Share on Facebook

Main News Page

ਆਹ ਲਓ ਜੱਥੋਦਾਰੋ ਤੁਹਾਡੇ ਪੰਥ ਰਤਨ , ਫਖ਼ਰ ਏ ਕੌਮ ਦੇ ਪੰਥ ਵਿਰੋਧੀ ਕਾਰਨਾਮੇ

* ਸੌਦਾ ਸਾਧ ਦੀ ਸਤਿਸੰਗ ਲਈ ਭੇਜੀਆਂ ਗਈਆਂ ਪੰਜਾਬ ਰੋਡਵੇਜ ਦੀਆਂ ਬੱਸਾਂ
* ਟਿਕਟ ਬੇਸ ਤੇ ਭੇਜੀਆਂ ਗਈਆਂ ਬੱਸਾਂ - ਜਨਰਲ ਮੈਨੇਜਰ

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ (ਕੁਲਦੀਪ ਰਿਣੀ / ਜਸਪਾਲ ਜੱਸੀ): ਅਜੇ ਤਾਂ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਪੰਥ ਰਤਨ , ਫਖ਼ਰ ਏ ਕੌਮ ਐਵਾਰਡ ਕਿਸੇ ਸ਼ੋਅ ਪੀਸ ਦਾ ਸ਼ਿੰਗਾਰ ਵੀ ਨਹੀਂ ਬਣਿਆ ਹੋਣਾ ਅਤੇ ਜੱਥੇਦਾਰਾਂ ਦੁਆਰਾ ਦਿੱਤਾ ਸਿਰੋਪਾਓ ਵੀ ਸਾਇਦ ਅਜੇ ਮੁੱਖ ਮੰਤਰੀ ਦੀ ਕਿਸੇ ਗੱਡੀ ਦੀ ਕਿਸੇ ਸੀਟ ਦੇ ਕੋਨੇ ਵਿੱਚ ਹੀ ਪਿਆ ਹੋਵੇ ਪਰ ਇਸ ਤੋਂ ਪਹਿਲਾ ਕਿ ਪੰਥ ਰਤਨ ਫਖਰ ਏ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਇਸ ਐਵਾਰਡ ਬਾਰੇ ਸੰਗਤਾਂ ਦੁਆਰਾ ਕੀਤਾ ਵਿਰੋਧ ਭੁੱਲਦਾ ਉਸ ਤੋਂ ਪਹਿਲਾ ਹੀ ਫਖਰ ਏ ਕੌਮ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਥ ਵਿਰੋਧੀ ਇੱਕ ਅਜਿਹਾ ਕਾਰਨਾਮਾ ਕਰ ਦਿੱਤਾ, ਜਿਸ ਨਾਲ ਫਿਰ ਇਹ ਸਾਬਿਤ ਹੋ ਗਿਆ ਕਿ ਆਰ ਐਸ ਐਸ ਦੀ ਝੋਲੀ ਵਿੱਚ ਬੈਠੇ ਇੰਨਾ ਸਿੱਖ ਵਿਰੋਧੀ ਆਗੂਆਂ ਕਰਤੂਤਾਂ ਤੋਂ ਬਾਜ ਨਹੀਂ ਆਉਣਾ ਭਾਵੇ ਲੱਖ ਐਵਾਰਡ ਕੌਮ ਵੱਲੋਂ ਦਿੱਤੇ ਜਾਣ। ਮਿਲੀ ਜਾਣਕਾਰੀ ਅਨੁਸਾਰ ਅੱਜ ਡੇਰਾ ਸਿਰਸਾ ਵਿਖੇ ਸੌਦਾ ਸਾਧ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਾਧ ਪ੍ਰਤੀ ਸਰਕਾਰ ਅਤੇ ਉਸਦੇ ਅਧਿਕਾਰੀਆਂ ਨੇ ਪੂਰੀ ਸਰਧਾ ਵਿਖਾਉਦੇ ਹੋਏ ਤਾਂ ਜੋ ਸੌਦਾ ਸਾਧ ਦੇ ਚੇਲਿਆਂ ਨੂੰ ਕਿਸੇ ਤਰਾ ਦੀ ਤਕਲੀਫ ਨਾ ਹੋਵੇ ਪੰਜਾਬ ਰੋਡਵੇਜ ਦੀਆਂ ਸਪੈਸ਼ਨ ਬੱਸਾਂ ਬਾਕੀ ਦੇ ਰੂਟ ਠੱਪ ਕਰਕੇ ਡੇਰਾ ਸਰਸਾ ਲਈ ਭੇਜੀਆ।

