Share on Facebook

Main News Page

"ਵਿਰਾਸਤ-ਏ-ਖ਼ਾਲਸਾ" 'ਚ ਸਿੱਖ ਸਿਧਾਂਤਾਂ ਦੇ ਘੱਟ, ਘਿਸੀਆਂ ਪਿਟੀਆਂ ਚਲਦੀਆਂ ਆ ਰਹੀਆਂ ਮਨੋਕਲਪਿਤ ਤਸਵੀਰਾਂ ਦੇ ਦਰਸ਼ਨ ਵਧੇਰੇ ਹੁੰਦੇ ਹਨ

ਅਨੰਦਪੁਰ ਸਾਹਿਬ, 10 ਦਸੰਬਰ (ਸੁਰਿੰਦਰ ਸਿੰਘ ਸੋਨੀ): ਜਿਵੇਂ ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋ ਸ਼ਹੀਦਾਂ ਦੀ ਇਸ ਜਥੇਬੰਦੀ ਨੂੰ ਪੰਜਾਬੀ ਪਾਰਟੀ ਬਣਾ ਦਿਤਾ ਗਿਆ ਹੈ ਬਿਲਕੁਲ ਉਸੇ ਤਰਜ ਤੇ ਵਿਰਾਸਤ ਏ ਖਾਲਸਾ ਨੂੰ ਵੀ ਵਿਰਾਸਤ ਏ ਪੰਜਾਬ ਬਨਾਉਣ ਦਾ ਭਰਪੂਰ ਯਤਨ ਕੀਤਾ ਗਿਆ ਹੈ। ਖਾਲਸੇ ਦੀ ਪਾਵਨ ਧਰਤੀ ਅਨੰਦਪੁਰ ਸਾਹਿਬ ਵਿਖੇ 400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਰਾਸਤ ਏ ਖਾਲਸਾ ਭਾਵੇ ਪੰਜਾਬ ਦੀ ਅਕਾਲੀ ਸਰਕਾਰ ਲਈ ਕਿਸੇ ਅਜੂਬੇ ਤੋ ਘੱਟ ਨਹੀਂ, ਪਰ ਸਿੱਖ ਧਰਮ ਬਾਰੇ ਥੋੜੀ ਵੀ ਜਾਣਕਾਰੀ ਰੱਖਣ ਵਾਲੇ ਸਿੱਖ ਜਦੋਂ ਇਸ ‘ਅਜੂਬੇ'ਦੇ ਦਰਸ਼ਨ ਕਰਦੇ ਹਨ, ਤਾਂ ਉਹ ਇਸ ਨੂੰ ਇਕ ਅਜਾਇਬ ਘਰ ਤੋਂ ਵੱਧ ਮਾਨਤਾ ਦੇਣ ਨੂੰ ਤਿਆਰ ਨਹੀਂ ਹੁੰਦੇ, ਕਿਉਕਿ ਥਾਂ ਥਾਂ ਲੱਗੀਆਂ ਘਸੀਆਂ ਪਿਟੀਆਂ ਚਲਦੀਆਂ ਆ ਰਹੀਆਂ ਮਨੋਕਲਪਿਤ ਤਸਵੀਰਾਂ ਦੇ ਦਰਸ਼ਨ ਵਧੇਰੇ ਹੁੰਦੇ ਹਨ।

ਪੱਤਰਕਾਰਾਂ ਦੀ ਟੀਮ ਵਲੋ ਇਸ 'ਅਜੂਬੇ' ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ`, ਤਾਂ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਕਿ ਬਾਦਲ ਸਰਕਾਰ ਵਲੋ ਜਿਸ ਵਿਰਾਸਤ ਏ ਖਾਲਸਾ ਬਾਰੇ ਸਿੱਖ ਧਰਮ ਦੀ ਮਹਾਨ ਸੇਵਾ ਦੇ ਦਮਗਜੇ ਮਾਰੇ ਜਾ ਰਹੇ ਹਨ, ਉਸ ਵਿਚ ਸਿੱਖ ਧਰਮ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਹੀ ਨਹੀਂ ਦਿਤੀ ਗਈ।

