Share on Facebook

Main News Page

ਬਾਬਿਆਂ ਦੀਆਂ ਬਰਸੀਆਂ ਨੇ ਸਾਥੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਖੋਹ ਲਏ ਹਨ: ਗਿਆਨੀ ਸ਼ਿਵਤੇਗ ਸਿੰਘ

* ਸਾਡਾ ਫ਼ਖ਼ਰ ਤਾਂ ਹਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਆਦਿ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਪਾਈਆਂ, ਪਰ ਜਿਨ੍ਹਾਂ ਨੂੰ ਅੱਜ ਫ਼ਖ਼ਰ-ਏ-ਕੌਮ ਦੇ ਅਵਾਰਡ ਦਿੱਤੇ ਜਾ ਰਹੇ ਹਨ, ਉਨ੍ਹਾਂ ’ਤੇ ਫ਼ਖ਼ਰ ਨਹੀਂ ਫ਼ਿਕਰ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਦੇ ਕਾਰਨਾਮਿਆਂ ਸਦਕਾ ਅੱਜ ਕੌਮ ਪਤਿਤਪੁਣੇ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਗਈ ਹੈ

* ਧੰਨ ਸਨ ਗਨੀ ਖਾਂ ਨਬੀ ਖਾਂ ਅਤੇ ਭਾਈ ਨੰਦ ਲਾਲ ਜੀ ਜਿਨ੍ਹਾਂ ਮਰਨ ਤੋਂ ਬਾਅਦ ਵੀ ਗੁਰੂ ਚਰਨਾਂ ਦੀ ਨੇੜਤਾ ਮੰਗੀ ਪਰ ਅਸੀਂ ਤਾਂ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਜਿਉਂਦੇ ਹੋਏ ਹੀ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਦਰ ਦਰ ਭਟਕਦੇ ਹਾਂ ਤਾਂ ਫ਼ਖ਼ਰ ਕਿਸ ਗੱਲ ਦਾ ਕਰੀਏ?

* ਫ਼ਖ਼ਰ-ਏ-ਕੌਮ ਦਾ ਅਵਾਰਡ ਦੇਣ ਅਤੇ ਲੈਣ ਵਾਲਿਆਂ ਦੀ ਸਥਿਤੀ ‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ ਵਾਲੀ ਬਣੀ ਹੋਈ ਹੈ ਜਿਸ ਦਾ ਹੋਰ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ

ਬਠਿੰਡਾ, 14 ਦਸੰਬਰ (ਕਿਰਪਾਲ ਸਿੰਘ): ਬਾਬਿਆਂ ਦੀਆਂ ਬਰਸੀਆਂ ਨੇ ਸਾਥੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਖੋਹ ਲਏ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀ ਵਾਰ ਕਥਾ ਦੌਰਾਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਰਾਗੁ ਮਾਝ ਵਿਚ ਉਚਾਰਣ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਨਾ ਨੰ: 135 ’ਤੇ ਦਰਜ ਬਾਰਹ ਮਾਹ ਵਿਚੋਂ ‘ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥11॥’ ਸ਼ਬਦ ਦੀ ਕਥਾ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਨ ਤੋਂ ਲੈ ਕੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਚਮਕੌਰ ਦੀ ਗੜ੍ਹੀ ’ਚੋਂ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿਚ ਪਹੁੰਚਣ ਦੇ, ਦਿਲ ਨੂੰ ਦਹਿਲਾ ਦੇਣ ਵਾਲੇ ਇਤਿਹਾਸ ਨੂੰ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਹ ਦਿਨ ਅੱਜ ਵਾਲੇ ਇਹੋ ਦਿਨ ਸਨ, ਜਿਨ੍ਹਾਂ ਦਿਨਾਂ ਵਿਚ ਪੈ ਰਹੀ ਅਤਿ ਦੀ ਠੰਢ ਦਾ ਜ਼ਿਕਰ ਇਸ ਪਾਵਨ ਸ਼ਬਦ ਵਿਚ ਕੀਤਾ ਹੈ।

