Share on Facebook

Main News Page

ਗੁਰਬਚਨ ਸਿੰਘ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਸਿਧਾਂਤ ਦੋਹਾਂ ਦਾ ਹੀ ਰੱਜ ਕੇ ਕੀਤਾ ਅਪਮਾਨ

ਜਦੋਂ ਸਿੱਖ ਕੌਮ ਦੀ ਜਾਂ ਸਿੱਖ ਪੰਥ ਦੀ ਗੱਲ ਕਰਦੇ ਹਾਂ ਤਾਂ ਅੱਖਾਂ ਸਾਹਵੇਂ ਗੁਰੂ ਕਾਲ ਤੋਂ ਲੈ ਕਿ ਅੱਜ ਤੱਕ ਦਾ ਸਿੱਖ ਇਤਿਹਾਸ ਆ ਖੜਦਾ ਹੈ। ਸੰਪੂਰਨ ਸਿੱਖ ਇਤਿਹਾਸ ਕੁਰਬਾਨੀਆਂ, ਬਹਾਦਰੀ, ਸੰਜੀਦਗੀ, ਤਿਆਗ, ਭਗਤੀ ਅਤੇ ਅਣਥੱਕ ਇਤਿਹਾਸਕ ਗਾਥਾਵਾਂ ਦੀ ਗਵਾਹੀ ਭਰਦਾ ਹੈ। ਇਤਿਹਾਸ ਦੇ ਬਹੁਤਾ ਵਿਸਥਾਰ ਵਿਚ ਨਾ ਜਾਂਦੇ ਹੋਏ, ਕੇਵਲ ਸਰਸਰੀ ਨਜ਼ਰ ਹੀ ਮਾਰੀਏ ਤਾਂ ਕੀਤੇ ਗੁਰੁ ਅਰਜਨ ਦੇਵ ਜੀ ਤੱਤੀ ਤਵੀ ਤੇ ਅਡੋਲ ਚਿਤ ਬੈਠ ਸੀਸ ਵਿੱਚ ਤੱਤੀ ਰੇਤ ਪਵਾ ਰਹੇ ਹਨ, ਕਿਤੇ ਭਾਈ ਦਿਆਲਾ ਜੀ ਦੇਗ ਨੂੰ ਵਿੱਚ ਉਬਲਿਆ ਜਾ ਰਿਹਾ, ਕਿਤੇ ਭਾਈ ਸਤੀ ਦਾਸ ਅੱਗ ਵਿੱਚ ਸਾੜਿਆ ਜਾ ਰਿਹਾ, ਕਿਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾ ਰਿਹਾ, ਕਿਤੇ ਗੁਰੁ ਤੇਗ ਬਹਾਦਰ ਸਾਹਿਬ ਜ਼ੁਲਮੀ ਤਲਵਾਰ ਸਾਹਵੇਂ ਅਡੋਲ ਬੈਠੇ ਹਨ, ਕਿਤੇ ਗੁਰੂ ਅੱਖਾਂ ਸਾਹਮਣੇਂ ਅਪਣੇ ਪੁੱਤਰ ਸ਼ਹੀਦ ਹੁੰਦੇ ਦੇਖ ਰਿਹਾ, ਕਿਤੇ ਗੁਰੂ ਦੇ ਲਾਲ ਨੀਹਾਂ ਵਿੱਚ ਚੀਣੇ ਜਾ ਰਹੇ ਹਨ, ਕਿਤੇ ਭਾਈ ਤਾਰੂ ਸਿੰਘ ਦਾ ਖੋਪੜ ਰੰਬੀ ਨਾਲ ਉਤਰ ਰਿਹਾ, ਕਿਤੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ, ਕਿਤੇ ਬੰਦਾ ਸਿੰਘ ਦਾ ਮਾਸ ਜਮੂਰਾਂ ਨਾਲ ਨੋਚ ਉਸ ਦੇ ਮੂੰਹ ਵਿੱਚ ਉਸ ਦੇ ਪੁੱਤਰ ਦਾ ਕਾਲਜਾ ਪਾਇਆ ਜਾ ਰਿਹਾ, ਕਿਤੇ ਮਾਵਾਂ ਆਪਣੇ ਬੱਚਿਆਂ ਦੇ ਟੋਟੇ ਝੋਲੀ ਪਵਾ ਰਹੀਆਂ ਕਿਤੇ ਭਾਈ ਘਨੱਈਆ ਜੀ ਅਤੇ ਕਿਤੇ ਭਗਤ ਪੂਰਨ ਸਿੰਘ ਲੋਕਾਈ ਦੀ ਨੀਸ਼ਕਾਮ ਸੇਵਾ ਕਰ ਰਹੇ ਹਨ। ਕਲਮਾਂ ਦੀ ਸਿਆਹੀ ਮੁੱਕ ਸਕਦੀ ਹੈ, ਕਾਗਜ਼ ਮੁੱਕ ਸਕਦੇ ਹਨ ਪਰ ਸਿਰਲੱਥ ਸਿੱਖ ਯੋਧੇਆ ਦੀ ਦਾਸਤਾਂ ਨਹੀ ਮੁੱਕਣੀ। ਜਿੰਨਾ ਯੋਧਿਆਂ ਦੇ ਰੋਮ ਰੋਮ ਚ ਸੇਵਾ, ਤਿਆਗ ਹੱਕ ਸੱਚ ਇਨਸਾਫ ਲਈ ਨਿਰ ਸਵਾਰਥ ਕੁਰਬਾਨੀਆਂ ਕਰਨ ਦੀ ਭਾਵਨਾ ਕੁਟ ਕੁਟ ਕੇ ਭਰੀ ਹੋਵੇ ਉਹਨਾਂ ਦੇ ਮਾਣਮੱਤੇ ਇਤਿਹਾਸ ਤੇ ਕਿਸ ਸਿੱਖ ਨੂੰ ਫਖਰ ਨਹੀਂ ਹੋਵੇਗਾ।