* ਇਸ ਭਵਨ ਦੇ ਸ਼ੁਰੂਆਤ ਵਿਚ ਪੰਜਾਬੀ ਸਭਿਆਚਾਰ ਦੀ ਜਾਣਕਾਰੀ ਦਿਤੀ ਗਈ ਹੈ, ਜਿਸ ਵਿਚ ਹੀਰ ਰਾਝਾਂ ਤੇ ਗੁੱਗਾ ਪੀਰ ਨੂੰ ਪੂਰੀ ਤਰਾਂ ਚਮਕਾਇਆ ਗਿਆ ਹੈ।

* ਫਿਰ ਗੁਰੂ ਨਾਨਕ ਸਾਹਿਬ ਬਾਰੇ ਦੱਸਿਆ ਗਿਆ ਹੈ, ਭਾਂਵੇ ਗੁਰੂ ਨਾਨਕ ਸਾਹਿਬ ਟੋਪੀ ਪਾਉਣ ਦੀ ਇਜਾਜਤ ਨਹੀਂ ਦਿੰਦੇ, ਪਰ ਇੱਥੇ ਤਕਰੀਬਨ 5-6 ਜਗ੍ਹਾ ਲੱਗੀਆਂ ਤਸਵੀਰਾਂ ਵਿਚ ਗੁਰੂ ਨਾਨਕ ਸਾਹਿਬ ਨੂੰ ਟੋਪੀ ਪਹਿਨਾਈ ਦਿਖਾਈ ਗਈ ਹੈ, ਜੋ ਸਿੱਖ ਧਰਮ ਦੇ ਬਿਲਕੁਲ ਉਲਟ ਹੈ ਤੇ ਸਿੱਖੀ ਸਿਧਾਤਾਂ ਨੂੰ ਸ਼ਰੇਆਮ ਸੱਟ ਮਾਰਨ ਵਾਲੀ ਗੱਲ ਹੈ।

* ਬਾਕੀ ਗੁਰੂ ਸਾਹਿਬਾਨ ਦੇ ਜੀਵਨ ਚੋ ਕੁੱਝ ਇਕ ਨੁਕਤੇ ਦਰਸਾਉਣ ਦਾ ਯਤਨ ਕੀਤਾ ਗਿਆ ਹੈ, ਪਰ ਇਸ ਇਤਹਾਸ ਨੂੰ ਕਿਤੇ ਵੀ ਲੜੀਵਾਰ ਨਹੀਂ ਬਣਾਇਆ ਜਾ ਸਕਿਆ, ਸਗੋਂ ਇਕ ਗੱਲ ਕਿਸੇ ਹੋਰ ਪਾਸੇ ਦੀ ਤੇ ਦੂਜੀ ਗੱਲ ਕਿਸੇ ਹੋਰ ਪਾਸੇ ਦੀ ਕਰਕੇ ਟਾਇਮ ਪਾਸ ਕੀਤਾ ਗਿਆ ਹੈ, ਜਿਸ ਕਰਕੇ ਸੁਨਣ ਵਾਲਾ ਸਿੱਖ ਇਤਹਾਸ ਬਾਰੇ ਸਹੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ।

* ਸਿੱਖ ਧਰਮ ਦਾ ਮੂਲ ਉਪਦੇਸ਼ ‘ਸ਼ਬਦ ਗੁਰੂ'ਦਾ ਸਿਧਾਂਤ ਹੈ ਪਰ ਅਫਸੋਸ ਇਸ ਸਾਰੇ ‘ਅਜੂਬੇ' ਵਿਚ ਕਿਤੇ ਵੀ ਸ਼ਬਦ ਗੁਰੂ ਦੀ ਗੱਲ ਨਹੀਂ ਕੀਤੀ ਗਈ। ਸ਼ਬਦ ਗੁਰੂ ਤੋ ਹੱਟ ਕੇ ਫੋਟੋਆਂ ਨਾਲ ਜੋੜਣ ਦਾ ਕਈ ਜਗਾ ਉਪਰਾਲਾ ਜਰੂਰ ਕੀਤਾ ਗਿਆ ਹੈ।

