Share on Facebook

Main News Page

ਦੁਬਈ ’ਚ ਸਿੱਖ ਡਰਾਈਵਰਾਂ ਲਈ ਦਸਤਾਰ ’ਤੇ ਪਾਬੰਦੀ

* ਇਨਕਾਰ ਕਰਨ ਵਾਲੇ ਸਿੱਖ ਡਰਾਈਵਰਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਦੋ ਜਣਿਆਂ ਨੂੰ ਨੋਟਿਸ ਜਾਰੀ

ਚੰਡੀਗੜ (17 ਦਸੰਬਰ, ਤਲਵਿੰਦਰ ਸਿੰਘ ਬੁੱਟਰ): ਯੂਰਪੀਨ ਦੇਸ਼ਾਂ ਦੇ ਹਵਾਈ ਅੱਡਿਆਂ 'ਤੇ ਦਸਤਾਰ ਦੀ ਬੇਅਦਬੀ ਦੀਆਂ ਘਟਨਾਵਾਂ ਹਾਲੇ ਰੁਕੀਆਂ ਨਹੀਂ ਕਿ ਹੁਣ ਅਰਬ ਦੇਸ਼ਾਂ ਵਿਚ ਵੀ ਸਿੱਖਾਂ ਦੀ ਧਾਰਮਿਕ ਪਛਾਣ ਦੀ ਪ੍ਰਤੀਕ ਦਸਤਾਰ ਲਈ ਖ਼ਤਰਾ ਪੈਦਾ ਹੋ ਗਿਆ ਹੈ। ਹਾਲ ਹੀ ਦੌਰਾਨ ਖ਼ਬਰ ਮਿਲੀ ਹੈ ਕਿ ਦੁਬਈ ਵਿਚ ਸਿੱਖ ਡਰਾਈਵਰਾਂ ਨੂੰ ਦਸਤਾਰ ਲਾਹ ਕੇ ਕੇਸ ਪਿੱਛੇ ਨੂੰ ਰੱਖਣ ਅਤੇ ਦਾੜੀ ਨੂੰ ਪ੍ਰੈਸ ਕਰਨ ਲਈ ਆਖਿਆ ਜਾ ਰਿਹਾ ਹੈ। ਕੰਕਰੀਟ ਬਣਾਉਣ ਵਾਲੀ ਇਕ ਕੰਪਨੀ ਅਲਾਸ ਐਮਰੇਟ ਰੈਡੀਮਿਕਸ ਨੇ ਦਸਤਾਰ ਲਾਹੁਣ ਅਤੇ ਦਾੜੀ ਨੂੰ ਪ੍ਰੈਸ ਕਰਨ ਤੋਂ ਨਾਂਹ ਕਰਨ ਵਾਲੇ ਸਿੱਖ ਡਰਾਈਵਰਾਂ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਸੰਕਟ ਵਿਚ ਫ਼ਸੇ ਸਿੱਖ ਡਰਾਈਵਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦੁਹਾਈ ਦਿੱਤੀ ਹੈ।