ਇਨ੍ਹਾਂ ਦਿਨਾਂ ਵਿਚ ਵਾਪਰੀਆਂ ਭਿਆਨਕ ਇਤਿਹਾਸਕ ਘਟਨਾਵਾਂ ਵਲ ਪਰਤਦਿਆਂ ਉਨ੍ਹਾਂ ਕਿਹਾ ਯਾਦ ਕਰੋ ਪੋਹ ਦੇ ਉਹ ਦਿਨ ਜਿਨ੍ਹਾਂ ਦਿਨਾਂ ਵਿਚ ਮਾਵਾਂ ਆਪਣੇ ਬੱਚਿਆਂ ਨੂੰ ਰਜਾਈਆਂ ਤੁਲਾਈਆਂ ਵਿਚ ਇਸ ਤਰ੍ਹਾਂ ਲਪੇਟ ਕੇ ਰੱਖਦੀਆਂ ਹਨ ਕਿ ਮਤਾਂ ਉਨ੍ਹਾਂ ਨੂੰ ਕਿਸੇ ਪਾਸੇ ਤੋਂ ਠੰਢੀ ਹਵਾ ਲੱਗ ਜਾਣ ਕਰ ਕੇ ਬੱਚੇ ਨੂੰ ਠੰਢ ਜਾਂ ਜ਼ੁਕਾਮ ਨਾ ਲੱਗ ਜਾਵੇ। ਪਰ ਇਨ੍ਹਾਂ ਹੀ ਦਿਨਾਂ ਵਿਚ ਮਾਤਾ ਗੁਜਰ ਕੌਰ ਠੰਢੇ ਬੁਰਜ ਵਿਚ ਭੁੱਖੇ ਭਾਣੇ 6 ਤੇ 8 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਤ ਨੂੰ ਸਿੱਖ ਇਤਿਹਾਸ ਤੇ ਸਿਧਾਂਤ ਦ੍ਰਿੜ ਕਰਵਾਉਂਦੀ ਹੋਈ ਉਨ੍ਹਾਂ ਨੂੰ ਚੇਤਾ ਕਰਵਾਉਂਦੀ ਸੀ ਕਿ ਵੇਖਣਾ ਕਿਸੇ ਲਾਲਚ ਜਾਂ ਡਰ ਅਧੀਨ ਗੁਰ ਸਿਧਾਂਤ ਨੂੰ ਪਿੱਠ ਨਾ ਦੇ ਦੇਣਾ। ਇਸ ਤਰ੍ਹਾਂ ਦੋ ਦਿਨ ਤੱਕ ਰਾਤ ਨੂੰ ਗੁਰਮਤਿ ਸਿਧਾਂਤ ਦ੍ਰਿੜ ਕਰਵਾਉਣਾ ਤੇ ਸਵੇਰ ਨੂੰ ਉਨ੍ਹਾਂ ਨੂੰ ਤਿਆਰ ਕਰ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਤੋਰਨਾ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਉਨ੍ਹਾਂ ਫ਼ਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਉਸ ਇਲਾਕੇ ਦੇ ਲੋਕ ਪੋਹ ਦਾ ਸਾਰਾ ਮਹੀਨਾ ਭੁੰਜੇ ਸੌਂਦੇ ਸਨ ਤੇ ਕਹਿੰਦੇ ਸਨ ਕਿ ਇਨ੍ਹਾਂ ਦਿਨਾਂ ਵਿਚ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ, ਜਿੱਥੇ ਸਾਰੇ ਪਾਸਿਆਂ ਤੋਂ ਠੰਢੀਆਂ ਠਾਰ ਹਵਾਵਾਂ ਆ ਰਹੀਆਂ ਸਨ, ਵਿਚ ਰਾਤ ਨੂੰ ਭੁੱਖਣਭਾਣੇ ਦਾਦੀ ਮਾਂ ਦੀ ਗੋਦ ਵਿਚ ਬੈਠ ਕੇ ਗੁਰਮਤਿ ਸਿਧਾਂਤ ਤੇ ਸਿੱਖ ਇਤਿਹਾਸ ਸੁਣਦੇ ਰਹੇ ਸਨ ਫਿਰ ਅਸੀਂ ਇਨ੍ਹਾਂ ਦਿਨਾਂ ਵਿਚ ਉਸ ਇਤਿਹਾਸ ਨੂੰ ਯਾਦ ਕਰਨ ਦੀ ਥਾਂ ਪਲੰਘਾਂ ਤੇ ਕਿਵੇਂ ਸੌਂ ਸਕਦੇ ਹਾਂ? ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਬਾਬਿਆਂ ਦੀ ਬਰਸੀਆਂ ਮਨਾਉਂਦਿਆਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਬਿਲਕੁਲ ਭੁੱਲ ਚੁੱਕੇ ਹਾਂ।