* ਪੰਜਵੇ ਗੁਰੂ ਪਾਤਸ਼ਾਹ ਦੀ ਪਾਵਨ ਸ਼ਹੀਦੀ ਦਰਸਾਉਣ ਲਈ ਕੇਵਲ ਇਕ ਤਵੀ ਬਣਾਈ ਗਈ ਹੈ, ਜਿਸ ਵਿਚ ਗੁਰਬਾਣੀ ਦੀਆਂ ਪੰਗਤੀਆਂ ਲਿਖੀਆਂ ਗਈਆਂ ਹਨ। ਇਹ ਤਵੀ ਕਿਸੇ ਕਮਰੇ ਵਿਚ ਨਹੀਂ ਸਗੋਂ ਅਸਮਾਨ ਦੇ ਥੱਲੇ ਹੈ, ਜਿਸ ਉਤੇ ਮੀਂਹ ਹਨੇਰੀ ਦੇ ਨਾਲ ਪੰਛੀਆਂ ਦੀਆਂ ਬਿੱਠਾਂ ਵੀ ਪੈਣੀਆਂ ਹਨ, ਜੋ ਗੁਰਬਾਣੀ ਦਾ ਸਿੱਧੇ ਤੋਰ ਤੇ ਨਿਰਾਦਰ ਹੋਵੇਗਾ।

* ਕਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਕੜੇ ਬਾਰੇ ਅਧੂਰੀ ਜਾਣਕਾਰੀ ਦਿਤੀ ਗਈ ਹੈ, ਤੇ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਕੜਾ ਵਹਿਮਾਂ ਭਰਮਾਂ ਤੇ ਜਿਤ ਦੀ ਨਿਸ਼ਾਨੀ ਹੈ। ਜਦੋਂ ਕਛਹਿਰੇ ਬਾਰੇ ਜਾਣਕਾਰੀ ਦਿਤੀ ਗਈ, ਤਾਂ ਕਛਹਿਰੇ ਦੀ ਜਗਾ ਅੰਡਰਵਿਅਰ ਪਹਿਨਿਆ ਦਿਖਾਇਆ ਗਿਆ ਹੈ।

* ਸਿੱਖ ਕੌਮ ਨੇ ਆਪਣੇ ਪਿੰਡੇ ਤੇ ਕਈ ਘੱਲੂਘਾਰੇ ਹੰਢਾਏ ਹਨ ਹੁਣੇ ਹੀ 1984 ਦਾ ਵੱਡਾ ਸਾਕਾ ਕਿਸੇ ਨੂੰ ਭੁਲਿਆ ਨਹੀਂ, ਪਰ ਅਫਸੋਸ ਇਸ ਵਿਰਾਸਤ ਏ ਖਾਲਸਾ ਚੋ ਇਹ ਅਨਮੋਲ ਵਿਰਸਾ ਗਾਇਬ ਹੈ, ਤੇ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਬਾਰੇ ਕੋਈ ਇਕ ਗੱਲ ਵੀ ਨਹੀਂ ਦੱਸੀ ਗਈ।

* ਸਿੱਖ ਕੌਮ ਨੇ ਪਹਿਲਾ ਸਿੱਖ ਰਾਜ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਬਾਬਾ ਬਘੇਲ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਆਦਿ ਵਰਗੇ ਅਨੇਕਾਂ ਸ੍ਰੂਰਬੀਰ ਯੋਧੇ ਪੈਦਾ ਕੀਤੇ ਹਨ, ਜੋ ਜਾਲਮਾਂ ਦੇ ਜੁਲਮ ਨੂੰ ਖਤਮ ਕਰਨ ਲਈ ਜੂਝਦੇ ਰਹੇ ਹਨ, ਪਰ ਇਹ ਵੀ ਅੱਤ ਅਫਸੋਸ ਦੀ ਗੱਲ ਹੈ, ਕਿ ਅਜਿਹੇ ਯੋਧਿਆਂ ਬਾਰੇ ਇਸ ‘ਵਿਰਾਸਤ ਏ ਖਾਲਸਾ' ਵਿਚ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿਤੀ ਗਈ।

ਅਸੀਂ ਸਪੱਸ਼ਟ ਤੌਰ ਤੇ ਇਹ ਗੱਲ ਕਹਿ ਸਕਦੇ ਹਾਂ, ਕਿ ਇਹ ਖਾਲਸੇ ਦੀ ਵਿਰਾਸਤ ਨਹੀਂ ਹੋ ਸਕਦਾ, ਹਾਂ ਇਸਨੂੰ ਪੰਜਾਬ ਦੀ ਵਿਰਾਸਤ ਦਾ ਦਰਜਾ ਭਾਂਵੇ ਦਿਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top