ਸ੍ਰੀ ਮੁਕਤਸਰ ਸਾਹਿਬ ਤੋਂ ਸਰਸਾ ਲਈ ਲਗਭਗ 12 ਬੱਸਾਂ ਨੇ ਡੇਰਾ ਸਾਧ ਦੇ ਚੇਲਿਆਂ ਨੂੰ ਢੋਇਆ। ਸ੍ਰੀ ਮੁਕਤਸਰ ਸਾਹਿਬ ਤੋਂ ਗਈਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਡਰਾਇਵਰਾਂ ਨੂੰ ਹੁਕਮ ਸੁਣਾਇਆ ਗਿਆ ਕਿ ਉਹ ਬੱਸ ਸਟੈਂਡ ਤੋਂ ਬੱਸਾਂ ਸਥਾਨਕ ਰੇਲਵੇ ਸਟੇਸ਼ਨ ਤੱਕ ਲੈ ਕੇ ਜਾਣ ਜਿੱਥੋ ਬਾਬਾ ਜੀ ਦੇ ਚੇਲੇ ਬੱਸਾਂ 'ਚ ਸਵਾਰ ਹੋਣਗੇ ਅਤੇ ਉਹਨਾਂ ਨੂੰ ਉਂਥੋ ਸਿਰਸਾ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਤਰਾ ਦੀ ਪ੍ਰੇਸ਼ਾਨੀ ਨਾ ਆਵੇ। ਇਸ ਦੌਰਾਨ ਪੀ ਬੀ 30 ਡੀ 902, 903,904,956,907 ਅਤੇ ਪੀ ਬੀ 30 ਬੀ 9010, 9005 ਆਦਿ ਬੱਸਾਂ ਦਾ ਰੂਟ ਰੱਦ ਕਰਕੇ ਇਹਨਾਂ ਨੂੰ ਸਿਰਸਾ ਭੇਜਿਆ ਗਿਆ। ਹੁਣ ਵੇਖੋ ਪੰਥ ਦੇ ਵਾਰਸੋ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖ਼ਰ ਏ ਕੌਮ ਸਿੱਖ ਕੌਮ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ ਜਾਂ ਕਿਸੇ ਦੇਹਧਾਰੀ ਸਾਧ ਵੱਲੋਂ ਇਸ ਦਾ ਫੈਸਲਾ ਸੰਗਤਾਂ ਨੇ ਕਰਨਾ ਹੈ। ਪਰ ਫਿਲਹਾਲ ਇਹ ਪੰਥ ਰਤਨ ਹਮੇਸ਼ਾਂ ਦੀ ਤਰਾ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਦੇਹਧਾਰੀਆਂ ਦਾ ਸਾਥ ਦੇ ਰਿਹਾ ਹੈ। ਇੱਕ ਨਿੱਜੀ ਚੈਨਲ ਤੇ ਆਉਦੀ ਇੱਕ ਮਸ਼ਹੂਰੀ ਕਿ ਬਾਦਲ ਵਰਗਾ ਮੁੱਖ ਮੰਤਰੀ ਲੱਭਣਾ ਨਹੀਂ ਪੰਜਾਬ ਨੂੰ ਸਹੀ ਅਰਥਾਂ ਵਿੱਚ ਇਹਨਾਂ ਸਾਧਾਂ, ਡੇਰਿਆਂ ਦੇ ਮਾਲਕਾਂ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀਆਂ ਏਜੰਸੀਆਂ ਨੂੰ ਸੁਣਾਉਣ ਲਈ ਚਲਾਈ ਗਈ ਹੈ ਕਿ ਤੁਸੀ ਵੇਖੋ ਕਿ ਇਸ ਤੋਂ ਚਲਾਕ ਸਿੱਖ ਕੌਣ ਹੋਵੇਗਾ ਜੋ ਪੰਥ ਵਿਰੋਧੀ ਕੰਮ ਕਰਕੇ ਵੀ ਪੰਥ ਰਤਨ ਦਾ ਐਵਾਰਡ ਹਾਸਿਲ ਕਰ ਗਿਆ।