ਗਿਆਨੀ ਸ਼ਿਵਤੇਗ ਸਿੰਘ ਨੇ ਭਾਵੁਕ ਹੁੰਦੇ ਹੋਏ ਕਿਹਾ, ਸਾਨੂੰ ਫ਼ਖ਼ਰ ਕਰਨਾ ਚਾਹੀਦਾ ਹੈ ਭਾਈ ਮੋਤੀ ਰਾਮ ਮਹਿਰਾ ’ਤੇ, ਜਿਹੜੇ ਕਾਲੀ ਬੋਲ਼ੀ ਠੰਢੀ ਰਾਤ ਨੂੰ ਭੁੱਖੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਲਈ ਗਏ, ਬਾਵਜੂਦ ਪਤਾ ਹੋਣ ਦੇ ਵੀ ਕਿ ਜੇ ਹਕੂਮਤ ਨੂੰ ਪਤਾ ਲੱਗ ਗਿਆ ਤਾਂ ਉਨ੍ਹਾਂ ਦੇ ਪਰਵਾਰ ਦਾ ਬੱਚਾ ਬੱਚਾ ਕੋਹਲੂ ਵਿਚ ਪੀੜ ਦਿੱਤਾ ਜਾਵੇਗਾ। ਸਾਡਾ ਫ਼ਖ਼ਰ ਤਾਂ ਹਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਆਦਿ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਪਾਈਆਂ। ਪਰ ਜਿਨ੍ਹਾਂ ਨੂੰ ਅੱਜ ਫ਼ਖ਼ਰ-ਏ-ਕੌਮ ਦੇ ਅਵਾਰਡ ਦਿੱਤੇ ਜਾ ਰਹੇ ਹਨ, ਉਨ੍ਹਾਂ ’ਤੇ ਫ਼ਖ਼ਰ ਨਹੀਂ ਫ਼ਿਕਰ ਕਰਨਾ ਚਾਹੀਦਾ ਹੈ, ਕਿ ਇਨ੍ਹਾਂ ਦੇ ਕਾਰਨਾਮਿਆਂ ਸਦਕਾ ਅੱਜ ਕੌਮ ਪਤਿਤਪੁਣੇ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਗਈ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਕਬਰਾਂ ਦੀ ਪੂਜਾ ਦੀ ਕੋਈ ਥਾਂ ਨਹੀਂ ਹੈ ਪਰ ਮਾਛੀਵਾੜੇ ਵਿਖੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ ਉਸ ਦੇ ਸਾਹਮਣੇ ਹੀ ਭਾਈ ਗਨੀ ਖਾਂ ਨਬੀ ਖਾਂ ਦੀਆਂ ਕਬਰਾਂ ਬਣੀਆਂ ਹੋਈਆਂ ਹਨ। ਇਹ ਕਬਰਾਂ ਪੂਜਾ ਵਾਸਤੇ ਨਹੀਂ ਹਨ ਤੇ ਨਾ ਹੀ ਕੋਈ ਉਨ੍ਹਾਂ ਕਬਰਾਂ ਦੀ ਪੂਜਾ ਕਰਦਾ ਹੈ। ਇਹ ਕਬਰਾਂ ਉੱਥੇ ਸਿਰਫ਼ ਇਸ ਲਈ ਬਣੀਆਂ ਹਨ ਕਿਉਂਕਿ ਭਾਈ ਗਨੀ ਖਾਂ ਨਬੀ ਖਾਂ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਉਨ੍ਹਾਂ ਦੀਆਂ ਕਬਰਾਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦਗਾਰ ਦੇ ਸਾਹਮਣੇ ਹੀ ਬਣਾਈਆਂ ਜਾਣ ਤਾ ਕਿ ਉਹ ਮਰ ਕੇ ਵੀ ਗੁਰੂ ਚਰਨਾਂ ਤੋਂ ਦੂਰ ਨਾ ਜਾਣ। ਇਸੇ ਤਰ੍ਹਾਂ ਭਈ ਨੰਦ ਲਾਲ ਜੀ ਨੇ ਆਪਣੀ ਇੱਕ ਗ਼ਜ਼ਲ ਵਿਚ ਹਵਾ ਨੂੰ ਬੇਨਤੀ ਕੀਤੀ ਹੈ ਕਿ ਜਿਸ ਸਮੇਂ ਮੇਰਾ ਸਸਕਾਰ ਹੋ ਰਿਹਾ ਹੋਵੇ ਉਸ ਸਮੇਂ ਇੰਨਾ ਤੇਜ ਨਾ ਚੱਲ ਪਵੀਂ ਜਿਸ ਨਾਲ ਮੇਰੀ ਸੁਆਹ ਹੀ ਉੱਡ ਕੇ ਗੁਰੂ ਚਰਨਾਂ ਤੋਂ ਦੂਰ ਚਲੀ ਜਾਵੇ। ਉਨ੍ਹਾਂ ਕਿਹਾ ਧੰਨ ਸਨ ਗਨੀ ਖਾਂ ਨਬੀ ਖਾਂ ਅਤੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਮਰਨ ਤੋਂ ਬਾਅਦ ਵੀ ਗੁਰੂ ਚਰਨਾਂ ਦੀ ਨੇੜਤਾ ਮੰਗੀ ਪਰ ਅਸੀਂ ਤਾਂ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਜਿਉਂਦੇ ਹੋਏ ਹੀ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਦਰ ਦਰ ਭਟਕਦੇ ਹਾਂ, ਤਾਂ ਫ਼ਖ਼ਰ ਕਿਸ ਗੱਲ ਦਾ ਕਰੀਏ? ਭਾਈ ਸ਼ਿਵਤੇਗ ਸਿੰਘ ਨੇ ਕਿਹਾ ਇਸ ਸਮੇਂ ਫ਼ਖ਼ਰ-ਏ-ਕੌਮ ਦਾ ਅਵਾਰਡ ਦੇਣ ਅਤੇ ਲੈਣ ਵਾਲਿਆਂ ਦੀ ਸਥਿਤੀ ‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 722) ਵਾਲੀ ਬਣੀ ਹੋਈ ਹੈ ਜਿਸ ਦਾ ਹੋਰ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top