤੇ ਨੂੰ ਧਿਆਨ ਨਾਲ ਸਮਝ ਕੇ ਉਸ ਰਸਤੇ ’ਤੇ ਚੱਲਣ ਦੀ ਲੋੜ ਹੈ। ਜੇ ਸਾਨੂੰ ਆਪਣੀ ਮੰਜ਼ਲ ਦਾ ਹੀ ਪਤਾ ਨਾ ਹੋਵੇ, ਜਾਂ ਮੰਜ਼ਲ ਦਾ ਪਤਾ ਹੋਵੇ ਪਰ ਉਸ ਤੱਕ ਪਹੁੰਚਣ ਦੇ ਸਹੀ ਰਸਤੇ ਦਾ ਨਾ ਪਤਾ ਹੋਵੇ ਅਤੇ ਕਿਸੇ ਤੋਂ ਪੁੱਛ ਕੇ ਸਮਝਣ ਦੀ ਵੀ ਕੋਸ਼ਿਸ਼ ਨਾ ਕਰੀਏ ਜਾਂ ਮੰਜ਼ਲ ਅਤੇ ਸਹੀ ਰਸਤੇ ਦੀ ਜਾਣਕਾਰੀ ਵੀ ਹਾਸਲ ਕਰ ਲਈਏ ਪਰ ਉਸ ਰਸਤੇ ’ਤੇ ਚੱਲੀਏ ਹੀ ਨਾ, ਤਾਂ ਕਦੀ ਵੀ ਮੰਜ਼ਲ ’ਤੇ ਨਹੀਂ ਪਹੁੰਚ ਸਕਦੇ। ਪ੍ਰੋ: ਸਭਰਾਅ ਨੇ ਕਿਹਾ, ‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥’ (ਗਉੜੀ ਕੀ ਵਾਰ:1, ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 304) ਭਾਵ ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ)। ਇਸ ਲਈ ਅਸੀਂ ਗੁਰਬਾਣੀ ਇਸ ਲਈ ਪੜ੍ਹਨੀ ਹੈ ਕਿ ਗੁਰਬਾਣੀ ਪੜ੍ਹਦੇ ਪੜ੍ਹਦੇ ਖ਼ੁਦ ਸਤਿ ਸਰੂਪ ਬਣ ਜਾਈਏ।

ਪ੍ਰਭੂ ਦਾ ਸਰੂਪ ਬਣਨ ਲਈ ਜ਼ਰੂਰੀ ਹੈ ਕਿ ਗੁਰਬਾਣੀ ਵਿਚ ਦੱਸੇ ਗਏ ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰੀਏ। ਬਿਨਾਂ ਗੁਣ ਧਾਰਨ ਕੀਤੇ ਅਸੀਂ ਉਸ ਵਰਗੇ ਬਿਲਕੁਲ ਨਹੀਂ ਬਣ ਸਕਦੇ। ਇਸ ਲਈ ਜੇ ਅਸੀਂ ਗੁਰਬਾਣੀ ਪੜ੍ਹ ਸੁਣ ਕੇ ਵੀ ਉਸ ਤੋਂ ਸੇਧ ਲੈ ਕੇ ਗੁਣ ਧਾਰਨ ਕਰਨ ਦੇ ਯਤਨ ਨਹੀਂ ਕਰਦੇ ਤਾਂ ਇਸ ਤਰ੍ਹਾਂ ਸਮਝੋ ਕਿ ਅਸੀਂ ਰਸਤੇ ’ਤੇ ਤੁਰੇ ਤਾਂ ਜਾ ਰਹੇ ਹਾਂ, ਪਰ ਨਾ ਤਾਂ ਸਾਨੂੰ ਸਾਡੀ ਮੰਜ਼ਲ ਦਾ ਪਤਾ ਹੈ, ਨਾ ਹੀ ਰਸਤੇ ਦਾ ਅਤੇ ਨਾ ਹੀ ਕਿਸੇ ਤੋਂ ਮੰਜ਼ਲ ਤੇ ਰਸਤਾ ਪੁੱਛਣ ਦਾ ਯਤਨ ਹੀ ਕਰਦੇ ਹਾਂ। ਕੇਵਲ ਤੁਰੇ ਜਾਣਾ ਸਾਡਾ ਮਨੋਰਥ ਨਹੀਂ ਅਤੇ ਨਾ ਹੀ ਬਿਨਾ ਮੰਜ਼ਲ ਦੀ ਪ੍ਰਾਪਤੀ ਦੇ ਕੇਵਲ ਤੁਰੇ ਜਾਣ ਦਾ ਕੋਈ ਲਾਭ ਹੈ। ਮਨੋਰਥ ਤਾਂ ਹੈ ਮੰਜ਼ਲ ’ਤੇ ਪਹੁੰਚ ਜਾਣਾ। ਇਸ ਲਈ ਬਿਨਾਂ ਸੂਝ ਅਤੇ ਅਮਲਾਂ ਤੋਂ ਗੁਰਬਾਣੀ ਦੇ ਕੇਵਲ ਗਿਣਤੀ ਦੇ ਪਾਠ ਪੜਨ ਇਸ ਤਰ੍ਹਾਂ ਹੀ ਹੈ, ਜਿਵੇਂ ਕਿਸੇ ਰਾਹੀ ਨੂੰ ਨਾ ਆਪਣੀ ਮੰਜ਼ਲ ਦਾ ਪਤਾ ਹੋਵੇ ਤੇ ਨਾ ਹੀ ਸਹੀ ਰਸਤੇ ਦਾ ਪਰ ਦਿਨ ਰਾਤ ਉਹ ਸਫ਼ਰ ਕਰ ਰਿਹਾ ਹੈ। ਇਸ ਹਾਲਤ ਵਿਚ ਉਸ ਨੂੰ ਕਿਸੇ ਮੰਜ਼ਲ ਦਾ ਪਾਂਧੀ ਨਹੀਂ ਬਲਕਿ ਭਟਕਣਾ ਵਿਚ ਪਿਆ ਹੋਇਆ ਕਿਹਾ ਜਾ ਸਕਦਾ ਹੈ। ਕੋਈ ਆਮ ਮਨੁੱਖ ਕਹੇ ਕਿ ਉਸ ਨੂੰ ਆਪਣੀ ਮੰਜ਼ਲ ਅਤੇ ਰਸਤੇ ਦਾ ਪਤਾ ਨਹੀਂ ਤਾਂ ਉਸ ਨੂੰ ਮੁਆਫ਼ ਕੀਤਾ ਜਾ ਸਕਦਾ ਹੈ, ਪਰ ਸਿੱਖ ਇਹ ਨਹੀਂ ਕਹਿ ਸਕਦਾ ਅਤੇ ਨਾ ਹੀ ਉਸ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ਕਿਉਂਕਿ ਸਿੱਖ ਨੂੰ ਤਾਂ ਮੰਜ਼ਲ ਅਤੇ ਰਸਤਾ ਦੱਸਣ ਲਈ, ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਹਾਜ਼ਰ ਨਾਜ਼ਰ ਹਨ। ਜੇ ਪ੍ਰਤੱਖ ਗੁਰੂ ਦੇ ਹੁੰਦੇ ਹੋਏ ਵੀ ਸਿੱਖ, ਗੁਰੂ ਦੀ ਬਜਾਏ ਕਿਸੇ ਹੋਰ ਨੂੰ ਹੀ ਪੁੱਛਦਾ ਫਿਰੇ ਤਾਂ ਕਸੂਰ ਸਿੱਖ ਦਾ ਹੈ, ਗੁਰੂ ਦਾ ਨਹੀਂ।

ਪ੍ਰੋ. ਸਭਰਾਅ ਨੇ ਕਿਹਾ ਕਿ ਅੱਜ ਵੇਖਣ ਵਿਚ ਆਉਂਦਾ ਹੈ ਕਿ ਬੇਸ਼ੱਕ ਬਹੁ ਗਿਣਤੀ ਸਿੱਖ ਗੁਰਬਾਣੀ ਵੀ ਪੜ੍ਹਦੇ ਹਨ, ਗੁਰਦੁਆਰੇ ਵੀ ਆਉਂਦੇ ਹਨ ਪਰ ਉਹ ਗੁਰਦੁਆਰੇ ਆ ਕੇ ਵੀ, ਗੁਰਬਾਣੀ ਪੜ੍ਹ ਸੁਣ ਕੇ ਵੀ ਜੇ ਉਹ ਗੁਰ ਦੀ ਮਤਿ ਧਾਰਨ ਕਰ ਕੇ ਗੁਰਬਾਣੀ ਵਿਚ ਦੱਸੇ ਗਏ ਗੁਣ ਧਾਰਨ ਨਹੀਂ ਕਰਦੇ; ਗੁਰਦੁਆਰੇ ਵੀ ਆਉਂਦੇ ਹਨ; ਪਰ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਵੀ ਲੈ ਕੇ ਆਉਂਦੇ ਹਨ ਤਾਂ ਸਮਝੋ ਗੁਰੂ ਦੇ ਦੱਸੇ ਰਾਹ ’ਤੇ ਨਹੀਂ, ਸ਼ਨੀ ਦੇਵਤੇ ਦੇ ਰਾਹ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਡਾਕਾ ਮਾਰਨ ਲਈ ਡਾਕੂ ਸੁੰਞ ਅਤੇ ਚੋਰ ਚੋਰੀ ਕਰਨ ਲਈ ਹਨੇਰੇ ਦੀ ਓਟ ਲੈਂਦੇ ਹਨ, ਪਰ ਠੱਗ ਨੂੰ ਠੱਗੀ ਮਾਰਨ ਲਈ ਸੁੰਞ ਅਤੇ ਹਨੇਰੇ ਦੀ ਲੋੜ ਨਹੀਂ, ਸਗੋਂ ਠੱਗੀ ਮਾਰਨ ਲਈ ਉਹ ਭੀੜ ਇਕੱਠੀ ਕਰਦੇ ਹਨ ਅਤੇ ਭੀੜ ਵਿਚ ਚਾਨਣ ਦੇ ਹੁੰਦਿਆਂ ਹੀ ਮਨੁੱਖ ਦੇ ਵੇਖਦੇ ਵੇਖਦੇ ਹੀ ਠੱਗੀ ਮਾਰ ਜਾਂਦਾ ਹੈ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿਚ ਵੀ ਬਹੁਤ ਸਾਰੇ ਠੱਗ ਸਾਨੂੰ ਠੱਗ ਰਹੇ ਹਨ। ਜਿਹੜੇ ਭੀੜ ਇਕੱਠੀ ਕਰਨ ਲਈ ਬੇਸ਼ੱਕ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕਰਦੇ ਹਨ ਇਸ ਦੇ ਗਿਣਤੀ ਦੇ ਪਾਠ ਅਤੇ ਇਕੋਤਰੀਆਂ ਕਰਨ ਲਈ ਵੀ ਕਹਿੰਦੇ ਹਨ ਪਰ ਗੁਰਬਾਣੀ ਦਾ ਸਹੀ ਸੰਦੇਸ਼ ਸਾਨੂੰ ਨਹੀਂ ਦੱਸਦੇ, ਬਲਕਿ ਗੁਰੂ ਦੀ ਹਜੂਰੀ ਵਿਚ ਪੂਜਾ ਪ੍ਰਤਿਸ਼ਠਾ ਆਪਣੀ ਹੀ ਕਰਵਾਉਂਦੇ ਹਨ ਉਹ ਸਮਝੋ ਸਾਡੇ ਨਾਲ ਠੱਗੀ ਮਾਰ ਰਹੇ ਹਨ ਤੇ ਇਨ੍ਹਾਂ ਦੀ ਪਛਾਣ ਕਰ ਕੇ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਪ੍ਰੋ. ਸਭਰਾਅ ਨੇ ਕਿਹਾ ਭਾਈ ਸੱਜਣ ਕਿੰਨਾ ਭਲਾ ਪੁਰਸ਼ ਸੀ, ਉਹ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਬਾਣੀ ਦਾ ਇੱਕ ਸ਼ਬਦ ਸੁਣ ਕੇ ਠੱਗ ਤੋਂ ਸੱਜਣ ਬਣ ਗਿਆ, ਪਰ ਅਸੀਂ ਤਾਂ ਗੁਰਬਾਣੀ ਨੂੰ ਠੱਗੀ ਦਾ ਸਾਧਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਇਕੋਤਰੀਆਂ ਕਰਵਾਉਣ ਵਾਲੇ ਗੁਰਬਾਣੀ ਵਿਚੋਂ ਇੱਕ ਤੁਕ ਵੀ ਉਚੀ ਬੋਲ ਕੇ ਨਹੀਂ ਸੁਣਾਉਂਦੇ:

ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥2॥’ (ਮਾਝ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 129) ਅਤੇ ਉਸ ਦੇ ਅਰਥ ਨਹੀਂ ਸਮਝਾਉਂਦੇ ਕਿ ਇਹ ਮਾਇਆ ਹੀ (ਭਾਵ, ਸੁੱਖਾਂ ਦੀ ਕਾਮਨਾ ਤੇ ਦੁੱਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ, ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)। ਸਾਰੇ ਸੰਸਾਰ ਵਿਚ ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ॥2॥