ਗੁਰੂ ਸਾਹਿਬ ਵੱਲੋਂ ਬਖਸ਼ੀ ਜੀਵਨ ਜਾਂਚ ਐਸੀ ਹੈ ਕਿ ਹਰ ਸੱਚਾ ਸਿੱਖ ਆਪਣੇ ਆਪ ਵਿੱਚ ਇਕ ਫਖਰ ਦਾ ਚਿੰਨ੍ਹ ਹੈ। ਮੁੰਢ ਕਦੀਮ ਤੋਂ ਹੀ ਸਿਖ ਐਸਾ ਉੱਚਾ ਸੁੱਚਾ ਜੀਵਨ ਜਿਉਂਦੇ ਆਏ ਹਨ, ਕਿ ਕੁਲ ਇਨਸਾਨੀਅਤ ਨੂੰ ਸਿੱਖਾਂ ਤੇ ਫਖਰ ਮਹਿਸੂਸ ਹੁੰਦਾ ਰਿਹਾ ਹੈ ਤੇ ਹੁੰਦਾ ਰਹੇਗਾ। ਅੱਜ ਤੱਕ ਦੇ ਇਤਿਹਾਸ ਵਿਚ ਕਦੇ ਨਹੀਂ ਪੜਿਆ ਸੁਣਿਆ ਕੇ ਕਿਸੇ ਸਿੱਖ ਬਾਰੇ ਇਹ ਦੱਸਣ ਦੀ ਲੋੜ ਪਈ ਹੋਵੇ ਕਿ ਫਲਾਨਾ ਸਿੰਘ ਫਖਰੇ ਕੌਮ ਹੈ, ਸਿੱਖ ਕਦੇ ਵੀ ਕਿਸੇ ਖਿਤਾਬ ਦਾ ਭੁੱਖਾ ਨਹੀ ਰਿਹਾ ਨਵਾਬ ਕਪੂਰ ਸਿੰਘ ਦੀ ਮਿਸਾਲ ਜਗਤ ਦੇ ਸਾਹਮਣੇ ਹੈ।

