Share on Facebook

Main News Page

ਗੁਰੂ ਸਾਹਿਬਾਨ ਅਤੇ ਭਗਤਾਂ ਦੇ ਨਾਮ ’ਤੇ ਅਵਾਰਡ ਦੇਣੇ ਤੇ ਲੈਣੇ ਯੋਗ ਨਹੀਂ: ਗਿਆਨੀ ਜਾਚਕ

ਨਿਊਯਾਰਕ, 13 ਦਸੰਬਰ (ਤ੍ਰਲੋਚਨ ਸਿੰਘ ਦੁਪਾਲਪੁਰ): ਅੱਜ ਕੱਲ ਜਿਥੇ ਪੰਜਾਬ ਦੇ ਰਾਜਨੀਤਕ ਆਗੂਆਂ ਨੂੰ ਚੋਣਾਂ ਦਾ ਤਾਪ ਚੜ੍ਹਿਆ ਹੋਇਆ ਹੈ ਅਤੇ ਉਹ ਬੇਹੋਸ਼ੀ ਵਿੱਚ ਪੰਜਾਬ ਦੇ ਭਖਦੇ ਮਸਲਿਆਂ ਨੂੰ ਭੁੱਲ ਕੇ ਖੂੰਡੋ-ਖੂੰਡੀ ਹੁੰਦੇ ਹੋਏ ਇੱਕ ਦੂਜੇ ਪ੍ਰਤੀ ਬਕੜਵਾਹ ਕਰ ਰਹੇ ਹਨ। ਉਥੇ, ਸੁਆਰਥੀ ਤੇ ਚਾਪਲੂਸ ਲੋਕ ਉਨ੍ਹਾਂ ਨੂੰ ਵੱਡੇ ਵੱਡੇ ਐਵਾਰਡਾਂ ਨਾਲ ਨਿਵਾਜ਼ ਕੇ ਤਿਨ੍ਹਾਂ ਅੰਦਰਲੀ ਭਖਦੀ ਹਉਮੈ ਨੂੰ ਹੋਰ ਹਵਾ ਦੇ ਰਹੇ ਹਨ; ਜੋ ਦੋਵਾਂ ਧਿਰਾਂ ਲਈ ਹਾਨੀਕਾਰਕ ਹੈ। ਸਾਨੂੰ ਖ਼ਿਆਲ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਮਹਾਨ ਵਿਅਕਤੀ ਦੇ ਨਾਂ ’ਤੇ ਐਵਾਰਡ ਦਿੱਤਾ ਜਾਂਦਾ ਹੈ ਤਾਂ ਇੱਕ ਤਰ੍ਹਾਂ ਨਾਲ ਐਵਾਰਡੀ ਨੂੰ ਕੁਝ ਪੱਖਾਂ ਤੋਂ ਉਸ ਨਾਲ ਤੁਲਨਾ ਦਿੱਤੀ ਜਾਂਦੀ ਹੈ। ਇਸ ਲਈ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਨਾਮ ’ਤੇ ਐਵਾਰਡ ਦੇਣੇ ਤੇ ਲੈਣੇ ਬਿਲਕੁਲ ਯੋਗ ਨਹੀਂ। ਅਜਿਹੇ ਵਿਹਾਰ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ, ਸਾਡੇ ਵਿੱਚ ਐਸੀ ਕੋਈ ਸਖ਼ਸ਼ੀਅਤ ਨਹੀਂ, ਜਿਹੜੀ ਉਨ੍ਹਾਂ ਦੀਆਂ ਰੂਹਾਨੀ ਹਸਤੀਆਂ ਦੀ ਕਿਸੇ ਪੱਖੋਂ ਵੀ ਬਰਾਬਰੀ ਕਰ ਸਕੇ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਤਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਕਾਂਗਰਸੀ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਨੂੰ ਮਿਲੇ ‘ਭਗਤ ਧੰਨਾ ਜੱਟ ਐਵਾਰਡ’ ਬਾਰੇ ਪ੍ਰਤੀ ਕਰਮ ਜਾਨਣਾ ਚਾਹਿਆ।

‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ’ ਦੇ ਪੰਜਾਬੀ ਮੁਹਾਵਰੇ ਦੀ ਵਰਤੋਂ ਕਰਦਿਆਂ ਉਨ੍ਹਾਂ ਆਖਿਆ ਕਿ ਜੇ ਮੁਖ ਮੰਤਰੀ ਬਾਦਲ ਨੇ ਆਪਣੇ ਥਾਪੇ ਸਿੰਘ ਸਾਹਿਬਾਂ ਪਾਸੋਂ ‘ਪੰਥ-ਰਤਨ ਫ਼ਖਰਿ ਕੌਮ’ ਐਵਾਰਡ ਹਾਸਲ ਕਰ ਲਿਆ; ਤਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਤੋਂ ਭੈ-ਭੀਤ ਹੋ ਕੇ ਲੋਕ ਉਨ੍ਹਾਂ ਦਾ ਵਿਰੋਧ ਵੀ ਨਾ ਕਰਨ ਅਤੇ ਸਿਰਮੌਰ ਬਣ ਕੇ ਪੰਥਕ ਵੋਟਾਂ ਵੀ ਬਟੋਰ ਲਈਆਂ ਜਾਣ। ਕਾਂਗਰਸ ਪ੍ਰਧਾਨ ਕੈਪਟਨ ਨੇ ਸੋਚਿਆ ਕਿ ਮੈਂ ਪਿਛੇ ਕਿਉਂ ਰਹਾਂ, ਉਸ ਨੇ ਆਪਣੇ ‘ਭਗਤ ਧੰਨਾ ਜੱਟ’ ਐਵਾਰਡ ਹਾਸਲ ਕਰ ਲਿਆ ਤਾਂਕਿ ਜੱਟਾਂ ਦੀਆਂ ਵੋਟਾਂ ਵੀ ਹਾਸਲ ਕਰ ਲਈਆਂ ਜਾਣ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕਾਂਗਰਸੀ ਆਗੂ ਕੁੱਝ ਦਿਹਾੜੇ ਪਹਿਲਾਂ ਬਾਦਲ ਨੂੰ ਪੰਥ ਰਤਨ ਦਾ ਐਵਾਰਡ ਨਾ ਲੈਣ ਦੀ ਸਲਾਹਾਂ ਦੇ ਰਹੇ ਸਨ, ਉਨ੍ਹਾਂ ਨੂੰ ਇਹ ਖ਼ਿਆਲ ਹੀ ਨਾ ਆਇਆ ਕਿ ਕੈਪਟਨ ਕਿਹੜੇ ਨੁਕਤੇ ਤੋਂ ਭਗਤ ਹੈ। ਅਸੀਂ ਭੁੱਲ ਜਾਂਦੇ ਕਿ ਸ੍ਰੇਸ਼ਟ ਕਰਣੀ ਮਨੁੱਖ ਨੂੰ ਮਹਾਨ ਬਣਾਉਂਦੀ ਹੈ, ਐਵਾਰਡੀ ਸਰਟੀਫਿਕੇਟ ਨਹੀਂ।

ਜਦੋਂ ਜਾਚਕ ਜੀ ਨੂੰ ਪੁਛਿਆ ਕਿ ਇਸ ਬਾਰੇ ਸਾਡੇ ਤਖ਼ਤਾਂ ਦੇ ਜਥੇਦਾਰ ਚੁੱਪ ਕਿਉਂ ਹਨ, ਤਾਂ ਉਨ੍ਹਾਂ ਕਿਹਾ ਉਹ ਕਿਹੜੇ ਮੂੰਹ ਨਾਲ ਬੋਲਣ। ਕਿਉਂਕਿ, ਉਹ ਵਿਚਾਰੇ ਤਾਂ ਪਹਿਲਾਂ ਹੀ ਫਸੇ ਹੋਏ ਚਿੰਤਾਤੁਰ ਬੈਠੇ ਹਨ, ਕਿ ਵਿਧਾਨ ਸਭਾਂ ਦੀਆਂ ਚੋਣਾ ਹੋਣ ਕਾਰਨ ਰਾਜਨੀਤਕ ਆਗੂਆਂ ਵੱਲੋਂ ਇੱਕ ਦੂਜੇ ਪ੍ਰਤੀ ਇਲਜ਼ਾਮ ਬਾਜ਼ੀ ਸ਼ੁਰੂ ਹੈ। ਜੇ ਕੋਈ ‘ਪੰਥ ਰਤਨ ਫ਼ਖਰਿ ਕੌਮ’ ਦੀ ਸ਼ਾਨ ਦੇ ਵਿਰੁਧ ਬੋਲਿਆ, ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਮੰਨਿਆ ਜਾਏਗਾ। ਐਸੀ ਹਾਲਤ ਵਿੱਚ ਉਹ ਫਤਵਿਆਂ ਰਾਹੀਂ ਕਿਸ ਕਿਸ ਦਾ ਮੂੰਹ ਬੰਦ ਕਰਨਗੇ? ਜੇ ਹੁਣ ਉਹ ਵੋਟਾਂ ਦੇ ਲਈ ਨਿਰੰਕਾਰੀਆਂ ਤੇ ਸੌਦਾ ਸਾਧ ਵਰਗੇ ਪੰਥ ਵਿਰੋਧੀ ਡੇਰੇਦਾਰਾਂ ਤੇ ਅਡਵਾਨੀ ਵਰਗੇ ਆਗੂਆਂ ਨਾਲ ਗਲਵਕੜੀ ਪਾ ਕੇ ਖੜੇ ਹੋ ਗਏ ਤਾਂ ਉਹ ਫ਼ਖ਼ਰ ਕਿਸ ‘ਤੇ ਕਰਨਗੇ? ਰੱਬ ਨਾ ਕਰੇ, ਜੇਕਰ ਪੰਥ ਰਤਨ ਦੇ ਪ੍ਰਵਾਰ ਦਾ ਕੋਈ ਜੀਅ ਚੋਣਾ ਵਿੱਚ ਹਾਰ ਗਿਆ, ਤਾਂ ਇਹ ਵੀ ਤਾਂ ਬਹੁਤ ਵੱਡੀ ਪੰਥਕ ਹੇਠੀ ਮੰਨੀ ਜਾਏਗੀ। ਅਸਲ ਵਿੱਚ ਐਸੇ ਹੀ ਕੁਝ ਕਾਰਨ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰਖਦਿਆਂ ਸੂਝਵਾਨ ਪੰਥ ਦਰਦੀਆਂ ਦੀ ਸਲਾਹ ਹੈ, ਕਿ ਅਜਿਹਾ ਉੱਚਾ-ਸੁੱਚਾ ਐਵਾਰਡ ਕਿਸੇ ਨੀਯਮਾਵਲੀ ਤਹਿਤ ਮਰਨ ਉਪਰੰਤ ਹੀ ਦੇਣਾ ਹੀ ਸਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top