ਇਸੇ ਤਰ੍ਹਾਂ ਜੇ ਗੁਰਦੁਆਰੇ ਦੇ ਪ੍ਰਬੰਧਕ ਵੀ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਆਉਣ ਵਾਲਿਆਂ ਨੂੰ ਇਸ ਗੱਲ ਤੋਂ ਡਰਦੇ ਨਹੀਂ ਸਮਝਾਉਂਦੇ ਕਿ ਸੰਗਤ ਨਾ ਟੁੱਟ ਜਾਵੇ, ਸੰਗਤ ਟੁੱਟ ਗਈ ਤਾਂ ਗੋਲਕ ਘਟ ਜਾਵੇਗੀ; ਤਾਂ ਸਮਝੋ ਉਹ ਗੁਰੂ ਤੇ ਗੁਰਬਾਣੀ ਨੂੰ ਠੱਗੀ ਮਾਰਨ ਦੇ ਸਾਧਨ ਵਜੋਂ ਵਰਤ ਰਹੇ ਹਨ। ਪ੍ਰੋ. ਸਭਰਾਅ ਨੇ ਕਿਹਾ ਜਿਨ੍ਹਾਂ ਨੇ ਗੁਰਬਾਣੀ ਨੂੰ ਠੱਗੀ ਮਾਰਨ ਦਾ ਸਾਧਨ ਨਹੀਂ ਬਲਕਿ ਆਪਣੇ ਜੀਵਨ ਵਿਚ ਕਮਾਇਆ ਹੈ ਉਨ੍ਹਾਂ ਨੇ ਆਰੇ ਨਾਲ ਚੀਰੇ ਜਾਣਾ ਪ੍ਰਵਾਨ ਕਰ ਲਿਆ, ਗਰਮ ਦੇਗਾਂ ਵਿਚ ਉਬਾਲੇ ਖਾ ਲਏ, ਰੂੰ ਵਿਚ ਲਪੇਟ ਕੇ ਅੱਗ ਵਿਚ ਸੜਨਾ ਮਨਜ਼ੂਰ ਕਰ ਲਿਆ, ਬੰਦ ਬੰਦ ਕਟਵਾ ਲਿਆ, ਨੀਂਹਾਂ ਵਿਚ ਚਿਣੇ ਗਏ ਪਰ ਸਿਧਾਂਤ ਨਹੀਂ ਛੱਡਿਆ। ਪਰ ਉਨ੍ਹਾਂ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਦਾ ਹਾਲ ਤੁਸੀਂ ਥੋੜ੍ਹੇ ਹੀ ਦਿਨਾਂ ਬਾਅਦ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਦੀ ਧਰਤੀ ’ਤੇ ਵੇਖੋਗੇ ਕਿ ਕਿਸ ਤਰ੍ਹਾਂ ਰਾਜ ਗੱਦੀਆਂ ਹਾਸਲ ਕਰਨ ਲਈ ਇੱਕ ਦੂਸਰੇ ’ਤੇ ਚਿੱਕੜ ਸੁੱਟਦੇ ਹਨ। ਉਨ੍ਹਾਂ 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਬਿਲਕੁਲ ਹੀ ਵਿਸਾਰ ਚੁੱਕੇ ਹਨ ਕਿ ਇਨ੍ਹਾਂ ਹੀ ਦਿਨਾਂ ਵਿਚ ਉਨ੍ਹਾਂ ਨੂੰ ਵੀ ਰਾਜ ਗੱਦੀਆਂ, ਅਹੁਦਿਆਂ ਤੇ ਡੋਲੀਆਂ ਦੇ ਕਿੰਨੇ ਲਾਲਚ ਦਿੱਤੇ ਗਏ ਸਨ, ਪਰ ਉਨ੍ਹਾਂ ਨੇ ਸਾਰੇ ਲਾਲਚਾਂ ਨੂੰ ਠੁਕਰਾ ਕੇ ਸਿਧਾਂਤ ਲਈ ਨੀਂਹਾਂ ਵਿਚ ਚਿਣੇ ਜਾਣ ਨੂੰ ਤਰਜੀਹ ਦਿੱਤੀ, ਪਰ ਅੱਜ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਬਜਾਏ ਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਹੀ ਰਾਜ-ਗੱਦੀਆਂ ਪ੍ਰਾਪਤ ਕਰਨ ਦੇ ਸਾਧਨ ਵਜੋਂ ਵਰਤਣ ਲੱਗੇ ਜਰਾ ਜਿੰਨੀ ਸ਼ਰਮ ਮਹਿਸੂਸ ਨਹੀਂ ਕਰਦੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top