ਮਿਲੀਆਂ ਰਿਪੋਰਟਾਂ ਮੁਤਾਬਕ ਆਬੂਧਾਬੀ ਦੀ ਕੰਕਰੀਟ ਬਣਾਉਣ ਵਾਲੀ ਕੰਪਨੀ ਅਲਾਸ ਐਮਰੇਟ ਰੈਡੀਮਿਕਸ ਵਲੋਂ ਆਪਣੇ ਸਿੱਖ ਡਰਾਈਵਰਾਂ ਨੂੰ ਫ਼ੌਜੀ ਖੇਤਰਾਂ ਵਿਚ ਜਾਣ ਲਈ ਵਿਸ਼ੇਸ਼ ਪਾਸ ਬਣਾਉਣ ਖਾਤਰ ਦਸਤਾਰ ਲਾਹ ਕੇ ਵਾਲ ਪਿੱਛੇ ਨੂੰ ਕਰਨ ਅਤੇ ਦਾੜੀ ਨੂੰ ਪ੍ਰੈਸ ਕਰਕੇ ਫ਼ੋਟੋ ਖਿਚਵਾਉਣ ਲਈ ਆਖਿਆ ਗਿਆ ਹੈ। ਕੰਪਨੀ ਵਿਚ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਊਨਾ ਜਿਲੇ ਦੇ ਪਿੰਡ ਮਲੂਕਪੁਰ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਸਿੱਖ ਰਣਜੀਤ ਸਿੰਘ ਨੇ ਆਬੂਧਾਬੀ ਤੋਂ ਟੈਲੀਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਾਸ ਐਮਰੇਟ ਰੈਡੀਮਿਕਸ ਕੰਪਨੀ ਵਿਚ ਕੰਮ ਕਰਨ ਵਾਲੇ ਉਨਾਂ ਦੇ ਸਾਥੀ ਡਰਾਈਵਰ ਜਸਵਿੰਦਰ ਸਿੰਘ, ਬਲਵੀਰ ਸਿੰਘ, ਸੁਲੱਖਣ ਸਿੰਘ, ਪ੍ਰਭਜੀਤ ਸਿੰਘ, ਸੁਰਜੀਤ ਸਿੰਘ ਅਤੇ ਜਰਨੈਲ ਸਿੰਘ ਨੇ ਕੰਪਨੀ ਦੇ ਕਹਿਣ 'ਤੇ ਦਸਤਾਰ ਲਾਹ ਕੇ ਫ਼ੋਟੋ ਖਿਚਵਾਉਣ ਤੋਂ ਨਾਂਹ ਕਰ ਦਿੱਤੀ ਹੈ, ਜਿਸ 'ਤੇ ਕੰਪਨੀ ਨੇ ਸੁਰਜੀਤ ਸਿੰਘ ਅਤੇ ਪ੍ਰਭਜੀਤ ਸਿੰਘ ਨੂੰ ਇਕ ਮਹੀਨੇ ਵਿਚ ਨੌਕਰੀ ਤੋਂ ਵਿਹਲਾ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਬਾਕੀਆਂ ਨੂੰ ਦਸਤਾਰ ਲਾਹੁਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਕੰਪਨੀ ਦਾ ਕਹਿਣਾ ਹੈ ਕਿ ਫ਼ੌਜੀ ਖੇਤਰ ਵਿਚ ਪੱਗ ਵਾਲੇ ਬੰਦੇ ਨੂੰ ਜਾਣ ਦੀ ਆਗਿਆ ਨਹੀਂ ਮਿਲ ਸਕਦੀ, ਜਿਸ ਕਰਕੇ ਉਹ ਵਾਲ ਪਿੱਛੇ ਨੂੰ ਕਰਕੇ ਅਤੇ ਦਾੜੀ ਨੂੰ ਪ੍ਰੈਸ ਕਰਕੇ ਫ਼ੋਟੋ ਖਿਚਵਾਉਣ। ਸਿੱਖ ਡਰਾਈਵਰਾਂ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਜਾਣਬੁੱਝ ਕੇ ਅਜਿਹਾ ਆਖਿਆ ਜਾ ਰਿਹਾ ਹੈ, ਜਦੋਂਕਿ ਅਸਲ ਵਿਚ ਇਹੋ-ਜਿਹੀ ਕੋਈ ਗੱਲ ਨਹੀਂ ਹੈ। ਰਣਜੀਤ ਸਿੰਘ ਮਲੂਕਪੁਰ ਨੇ ਦੱਸਿਆ ਕਿ ਉਨਾਂ ਨੇ ਦੁਬਈ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਹੈ, ਪਰ ਇਨੀਂ ਦਿਨੀਂ ਉਥੇ ਛੁੱਟੀਆਂ ਚੱਲ ਰਹੀਆਂ ਹਨ। ਦਸਤਾਰ ਲਾਹੁਣ ਤੋਂ ਨਾਂਹ ਕਰਕੇ ਸੰਕਟ ਵਿਚ ਫ਼ਸੇ ਦੁਬਈ ਦੇ ਸਿੱਖ ਡਰਾਈਵਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗੁਰਬਚਨ ਸਿੰਘ ਨਾਲ ਵੀ ਸੰਪਰਕ ਕਰਕੇ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਅਪੀਲ ਕੀਤੀ ਹੈ। ਰਣਜੀਤ ਸਿੰਘ ਮਲੂਕਪੁਰ ਨੇ ਦੱਸਿਆ ਕਿ ਜਥੇਦਾਰ ਗੁਰਬਚਨ ਸਿੰਘ ਨੇ ਉਨਾਂ ਨੂੰ ਸਿਦਕ 'ਤੇ ਕਾਇਮ ਰਹਿਣ ਲਈ ਧਰਵਾਸ ਦਿੰਦਿਆਂ ਆਖਿਆ ਹੈ, ਕਿ ਉਹ ਜਲਦੀ ਹੀ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਦੇ ਧਿਆਨ ਵਿਚ ਮਾਮਲਾ ਲਿਆਉਣਗੇ ਅਤੇ ਇਨਾਂ ਡਰਾਈਵਰਾਂ ਦੀ ਹਰ ਤਰਾਂ ਨਾਲ ਮਦਦ ਕਰਨਗੇ।

ਇਨਾਂ ਡਰਾਈਵਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਦੁਬਈ 'ਚ ਉਨਾਂ ਨੂੰ ਧਾਰਮਿਕ ਆਜ਼ਾਦੀ ਦੇ ਸੰਕਟ ਵਿਚੋਂ ਬਾਹਰ ਕੱਢਣ ਲਈ ਤੁਰੰਤ ਪੈਰਵਾਈ ਕਰਨ। ਉਨਾਂ ਆਖਿਆ ਕਿ ਦੁਬਈ ਦੀ ਸਿਰਫ਼ ਇਕ ਹੀ ਕੰਪਨੀ ਨਹੀਂ, ਸਗੋਂ ਬਹੁਤ ਸਾਰੀਆਂ ਕੰਪਨੀਆਂ ਸਿੱਖ ਡਰਾਈਵਰਾਂ ਨਾਲ ਧਰਮ ਆਧਾਰ 'ਤੇ ਵਿਤਕਰਾ ਕਰਦਿਆਂ ਉਨਾਂ ਨੂੰ ਦਸਤਾਰ ਅਤੇ ਦਾੜੀ ਕਾਰਨ ਤੰਗ-ਪ੍ਰੇਸ਼ਾਨ ਕਰਦੀਆਂ ਹਨ। ਜਿਹੜੇ ਨੌਜਵਾਨ ਸਿੱਖੀ ਹੌਂਸਲੇ ਤੋਂ ਡੋਲ ਜਾਂਦੇ ਹਨ, ਉਨਾਂ ਨੂੰ ਤਾਂ ਨੌਕਰੀ 'ਤੇ ਰੱਖ ਲਿਆ ਜਾਂਦਾ ਹੈ ਅਤੇ ਦੂਜਿਆਂ ਨੂੰ ਕੱਢ ਦਿੱਤਾ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top