ਇਸ ਗੱਲ ਦਾ ਜਵਾਬ ਤਾਂ ਬਾਦਲ ਸਾਹਿਬ ਹੀ ਦੇ ਸਕਦੇ ਹਨ ਕਿ ਉਹਨਾਂ ਨੂੰ ਇਸ ਸਭ ਦੀ ਜਾਣਕਾਰੀ ਹੈ ਜਾਂ ਨਹੀਂ, ਪਰ ਸਰਕਾਰ ਦੇ ਕਿਸੇ ਅਧਿਕਾਰੀ ਦੀ ਕੀ ਜੁਰਅਤ ਕੇ ਉਹ ਸਰਕਾਰ ਤੋਂ ਪੁੱਛੇ ਬਿਨਾਂ ਪੱਤਾ ਵੀ ਹਿਲਾਵੇ ਤੇ ਇਹ ਤਾਂ ਫਿਰ ਵੀ ਇੱਕ ਸ਼ਹਿਰ 'ਚੋ 12 ਬੱਸਾਂ ਭੇਜਣ ਦਾ ਮਾਮਲਾ ਹੈ। ਜਦ ਇਸ ਸਬੰਧੀ ਪੰਜਾਬ ਰੋਡਵੇਜ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਹ ਕਹਿ ਕੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰਾ ਹਰ ਵਾਰ ਹੁੰਦਾ ਹੈ ਜਿਸ ਰੂਟ ਤੇ ਸਾਨੂੰ ਜਿਆਦਾ ਸਵਾਰੀਆਂ ਲੱਗਦੀਆਂ ਹਨ ਘੱਟ ਸਵਾਰੀਆਂ ਵਾਲੇ ਰੂਟ ਦੀਆਂ ਬੱਸਾਂ ਰੱਦ ਕਰਕੇ ਉਸ ਰੂਟ ਤੇ ਭੇਜ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਬੱਸਾਂ ਟਿਕਟ ਬੇਸ ਤੇ ਭੇਜੀਆਂ ਜਾਂਦੀਆਂ ਹਨ ਪਰ ਜਦ ਉਹਨਾਂ ਨਾਲ ਇਹ ਗੱਲ ਕੀਤੀ ਗਈ ਕਿ ਟਿਕਟ ਅਧਾਰ ਤੇ ਗਈਆਂ ਸਵਾਰੀਆਂ ਨੂੰ ਇਹ ਹੱਕ ਹੈ ਕਿ ਉਹ ਬੱਸ ਦੇ ਅੱਗੇ ਆਪਣਾ ਬੈਨਰ ਲਗਾ ਸਕਣ ਤਾਂ ਜਨਰਲ ਮੈਨੇਜਰ ਕੋਈ ਢੁੱਕਵਾ ਜਵਾਬ ਨਹੀਂ ਦੇ ਸਕੇ।

ਵਰਨਣਯੋਗ ਹੈ ਕਿ ਬੱਸਾਂ ਦੇ ਸਟਾਫ ਨੂੰ ਵੀ ਇਸ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਕਿ ਬਹੁਤੇ ਰੂਟ ਰੱਦ ਕਰਕੇ ਬੱਸਾਂ ਨੂੰ ਸਿਰਸਾ ਭੇਜਿਆ ਗਿਆ, ਅਤੇ ਇਹ ਬੱਸਾਂ ਸਮਾਗਮ ਖਤਮ ਹੋਣ ਤੱਕ ਉੱਥੇ ਰਹਿਣਗੀਆਂ ਅਤੇ ਸਮਾਗਮ ਖਤਮ ਹੋਣ ਤੋਂ ਬਾਅਦ ਸਵਾਰੀਆਂ ਵਾਪਿਸ ਲੈ ਕੇ ਆਉਣਗੀਆਂ। ਇਸ ਤੋਂ ਵੀ ਜਨਰਲ ਮੈਨੇਜਰ ਦੀ ਗੱਲ ਵਿੱਚ ਸਭ ਠੀਕ ਨਹੀਂ ਵੱਲ ਇਸ਼ਾਰਾ ਹੁੰਦਾ ਹੈ ਕਿਉਕਿ ਅੱਜ ਤੱਕ ਤਾਂ ਅਜਿਹਾ ਹੋਇਆ ਨਹੀਂ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਇੱਕ ਥਾਂ ਸਵਾਰੀਆਂ ਛੱਡਣ ਉਪਰੰਤ ਉੱਥੇ ਹੀ ਖੜ ਕੇ 4 ਤੋਂ 5 ਘੰਟੇ ਸਵਾਰੀਆਂ ਵਾਪਿਸ ਆਉਣ ਦਾ ਇੰਤਜਾਰ ਕਰਨ। ਪਰ ਜਦ ਇਸ ਸਬੰਧੀ ਡਿੱਪੂ ਦੇ ਕੁਝ ਆਗੂਆਂ ਨਾਲ ਸੰਪਰਕ ਕੀਤਾ ਤਾਂ ਇਹ ਤੱਥ ਸਾਹਮਣੇ ਆਏ ਕਿ ਅਜਿਹਾ ਪਹਿਲਾ ਕਦੇ ਨਹੀਂ ਹੋਇਆ ਅਤੇ ਇਹ ਪਹਿਲੀ ਵਾਰ ਹੈ ਕਿ ਇਸ ਤਰਾ ਕਿਸ ਸਮਾਗਮ ਲਈ ਰੋਡਵੇਜ ਦੀਆਂ ਬੱਸਾਂ ਭੇਜੀਆਂ ਜਾ ਰਹੀਆਂ ਹਨ। ਭਾਵੇ ਕਿ ਸਰਕਾਰ ਅਤੇ ਉਸਦੇ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰਨ ਪਰ ਇਹ ਸਭ ਦਾਲ ਦੇ ਵਿੱਚ ਕੁਝ ਕਾਲਾ ਜਰੂਰ ਹੈ ਵੱਲ ਇਸ਼ਾਰਾ ਕਰਦਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top