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਿਖਾਂ ਦੀ ਅਜ਼ਾਦ ਹਸਤੀ ਨੂੰ ਬਿਆਨ ਕਰਦੀ ਹੈ, ਅਕਾਲ ਤਖਤ ਸਾਹਿਬ ਇਸ ਗੱਲ ਦਾ ਪ੍ਰਮਾਣ ਹੈ ਕਿ ਕੋਈ ਵੀ ਰਾਜਸੀ ਸੱਤਾ ਦਾ ਮਾਲਕ ਹੱਕ ਸੱਚ ਤੇ ਧਰਮ ਨੂੰ ਕੁਚਲ ਨਹੀਂ ਸਕਦਾ। ਪਰ ਅੱਜ ਕਲ ਜੋ ਕੁੱਝ ਮੀਰੀ ਪੀਰੀ ਦੇ ਮਾਲਕ ਦੇ ਸਥਾਨ ਤੇ ਹੋ ਰਿਹਾ ਉਸ ਨੂੰ ਦੇਖ ਹਰ ਸੱਚਾ ਸਿੱਖ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਕੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਨੂੰ ਸਿੱਖ ਇਤਿਹਾਸ ਦਾ ਪੂਰਾ ਗਿਆਨ ਨਹੀਂ? ਕੀ ਉਹਨਾਂ ਨੂੰ ਗੁਰੂ ਸਾਹਿਬ ਤੇ ਸਭ ਸਿੰਘਾ ਸਿੰਘਣੀਆਂ ਜਿਨਾ ਨੂੰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਭੁੱਲ ਗਈਆਂ? ਉਪਰੋਕਤ ਦਿੱਤੇ ਕੁਝ ਕੁ ਇਤਿਹਾਸਕ ਵੇਰਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਇਹ ਵਿਚਾਰ ਮਨ ਵਿੱਚ ਆਉਂਦਾ ਹੈ, ਕਿ ਸਿੱਖ ਕੌਮ ਦੇ ਮਹਾਨ ਸੇਵਾਦਾਰਾਂ ਯੋਧਿਆਂ ਨੂੰ ਭੁਲਾ ਕਿਸੇ ਰਜਨੀਤਕ ਵਿਅਕਤੀ ਨੂੰ ਫਖਰੇ ਕੌਮ ਖਿਤਾਬ ਦੇਣਾਂ ਸਿਖ ਇਤਿਹਾਸ ਦੀ ਤੌਹੀਨ ਨਹੀਂ? ਤੇ ਉਹ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ।

ਪ੍ਰਕਾਸ਼ ਸਿੰਘ ਬਾਦਲ ਇਕ ਮਹਾਨ ਰਾਜਨੀਤੀਵਾਨ ਹੋ ਸਕਦਾ ਹੈ, ਉਸ ਅਧਾਰ ‘ਤੇ ਰਾਜਨੀਤਿਕ ਲੋਕ ਉਸ ਨੂੰ ਫਖਰੇ ਦੁਨਿਅਵੀ ਰਾਜਨੀਤੀ ਦਾ ਖਿਤਾਬ ਤਾਂ ਦੇ ਸਕਦੇ ਸਨ ਪਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਕੀ ਮਜਬੂਰੀ ਸੀ ਕਿ ਉਹਨਾ ਨੂੰ ਕੋਈ ਹੋਰ ਇਨਸਾਨ ਲੱਭਿਆ ਹੀ ਨਹੀਂ ਜਿਸ ਤੇ ਕੌਮ ਫਖਰ ਕਰ ਸਕੇ। ਇਥੇ ਸਵਾਲ ਪ੍ਰਕਾਸ਼ ਸਿੰਘ ਬਾਦਲ ਦੀ ਯੋਗਤਾ ਦਾ ਨਹੀਂ, ਸਵਾਲ ਤਾਂ ਉਹਨਾਂ ਲੋਕਾਂ ਦੀ ਯੋਗਤਾ ਅਤੇ ਕਾਬਲੀਅਤ ਦਾ ਹੈ ਜਿਨ੍ਹਾਂ ਇਹ ਖਿਤਾਬ ਦਿੱਤਾ। ਕਿਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਆਪਣੇ ਆਪ ਨੂੰ ਅਕਾਲ ਪੁਰਖ ਤਾਂ ਨਹੀਂ ਸਮਝਣ ਲੱਗ ਪਏ? ਕਿਉਕਿ ਜਦੋ ਉਹਨਾਂ ਦਾ ਮਨ ਕਰੇ ਉਹ ਕਿਸੇ ਨੂੰ ਵੀ ਕੌਮ ਵਿੱਚੋ ਕੱਢਣ ਦਾ ਆਦੇਸ਼ ਸਕਦੇ ਹਨ, ਜਦੋਂ ਉਹਨਾਂ ਦਾ ਮਨ ਕਰੇ ਕੌਮ ਨੂੰ ਇਹ ਕਿਹ ਸਕਦੇ ਹਨ ਕਿ ਵਲਾਨੇ ਇਨਸਾਨ ਤੇ ਸਿੱਖ ਕੌਮ ਫਖਰ ਕਰੇ।

ਕੌਮ ਇਸ ਗੱਲ ਦਾ ਜਵਾਬ ਮੰਗਦੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਪਰੋਕਤ ਸਿੰਘਾਂ ਨਾਲੋਂ ਕਿਹੜਾ ਕੰਮ ਮਹਾਨ ਕੀਤਾ ਹੈ, ਜੋ ਉਹਨਾਂ ਨੂੰ ਜੀਵਨ ਕਾਲ ਵਿੱਚ ਹੀ ਫਖਰੇ ਕੌਮ ਕਹਿ ਦਿੱਤਾ ਗਿਆ ਪਰ ਹੋਰ ਕਿਸੇ ਵੀ ਸਿੱਖ ਨੂੰ ਸ਼ਹੀਦੀ ਉਪਰੰਤ ਵੀ ਇਹ ਖਿਤਾਬ ਨਹੀਂ ਦਿੱਤਾ ਗਿਆ? ਸ: ਗੁਰਬਚਨ ਸਿੰਘ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੋਂ ਇਹ ਅਖੌਤੀ ਖਿਤਾਬ ਦੇ ਕੇ ਕੌਮ ਦੇ ਸੱਚੇ ਸੇਵਾਦਾਰਾਂ, ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਪਦਵੀ, ਸਿੱਖ ਇਤਿਹਾਸ ਤੇ ਕੌਮੀ ਸ਼ਹੀਦਾਂ ਦਾ ਹੀ ਨਰਾਦਰ ਨਹੀ ਕੀਤਾ ਬਲਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਥਨ ਤੇ ਸਿਧਾਂਤ ਦੋਹਾਂ ਦਾ ਹੀ ਰੱਜ ਕੇ ਅਪਮਾਨ ਕੀਤਾ। ਇਸ ਦੇ ਤਿੰਨ ਹੀ ਕਾਰਨ ਹੋ ਸਕਦੇ ਹਨ, ਇਕ ਤਾਂ ਇਹ ਕਿ ਸ. ਗੁਰਬਚਨ ਸਿੰਘ ਸਿੱਖੀ ਸਿਧਾਂਤਾਂ ਤੇ ਸਿੱਖ ਇਤਿਹਾਸ ਦੀ ਮਾਮੂਲੀ ਜਾਣਕਾਰੀ ਵੀ ਨਹੀਂ ਰੱਖਦੇ,

ਦੂਸਰਾ ਇਹ ਕਿ ਉਹਨਾ ਨੂੰ ਜਾਣਕਾਰੀ ਤਾਂ ਹੈ ਪਰ ਜਾਣਦੇ ਹੋਏ ਵੀ ਸੱਚ ਤੇ ਪਹਿਰਾ ਦੇਣ ਤੋਂ ਅਸਮਰੱਥ ਹਨ

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥216॥

ਤੇ ਤੀਸਰਾ ਅਜ਼ਾਦ ਜ਼ਮੀਰ ਦੇ ਮਾਲਕ ਨਹੀਂ। ਇਹਨਾ ਤਿੰਨਾ ਹੀ ਹਾਲਾਤਾਂ ਵਿਚ ਉਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਦੇ ਕਿਵੇਂ ਕਾਬਲ ਹੋਏ? ਇਤਿਹਾਸ ਨੇ ਕਦੇ ਵੀ ਇਸ ਗੁਸਤਾਖੀ ਨੂੰ ਮਾਫ ਨਹੀਂ ਕਰਨਾ ਸ: ਗੁਰਬਚਨ ਸਿੰਘ ਨੂੰ ਵੀ ਅਰੂੜ ਸਿੰਘ ਵਾਂਗੂ ਯਾਦ ਰੱਖਿਆ ਜਾਵੇਗਾ।

ਗੁਰਬਚਨ ਸਿੰਘ ਦੀ ਜ਼ਮੀਰ ਦਾ ਜੇ ਹਾਲੇ ਵੀ ਕੋਈ ਹਿੱਸਾ ਜਾਗਦਾ ਹੈ, ਤਾਂ ਉਹਨਾਂ ਨੂੰ ਆਪਣੀ ਇਸ ਅਯੋਗਤਾ ਦਾ ਇਹਸਾਸ ਕਰਦੇ ਹੋਏ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੱਕ ਸੱਚ ਤੇ ਧਰਮ ਰੱਖਿਆ ਲਈ ਕੀਤੀ ਸੀ, ਨਾ ਕਿ ਰਾਜਨੀਤਕ ਤਾਕਤਾਂ ਦੀ ਚਾਪਲੂਸੀ ਲਈ।

ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ

ਗਗਨਦੀਪ ਸਿੰਘ ਖਾਲਸਾ
jagdakhalsa@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top